ਮਨੁਖ ਦੇ ਜੀਵਨ ਵਿਚ ਵਿਆਹ ਦਾ ਅਤੇ ਵਿਆਹ ਸਮੇਂ ਜੰਞ ਚੜ੍ਹਨ ਦਾ ਅਵਸਰ ਬੇਹੱਦ ਮਹੱਤਵਪੂਰਨ ਹੁੰਦਾ ਹੈ। ਇਸ ਸਮੇਂ ਚਾਅ ਤੇ ਉਤਸ਼ਾਹ ਭਰੇ ਜਿਹੜੇ ਗੀਤ ਔਰਤਾਂ ਗਾਉਂਦੀਆਂ ਹਨ, ਉਨ੍ਹਾਂ ਨੂੰ ‘ਘੋੜੀਆਂ’ ਕਿਹਾ ਜਾਂਦਾ ਹੈ। ਜਗਿਆਸੂ ਲਈ ਮਨੁਖਾ-ਜੀਵਨ ਦਾ ਸਮਾਂ ਵੀ ਅਜਿਹੇ ਹੀ ਚਾਅ ਤੇ ਉਤਸ਼ਾਹ ਦਾ ਹੁੰਦਾ ਹੈ, ਕਿਉਂਕਿ ਇਸ ਵਿਚ ਹੀ ਪ੍ਰਭੂ-ਮਿਲਾਪ ਸੰਭਵ ਹੁੰਦਾ ਹੈ। ਇਸ ਦਾ ਉਲੇਖ ਇਨ੍ਹਾਂ ਛੰਤਾਂ ਵਿਚ ਕਰਦਿਆਂ ਜਗਿਆਸੂ ਨੂੰ ਪ੍ਰਭੂ-ਮਿਲਾਪ ਲਈ ਪ੍ਰੇਰਿਤ ਕੀਤਾ ਗਿਆ ਹੈ। ਮਨੁਖਾ ਦੇਹੀ ਨੂੰ ਘੋੜੀ ਸਮਾਨ ਚਿਤਰਦਿਆਂ ਭੇਦ ਖੋਲ੍ਹਿਆ ਗਿਆ ਹੈ ਕਿ ਇਸ ਦੇਹ ਰੂਪੀ ਘੋੜੀ ਉੱਤੇ ਗੁਰ-ਸ਼ਬਦ ਦੀ ਕਾਠੀ ਪਾ ਕੇ ਹੀ ਪ੍ਰਭੂ-ਮਿਲਾਪ ਹਾਸਲ ਕੀਤਾ ਜਾ ਸਕਦਾ ਹੈ।
ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ ॥
ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ ॥
ਬਿਖਮੁ ਭੁਇਅੰਗਾ ਅਨਤ ਤਰੰਗਾ ਗੁਰਮੁਖਿ ਪਾਰਿ ਲੰਘਾਏ ॥
ਹਰਿ ਬੋਹਿਥਿ ਚੜਿ ਵਡਭਾਗੀ ਲੰਘੈ ਗੁਰੁ ਖੇਵਟੁ ਸਬਦਿ ਤਰਾਏ ॥
ਅਨਦਿਨੁ ਹਰਿ ਰੰਗਿ ਹਰਿ ਗੁਣ ਗਾਵੈ ਹਰਿ ਰੰਗੀ ਹਰਿ ਰੰਗਾ ॥
ਜਨ ਨਾਨਕ ਨਿਰਬਾਣ ਪਦੁ ਪਾਇਆ ਹਰਿ ਉਤਮੁ ਹਰਿ ਪਦੁ ਚੰਗਾ ॥੨॥
-ਗੁਰੂ ਗ੍ਰੰਥ ਸਾਹਿਬ ੫੭੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਘੋੜੀ ’ਤੇ ਕਾਠੀ ਪਾ ਕੇ ਤੇ ਉਸ ਉੱਤੇ ਸਵਾਰ ਹੋ ਕੇ ਕਿਸੇ ਸਫਰ ਜਾਂ ਮੁਹਿੰਮ ’ਤੇ ਜਾਈਦਾ ਹੈ। ਇਸੇ ਪ੍ਰਤੀਕ ਵਿਚ ਪਾਤਸ਼ਾਹ ਇਕ ਜਾਗਰੁਕ ਜਗਿਆਸੂ ਦੀ ਆਤਮਾ ਦੇ ਰੂਪ ਵਿਚ ਬਚਨ ਕਰਦੇ ਹਨ ਕਿ ਉਨ੍ਹਾਂ ਨੇ ਇਸ ਦੇਹੀ ਰੂਪੀ ਘੋੜੀ ਉੱਤੇ ਕਾਠੀ ਪਾ ਲਈ ਹੈ ਤੇ ਇਸ ਨੂੰ ਪੂਰਨ ਰੂਪ ਵਿਚ ਆਪਣੇ ਕਾਬੂ ਹੇਠ ਕਰ ਲਿਆ ਹੈ। ਹੁਣ ਉਹ ਇਸ ਉੱਤੇ ਸਵਾਰ ਹੋ ਕੇ ਕਲਿਆਣਕਾਰੀ ਸੱਚ ਦੀ ਖੋਜ ਵਿਚ ਨਿੱਤਰ ਪਏ ਹਨ।
