ਮਨੁਖ ਦੇ ਜੀਵਨ ਵਿਚ ਵਿਆਹ ਦਾ ਅਤੇ ਵਿਆਹ ਸਮੇਂ ਜੰਞ ਚੜ੍ਹਨ ਦਾ ਅਵਸਰ ਬੇਹੱਦ ਮਹੱਤਵਪੂਰਨ ਹੁੰਦਾ ਹੈ। ਇਸ ਸਮੇਂ ਚਾਅ ਤੇ ਉਤਸ਼ਾਹ ਭਰੇ ਜਿਹੜੇ ਗੀਤ ਔਰਤਾਂ ਗਾਉਂਦੀਆਂ ਹਨ, ਉਨ੍ਹਾਂ ਨੂੰ ‘ਘੋੜੀਆਂ’ ਕਿਹਾ ਜਾਂਦਾ ਹੈ। ਜਗਿਆਸੂ ਲਈ ਮਨੁਖਾ-ਜੀਵਨ ਦਾ ਸਮਾਂ ਵੀ ਅਜਿਹੇ ਹੀ ਚਾਅ ਤੇ ਉਤਸ਼ਾਹ ਦਾ ਹੁੰਦਾ ਹੈ, ਕਿਉਂਕਿ ਇਸ ਵਿਚ ਹੀ ਪ੍ਰਭੂ-ਮਿਲਾਪ ਸੰਭਵ ਹੁੰਦਾ ਹੈ। ਇਸ ਦਾ ਉਲੇਖ ਇਨ੍ਹਾਂ ਛੰਤਾਂ ਵਿਚ ਕਰਦਿਆਂ ਜਗਿਆਸੂ ਨੂੰ ਪ੍ਰਭੂ-ਮਿਲਾਪ ਲਈ ਪ੍ਰੇਰਿਤ ਕੀਤਾ ਗਿਆ ਹੈ। ਮਨੁਖਾ ਦੇਹੀ ਨੂੰ ਘੋੜੀ ਸਮਾਨ ਚਿਤਰਦਿਆਂ ਭੇਦ ਖੋਲ੍ਹਿਆ ਗਿਆ ਹੈ ਕਿ ਇਸ ਦੇਹ ਰੂਪੀ ਘੋੜੀ ਉੱਤੇ ਗੁਰ-ਸ਼ਬਦ ਦੀ ਕਾਠੀ ਪਾ ਕੇ ਹੀ ਪ੍ਰਭੂ-ਮਿਲਾਪ ਹਾਸਲ ਕੀਤਾ ਜਾ ਸਕਦਾ ਹੈ।
ਵਡਹੰਸੁ ਮਹਲਾ ੪ ਘੋੜੀਆ
ੴ ਸਤਿਗੁਰ ਪ੍ਰਸਾਦਿ ॥
ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥
ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥
ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥
ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥
ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥
ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥
