ਗੁਰੂ ਗ੍ਰੰਥ ਸਾਹਿਬ ਵਿਚ ਬਾਰਹ ਮਾਹਾ, ਰੁਤੀ, ਥਿਤੀ, ਵਾਰ ਸਤ ਆਦਿ ਕਾਵਿ-ਰੂਪਾਂ ਵਾਂਗ ‘ਦਿਨ ਰੈਣਿ’ ਵੀ ਇਕ ਕਾਵਿ-ਰੂਪ ਹੈ। ਇਸ ਕਾਵਿ-ਰੂਪ ਦੇ ਅੰਤਰਗਤ ‘ਦਿਨ ਰੈਣਿ’ ਸਿਰਲੇਖ ਵਾਲਾ ਚਾਰ ਪਦਿਆਂ ਦਾ ਇਕ ਵਿਸ਼ੇਸ਼
ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਸ ਸ਼ਬਦ ਵਿਚ ਜੀਵਨ ਦੇ ਹਰ ਦਿਨ ਤੇ ਰਾਤ, ਭਾਵ ਸਮੁੱਚੇ ਸਮੇਂ ਨੂੰ ਪ੍ਰਭੂ ਦੀ ਸੇਵਾ, ਸਿਮਰਨ ਅਤੇ ਪ੍ਰੇਮਾ ਭਗਤੀ ਦੁਆਰਾ ਸਫਲ ਬਣਾਉਣ ਦਾ ਉਪਦੇਸ਼ ਕੀਤਾ ਗਿਆ ਹੈ।
ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਰਿਥ ਪੁਰਖੁ ਅਪਾਰੁ ॥
ਮਰਣਿ ਜੀਵਣਿ ਆਰਾਧਣਾ ਸਭਨਾ ਕਾ ਆਧਾਰੁ ॥
ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ ॥
ਊਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਨ ਪਾਰਾਵਾਰੁ ॥
ਸੇਵਾ ਸਾ ਤਿਸੁ ਭਾਵਸੀ ਸੰਤਾ ਕੀ ਹੋਇ ਛਾਰੁ ॥
ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ ॥
ਆਦਿ ਜੁਗਾਦੀ ਰਖਦਾ ਸਚੁ ਨਾਮੁ ਕਰਤਾਰੁ ॥
ਕੀਮਤਿ ਕੋਇ ਨ ਜਾਣਈ ਕੋ ਨਾਹੀ ਤੋਲਣਹਾਰੁ ॥
ਮਨ ਤਨ ਅੰਤਰਿ ਵਸਿ ਰਹੇ ਨਾਨਕ ਨਹੀ ਸੁਮਾਰੁ ॥
ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥੨॥
