ਗੁਰੂ ਗ੍ਰੰਥ ਸਾਹਿਬ ਵਿਚ ਬਾਰਹ ਮਾਹਾ, ਰੁਤੀ, ਥਿਤੀ, ਵਾਰ ਸਤ ਆਦਿ ਕਾਵਿ-ਰੂਪਾਂ ਵਾਂਗ ‘ਦਿਨ ਰੈਣਿ’ ਵੀ ਇਕ ਕਾਵਿ-ਰੂਪ ਹੈ। ਇਸ ਕਾਵਿ-ਰੂਪ ਦੇ ਅੰਤਰਗਤ ‘ਦਿਨ ਰੈਣਿ’ ਸਿਰਲੇਖ ਵਾਲਾ ਚਾਰ ਪਦਿਆਂ ਦਾ ਇਕ ਵਿਸ਼ੇਸ਼
ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਸ ਸ਼ਬਦ ਵਿਚ ਜੀਵਨ ਦੇ ਹਰ ਦਿਨ ਤੇ ਰਾਤ, ਭਾਵ ਸਮੁੱਚੇ ਸਮੇਂ ਨੂੰ ਪ੍ਰਭੂ ਦੀ ਸੇਵਾ, ਸਿਮਰਨ ਅਤੇ ਪ੍ਰੇਮਾ ਭਗਤੀ ਦੁਆਰਾ ਸਫਲ ਬਣਾਉਣ ਦਾ ਉਪਦੇਸ਼ ਕੀਤਾ ਗਿਆ ਹੈ।
ਸਰਬ ਕਲਾ ਪ੍ਰਭ ਪੂਰਣੋ ਮੰਞੁ ਨਿਮਾਣੀ ਥਾਉ ॥
ਹਰਿ ਓਟ ਗਹੀ ਮਨ ਅੰਦਰੇ ਜਪਿ ਜਪਿ ਜੀਵਾਂ ਨਾਉ ॥
ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ ॥
ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ ॥
ਉਦਮੁ ਸੋਈ ਕਰਾਇ ਪ੍ਰਭ ਮਿਲਿ ਸਾਧੂ ਗੁਣ ਗਾਉ ॥
ਦੂਜੀ ਜਾਇ ਨ ਸੁਝਈ ਕਿਥੈ ਕੂਕਣ ਜਾਉ ॥
ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ ॥
ਮਨੁ ਵਿਛੁੜਿਆ ਹਰਿ ਮੇਲੀਐ ਨਾਨਕ ਏਹੁ ਸੁਆਉ ॥
ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ ॥੪॥੧॥
-ਗੁਰੂ ਗ੍ਰੰਥ ਸਾਹਿਬ ੧੩੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਗੁਰੂ ਅਰਜਨ ਸਾਹਿਬ ਦੱਸਦੇ ਹਨ ਕਿ ਹਰੀ-ਪ੍ਰਭੂ ਸਭ ਕੁਝ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਹ ਹਰ ਕਲਾ ਵਿਚ ਪਰਿਪੂਰਨ ਹੈ। ਇਸ ਲਈ ਗੁਰੂ ਸਾਹਿਬ ਉੱਤਮ ਪੁਰਖ (first person) ਵਿਚ ਆਪਣੇ-ਆਪ ਨੂੰ ਨਿਮਾਣੇ ਸਮਝਦੇ ਹੋਏ ਦੱਸਦੇ ਹਨ ਕਿ ਮੇਰਾ ਓਟ-ਆਸਰਾ ਉਹੀ ਹੈ। ਕੋਈ ਵੀ ਅਜਿਹਾ ਕਾਰਜ ਨਹੀਂ, ਜੋ ਪ੍ਰਭੂ ਨਾ ਕਰ ਸਕਦਾ ਹੋਵੇ। ਸਭ ਦੀ ਸਹਾਇਤਾ ਕਰਨ ਦੀ ਸਮਰੱਥਾ ਵੀ ਕੇਵਲ ਉਸ ਕੋਲ ਹੀ ਹੈ। ਇਸ ਲਈ ਕੇਵਲ ਉਸ ਦਾ ਹੀ ਆਸਰਾ ਲੈਣਾ ਚਾਹੀਦਾ ਹੈ।
ਗੁਰੂ ਸਾਹਿਬ ਅੱਗੇ ਦੱਸਦੇ ਹਨ ਕਿ ਇਸ ਲਈ ਮੈਂ ਆਪਣੇ ਮਨ ਅੰਦਰ ਉਸ ਸਰਬ-ਸਮਰੱਥ ਤੇ ਮਾਲਕ ਹਰੀ-ਪ੍ਰਭੂ ਦਾ ਸਹਾਰਾ ਲੈ ਲਿਆ ਹੈ। ਸਹਾਰਾ ਉਸ ਮਦਦ ਨੂੰ ਕਹਿੰਦੇ ਹਨ, ਜਿਸ ਨਾਲ ਮੁਸ਼ਕਲਾਂ ਹੱਲ ਹੁੰਦੀਆਂ ਹਨ, ਕਾਰਜ ਸੰਪੂਰਨ ਹੁੰਦੇ ਹਨ ਤੇ ਜੀਵਨ ਸਫਲ ਹੁੰਦਾ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਹਨ ਕਿ ਮੈਂ ਉਸ ਸਮਰੱਥ ਮਾਲਕ ਪ੍ਰਭੂ ਦੇ ਨਾਮ ਰੂਪੀ ਉਪਦੇਸ਼ ਨੂੰ ਹਰ ਸਮੇਂ ਯਾਦ ਰਖਦਾ ਹਾਂ ਤੇ ਇਸੇ ਤਰ੍ਹਾਂ ਮੇਰਾ ਜੀਵਨ ਨਿਰਬਾਹ ਚਲਦਾ ਹੈ। ਭਾਵ, ਜੀਵਨ ਪ੍ਰਭੂ ਦੇ ਨਾਮ ਆਸਰੇ ਹੀ ਬਸਰ ਹੋ ਰਿਹਾ ਹੈ ਕਿਉਂਕਿ ਸਾਰੇ ਕਾਰਜ ਉਸ ਦੇ ਕਾਰਨ ਹੀ ਸੰਪੰਨ ਹੁੰਦੇ ਹਨ।
ਗੁਰੂ ਸਾਹਿਬ ਪ੍ਰਭੂ ਅੱਗੇ ਅਰਦਾਸ ਬੇਨਤੀ ਕਰਦੇ ਹਨ ਕਿ ਪ੍ਰਭੂ ਆਪਣੀ ਮਿਹਰ ਕਰੇ ਤਾਂ ਮੈਂ ਨਿਮਰ ਸੁਭਾਅ ਸਦਕਾ ਪ੍ਰਭੂ ਦੇ ਸੇਵਕ ਜਨਾਂ ਦੀ ਚਰਨ ਧੂੜ ਵਿਚ ਸਮਾ ਜਾਵਾਂ, ਭਾਵ ਹਮੇਸ਼ਾ ਉਨ੍ਹਾਂ ਦੀ ਸੰਗਤ ਵਿਚ ਜੁੜਿਆ ਰਹਾਂ। ਪ੍ਰਭੂ ਦੀ ਪ੍ਰਾਪਤੀ ਦਾ ਮਾਰਗ ਉਸ ਦੇ ਸੇਵਕਾਂ ਦੀ ਸੰਗਤ ਵਿਚੋਂ ਹੀ ਪ੍ਰਾਪਤ ਹੁੰਦਾ ਹੈ। ਪ੍ਰਭੂ ਨਿਰੰਕਾਰ ਹੈ, ਪਰ ਉਸ ਦੇ ਸੇਵਕ ਅਕਾਰ ਰੂਪ ਹਨ। ਉਨ੍ਹਾਂ ਦੀ ਚਰਨ ਧੂੜ ਵਿਚ ਸਮਾਉਣਾ ਇੰਨੀ ਨਿਮਰਤਾ ਦਾ ਪ੍ਰਗਟਾਵਾ ਹੈ ਕਿ ਇਸ ਤੋਂ ਵਧੇਰੇ ਨਿਮਰਤਾ ਨਹੀਂ ਹੋ ਸਕਦੀ। ਪ੍ਰਭੂ ਦੀ ਬਜਾਏ ਉਸ ਦੇ ਸੇਵਕਾਂ ਦੀ ਚਰਨ ਧੂੜ ਵਿਚ ਸਮਾਉਣਾਂ ਤਾਂ ਨਿਰਮਾਣਤਾ ਵਿਚ ਹੋਰ ਵੀ ਵਾਧਾ ਕਰ ਦਿੰਦਾ ਹੈ। ਨਿਰਮਾਣਤਾ ਦੇ ਪੁੰਜ ਹੋਣਾ ਇਹੀ ਹੈ।
ਪ੍ਰਭੂ ਪ੍ਰਤੀ ਸਮਰਪਣ ਦੀ ਭਾਵਨਾ ਪ੍ਰਗਟਾਉਂਦੇ ਹੋਏ ਗੁਰੂ ਸਾਹਿਬ ਦੱਸਦੇ ਹਨ ਕਿ ਜਿਸ ਹਾਲਤ ਵਿਚ ਵੀ ਪ੍ਰਭੂ ਰਖਣਾ ਚਾਹੇ ਮੈਂ ਉਸ ਵਿਚ ਹੀ ਰਹਿਣਾ ਮਨਜੂਰ ਕਰਦਾ ਹਾਂ। ਪ੍ਰਭੂ ਦੇ ਹੁਕਮ ਅਤੇ ਭਾਣੇ ਵਿਚ ਰਹਿਣਾ ਹੀ ਪ੍ਰਭੂ ਦੇ ਸੇਵਕਾਂ ਦੀ ਸਿਫਤ ਹੈ। ਇਹ ਕੇਵਲ ਨਿਮਰਤਾ ਦਾ ਪ੍ਰਗਟਾਵਾ ਨਹੀਂ ਹੈ, ਬਲਕਿ ਅਸਲੀਅਤ ਹੈ। ਕਿਉਂਕਿ ਪ੍ਰਭੂ ਦੇ ਹੁਕਮ ਤੋਂ ਬਾਹਰ ਹੋਣਾ ਸੰਭਵ ਹੀ ਨਹੀਂ ਹੈ। ਇਸ ਲਈ ਉਸ ਨੂੰ ਖਿੜੇ ਮੱਥੇ ਸਵੀਕਾਰਨ ਵਿਚ ਹੀ ਭਲਾਈ ਹੈ। ਇਸੇ ਭਾਵ ਵਿਚ ਗੁਰੂ ਸਾਹਿਬ ਕਹਿੰਦੇ ਹਨ ਕਿ ਹੇ ਪ੍ਰਭੂ ਜੋ ਤੂੰ ਦਿੰਦਾ ਹੈ ਮੈਂ ਉਹੀ ਕੁਝ ਖਾਂਦਾ ਹਾਂ ਤੇ ਉਹੀ ਕੁਝ ਪਹਿਨਦਾ ਹਾਂ। ਇਸ ਭਾਵ ਦਾ ਦੂਜਾ ਪਾਸਾ ਇਹ ਹੈ ਕਿ ਪ੍ਰਭੂ ਦੀ ਮਿਹਰ ਦੇ ਬਗੈਰ ਨਾ ਕੋਈ ਕੁਝ ਖਾਂਦਾ ਹੈ ਤੇ ਨਾ ਹੀ ਕੁਝ ਪਹਿਨਦਾ ਹੈ। ਇਸ ਤੱਥ ਨੂੰ ਸਵੀਕਾਰ ਕਰਨਾ ਹੀ ਪ੍ਰਭੂ ਪ੍ਰੇਮ ਅਤੇ ਉਸ ਦੇ ਹੁਕਮ ਵਿਚ ਰਹਿਣਾ ਹੈ।
ਅਸੀਂ ਹਮੇਸ਼ਾ ਥੱਕ ਕੇ ਬੈਠ ਜਾਂਦੇ ਹਾਂ ਜਾਂ ਲੇਟ ਜਾਂਦੇ ਹਨ। ਪਰ ਰੋਟੀ ਰੋਜ਼ੀ ਲਈ ਉੱਠਣਾ ਪੈਂਦਾ ਹੈ ਤੇ ਕੰਮ ਕਰਨਾ ਪੈਂਦਾ ਹੈ। ਉੱਠ ਕੇ ਕੰਮ ਕਰਨ ਨੂੰ ਉੱਦਮ ਕਹਿੰਦੇ ਹਨ ਤੇ ਬੈਠੇ ਜਾਂ ਪਏ ਰਹਿਣ ਨੂੰ ਆਲਸ ਕਹਿੰਦੇ ਹਨ। ਆਲਸ ਦਾ ਵਿਰੋਧੀ ਸ਼ਬਦ ਉੱਦਮ ਹੈ ਤੇ ਉੱਦਮ ਉਹ ਕੋਸ਼ਿਸ਼ ਹੈ, ਜੋ ਕੋਈ ਚੰਗਾ ਕਾਰਜ ਕਰਨ ਲਈ ਕੀਤੀ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਪ੍ਰਭੂ ਮੇਰੇ ਕੋਲੋਂ ਅਜਿਹੇ ਕਾਰਜ ਦੀ ਕੋਸ਼ਿਸ਼ ਕਰਾਵੇ ਕਿ ਮੈਂ ਸਿਧ-ਪੁਰਸ਼ਾਂ ਦੀ ਸੰਗਤ ਵਿਚ ਵਿਚਰਦਾ ਹੋਇਆ ਪ੍ਰਭੂ ਦੇ ਗੁਣ ਗਾਇਨ ਕਰਾਂ। ਕੋਈ ਕਹਿ ਸਕਦਾ ਹੈ ਗੁਣ ਕਾਹਦੇ ਲਈ ਗਾਉਣੇ ਹਨ? ਇਹ ਗੁਣ ਗਾਉਣ ਦਾ ਕਾਰਣ ਕੋਈ ਦੁਨਿਆਵੀ ਲੋਭ ਨਹੀਂ ਹੈ। ਬਲਕਿ ਇਹ ਗੁਣ ਗਾਉਣ ਦਾ ਕਾਰਣ ਸ਼ੁਕਰਾਨਾ ਹੈ। ਕਿਉਂਕਿ ਪ੍ਰਭੂ ਨੇ ਇੰਨੀਆਂ ਦਾਤਾਂ ਨਾਲ ਨਿਵਾਜਿਆ ਹੋਇਆ ਹੈ, ਜਿਨ੍ਹਾਂ ਦਾ ਨਾ ਕੋਈ ਮੁੱਲ ਹੈ ਤੇ ਨਾ ਹੀ ਕੋਈ ਤੋਲ ਹੈ।
ਕੂਕਣ ਵਿਚ ਰੋਣ ਦਾ ਤੇ ਰੋਣ ਵਿਚ ਦੁਖ ਦਰਦ ਦਾ ਸੰਕੇਤ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਕਿਸੇ ਨੂੰ ਕੋਈ ਦੁਖ-ਤਕਲੀਫ ਜਾਂ ਦਰਦ ਹੋਵੇ ਵੀ ਤਾਂ ਸਮਰੱਥ ਮਾਲਕ ਪ੍ਰਭੂ ਦੇ ਬਗੈਰ ਹੋਰ ਕੋਈ ਵੀ ਅਜਿਹੀ ਢੁੱਕਵੀਂ ਥਾਂ ਨਹੀਂ ਹੈ, ਜਿਥੇ ਅਤੇ ਜਿਸ ਕੋਲ ਜਾ ਕੇ ਕੋਈ ਆਪਣਾ ਦੁਖ ਦਰਦ ਦੱਸ ਸਕਦਾ ਹੋਵੇ। ਕਿਉਂਕਿ ਪ੍ਰਭੂ ਕੋਲ ਹੀ ਹਰ ਗੱਲ ਦਾ ਹੱਲ ਹੈ। ਇਸ ਲਈ ਜਿਸ ਕੋਲ ਹੱਲ ਹੈ, ਉਸ ਨੂੰ ਹੀ ਦੁਖ ਦਰਦ ਦੱਸਣਾ ਯੋਗ ਹੈ। ਜਿਸ ਕੋਲ ਕਾਸੇ ਦਾ ਹੱਲ ਹੀ ਨਹੀਂ ਉਸ ਨੂੰ ਦੱਸਣ ਦਾ ਕੋਈ ਲਾਭ ਨਹੀਂ ਹੈ।
