Guru Granth Sahib Logo
  
ਇਨ੍ਹਾਂ ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਸੁਭ ਬਚਨ ਰਮਣੰ   ਗਵਣੰ ਸਾਧ ਸੰਗੇਣ  ਉਧਰਣਹ
ਸੰਸਾਰ ਸਾਗਰੰ   ਨਾਨਕ  ਪੁਨਰਪਿ ਜਨਮ ਲਭੵਤੇ ॥੧੯॥
-ਗੁਰੂ ਗ੍ਰੰਥ ਸਾਹਿਬ ੧੩੬੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਜਨਮ ਰਾਹੀਂ ਅਸੀਂ ਇਸ ਸੰਸਾਰ ਵਿਚ ਆਉਂਦੇ ਹਾਂ ਤੇ ਮੌਤ ਰਾਹੀਂ ਇਥੋਂ ਰੁਖ਼ਸਤ ਹੋ ਜਾਂਦੇ ਹਾਂ। ਬੱਚੇ ਦੀ ਗਰਭ ਵਿਚਲੀ ਹਾਲਤ ਨੂੰ ਬੜੀ ਹੀ ਕਸ਼ਟਦਾਇਕ ਦੱਸਿਆ ਗਿਆ ਹੈ ਤੇ ਮੌਤ ਦੇ ਡਰ ਤੋਂ ਵਡਾ ਡਰ ਕੋਈ ਹੈ ਹੀ ਨਹੀਂ। ਇਸ ਆਵਾਗਵਣ ਜਾਂ ਜੰਮਣ-ਮਰਨ ਨੂੰ ਵਡੇ ਸੰਕਟ ਵਜੋਂ ਪੇਸ਼ ਕੀਤਾ ਜਾਂਦਾ ਹੈ। ਗਰਭ ਦੇ ਦੁਖ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਅਸੀਂ ਫਿਰ ਗਰਭ ਦੀ ਅਵਸਥਾ ਵਿਚ ਚਲੇ ਜਾਣ ਜਾਂ ਪੁਨਰ ਜਨਮ ਦੇ ਖਿਆਲ ਤੋਂ ਹੀ ਭੈ-ਭੀਤ ਹੋ ਜਾਂਦੇ ਹਾਂ।

ਜਿਵੇਂ ਵਿਦਿਆਰਥੀ ਕਿਸੇ ਜਮਾਤ ਵਿਚ ਖੂਬ ਲੁਤਫ ਲੈਂਦੇ ਹਨ। ਪਰ ਫੇਲ ਹੋ ਕੇ ਮੁੜ ਉਸੇ ਕਲਾਸ ਵਿਚ ਪਰਤ ਜਾਣ ਦੇ ਖਿਆਲ ਤਕ ਤੋਂ ਕੰਬ ਜਾਂਦੇ ਹਨ। ਇਸੇ ਤਰ੍ਹਾਂ ਸੰਸਾਰ ਨੂੰ ਸਾਗਰ ਦੇ ਅਨੰਤ ਪਾਣੀਆਂ ਵਜੋਂ ਪੇਸ਼ ਕੀਤਾ ਜਾਂਦਾ ਹੈ, ਜਿਸ ਵਿਚੋਂ ਅਸੀਂ ਤਰ ਕੇ ਪਾਰ ਲੰਘਣਾ ਹੈ। ਇਸੇ ਕਾਰਣ ਸੰਸਾਰ ਨੂੰ ਭਵਜਲ ਅਰਥਾਤ ਡਰਾਉਣ ਵਾਲਾ ਜਲ ਕਿਹਾ ਗਿਆ ਹੈ।

ਜਿਹੜੇ ਲੋਕ ਸੁਤੇ-ਸਿਧ ਸਤਿ ਦੀ ਅਵਸਥਾ ਵਿਚ ਰਹਿੰਦੇ ਹੋਏ ਸਤਿ-ਪੁਰਖਾਂ ਦੀ ਸੰਗਤ ਕਰਦੇ ਹਨ ਅਤੇ ਸਤਿ ਦਾ ਗਾਇਨ ਕਰਦੇ ਹੋਏ ਸਤਿ ਨੂੰ ਹਿਰਦੇ ਵਿਚ ਵਸਾ ਕੇ ਰਖਦੇ ਹਨ, ਉਨ੍ਹਾਂ ਲਈ ਇਸ ਸੰਸਾਰ ਵਿਚ ਰਹਿਣ ਦਾ ਡਰ ਅਤੇ ਜੰਮਣ-ਮਰਨ ਦਾ ਭੈਅ ਖਤਮ ਹੋ ਜਾਂਦਾ ਹੈ।
Tags