ਇਨ੍ਹਾਂ
ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ
ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣਃ ॥
ਰੋਗ ਸੋਗ ਬਿਓਗੰ ਨਾਨਕ ਸੁਖੁ ਨ ਸੁਪਨਹ ॥੨੪॥
-ਗੁਰੂ ਗ੍ਰੰਥ ਸਾਹਿਬ ੧੩੬੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗਾਥਾ ਬਾਣੀ ਦੇ ਆਖਰੀ ਸਲੋਕ ਵਿਚ ਸਖਤ ਤਾੜਨਾ ਹੈ ਕਿ ਅਸੀਂ ਜੀਵਨ ਵਿਚ ਮਿੱਠੀਆਂ-ਮਿੱਠੀਆਂ ਗੱਲਾਂ ਵਧੇਰੇ ਪਸੰਦ ਕਰਦੇ ਹਾਂ ਤੇ ਸਾਨੂੰ ਉਹੀ ਗੱਲਾਂ ਚੰਗੀਆਂ ਲੱਗਦੀਆਂ ਹਨ, ਜਿਨ੍ਹਾਂ ਵਿਚ ਸਾਡੀ ਤਰੀਫ ਹੋਵੇ। ਅੱਗ ਦੀ ਲਾਟ ਜਿਹੇ ਰੰਗਾਂ ਦੀ ਸ਼ੋਖ਼ੀ ਅਤੇ ਭੜਕੀਲਾਪਣ ਸਾਨੂੰ ਵਧੇਰੇ ਮੋਂਹਦਾ ਅਤੇ ਖਿੱਚ ਪਾਉਂਦਾ ਹੈ।
ਜੀਵਨ ਦੇ ਸੱਚ ਸਾਨੂੰ ਕੌੜੇ ਲੱਗਦੇ ਹਨ ਤੇ ਝੂਠ ਸੁਣ-ਸੁਣ ਕੇ ਅਸੀਂ ਬੇਹਦ ਖੁਸ਼ ਰਹਿੰਦੇ ਹਾਂ। ਅਜਿਹੀ ਖੋਟੀ ਮਾਨਸਿਕਤਾ ਆਧੀ-ਬਿਆਧੀ (psychosomatic) ਅਸੂਲ ਮੁਤਾਬਕ ਹੌਲੀ-ਹੌਲੀ ਦੇਹੀ ਦੇ ਅਨੇਕ ਰੋਗਾਂ ਵਿਚ ਪਲਟ ਜਾਂਦੀ ਹੈ। ਦੇਹੀ ਦੇ ਰੋਗਾਂ ਕਾਰਣ ਮਨ ਵਿਚ ਸੋਗ ਰਹਿੰਦਾ ਹੈ ਤੇ ਰੂਹ ਵਿਚ ਵਿਯੋਗ। ਜਿਵੇਂ ਅਸੀਂ ਆਪਣੇ-ਆਪ ਤੋਂ ਹੀ ਵਿਛੜ ਗਏ ਹੋਈਏ। ਇਥੋਂ ਤਕ ਕਿ ਸੁਖ ਦਾ ਖਿਆਲ ਸੁਪਨੇ ਵਿਚ ਵੀ ਨਹੀਂ ਆਉਂਦਾ।
ਇਥੇ ਹੀ ਪਾਤਸ਼ਾਹ ਸਾਨੂੰ ਸਾਡੀ ਅਸਲੀਅਤ ਦਰਸਾਉਂਦਿਆਂ ਸਾਧ-ਸੰਗਤ ਵਿਚ ਮਿਲ ਕੇ ਪਰਮ-ਸਤਿ ਨਾਲ ਅਭੇਦਤਾ ਦੇ ਰਾਹ ਤੋਰਨ ਲਈ ਪ੍ਰੇਰਨਾ ਦਿੰਦੇ ਹੋਏ ਗਾਥਾ ਬਾਣੀ ਸੰਪੰਨ ਕਰਦੇ ਹਨ। ਨਿਚੋੜ ਇਹੀ ਹੈ ਕਿ ਸਾਧ-ਸੰਗਤ ਵਿਚ ਹੀ ਸੱਚ ਦਾ ਨਿਵਾਸ ਹੁੰਦਾ ਹੈ ਤੇ ਸੱਚ ਹੀ ਹਰ ਦੁਖ, ਮੁਸ਼ਕਲ ਅਤੇ ਮੁਸੀਬਤ ਦਾ ਹੱਲ ਹੈ।