‘ਘੋੜੀਆ’ ਸਿਰਲੇਖ ਹੇਠ ਉਚਾਰਣ ਕੀਤੀ ਪਹਿਲੀ ਘੋੜੀ ਦੇ ਛੰਤਾਂ ਵਿਚ ਪ੍ਰਭੂ-ਮਿਲਾਪ ਲਈ ਇਸ ਦੇਹੀ ਰੂਪੀ ਘੋੜੀ ਉੱਤੇ ਗੁਰ-ਸ਼ਬਦ ਦੀ ਕਾਠੀ ਪਾਉਣ ਦਾ ਵਰਨਣ ਸੀ। ਇਨ੍ਹਾਂ ਛੰਤਾਂ ਵਿਚ ਉਲੇਖ ਹੈ ਕਿ ਗੁਰ-ਸ਼ਬਦ ਰਾਹੀਂ ਇਹ ਦੇਹੀ ਰੂਪੀ ਘੋੜੀ ਪ੍ਰਭੂ ਵਾਂਗ ਨਵੇਂ ਰੰਗ ਵਾਲੀ ਅਤੇ ਸੋਨੇ ਵਾਂਗ ਬੇਸ਼ਕੀਮਤੀ ਹੋ ਜਾਂਦੀ ਹੈ। ਮਨ ਵਸ ਵਿਚ ਆ ਜਾਂਦਾ ਹੈ। ਜਗਿਆਸੂ ਪ੍ਰਭੂ ਨੂੰ ਅਨੁਭਵ ਕਰ ਕੇ ਉਸ ਦੀ ਹਜੂਰੀ ਦਾ ਅਨੰਦ ਮਾਣਦਾ ਹੈ।
ਕੜੀਆਲੁ ਮੁਖੇ ਗੁਰਿ ਅੰਕਸੁ ਪਾਇਆ ਰਾਮ ॥
ਮਨੁ ਮੈਗਲੁ ਗੁਰ ਸਬਦਿ ਵਸਿ ਆਇਆ ਰਾਮ ॥
ਮਨੁ ਵਸਗਤਿ ਆਇਆ ਪਰਮਪਦੁ ਪਾਇਆ ਸਾਧਨ ਕੰਤਿ ਪਿਆਰੀ ॥
ਅੰਤਰਿ ਪ੍ਰੇਮੁ ਲਗਾ ਹਰਿ ਸੇਤੀ ਘਰਿ ਸੋਹੈ ਹਰਿ ਪ੍ਰਭ ਨਾਰੀ ॥
ਹਰਿ ਰੰਗਿ ਰਾਤੀ ਸਹਜੇ ਮਾਤੀ ਹਰਿ ਪ੍ਰਭੁ ਹਰਿ ਹਰਿ ਪਾਇਆ ॥
ਨਾਨਕ ਜਨੁ ਹਰਿ ਦਾਸੁ ਕਹਤੁ ਹੈ ਵਡਭਾਗੀ ਹਰਿ ਹਰਿ ਧਿਆਇਆ ॥੩॥
-ਗੁਰੂ ਗ੍ਰੰਥ ਸਾਹਿਬ ੫੭੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਘੋੜੀ ਬੇਮੁਹਾਰਾ ਦੌੜਦੀ ਹੈ ਤੇ ਉਸ ਦੀ ਗਤੀ ਨੂੰ ਕਾਬੂ ਹੇਠ ਰਖਣ ਲਈ ਉਸ ਦੇ ਮੂੰਹ ਵਿਚ ਲਗਾਮ ਨਾਲ ਬੰਨ੍ਹ ਕੇ ਕੰਡਿਆਲੀ ਪੱਤੀ ਜਿਹਾ ਕੜਿਆਲ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਹਾਥੀ ਵਡਾ ਅਤੇ ਬਲਵਾਨ ਹੁੰਦਾ ਹੈ, ਜਿਸ ਨੂੰ ਕਾਬੂ ਹੇਠ ਰਖਣ ਲਈ ਲੋਹੇ ਦੇ ਤਿੱਖੇ ਅਤੇ ਕੁੰਡਾ-ਨੁਮਾ ਅੰਕਸ ਦੀ ਵਰਤੋਂ ਕੀਤੀ ਜਾਂਦੀ ਹੈ।
ਪਾਤਸ਼ਾਹ ਦੱਸਦੇ ਹਨ ਕਿ ਗੁਰੂ ਨੇ ਆਪਣਾ ਉਪਦੇਸ਼ ਰੂਪੀ ਕੜਿਆਲ ਅਤੇ ਅੰਕਸ ਨਾਲ ਜਗਿਆਸੂ ਦੀ ਗਤੀ ਤੇ ਬਲ ਨੂੰ ਨਿਯੰਤਰਣ ਹੇਠ ਕਰ ਲਿਆ ਹੈ। ਇਥੋਂ ਤਕ ਕਿ ਗੁਰੂ ਦੇ ਸ਼ਬਦ ਨੇ ਹਾਥੀ ਜਿਹੇ ਹਠੀਲੇ ਅਤੇ ਮਦਮਸਤ ਮਨ ਨੂੰ ਆਪਣੇ ਵਸ ਵਿਚ ਕਰ ਲਿਆ ਹੈ।
ਫਿਰ ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਦੇ ਹੁਕਮ ਵਿਚ ਆ ਕੇ ਮਨ ਨੇ ਪ੍ਰਥਮ ਸਥਾਨ ਵਾਲੀ ਉੱਚ ਅਵਸਥਾ ਹਾਸਲ ਕਰ ਲਈ ਹੈ, ਜਿਵੇਂ ਇਸਤਰੀ ਆਪਣੇ ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਤੇ ਸਤਿਕਾਰਤ ਹੋ ਜਾਂਦੀ ਹੈ।
ਪਾਤਸ਼ਾਹ ਦੱਸਦੇ ਹਨ ਕਿ ਉਹੀ ਜੀਵ-ਇਸਤਰੀ ਹਰੀ-ਪ੍ਰਭੂ ਦੇ ਘਰ ਵਿਚ ਸੋਭਦੀ ਹੈ, ਜਿਸ ਦੇ ਹਿਰਦੇ ਅੰਦਰ ਪ੍ਰਭੂ ਲਈ ਪਿਆਰ ਪੈਦਾ ਹੋ ਜਾਂਦਾ ਹੈ।
ਪ੍ਰਭੂ ਦੇ ਰੰਗ ਵਿਚ ਰਾਜ਼ੀ ਰਹਿਣ ਕਰਕੇ ਉਹ ਜੀਵ-ਇਸਤਰੀ ਸਹਿਜ ਵਿਚ ਲੀਨ ਰਹਿੰਦੀ ਹੈ। ਇਸ ਅਵਸਥਾ ਵਿਚ ਉਹ ਹਰੀ-ਪ੍ਰਭੂ ਨੂੰ ਆਪਣਾ ਬਣਾ ਲੈਂਦੀ ਹੈ।
ਅਖੀਰ ਵਿਚ ਪਾਤਸ਼ਾਹ ਪ੍ਰਭੂ ਦੇ ਦਾਸ ਵਜੋਂ ਅਤਿਅੰਤ ਨਿਮਰ-ਭਾਵ ਵਿਚ ਦੱਸਦੇ ਹਨ ਕਿ ਵਡੇ ਭਾਗਾਂ ਨਾਲ ਹੀ ਮਨੁਖ ਦਾ ਹਰੀ-ਪ੍ਰਭੂ ਵੱਲ ਧਿਆਨ ਜਾਂਦਾ ਹੈ।
ਮਨੁਖ ਦੀ ਦੇਹੀ ਲਈ ਘੋੜੀ ਦੀ ਮਿਸਾਲ ਤੋਂ ਅਰੰਭ ਕਰਕੇ ਪਾਤਸ਼ਾਹ ਮਨੁਖ ਦੁਆਰਾ ਜੀਵ-ਇਸਤਰੀ ਦੇ ਰੂਪ ਵਿਚ ਪ੍ਰਭੂ-ਪਿਆਰ ਹਾਸਲ ਕਰਨ ਨੂੰ ਵਡੇ ਭਾਗ ਦੱਸਦੇ ਹਨ।