-ਗੁਰੂ ਗ੍ਰੰਥ ਸਾਹਿਬ ੫੭੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗੁਰਮਤਿ ਅਨੁਸਾਰ ਪ੍ਰਭੂ ਦੇ ਨਿਰਾਕਾਰ ਤੇ ਅਕਾਰ ਰੂਪ ਨੂੰ ਇਕ ਹੀ ਮੰਨਿਆ ਗਿਆ ਹੈ ਤੇ ਦੱਸਿਆ ਗਿਆ ਹੈ ਕਿ ਇਕ ਰੂਪ ਨਿਰਾਕਾਰ ਪ੍ਰਭੂ ਨੇ ਆਪਣੇ-ਆਪ ਨੂੰ ਅਨੇਕ ਰੂਪ ਸ੍ਰਿਸ਼ਟੀ ਵਜੋਂ ਸਾਕਾਰ ਕਰ ਲਿਆ। ਇਹ ਪ੍ਰਭੂ ਦੀ ਖੇਡ ਹੈ।
ਜਿਵੇਂ ਚੋਰ-ਸਿਪਾਹੀ ਦੀ ਖੇਡ ਖੇਡਦੇ ਬੱਚੇ ਖੁਦ ਨੂੰ ਸੱਚ-ਮੁੱਚ ਦੇ ਚੋਰ-ਸਿਪਾਹੀ ਸਮਝ ਲੈਣ ਤਾਂ ਉਨ੍ਹਾਂ ਨੂੰ ਦੱਸਣਾ ਪਵੇਗਾ ਕਿ ਉਹ ਚੋਰ-ਸਿਪਾਹੀ ਨਹੀਂ ਹਨ। ਜਿਵੇਂ ਸੁਪਨੇ ਵਿਚ ਕੋਈ ਕੁਝ ਹੋਰ ਬਣਿਆ ਹੋਵੇ ਤਾਂ ਉਸ ਨੂੰ ਆਪਣੀ ਅਸਲੀਅਤ ਵਿਚ ਆਉਣ ਲਈ ਜਾਗਣਾ ਪਵੇਗਾ। ਇਸੇ ਤਰ੍ਹਾਂ ਮਨੁਖ ਵੀ ਭਰਮ-ਰੂਪ ਅਗਿਆਨ ਕਾਰਣ ਆਪਣੇ-ਆਪ ਨੂੰ ਕੁਝ ਹੋਰ ਸਮਝ ਬੈਠਦਾ ਹੈ ਤੇ ਉਸ ਦੀ ਭਰਮ ਨਵਿਰਤੀ ਲਈ ਉਸ ਦੀ ਚੇਤਨਾ ਨੂੰ ਚੇਤੰਨ ਕਰਨਾ ਪੈਂਦਾ ਹੈ।
ਸ੍ਰਿਸ਼ਟੀ ਦੇ ਜੀਵ-ਜੰਤੂਆਂ ਵਿਚੋਂ ਮਨੁਖ ਦੀ ਚੇਤਨਾ ਦਾ ਸਭ ਤੋਂ ਵਧੇਰੇ ਵਿਕਾਸ ਹੋਇਆ ਹੈ। ਇਸ ਲਈ ਮਨੁਖ ਦਾ ਫਰਜ਼ ਹੈ ਕਿ ਉਹ ਚੇਤੰਨ ਹੋ ਕੇ ਸਾਰੀ ਸ੍ਰਿਸ਼ਟੀ ਦੀ ਬਿਹਤਰੀ ਅਤੇ ਕਾਇਮੀ ਦਾ ਖਿਆਲ ਰਖੇ। ਮਨੁਖ ਨੇ ਆਪਣੇ ਅੰਦਰ ਪ੍ਰਭੂਤਵ ਦਾ ਅਹਿਸਾਸ ਜਗਾਉਣਾ ਹੈ ਤੇ ਆਪਣਾ ਜੀਵਨ ਇਸ ਤਰ੍ਹਾਂ ਬਸਰ ਕਰਨਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਪ੍ਰਭੂਤਵ ਦਾ ਅਹਿਸਾਸ ਜਾਗ ਸਕੇ। ਮਨੁਖ ਦਾ ਜਾਗਣਾ ਅਤੇ ਜੀਣਾ, ਸ੍ਰਿਸ਼ਟੀ ਦਾ ਜਾਗਣਾ ਅਤੇ ਜੀਣਾ ਹੈ। ਗੁਰਮਤਿ ਵਿਚ ਪ੍ਰਭੂ ਪਾਉਣ ਦਾ ਅਰਥ ਅਸਲ ਵਿਚ ਪ੍ਰਭੂ ਵਰਗੇ ਹੋਣਾ ਹੈ। ਅਸਲ ਵਿਚ ਮਨੁਖ ਪ੍ਰਭੂ ਦਾ ਹੀ ਅੰਸ਼ ਹੈ, ਬਸ ਉਸ ਨੇ ਆਪਣੇ ਅੰਦਰ ਪ੍ਰਭੂ ਦਾ ਅੰਸ਼ ਹੋਣ ਦੀ ਸੁੱਤੀ ਹੋਈ ਚੇਤਨਾ ਜਗਾਉਣੀ ਹੈ। ਹਰ ਮਨੁਖ ਨੇ ਸ੍ਰਿਸ਼ਟੀ ਨੂੰ ਪ੍ਰਭੂ ਦੇ ਰੰਗ ਵਿਚ ਰੰਗਣ ਦਾ ਇਹ ਫਰਜ਼ ਆਪ ਵੀ ਨਿਭਾਉਣਾ ਹੈ ਤੇ ਦੂਸਰਿਆਂ ਨੂੰ ਵੀ ਇਸ ਫਰਜ਼ ਤੋਂ ਸੁਚੇਤ ਕਰਦੇ ਰਹਿਣਾ ਹੈ।
ਧਾਰਮਕ ਮੁਹਾਵਰੇ ਵਿਚ ਕਿਹਾ ਜਾਂਦਾ ਹੈ ਕਿ ਜਗਿਆਸੂ-ਆਤਮਾ ਜੁਗਾਂ-ਜੁਗਾਂ ਤੋਂ ਉਕਤ ਫਰਜ਼ ਨਿਭਾਉਣ ਲਈ ਮਨੁਖਾ ਦੇਹੀ ਲਈ ਤਰਸ ਰਹੀ ਸੀ ਤੇ ਹੁਣ ਜਦ ਇਹ ਦੇਹੀ ਹਾਸਲ ਹੋਈ ਹੈ ਤਾਂ ਅਵੇਸਲੇ ਰਹਿਣ ਦੀ ਬਜਾਏ ਵਕਤ ਦਾ ਲਾਹਾ ਲੈਣਾ ਜ਼ਰੂਰੀ ਹੈ।
ਵਡਹੰਸ ਰਾਗ ਵਿਚ ‘ਘੋੜੀਆ’ ਦੇ ਸਿਰਲੇਖ ਹੇਠ ਚੌਥੇ ਪਾਤਸ਼ਾਹ ਨੇ ਮਨੁਖ ਦੀ ਦੇਹ ਨੂੰ ਘੋੜੀ ਕਿਹਾ ਹੈ। ਜਿਸ ਤਰ੍ਹਾਂ ਘੋੜੀ ਸਫਰ ਦਾ ਵਾਹਨ ਹੈ, ਜੋ ਸਾਨੂੰ ਕਿਸੇ ਕਾਰਜ ਲਈ ਕਿਤੇ ਲੈ ਕੇ ਜਾਂਦੀ ਹੈ। ਇਸੇ ਤਰ੍ਹਾਂ ਮਨੁਖ ਦੀ ਦੇਹ ਸਫਰ ਦਾ ਵਾਹਨ ਹੈ, ਜਿਸ ਨੇ ਮਨੁਖ ਦੀ ਆਤਮਾ ਨੂੰ ਪਰਮਾਤਮਾ ਤਕ ਲੈ ਕੇ ਜਾਣਾ ਹੈ ਤੇ ਮੇਲ ਕਰਾਉਣਾ ਹੈ।
ਸਾਡੇ ਦੇਸ਼ ਵਿਚ ਅਰਬੀ ਘੋੜੇ ਵਧੀਆ ਨਸਲ ਦੇ ਮੰਨੇ ਜਾਂਦੇ ਹਨ ਤੇ ਅਰਬੀ ਘੋੜੇ ਨੂੰ ਤਾਜੀ ਕਿਹਾ ਜਾਂਦਾ ਹੈ। ਘੋੜੀ ਲਈ ਇਹ ਸ਼ਬਦ ਰੂਪ ਵਟਾ ਕੇ ਤਾਜਨ ਜਾਂ ਤੇਜਣ ਹੋ ਗਿਆ। ਇਸ ਲਈ ਪਾਤਸ਼ਾਹ ਕਹਿੰਦੇ ਹਨ ਕਿ ਇਹ ਤੇਜਣ ਘੋੜੀ ਜਿਹੀ ਦੇਹੀ ਦੀ ਸਿਰਜਣਾ ਪ੍ਰਭੂ ਨੇ ਕੀਤੀ ਹੈ। ਆਤਮਾ ਦਾ ਮਨੁਖ ਦੀ ਦੇਹੀ ਵਿਚ ਜਨਮ ਲੈਣਾ, ਅਰਥਾਤ ਮਨੁਖ ਹੋਣਾ ਬੜਾ ਹੀ ਭਲਾ ਅਤੇ ਸਨਮਾਨਜਨਕ ਹੈ।
ਪਾਤਸ਼ਾਹ ਫਿਰ ਦੱਸਦੇ ਹਨ ਕਿ ਆਤਮਾ ਨੇ ਭਲੇ ਦੇ ਮਹਾਨ ਕਰਮ-ਫਲ ਵਜੋਂ ਮਨੁਖ ਦੀ ਜਿਸ ਦੇਹੀ ਵਿਚ ਜਨਮ ਲਿਆ ਹੈ, ਇਹ ਦੇਹੀ ਸੋਨੇ ਦੀ ਤਰ੍ਹਾਂ ਸ੍ਰੇਸ਼ਟ ਹੈ।