ਗੁਰੂ ਸਾਹਿਬ ਉਸ ਪਰਮ ਸੱਚੇ ਪ੍ਰਭੂ ਅੱਗੇ ਅਰਦਾਸ ਕਰਦੇ ਹਨ ਤੇ ਦੱਸਦੇ ਹਨ ਕਿ ਉਹ ਅਜਿਹੀ ਹਸਤੀ ਹੈ, ਜੋ ਮਨੁਖ ਦੇ ਅਗਿਆਨ ਦਾ ਵਿਨਾਸ਼ ਕਰਨ ਦੇ ਸਮਰੱਥ ਹੈ ਤੇ ਉਹੀ ਮਨ ਨੂੰ ਤਮਾਂ ਰੂਪੀ ਲੋਭ-ਲਾਲਚ ਤੋਂ ਮੁਕਤ ਕਰਨ ਦੀ ਯੋਗਤਾ ਤੇ ਸਮਰੱਥਾ ਰਖਦਾ ਹੈ। ਕਿਉਂਕਿ ਉਹ ਇੰਨਾ ਉੱਚਾ ਹੈ, ਜਿੰਨ੍ਹਾਂ ਹੋਰ ਕੋਈ ਨਹੀਂ ਹੈ। ਉਹ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਉਹ ਇੰਨਾ ਮਹਾਨ ਹੈ ਕਿ ਉਸ ਦਾ ਕੋਈ ਪੈਮਾਨਾ ਹੀ ਨਹੀਂ ਕਿ ਉਸ ਦਾ ਅੰਦਾਜਾ ਲਗਾਇਆ ਜਾ ਸਕੇ। ਪ੍ਰਭੂ ਦੀਆਂ ਸਾਰੀਆਂ ਸਿਫਤਾਂ ਇਹੀ ਦੱਸਦੀਆਂ ਹਨ ਕਿ ਉਸ ਦਾ ਕੋਈ ਬਦਲ ਨਹੀਂ ਹੈ। ਭਾਵ, ਉਸ ਦੇ ਬਿਨਾਂ ਹੋਰ ਕੁਝ ਹੈ ਹੀ ਨਹੀਂ ਤੇ ਜੋ ਕੁਝ ਵੀ ਹੈ, ਉਹ ਸਿਰਫ ਪ੍ਰਭੂ ਆਪ ਹੈ। ਗੁਰੂ ਸਾਹਿਬ ਪ੍ਰਭੂ ਦੀ ਬੇਅੰਤ ਗੁਣਮਈ ਹਸਤੀ ਅੱਗੇ ਬੇਨਤੀ ਕਰਦਿਆਂ ਆਪਣੇ ਮਨ ਦੀ ਇੱਛਾ ਪ੍ਰਗਟ ਕਰਦੇ ਹਨ ਕਿ ਹੇ ਪ੍ਰਭੂ ਜੀਓ, ਮੇਰਾ ਮਨ ਆਪ ਜੀ ਤੋਂ ਵਿਛੜਿਆ ਹੋਇਆ ਹੈ, ਇਸ ਨੂੰ ਆਪਣਾ ਮਿਲਾਪ ਬਖਸ਼ ਦੇਵੋ।
ਪਦੇ ਦੇ ਅਖੀਰ ਵਿਚ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜਿਸ ਸਮੇਂ ਪਰਮੇਸ਼ਰ ਸਰੂਪ ਗੁਰੂ ਦੇ ਚਰਨ ਪਰਸੇ ਜਾਂਦੇ ਹਨ, ਉਸ ਸਮੇਂ ਹੀ ਜਗਿਆਸੂ ਨੂੰ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ, ਭਾਵ ਉਹ ਆਤਮਕ ਤਲ ਉੱਤੇ ਰੱਜ ਜਾਂਦਾ ਹੈ ਅਤੇ ਪ੍ਰਭੂ ਦੇ ਨਾਮ ਵਿਚ ਲਿਵਲੀਨ ਹੋ ਕੇ ਆਪਣਾ ਜੀਵਨ ਜਿਉਣਾਂ ਸ਼ੁਰੂ ਕਰ ਦਿੰਦਾ ਹੈ। ਇਥੇ ਚਰਨ ਪਰਸਣ ਤੋਂ ਭਾਵ ਗੁਰੂ ਦੀ ਸੰਗਤ ਵਿਚ ਬਿਰਾਜਮਾਨ ਹੋਣ ਦਾ ਅਵਸਰ ਹੈ, ਜਿਥੇ ਪ੍ਰਾਪਤ ਹੋਣ ਵਾਲੇ ਗੁਰ-ਉਪਦੇਸ਼ ਸਦਕਾ ਮਨੁਖ ਦਾ ਜੀਵਨ ਸਫਲਤਾ ਦੇ ਰਾਹ ਪੈਂਦਾ ਹੈ।