Guru Granth Sahib Logo
  
ਇਨ੍ਹਾਂ ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਮਹਲਾ ੫  ਗਾਥਾ
ਸਤਿਗੁਰ ਪ੍ਰਸਾਦਿ

ਕਰਪੂਰ ਪੁਹਪ ਸੁਗੰਧਾ   ਪਰਸ ਮਾਨੁਖੵ ਦੇਹੰ ਮਲੀਣੰ
ਮਜਾ ਰੁਧਿਰ ਦ੍ਰੁਗੰਧਾ   ਨਾਨਕ  ਅਥਿ ਗਰਬੇਣ ਅਗੵਾਨਣੋ ॥੧॥
-ਗੁਰੂ ਗ੍ਰੰਥ ਸਾਹਿਬ ੧੩੬੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
‘ਗਾਥਾ’ ਸਿਰਲੇਖ ਹੇਠ ਉਚਾਰੀ ਇਸ ਬਾਣੀ ਦੇ ਪਹਿਲੇ ਸਲੋਕ ਵਿਚ, ਪੰਚਮ ਪਾਤਸ਼ਾਹ ਸਰਬਹਿਤਕਾਰੀ ਅਤੇ ਮੰਗਲਮਈ ਸਮਾਜ ਦੀ ਉਸਾਰੀ ਲਈ, ਮਨੁਖ ਦੇ ਅੰਤਰੀਵੀ ਸ਼ਖਸੀ ਗੁਣਾਂ ਦੇ ਮੁਕਾਬਲੇ, ਦੇਹ ਦੇ ਨਿਗੁਣੇਪਨ ਨੂੰ ਉਜਾਗਰ ਕਰਦੇ ਹਨ।

ਮਨੁਖ ਆਪਣੀ ਮੁਕੰਮਲ ਹੋਂਦ ਨੂੰ ਦੇਹ ਤਕ ਸੀਮਤ ਕਰਕੇ, ਇਸ ਦੇ ਰੰਗ-ਢੰਗ, ਕੱਦ-ਕਾਠ, ਵਜ਼ਨ, ਡੀਲ-ਡੌਲ, ਨੈਣ-ਨਕਸ਼ਾਂ ਆਦਿ ਨੂੰ ਹੀ ਆਪਣੀ ਹੋਂਦ ਸਮਝ ਲੈਂਦਾ ਹੈ ਅਤੇ ਅਗਿਆਨਤਾ ਵੱਸ ਇਸ ਦੇਹ ਦਾ ਗਰਬ ਕਰਨ ਲੱਗ ਜਾਂਦਾ ਹੈ।

ਗੁਰਮਤਿ ਵਿਚ ਅਜਿਹੇ ਮਨੁਖ ਨੂੰ ਮੂਰਖ ਕਿਹਾ ਗਿਆ ਹੈ, ਜਿਹੜਾ ਆਪਣੀ ਦੇਹ ਨੂੰ ਪਾਲਣ, ਸੰਭਾਲਣ ਅਤੇ ਸ਼ਿੰਗਾਰਨ ਵਿਚ ਹੀ ਸਮਾਂ ਬਤੀਤ ਕਰਦਾ ਹੈ ਤੇ ਆਪਣੇ ਅੰਤਰੀਵੀ ਆਚਰਣ ਦੀ ਉਸਾਰੀ ਵੱਲ ਧਿਆਨ ਨਹੀਂ ਦਿੰਦਾ।

ਗੁਰਮਤਿ ਆਸ਼ੇ ਵਾਲਾ ਸਮਾਜ ਸਿਰਜਣ ਲਈ ਚੰਗੇ ਆਚਰਣ, ਨੇਕ ਸਮਝ ਤੇ ਸੂਝ ਵਾਲੇ ਮਨੁਖ ਦੀ ਜ਼ਰੂਰਤ ਹੁੰਦੀ ਹੈ, ਜਿਸ ਦੇ ਸਨਮੁਖ ਪਾਤਸ਼ਾਹ ਦੇ ਇਸ ਸਲੋਕ ਦੀ ਅਹਿਮੀਅਤ ਉਜਾਗਰ ਹੁੰਦੀ ਹੈ।

ਮਨੁਖ ਦੀ ਦੇਹ ਨਾਸ਼ਮਾਨ ਹੈ, ਜਿਸ ਦੇ ਸਪਰਸ਼ ਨਾਲ ਸ਼ਿੰਗਾਰ ਦੀ ਹਰ ਸ਼ੈਅ ਆਪਣੀ ਆਭਾ ਗੁਆ ਲੈਂਦੀ ਹੈ। ਇਸ ਕਰਕੇ ਦੇਹੀ ’ਤੇ ਮੂਰਖਾਨਾ ਗਰਬ ਕਰਨ ਦੀ ਬਜਾਏ ਆਤਮਕ ਉੱਚਤਾ, ਇਖਲਾਕੀ ਸੁੱਚਤਾ ਅਤੇ ਜਜ਼ਬਾਤੀ ਨਿਯੰਤਰਣ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਗੁਰਮਤਿ ਦੇ ਸਮਾਜੀ ਆਸ਼ੇ ਵੱਲ ਵਧਿਆ ਜਾ ਸਕੇ।
Tags