-ਗੁਰੂ ਗ੍ਰੰਥ ਸਾਹਿਬ ੧੩੬-੧੩੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਗੁਰੂ ਅਰਜਨ ਸਾਹਿਬ ਕਹਿੰਦੇ ਹਨ ਕਿ ਮਨੁਖ ਦੇ ਮਨ ਦੀ ਪੀੜਾ ਅਤੇ ਹਰ ਤਰ੍ਹਾਂ ਦੇ ਦੁਖ-ਦਰਦ ਸਿਰਫ ਪ੍ਰਭੂ ਹੀ ਸੁਣਦਾ ਹੈ। ਪ੍ਰਭੂ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਜੋ ਕਿਸੇ ਦਾ ਦੁਖ-ਦਰਦ ਸੁਣ ਸਕੇ। ਇਥੇ ਸੁਣਨ ਦਾ ਭਾਵ ਸਿਰਫ ਕੰਨਾਂ ਨਾਲ ਸੁਣਨਾ ਨਹੀਂ, ਬਲਕਿ ਦੁਖ-ਦਰਦ ਦੇ ਹੱਲ ਤੋਂ ਹੈ। ਪਾਤਸ਼ਾਹ ਅੱਗੇ ਦੱਸਦੇ ਹਨ ਕਿ ਹਰੀ-ਪ੍ਰਭੂ ਅਜਿਹੀ ਹਸਤੀ ਹੈ, ਜਿਸ ਦੀ ਸਮਰੱਥਾ ਦਾ ਕੋਈ ਅੰਤ ਨਹੀਂ ਹੈ। ਸਿਰਫ ਉਹੀ ਦੁਖ-ਦਰਦ ਨੂੰ ਦੂਰ ਕਰ ਕੇ ਸਭ ਪ੍ਰਕਾਰ ਦੀਆਂ ਸਮੱਸਿਆਵਾਂ ਹੱਲ ਕਰ ਸਕਦਾ ਹੈ।
ਗੁਰੂ ਸਾਹਿਬ ਦੱਸਦੇ ਹਨ ਕਿ ਮਨੁਖ ਨੂੰ ਆਪਣੇ ਜਨਮ ਤੋਂ ਲੈ ਕੇ ਮਰਨ ਤਕ ਦੇ ਸਾਰੇ ਜੀਵਨ ਦੌਰਾਨ ਹਰੀ-ਪ੍ਰਭੂ ਦੀ ਅਰਾਧਨਾ ਕਰਦੇ ਰਹਿਣਾ ਚਾਹੀਦਾ ਹੈ। ਪ੍ਰਭੂ ਤੋਂ ਬਿਨਾਂ ਹੋਰ ਕੋਈ ਵੀ ਮਨੁਖ ਦੀ ਅਰਾਧਨਾ ਦੇ ਯੋਗ ਨਹੀਂ ਹੈ। ਕਿਉਂਕਿ ਜੋ ਕੁਝ ਵੀ ਹੋ ਰਿਹਾ ਹੈ, ਸਭ ਕੁਝ ਕਰਨ ਤੇ ਕਰਾਉਣ ਵਾਲਾ ਸਿਰਫ ਪ੍ਰਭੂ ਹੀ ਹੈ। ਉਹੀ ਸਭ ਕਾਸੇ ਦਾ ਮੂਲ ਜਾਂ ਮੁੱਢ ਹੈ। ਇਸ ਲਈ ਮੋਢੀ ਹੀ ਅਰਾਧਨਾ ਦਾ ਅਧਿਕਾਰੀ ਹੈ। ਕਿਉਂਕਿ ਹਰੇਕ ਜੀਵ ਸਿਰਫ ਉਸ ਦੇ ਆਸਰੇ ’ਤੇ ਹੀ ਪਲ ਅਤੇ ਜਿਉਂ ਰਿਹਾ ਹੈ।
