ਇਨ੍ਹਾਂ
ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ
ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਮਾਇਆ ਦਾ ਮੂਲ ਅਰਥ ‘ਮਾਤਰਾ’ ਹੈ, ਅੱਗੋਂ ਜਿਸ ਦਾ ਅਰਥ ਨਾਪਣਾ, ਤੋਲਣਾ ਤੇ ਗਿਣਨਾ ਹੈ। ਪਦਾਰਥ ਸਾਡੇ ਗੁਜਰਾਨ ਲਈ ਹੁੰਦਾ ਹੈ, ਪਰ ਜਦ ਅਸੀਂ ਪਦਾਰਥ ਦੀ ਗਿਣਤੀ, ਮਿਣਤੀ ਅਤੇ ਤੋਲ ਰਾਹੀਂ ਮਾਤਰਾ ਦਾ ਹਿਸਾਬ ਲਾਉਂਦੇ ਹਾਂ, ਤਾਂ ਮਨ ਵਿਚ ਭਰਮ ਪੈਦਾ ਹੋ ਜਾਂਦਾ ਹੈ, ਜਿਸ ਲਈ ਪਾਤਸ਼ਾਹ ਨੇ ਆਦੇਸ਼ ਕੀਤਾ ਹੈ ਕਿ ‘ਗੁਰਮੁਖਿ ਸਗਲੀ ਗਣਤ ਮਿਟਾਵੈ॥’ ਪਦਾਰਥ ਦਾ ਨਾਪ, ਤੋਲ ਤੇ ਗਿਣਤੀ ਅਰਥਾਤ ਮਾਤਰਾ ਦਾ ਭਾਵ ਸਾਨੂੰ ਹੀਣ ਅਤੇ ਉੱਚ ਭਾਵ ਵਿਚ ਲੈ ਜਾਂਦਾ ਹੈ। ਥੋੜ੍ਹੀ ਮਾਤਰਾ ਸੰਸਾ ਪੈਦਾ ਕਰਦੀ ਹੈ ਤੇ ਬਹੁਤੀ ਹੰਕਾਰ ਨੂੰ ਜਨਮ ਦਿੰਦੀ ਹੈ। ਬਾਣੀ ਦਾ ਫੁਰਮਾਨ ਹੈ: ‘ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ॥ ਜਿਸੁ ਗ੍ਰਿਹਿ ਥੋਰੀ ਸੋ ਫਿਰੈ ਭ੍ਰਮੰਤਾ॥’ ਨਾਪ, ਤੋਲ ਤੇ ਗਿਣਤੀ ਰਾਹੀਂ ਥੋੜ੍ਹੀ ਅਤੇ ਬਹੁਤੀ ਮਾਤਰਾ ਦੇ ਭਰਮ ਅਤੇ ਚਿੰਤਾ ਵਿਚ ਮਨੁਖ ਆਪਣਾ ਸਹਿਜ ਗੁਆ ਲੈਂਦਾ ਹੈ ਤੇ ਮਾਤਰਾ ਚਿੱਤ ਨੂੰ ਭਰਮ-ਜਾਲ ਵਿਚ ਸੁੱਟ ਦਿੰਦੀ ਹੈ।
ਪਦਾਰਥ ਦੀ ਬਹੁਤੀ ਮਾਤਰਾ ਵਾਲੇ ਇਨਸਾਨ ਨੂੰ ਲੋਕ ਭੱਜ-ਭੱਜ ਕੇ ਮਿਲਦੇ ਹਨ। ਥੋੜ੍ਹੀ ਮਾਤਰਾ ਵਾਲਾ ਆਪ ਉਨ੍ਹਾਂ ਨੂੰ ਨੱਠ-ਨੱਠ ਮਿਲਦਾ ਹੈ। ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਬਹੁਤੀ ਮਾਤਰਾ ਵਾਲੇ ਨੂੰ ਲੋਕ ਅੰਦਰੋਂ ਈਰਖਾ ਕਰਨ ਲੱਗ ਜਾਂਦੇ ਹਨ ਤੇ ਥੋੜ੍ਹੀ ਮਾਤਰਾ ਵਾਲੇ ਤੋਂ ਲੋਕ ਦੂਰੀ ਬਣਾਉਣ ਲੱਗ ਜਾਂਦੇ ਹਨ। ਇਸ ਪ੍ਰਕਾਰ ਮਾਇਆ ਜਾਂ ਮਾਤਰਾ ਜਾਨਲੇਵਾ ਸਾਬਤ ਹੋ ਜਾਂਦੀ ਹੈ।
ਹੈਰਾਨੀ ਦੀ ਗੱਲ ਹੈ ਕਿ ਅੰਗਰੇਜ਼ੀ ਦੇ ਸ਼ਬਦ ਮਾਇਜ਼ਰ (miser) ਅਤੇ ਮੀਟਰ (meter) ਵੀ ਪਿੱਛੋਂ ਸੰਸਕ੍ਰਿਤ ਦੇ ਮਾਤਰਾ ਅਤੇ ਮਾਇਆ ਨਾਲ ਸੰਬੰਧਤ ਹਨ। ਮਾਇਆ ਦੇ ਇਸ ਜਾਲ ਨੇ ਵਿਸ਼ਵ ਨੂੰ ਜਕੜਿਆ ਹੋਇਆ ਹੈ।
ਪੂਰਬੀ ਪਰੰਪਰਾ ਵਿਚ ਗਊ, ਗਰੀਬ ਅਤੇ ਮਾਸੂਮੀਅਤ ਦੀ ਪ੍ਰਤੀਕ ਮੰਨੀ ਗਈ ਹੈ ਤੇ ਗਰੀਬ ਦੀ ਰਖਿਆ ਵਾਹਿਗੁਰੂ ਦਾ ਬਿਰਦ ਹੈ। ਕ੍ਰਿਸ਼ਨ ਗਊ ਪਾਲਕ ਸਨ, ਜਿਸ ਕਰਕੇ ਉਨ੍ਹਾਂ ਨੂੰ ਗੋਪਾਲ ਕਿਹਾ ਜਾਂਦਾ ਹੈ। ਕ੍ਰਿਸ਼ਨ ਦਾ ਗੋਪਾਲ ਰੂਪ ਪਾਰਬ੍ਰਹਮ ਦਾ ਲਖਾਇਕ ਹੈ। ਇਸ ਸਲੋਕ ਵਿਚ ਦੱਸਿਆ ਗਿਆ ਹੈ ਕਿ ਮਾਇਆ ਦੇ ਜਾਲ ਤੋਂ ਮੁਕਤੀ ਹਾਸਲ ਕਰਨ ਦਾ ਮੁਕਾਮ ਸਾਧ-ਸੰਗਤ ਹੈ, ਜਿਥੇ ‘ਗੋਪਾਲ’ ਅਰਥਾਤ ਗਰੀਬ ਨਿਵਾਜ਼ ਦਾ ਸਿਮਰਨ ਕਰਨ ਨਾਲ ਨਿਮਾਣਿਆਂ ਨੂੰ ਮਾਣ ਅਤੇ ਨਿਆਸਰਿਆਂ ਨੂੰ ਆਸਰਾ ਪ੍ਰਾਪਤ ਹੁੰਦਾ ਹੈ।