ਇਨ੍ਹਾਂ
ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ
ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ ॥
ਬੵਾਧਿ ਉਪਾੜਣ ਸੰਤੰ ॥ ਨਾਨਕ ਲਬਧ ਕਰਮਣਹ ॥੧੬॥
-ਗੁਰੂ ਗ੍ਰੰਥ ਸਾਹਿਬ ੧੩੬੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
‘ਤੰਤਰ’ ਇਕ ਕਾਰਜ ਵਿਧੀ ਹੈ, ਜਿਸ ਦੇ ਦੋ ਪੱਖ ਹਨ: ਮੰਤਰ ਅਤੇ ਜੰਤਰ। ਧੁਨੀ ਦੇ ਜਾਦੂਈ ਅਸਰ ਨੂੰ ਮੰਤਰ ਕਹਿੰਦੇ ਹਨ ਤੇ ਆਕ੍ਰਿਤੀ ਦੇ ਮਸਨੂਈ ਅਸਰ ਨੂੰ ਜੰਤਰ ਕਹਿੰਦੇ ਹਨ। ਮੰਤਰ ਬੋਲਿਆ ਜਾਂਦਾ ਹੈ ਤੇ ਜੰਤਰ ਵਾਹਿਆ ਜਾਂ ਲਿਖਿਆ ਜਾਂਦਾ ਹੈ। ਜੰਤਰ-ਮੰਤਰ ਨੂੰ ਟੂਣਾ-ਟਾਮਣ ਵੀ ਕਹਿ ਲਿਆ ਜਾਂਦਾ ਹੈ।
ਸਮਾਜ ਵਿਚ ਸੱਪ ਦੀ ਬੇਤਹਾਸ਼ਾ ਦਹਿਸ਼ਤ ਹੈ, ਜਿਸ ਕਰਕੇ ਸੱਪ ਦੀਆਂ ਮਿੱਥਾਂ ਬਣੀਆਂ ਹੋਈਆਂ ਹਨ। ਜਿਨ੍ਹਾਂ ਸਮਿਆਂ ਵਿਚ ਸੱਪ ਦੇ ਡੰਗਣ ਦਾ ਕੋਈ ਇਲਾਜ ਨਹੀਂ ਸੀ, ਉਦੋਂ ਸੱਪ ਦੇ ਜ਼ਹਿਰ ਦੇ ਇਲਾਜ਼ ਲਈ ਟੂਣੇ-ਟਾਮਣ ਦਾ ਸਹਾਰਾ ਲਿਆ ਜਾਂਦਾ ਸੀ।
ਅਕਾਸ਼ ਵਿਚ ਉਡਣ ਵਾਲੇ ਇਕ ਪੰਛੀ ਨੂੰ ਗਰੁੜ ਕਿਹਾ ਜਾਂਦਾ ਹੈ, ਜਿਹੜਾ ਸੱਪ ਦਾ ਦੁਸ਼ਮਣ ਹੈ। ਜ਼ਮੀਨ ’ਤੇ ਸੱਪ ਨਜ਼ਰ ਆ ਜਾਵੇ ਤਾਂ ਇਹ ਝਪਟ ਕੇ ਚੁੱਕ ਲੈ ਜਾਂਦਾ ਹੈ। ‘ਸੂਰਜ ਪ੍ਰਕਾਸ਼’ ਦੇ ਕਥਨ ‘ਸਰਪਿੰਦ ਗਿਰਿੰਦ ਖਗਿੰਦ ਤੁਲੰ’ ਦਾ ਅਰਥ ਵੀ ਇਹੀ ਹੈ ਕਿ ਦਸਮ ਪਾਤਸ਼ਾਹ ਪਹਾੜੀ ਰਾਜਿਆਂ ’ਤੇ ਇਵੇਂ ਝਪਟ ਪਏ, ਜਿਵੇਂ ਗਰੁੜ ਸੱਪ ਨੂੰ ਪੈਂਦਾ ਹੈ। ਇਸੇ ਕਰਕੇ ਸੱਪ ਦੇ ਡੰਗ ਦਾ ਇਲਾਜ ਕਰਨ ਵਾਲੇ ਨੂੰ ਵੀ ਗਾਰੜੀ ਕਿਹਾ ਜਾਂਦਾ ਹੈ।
ਕੁਝ ਰੋਗ ਦੇਹੀ ਨੂੰ ਸਿੱਧੇ ਹੁੰਦੇ ਹਨ ਤੇ ਕਈ ਰੋਗ ਮਾਨਸਿਕ ਵਿਕਾਰ ਤੋਂ ਸ਼ੁਰੂ ਹੋ ਕੇ ਦੇਹ ਵਿਚ ਦਾਖਲ ਹੋ ਜਾਂਦੇ ਹਨ। ਮਨ ਦੇ ਵਿਕਾਰ ਨੂੰ ਆਧੀ ਅਤੇ ਦੇਹੀ ਵਿਚ ਦਾਖਲ ਹੋਏ ਰੋਗ ਨੂੰ ਬਿਆਧੀ ਕਹਿੰਦੇ ਹਨ। ਅਜਿਹੇ ਰੋਗਾਂ ਨੂੰ ਅੰਗਰੇਜ਼ੀ ਵਿਚ ਸਾਈਕੋਸੋਮੈਟਿਕ (psychosomatic) ਕਿਹਾ ਜਾਂਦਾ ਹੈ।
ਪੰਚਮ ਪਾਤਸ਼ਾਹ ਇਸ ਸਲੋਕ ਵਿਚ ਕਹਿੰਦੇ ਹਨ ਕਿ ਜਿਵੇਂ ਗਾਰੜੀ ਆਪਣੇ ਮੰਤਰ ਨਾਲ ਸੱਪ ਦੇ ਦੰਦ ਕੱਢ ਕੇ, ਉਹਦੀ ਜ਼ਹਿਰ ਦਾ ਨਿਵਾਰਣ ਕਰ ਦਿੰਦਾ ਹੈ, ਇਵੇਂ ਹੀ ਸਾਧ-ਸੰਗਤ ਵਿਚ ਮਨੁਖ ਦੇ ਮਨੋ-ਵਿਕਾਰ ਅਤੇ ਦੇਹੀ ਰੋਗ ਲੱਥ ਜਾਂਦੇ ਹਨ। ਪਰ ਸਾਧ-ਸੰਗਤ ਲੱਭਣੀ ਪੈਂਦੀ ਹੈ, ਕਰਮ ਕਰਨਾ ਪੈਂਦਾ ਹੈ। ਕਿਰਪਾ ਦੇ ਪਾਤਰ ਬਣਨਾ ਪੈਂਦਾ ਹੈ। ਸਾਧ-ਸੰਗਤ ਦੁਰਲੱਭ ਦਰਸ਼ਨ ਹੈ।