Guru Granth Sahib Logo
  
ਇਨ੍ਹਾਂ ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਬੇਦ ਪੁਰਾਣ ਸਾਸਤ੍ਰ ਬੀਚਾਰੰ ਏਕੰਕਾਰ ਨਾਮ ਉਰ ਧਾਰੰ
ਕੁਲਹ ਸਮੂਹ ਸਗਲ ਉਧਾਰੰ ਬਡਭਾਗੀ  ਨਾਨਕ  ਕੋ ਤਾਰੰ ॥੨੦॥
-ਗੁਰੂ ਗ੍ਰੰਥ ਸਾਹਿਬ ੧੩੬੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਕਾਦਰ ਅਤੇ ਕੁਦਰਤ ਨੂੰ ਅਕਸਰ ਅਲੱਗ-ਅਲੱਗ ਮੰਨ ਲਿਆ ਜਾਂਦਾ ਹੈ। ਕਿਉਂਕਿ ਕਾਦਰ ਇਕ ਹੈ ਤੇ ਕੁਦਰਤ ਅਨੇਕਤਾ ਵਿਚ ਹੈ। ਕਾਦਰ ਆਪਣੇ ਸ਼ਬਦ, ਗੁਰੂ ਅਤੇ ਬਾਣੀ ਰਾਹੀਂ, ਕੁਦਰਤ ਦੀ ਅਨੇਕਤਾ ਨਾਲ ਰਾਬਤਾ ਕਾਇਮ ਕਰਦਾ ਹੈ ਤੇ ਕੁਦਰਤ ਦੀ ਅਨੇਕਤਾ ਕਾਦਰ ਦੇ ਨਾਮ ਰਾਹੀਂ ਉਸ ਨਾਲ ਰਾਬਤਾ ਕਾਇਮ ਕਰਦੀ ਹੈ। ਸ਼ਬਦ, ਬਾਣੀ ਅਤੇ ਨਾਮ ਦਾ ਅਭਿਆਸ ਇਕ ਤੋਂ ਅਨੇਕ ਅਤੇ ਅਨੇਕ ਤੋਂ ਇਕ ਦਾ ਦੁਹਰਾ ਸਫਰ ਹੈ, ਜਿਸ ਰਾਹੀਂ ਏਕੰਕਾਰ ਅਰਥਾਤ ਕਾਦਰ ਅਤੇ ਕੁਦਰਤ ਦੇ ਏਕੱਤਵ ਦਾ ਅਨੁਭਵ ਹੋ ਜਾਂਦਾ ਹੈ।

ਬੇਦ, ਪੁਰਾਣ ਤੇ ਸ਼ਾਸਤਰਾਂ ਦੀ ਵਿਚਾਰ ਦਾ ਵੀ ਇਹੀ ਪਰਿਣਾਮ ਹੈ ਕਿ ਕਾਦਰ ਅਤੇ ਕੁਦਰਤ ਅਭੇਦ ਹਨ। ਸ਼ਬਦ-ਬਾਣੀ ਅਤੇ ਨਾਮ ਦੇ ਅਭਿਆਸ ਰਾਹੀਂ ਪ੍ਰਾਪਤ ਹੋਏ ਏਕੰਕਾਰ ਦੇ ਇਸ ਅਸੂਲ ਨੂੰ ਦਿਲ ਵਿਚ ਵਸਾ ਲੈਣਾ ਚਾਹੀਦਾ ਹੈ। ਇਸ ਨਾਲ ਅਜਿਹਾ ਵਾਤਾਵਰਣ ਬਣਦਾ ਹੈ, ਜਿਸ ਰਾਹੀ ਏਕਤਾ ਦੇ ਅਸੂਲ ਦਾ ਕਲਿਆਣਕਾਰੀ ਅਹਿਸਾਸ ਆਉਣ ਵਾਲੀਆਂ ਪੀੜ੍ਹੀਆਂ ਤਕ ਫੈਲ ਜਾਂਦਾ ਹੈ, ਜਿਸ ਦਾ ਲਾਹਾ ਉਹੀ ਲੈਂਦਾ ਹੈ, ਜੋ ਇਸ ਦੀ ਯੋਗਤਾ ਹਾਸਲ ਕਰਦਾ ਹੈ।
Tags