ਪਾਤਸ਼ਾਹ ਪ੍ਰਭੂ ਨੂੰ ਯਾਦ ਕਰਦੇ ਹੋਏ ਦੱਸਦੇ ਹਨ ਕਿ ਸੱਚ ਦੀ ਖੋਜ ਵਿਚ ਜੀਵਨ ਬਸਰ ਕਰਨਾ ਬੜਾ ਹੀ ਮੁਸ਼ਕਲ ਹੈ, ਜਿਵੇਂ ਜਹਿਰੀਲੇ ਸੱਪਾਂ ਵਿਚੋਂ ਲੰਘਣਾ ਹੋਵੇ। ਜੀਵਨ ਵਿਚ ਸਮੁੰਦਰੀ ਲਹਿਰਾਂ ਵਾਂਗ ਬੜੇ ਹੀ ਮੁਸ਼ਕਲ ਭਰਪੂਰ ਰਾਹ ਹਨ, ਜਿਨ੍ਹਾਂ ਵਿਚ ਜਹਿਰੀਲੇ ਸੱਪਾਂ ਦੇ ਡੰਗ ਜਿਹੀਆਂ ਜਾਨਲੇਵਾ ਮੁਸ਼ਕਲਾਂ ਵੀ ਹਨ। ਇਸ ਕਰਕੇ ਅਜਿਹੇ ਰਾਹ ਵਿਚੋਂ ਪਾਰ ਲੰਘਣ ਵਿਚ ਗੁਰ-ਉਪਦੇਸ਼ ਹੀ ਸਹਾਈ ਹੋ ਸਕਦਾ ਹੈ।
ਪਾਤਸ਼ਾਹ ਦੱਸਦੇ ਹਨ ਕਿ ਜੀਵਨ ਦੇ ਇਸ ਭਵਜਲ ਵਿਚੋਂ ਹਰੀ-ਪ੍ਰਭੂ ਦੇ ਜਹਾਜ ਜਿਹੇ ਸਹਾਰੇ ਕੋਈ ਵਡੇ ਭਾਗਾਂ ਵਾਲਾ ਵਿਰਲਾ ਹੀ ਨਿਰਵਿਕਾਰ ਅਤੇ ਨਿਰਮਲ ਰੂਪ ਵਿਚ ਪਾਰ ਲੰਘਦਾ ਹੈ। ਅਸਲ ਵਿਚ ਗੁਰੂ ਦਾ ਸ਼ਬਦ ਰੂਪ ਉਪਦੇਸ਼ ਹੀ ਇਸ ਸਫਰ ਵਿਚ ਮਲਾਹ ਬਣ ਕੇ ਡੁੱਬਣ ਤੋਂ ਬਚਾਈ ਰਖਦਾ ਹੈ।
ਜਿਹੜਾ ਵੀ ਇਸ ਕਠਨ ਸਫਰ ਨੂੰ ਮੁਕੰਮਲ ਕਰ ਲੈਂਦਾ ਜਾਂ ਪਾਰ ਲੰਘ ਜਾਂਦਾ ਹੈ, ਉਹ ਫਿਰ ਦਿਨ-ਰਾਤ ਪ੍ਰਭੂ-ਪਿਆਰ ਦੇ ਰੰਗ ਵਿਚ ਰੰਗਿਆ ਹੋਇਆ ਹਰੀ-ਪ੍ਰਭੂ ਦੇ ਹੀ ਗੁਣ ਗਾਉਂਦਾ ਰਹਿੰਦਾ ਹੈ ਤੇ ਹਰੀ-ਪ੍ਰਭੂ ਦੇ ਪ੍ਰੇਮ ਰੰਗ ਵਿਚ ਭਿੱਜ ਕੇ ਉਸੇ ਰੰਗ ਵਾਲਾ, ਅਰਥਾਤ ਉਹ ਦਾ ਹੀ ਰੂਪ ਹੋ ਜਾਂਦਾ ਹੈ।
ਅਖੀਰ ਵਿਚ ਪਾਤਸਾਹ ਦੱਸਦੇ ਹਨ ਕਿ ਇਸ ਤਰ੍ਹਾਂ ਹਰ ਮੁਸ਼ਕਲ ਤੋਂ ਮੁਕਤ ਅਵਸਥਾ ਪ੍ਰਾਪਤ ਹੋਈ ਹੈ ਤੇ ਹਰੀ-ਪ੍ਰਭੂ ਦੇ ਮਿਲਾਪ ਵਾਲੀ ਇਹੀ ਅਵਸਥਾ ਸਰਬ ਸ੍ਰੇਸ਼ਟ ਹੈ।