Guru Granth Sahib Logo
  
ਇਨ੍ਹਾਂ ਸਲੋਕਾਂ ਵਿਚ ਦੱਸਿਆ ਗਿਆ ਹੈ ਮਨੁਖਾ ਸਰੀਰ ਅਉਗਣਾਂ ਨਾਲ ਭਰਿਆ ਹੋਇਆ ਹੈ। ਇਸ ਸਰੀਰ ਅਤੇ ਨਾਸ਼ਮਾਨ ਸੰਸਾਰਕ ਪਦਾਰਥਾਂ ’ਤੇ ਮਾਣ ਕਰਨਾ ਮੂਰਖਤਾ ਹੈ। ਪ੍ਰਭੂ ਦਾ ਨਾਮ ਹੀ ਸਦੀਵੀ ਤੇ ਸਦਾ ਨਾਲ ਨਿਭਣ ਵਾਲਾ ਹੈ। ਗੁਰ-ਸ਼ਬਦ ਦੀ ਬਰਕਤ ਦੁਆਰਾ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ ਹੀ ਮਨੁਖ ਦਾ ਜੀਵਨ ਸਫਲ ਹੁੰਦਾ ਹੈ। ਉਸ ਦੇ ਤਮਾਮ ਰੋਗ, ਸੋਗ ਅਤੇ ਵਿਕਾਰ ਦੂਰ ਹੁੰਦੇ ਹਨ। ਸੱਚਾ ਸੁਖ ਪ੍ਰਭੂ ਦੇ ਨਾਮ-ਸਿਮਰਨ ਵਿਚ ਹੈ। ਨਾਮ-ਸਿਮਰਨ ਕਰਨ ਵਾਲੇ ਜਗਿਆਸੂ ਦਾ ਜਿਥੇ ਆਪਣਾ ਜੀਵਨ ਸਫਲ ਹੁੰਦਾ ਹੈ, ਉਥੇ ਉਸ ਦਾ ਸੰਗ ਕਰਨ ਵਾਲੇ ਵੀ ਸਫਲ ਹੋ ਜਾਂਦੇ ਹਨ। ਪ੍ਰਭੂ ਦੇ ਅਮੋਲਕ ਨਾਮ ਦੀ ਇਹ ਦਾਤ ਸਾਧ-ਸੰਗਤ ਦੁਆਰਾ ਪ੍ਰਾਪਤ ਹੁੰਦੀ ਹੈ। ਸਾਧ-ਸੰਗਤ ਧਵਿਚ ਜੁੜ ਕੇ ਨਾਮ-ਸਿਮਰਨ ਕਰਨ ਨਾਲ ਜਗਿਆਸੂ ਸਰਵ-ਵਿਆਪਕ ਪ੍ਰਭੂ ਵਿਚ ਸਮਾਅ ਕੇ ਸਦੀਵੀ ਸੁਖ ਪ੍ਰਾਪਤ ਕਰ ਲੈਂਦੇ ਹਨ।
ਮਰਣੰ ਬਿਸਰਣੰ ਗੋਬਿੰਦਹ ॥  ਜੀਵਣੰ ਹਰਿ ਨਾਮ ਧੵਾਵਣਹ
ਲਭਣੰ ਸਾਧ ਸੰਗੇਣ ॥  ਨਾਨਕ  ਹਰਿ ਪੂਰਬਿ ਲਿਖਣਹ ॥੧੫॥
-ਗੁਰੂ ਗ੍ਰੰਥ ਸਾਹਿਬ ੧੩੬੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਤਿੰਨ ਤਰਾਂ ਦਾ ਮਰਨਾ ਹੁੰਦਾ ਹੈ। ਇਕ ਮਰਨਾ ਉਹ ਹੈ, ਜਿਹੜਾ ਉਮਰ ਬੀਤ ਜਾਣ ਕਾਰਣ, ਕਿਸੇ ਬਿਮਾਰੀ ਜਾਂ ਦੁਰਘਟਨਾ ਦੇ ਕਾਰਣ ਹੁੰਦਾ ਹੈ; ਦੂਜਾ ਆਤਮਾ ਜਾਂ ਜ਼ਮੀਰ ਦਾ ਮਰ ਜਾਣਾ ਹੁੰਦਾ ਹੈ; ਤੀਜਾ ਮਰਨਾ ਉਹ ਹੈ, ਜਦ ਕੋਈ ਸੱਚ ਨੂੰ ਏਨਾ ਸਮਰਪਿਤ ਹੋ ਜਾਂਦਾ ਹੈ ਕਿ ਉਸਤਤਿ-ਨਿੰਦਾ ਅਤੇ ਦੁਖ-ਸੁਖ ਤੋਂ ਬੇਪ੍ਰਵਾਹ ਹੋ ਜਾਂਦਾ ਹੈ।

ਉਮਰ ਬੀਤ ਜਾਣ ਵਾਲੇ ਮਰਨੇ ਨੂੰ ਜੀਵਨ ਦਾ ਅੰਤ ਨਹੀਂ ਮੰਨਿਆ ਜਾਂਦਾ, ਬਲਕਿ ਦੇਹ ਦਾ ਅੰਤ ਅਰਥਾਤ ਦੇਹਾਂਤ ਕਿਹਾ ਜਾਂਦਾ ਹੈ। ਸੱਚ ਨੂੰ ਸਮਰਪਤ ਹੋਣਾ ਅਸਲ ਮਰਨਾ ਹੈ, ਜਿਸ ਕਰਕੇ ਇਨਸਾਨ ਸੱਚੇ ਮਾਰਗ ’ਤੇ ਚੱਲਦਾ ਹੈ ਤੇ ਜਿਉਣ-ਮਰਨ ਦੇ ਚੱਕਰ ਤੋਂ ਨਿਰਲੇਪ ਹੋ ਜਾਂਦਾ ਹੈ, ਜਿਸ ਨੂੰ ਅਮਰ ਹੋਣਾ ਕਿਹਾ ਗਿਆ ਹੈ। ਇਹੀ ਅਸਲ ਜੀਵਨ ਹੈ, ਬਾਕੀ ਸਭ ਮਰਨ ਹੈ।

ਆਤਮਾ ਤੇ ਜ਼ਮੀਰ ਪਖੋਂ ਮਰੇ ਹੋਏ ਇਨਸਾਨ ਦਾ ਅੰਤ ਏਨਾ ਭਿਆਨਕ ਹੁੰਦਾ ਹੈ, ਜਿਸ ਦਾ ਜ਼ਿਕਰ ਕੁਰਾਨ ਮਜੀਦ ਦੀ ਹਾਕਾ ਸੂਰਤ ਵਿਚ ਆਇਆ ਹੈ ਕਿ ਅੰਤ ਵੇਲੇ, ਮਰੀ ਜ਼ਮੀਰ ਵਾਲੇ ਲੋਕ, ਰੱਬੀ ਇਨਸਾਫ਼ ਦੇ ਸਾਹਮਣੇ, ਆਪਣੇ ਮਾੜੇ ਕੰਮਾਂ ਕਾਰਣ ਸ਼ਰਮਸ਼ਾਰ ਹੋਣਗੇ ਤੇ ਕਹਿਣਗੇ ‘ਕਾਸ਼ ਸਾਡਾ ਦੇਹਾਂਤ ਜੀਵਨ ਦਾ ਅੰਤ ਹੁੰਦਾ’।

ਗੁਰਮਤਿ ਵਿਚ ਰੱਬ ਨੂੰ ਸੱਚ ਕਿਹਾ ਗਿਆ ਹੈ ਤੇ ਸੱਚ ਇਨਸਾਫ ਦਾ ਮੁੱਢ ਹੈ। ਜਿਹੜੇ ਲੋਕ ਸੱਚ ਨੂੰ ਵਿਸਾਰ ਦਿੰਦੇ ਹਨ, ਉਹ ਅਸਲ ਵਿਚ ਮਰ ਜਾਂਦੇ ਹਨ। ਜਿਹੜੇ ਸੱਚ ਨੂੰ ਪ੍ਰਣਾਏ ਰਹਿੰਦੇ ਹਨ, ਉਹੀ ਅਸਲ ਜੀਵਨ ਜਿਉਂਦੇ ਹਨ, ਉਹੀ ਸਾਧ-ਸੰਗਤ ਵਿਚ ਜਾਂਦੇ ਹਨ ਤੇ ਉਨ੍ਹਾਂ ’ਤੇ ਹੀ ਰੱਬੀ ਮਿਹਰ ਹੁੰਦੀ ਹੈ।
Tags