ਜਿਸ ਤਰ੍ਹਾਂ ਵਿਆਹੀ ਹੋਈ ਇਸਤਰੀ ਚਾਹੇ ਸਹੁਰੇ ਘਰ ਹੋਵੇ, ਚਾਹੇ ਆਪਣੇ ਪੇਕੇ ਘਰ। ਉਸ ਦਾ ਮਾਲਕ ਤਾਂ ਉਸ ਦਾ ਪਤੀ ਹੀ ਹੁੰਦਾ ਹੈ। ਇਸੇ ਤਰ੍ਹਾਂ ਹੀ ਜਗਿਆਸੂ ਚਾਹੇ ਇਸ ਲੋਕ ਵਿਚ ਹੋਵੇ, ਚਾਹੇ ਪਰਲੋਕ ਵਿਚ; ਉਸ ਦਾ ਮਾਲਕ ਹਰੀ-ਪ੍ਰਭੂ ਹੀ ਹੁੰਦਾ ਹੈ। ਹਰ ਥਾਂ ਅਤੇ ਹਰ ਹਾਲਤ ਵਿਚ ਮਾਲਕ ਪ੍ਰਭੂ ਹੀ ਆਪਣੇ ਪਿਆਰੇ ਸਾਧਕ ਜਨ ਦਾ ਹਰ ਤਰ੍ਹਾਂ ਨਾਲ ਖਿਆਲ ਰਖਦਾ ਹੈ। ਉਹ ਪ੍ਰਭੂ ਬਹੁਤ ਵਡੇ ਪਰਵਾਰ ਦਾ ਮਾਲਕ ਹੈ। ਸ੍ਰਿਸ਼ਟੀ ਦਾ ਹਰ ਜੀਵ-ਜੰਤ ਸਿਰਫ ਉਸੇ ਦਾ ਹੈ ਤੇ ਉਹੀ ਸਭ ਦਾ ਮਾਲਕ ਅਤੇ ਜਿੰਮੇਵਾਰ ਹੈ। ਉਸ ਦੇ ਪਿਆਰ ਵਿਚ ਸਾਧਕ ਜਨ ਵੀ ਉਸਦਾ ਹੀ ਹਿੱਸਾ ਹੋ ਜਾਂਦੇ ਹਨ। ਕਿਉਂਕਿ ਸਾਰਾ ਜੀਵ ਜਗਤ ਮਾਲਕ ਪ੍ਰਭੂ ਦੀ ਹੀ ਸਿਰਜਣਾ ਹੈ। ਉਸ ਦੇ ਸੁਭਾਅ ਨੂੰ ਅਪਣਾ ਕੇ ਮਨੁਖ ਵੀ ਵਡ-ਪਰਵਾਰੀ ਹੋ ਜਾਂਦਾ ਹੈ, ਭਾਵ ਉਹ ਸਾਰੇ ਸੰਸਾਰ ਨੂੰ ਆਪਣਾ ਹੀ ਸਮਝਦਾ ਹੈ।
ਹਰੀ-ਪ੍ਰਭੂ ਦੀ ਹਸਤੀ ਸਰਬੋਤਮ ਹੈ। ਉਹ ਕਿਸੇ ਦੀ ਪਹੁੰਚ ਵਿਚ ਨਹੀਂ ਹੈ। ਉਹ ਇੰਨਾ ਮਹਾਨ ਹੈ ਕਿ ਉਸ ਨੂੰ ਪੂਰੀ ਤਰ੍ਹਾਂ ਜਾਣਿਆ ਨਹੀਂ ਜਾ ਸਕਦਾ। ਸੰਸਾਰ ਵਿਚ ਹਰ ਚੀਜ਼ ਦਾ ਕੋਈ ਉਰਲਾ-ਪਰਲਾ ਸਿਰਾ ਹੁੰਦਾ ਹੈ। ਪਰ ਪ੍ਰਭੂ ਇੰਨੀ ਮਹਾਨ ਅਤੇ ਵਿਸ਼ਾਲ ਹਸਤੀ ਦਾ ਮਾਲਕ ਹੈ ਕਿ ਉਸ ਦਾ ਕੋਈ ਅੰਤ ਹੀ ਨਹੀਂ ਹੈ। ਉਸ ਦਾ ਨਾ ਕੋਈ ਉਰਲਾ ਪਾਸਾ ਹੈ ਤੇ ਨਾ ਹੀ ਪਰਲਾ। ਅਸਲ ਵਿਚ ਜੋ ਕੁਝ ਵੀ ਹੈ, ਸਭ ਪ੍ਰਭੂ ਹੀ ਹੈ ਤੇ ਉਸ ਦੇ ਬਿਨਾਂ ਕੁਝ ਹੋਰ ਹੈ ਹੀ ਨਹੀਂ। ਫਿਰ ਉਸ ਦੇ ਉਰਲੇ-ਪਰਲੇ ਪਾਸੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਸਰਬੋਤਮ ਤੇ ਸਮਰੱਥ ਪ੍ਰਭੂ ਨੂੰ ਹਰ ਸਮੇਂ ਹਿਰਦੇ ਵਿਚ ਵਸਾਉਣ ਵਾਲੇ ਸਾਧਕ ਜਨ ਸਦਾ ਨਿਮਰ ਭਾਵ ਵਿਚ ਰਹਿੰਦੇ ਹਨ। ਉਹ ਹਮੇਸ਼ਾ ਸੱਚ ਨੂੰ ਪ੍ਰਣਾਏ ਹੋਏ ਮਹਾਂ-ਪੁਰਸ਼ਾਂ ਪ੍ਰਤੀ ਸੇਵਾ-ਭਾਵ ਵਿਚ ਰਹਿੰਦੇ ਹਨ। ਉਹ ਆਪਣੇ-ਆਪ ਨੂੰ ਉਨ੍ਹਾਂ ਦੇ ਪੈਰਾਂ ਦੀ ਧੂੜ ਮੰਨ ਕੇ ਸੇਵਾ ਕਰਦੇ ਹਨ। ਉਨ੍ਹਾਂ ਦੇ ਮਨ ਚਿਤ ਵਿਚ ਰੰਚਕ ਮਾਤਰ ਵੀ ਹੰਕਾਰ ਨਹੀਂ ਉਪਜਦਾ। ਗੁਰੂ ਸਾਹਿਬ ਦਾ ਵਿਚਾਰ ਹੈ ਕਿ ਅਸਲ ਵਿਚ ਅਜਿਹੀ ਸੇਵਾ ਹੀ ਪ੍ਰਭੂ ਨੂੰ ਪ੍ਰਵਾਨ ਹੁੰਦੀ ਹੈ, ਜਿਹੜੀ ਪੂਰਨ ਤੌਰ ’ਤੇ ਨਿਮਰ-ਭਾਵ ਵਿਚ ਰਹਿੰਦੇ ਹੋਏ ਕੀਤੀ ਜਾਵੇ।
ਉਸ ਹਰੀ-ਪ੍ਰਭੂ ਦੀ ਹਸਤੀ ਬਾਰੇ ਦੱਸਿਆ ਹੈ ਕਿ ਉਹ ਨਿਮਾਣੇ ਤੇ ਨਿਤਾਣੇ ਲੋਕਾਂ ਦੀ ਸਾਂਭ-ਸੰਭਾਲ ਕਰਨ ਵਾਲਾ ਹੈ। ਉਹ ਦਇਆ ਦਾ ਘਰ ਹੈ। ਸਿਰਫ ਇੰਨਾ ਹੀ ਨਹੀਂ, ਉਹ ਡਿੱਗੇ ਹੋਏ ਪਤਿਤ ਲੋਕਾਂ ਦਾ ਵੀ ਸੁਧਾਰ ਕਰਨ ਦੇ ਸਮਰੱਥ ਹੈ। ਉਸ ਨੂੰ ਆਪਣੇ ਹਿਰਦੇ ਵਿਚ ਵਸਾਉਣ ਵਾਲੇ ਲੋਕ ਦੁਰਾਚਾਰ ਤੋਂ ਤੋਬਾ ਕਰ ਲੈਂਦੇ ਹਨ ਤੇ ਸਚਿਆਰ ਜੀਵਨ ਅਪਣਾ ਲੈਂਦੇ ਹਨ ਕਿਉਂਕਿ ਪ੍ਰਭੂ ਸਭ ਦਾ ਹੀ ਪਾਰ-ਉਤਾਰਾ ਕਰਨ ਵਾਲਾ ਹੈ।