ਫਿਰ ਪਾਤਸ਼ਾਹ ਦੱਸਦੇ ਹਨ ਕਿ ਦੇਹ ਰੂਪ ਵਿਚ ਹੀ ਮਨੁਖ ਗੁਰੂ ਦੇ ਸਨਮੁਖ ਹੁੰਦਾ ਹੈ ਤੇ ਗੁਰੂ ਦੀ ਸਿਖਿਆ ਧਾਰਨ ਕਰਕੇ ਇਵੇਂ ਪ੍ਰਤੀਤ ਹੁੰਦਾ ਹੈ, ਜਿਵੇਂ ਉਸ ਨੇ ਸ਼ਗਨਾਂ ਵਾਲੇ ਲਾਲ ਵਸਤਰ ਪਹਿਨ ਲਏ ਹੋਣ ਤੇ ਹਰੀ-ਪ੍ਰਭੂ ਦਾ ਨਾਮ ਜਪਦਿਆਂ ਉਹ ਕਿਸੇ ਨਵੇਂ-ਨਕੋਰ ਰੰਗ ਵਿਚ ਰੰਗੀ ਗਈ ਹੋਵੇ ਜਾਂ ਇਸ ਦੇ ਰੰਗ-ਢੰਗ ਤੇ ਅੰਦਾਜ਼ ਵਿਚ ਅਸਲੋਂ ਹੀ ਨਵੀਨਤਾ ਆ ਗਈ ਹੋਵੇ। ਦੇਹੀ ਦਾ ਇਹ ਰੰਗ ਜਾਂ ਢੰਗ ਉਹ ਹੈ, ਜਿਹੜਾ ਨਾਮ-ਸਿਮਰਨ ਨਾਲ ਪਵਿੱਤਰ ਹੋਈ ਆਤਮਾ ਦਾ ਦੇਹੀ ਉੱਤੇ ਕੁਦਰਤੀ ਰੂਪ ਵਿਚ ਅਸਰਅੰਦਾਜ ਹੁੰਦਾ ਹੈ।
ਬੇਹੱਦ ਅਪਣੱਤ ਭਰੇ ਪ੍ਰੇਮ ਵਜੋਂ ਪ੍ਰਗਟ ਹੋ ਰਹੀ ਸੁੰਦਰਤਾ ਕਾਰਣ ਅਸੀਂ ਆਪਣੇ ਪਿਆਰਿਆਂ ਨੂੰ ਬੰਕੇ ਕਹਿੰਦੇ ਹਾਂ ਤੇ ਇਥੇ ਪਾਤਸ਼ਾਹ ਫਿਰ ਇਸ ਦੇਹੀ ਨੂੰ ਬਾਂਕੀ ਕਹਿ ਕੇ ਵਡਿਆਉਂਦੇ ਹਨ, ਜਿਸ ਰਾਹੀਂ ਹਰੀ-ਪ੍ਰਭੂ ਦੇ ਸੁਹਣੇ ਨਾਮ ਦਾ ਸਿਮਰਨ ਕੀਤਾ ਜਾਂਦਾ ਹੈ।
ਅਖੀਰ ਵਿਚ ਪਾਤਸ਼ਾਹ ਦੁਹਰਾਉਂਦੇ ਹਨ ਕਿ ਇਸ ਦੇਹੀ ਦੀ ਸੁਗਾਤ ਵਡੇ ਭਾਗਾਂ ਨਾਲ ਨਸੀਬ ਹੋਈ ਹੈ ਤੇ ਪ੍ਰਭੂ ਦਾ ਨਾਮ ਇਸ ਦਾ ਅਸਲ ਸਖਾ, ਅਰਥਾਤ ਮਿੱਤਰ ਹੈ। ਕਿਉਂਕਿ ਨਾਮ ਬਿਨਾਂ ਇਹ ਦੇਹੀ ਕਦੇ ਵੀ ਸੁਖ ਵਿਚ ਨਹੀਂ ਰਹਿ ਸਕਦੀ। ਜਾਂ ਕਹਿ ਲਉ, ਦੇਹੀ ਦੇ ਸੁਖ ਦਾ ਸੂਤਰ ਕੇਵਲ ਨਾਮ ਹੈ। ਪ੍ਰਭੂ ਨੇ ਤੇਜਣ ਘੋੜੀ ਜਿਹੀ ਇਸ ਦੇਹੀ ਦੀ ਸਿਰਜਣਾ ਨਾਮ ਦੀ ਪ੍ਰਾਪਤੀ ਲਈ ਹੀ ਕੀਤੀ ਹੈ। ਨਾਮ ਰਾਹੀਂ ਹੀ ਇਹ ਦੇਹੀ ਸੋਹਣੀ ਅਤੇ ਸਨਮਾਨਜਨਕ ਬਣ ਸਕਦੀ ਹੈ।