ਇਨ੍ਹਾਂ
ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ
ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਚਰਣਾਰਬਿੰਦ ਮਨ ਬਿਧੵੰ ॥ ਸਿਧੵੰ ਸਰਬ ਕੁਸਲਣਹ ॥
ਗਾਥਾ ਗਾਵੰਤਿ ਨਾਨਕ ਭਬੵੰ ਪਰਾ ਪੂਰਬਣਹ ॥੧੮॥
-ਗੁਰੂ ਗ੍ਰੰਥ ਸਾਹਿਬ ੧੩੬੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਰਵਾਇਤ ਅਨੁਸਾਰ ਵਡੇ ਜਦ ਕਿਸੇ ਛੋਟੇ ਨੂੰ ਪਿਆਰ ਕਰਦੇ ਹਨ ਤਾਂ ਉਹਦੇ ਸਿਰ ’ਤੇ ਹੱਥ ਧਰਦੇ ਹਨ ਤੇ ਅਸ਼ੀਰਵਾਦ ਦਿੰਦੇ ਹਨ। ਪਰ ਛੋਟੇ ਜਦ ਕਿਸੇ ਵਡੇ ਨੂੰ ਸਤਿਕਾਰ ਦਿੰਦੇ ਹਨ ਤਾਂ ਉਸ ਦੇ ਪੈਰੀਂ ਹੱਥ ਲਾਉਂਦੇ ਹਨ। ਪੈਰਾਂ ਨੂੰ ਚਰਣ ਵੀ ਕਹਿੰਦੇ ਹਨ। ਪਰ ਸਤਿਕਾਰਜੋਗ ਹਸਤੀਆਂ ਦੇ ਪੈਰਾਂ ਨੂੰ ਕੰਵਲ ਜਿਹੇ, ਅਰਥਾਤ ਚਰਨ-ਕੰਵਲ ਕਿਹਾ ਜਾਂਦਾ ਹੈ। ਕੰਵਲ ਨੂੰ ਅਰਵਿੰਦ ਵੀ ਕਹਿੰਦੇ ਹਨ, ਜਿਸ ਕਾਰਣ ਸ਼ਬਦ ਚਰਣਾਰਬਿੰਦ ਵੀ ਪ੍ਰਚਲਤ ਹੈ।
ਪਿਆਰਿਆਂ ਦੇ ਪੈਰ ਅਤੇ ਪੰਧ ਵੀ ਪੂਜਣਜੋਗ ਹੁੰਦੇ ਹਨ। ਪ੍ਰਿੰਸੀਪਲ ਤੇਜਾ ਸਿੰਘ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਸਫਰ ਤੋਂ ਪਰਤੇ ਤਾਂ ਮਾਂ ਤ੍ਰਿਪਤਾ ਨੇ ਪੁੱਤਰ ਦਾ ਮੱਥਾ ਚੁੰਮ ਕੇ ਕਿਹਾ, “ਵੇ ਬੱਚਾ! ਮੈਂ ਵਾਰੀ! ਮੈਂ ਤੈਥੋਂ ਵਾਰੀ! ਮੈਂ ਉਨ੍ਹਾਂ ਦੇਸਾਂ ਤੋਂ ਵਾਰੀ! ਉਨ੍ਹਾਂ ਰਾਹਾਂ ਤੋਂ ਵਾਰੀ ਜਿਨ੍ਹਾਂ ਉੱਤੇ ਚਲ ਕੇ ਤੂੰ ਆਇਆ ਹੈਂ।”
ਪੈਰੀ ਹੱਥ ਲਾਉਂਣ ਦਾ ਸੰਕੇਤਕ ਅਰਥ ਇਹ ਵੀ ਹੁੰਦਾ ਹੈ ਕਿ ਅਸੀਂ ਆਪਣੀ ਨਿਮਰਤਾ ਪ੍ਰਗਟ ਕਰਦੇ ਹੋਏ, ਉਸ ਹਸਤੀ ਦੇ ਦੱਸੇ ਮਾਰਗ ’ਤੇ ਚੱਲਣ ਦਾ ਪ੍ਰਣ ਕਰਦੇ ਹਾਂ। ਪੈਰਾਂ ਦੀ ਪੈੜ ਦੱਸਦੀ ਹੈ ਕੋਈ ਕਿੱਥੇ ਗਿਆ ਹੈ? ਪੈਰ ਮਾਰਗ ਦਰਸ਼ਨ ਕਰਦੇ ਹਨ।
ਜਿਹੜੇ ਜਗਿਆਸੂ ਕਿਸੇ ਮਾਰਗ ’ਤੇ ਤੁਰੇ ਹੁੰਦੇ ਹਨ, ਜਿਨ੍ਹਾਂ ਦੇ ਸੀਨੇ ਵਿਚ ਕਿਤੇ ਅਪੜਨ ਦੀ ਖਿੱਚ ਹੁੰਦੀ ਹੈ, ਅਜਿਹੇ ਸ਼ਰਧਾਵਾਨ ਆਪਣੇ ਮਾਰਗ-ਦਰਸ਼ਕ ਦੇ ਚਰਣਾਰਬਿੰਦ ’ਤੇ ਤੀਰ ਦੀ ਨਿਆਈਂ ਧਿਆਨ ਖੋਭ ਲੈਂਦੇ ਹਨ ਤੇ ਇਸੇ ਵਿਚ ਉਨ੍ਹਾਂ ਨੂੰ ਸਰਬ-ਸੁਖ ਮਹਿਸੂਸ ਹੁੰਦੇ ਹਨ। ਇਸ ਸਲੋਕ ਵਿਚ ਪੰਚਮ ਪਾਤਸ਼ਾਹ ਦੱਸਦੇ ਹਨ ਕਿ ਅਜਿਹੀ ਕਰਨੀ ਉਹੀ ਕਰਦੇ ਹਨ, ਜਿਹੜੇ ਉੱਦਮ ਕਰਕੇ ਇਸ ਦੇ ਜੋਗ ਹੋਏ ਹੁੰਦੇ ਹਨ।