ਪ੍ਰਭੂ ਦਾ ਅਜਿਹਾ ਚਲਣ ਕੋਈ ਨਵਾਂ ਨਹੀਂ ਹੈ। ਬਲਕਿ ਆਦਿ ਕਾਲ ਜਾਂ ਜੁਗਾਂ-ਜੁਗਾਂਤਰਾਂ ਤੋਂ ਹੀ ਉਹ ਸਭ ਦੀ ਰਖਿਆ ਕਰਦਾ ਆ ਰਿਹਾ ਹੈ। ਅਸਲ ਵਿਚ ਉਸ ਦਾ ਸੁਭਾਅ ਹੀ ਅਜਿਹਾ ਹੈ। ਉਹ ਸਭ ਕਾਸੇ ਦਾ ਕਰਤਾ ਹੈ ਤੇ ਉਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਨੂੰ ਕਾਇਮ ਕਰਨ ਅਤੇ ਸਥਿਰ ਰਖਣ ਵਾਲਾ ਹੈ। ਉਸ ਦੇ ਨਾਮ ਸਦਕਾ ਹੀ ਸਾਰੀ ਸ੍ਰਿਸ਼ਟੀ ਕਾਇਮ ਹੈ ਕਿਉਂਕਿ ਉਹੀ ਇਸ ਦਾ ਮਾਲਕ ਅਤੇ ਕਰਤਾ-ਧਰਤਾ ਹੈ।
ਸ੍ਰਿਸਟੀ ਦੇ ਕਰਤਾ-ਧਰਤਾ ਮਾਲਕ ਪ੍ਰਭੂ ਦੀ ਹਸਤੀ ਦੀ ਅਹਿਮੀਅਤ ਕੋਈ ਨਹੀਂ ਜਾਣ ਸਕਦਾ। ਉਸ ਦੀ ਹਸਤੀ ਦਾ ਅੰਦਾਜਾ ਨਹੀਂ ਲਾਇਆ ਜਾ ਸਕਦਾ। ਸੰਸਾਰ ਵਿਚ ਕੋਈ ਵੀ ਅਜਿਹਾ ਨਹੀਂ ਹੈ, ਜਿਹੜਾ ਉਸ ਦੀ ਹਸਤੀ ਅਤੇ ਹੈਸੀਅਤ ਨੂੰ ਤੋਲ ਸਕੇ। ਪ੍ਰਭੂ ਦਾ ਤੋਲ ਅਤੇ ਕੀਮਤ ਉਸ ਦੀ ਹਸਤੀ ਦੀ ਮਹੱਤਤਾ ਦਾ ਅੰਦਾਜਾ ਲਾਉਣਾ ਹੈ, ਜੋ ਕਿਸੇ ਵੀ ਤਰ੍ਹਾਂ ਲਾਇਆ ਨਹੀਂ ਜਾ ਸਕਦਾ। ਕਿਉਂਕਿ ਉਹ ਸਭ ਤੋਂ ਸ੍ਰੇਸ਼ਟ ਅਤੇ ਮਹਾਨ ਹੈ।
ਗੁਰੂ ਸਾਹਿਬ ਫਿਰ ਉਹੀ ਵਿਚਾਰ ਦੁਹਰਾਉਂਦੇ ਹਨ ਕਿ ਉਹ ਪ੍ਰਭੂ ਜੋ ਹਰ ਕਿਸੇ ਦੇ ਤਨ-ਮਨ ਅੰਦਰ ਵਸਿਆ ਹੋਇਆ ਹੈ, ਉਹ ਪਰਮ ਪ੍ਰਭੂ ਇੰਨਾ ਮਹਾਨ ਅਤੇ ਬੇਅੰਤ ਹੈ ਕਿ ਉਸ ਦਾ ਹਿਸਾਬ ਨਹੀਂ ਲਾਇਆ ਜਾ ਸਕਦਾ। ਇਸ਼ਾਰਾ ਇਹ ਹੈ ਕਿ ਉਹ ਕੇਵਲ ਸਭ ਤੋਂ ਵਡਾ ਹੀ ਨਹੀਂ ਬਲਕਿ ਸਭ ਕੁਝ ਹੀ ਹੈ ਤੇ ਉਸ ਦੇ ਬਿਨਾਂ ਹੋਰ ਕੁਝ ਹੈ ਹੀ ਨਹੀਂ। ਇਸ ਲਈ ਉਸ ਦਾ ਕੋਈ ਮੁਕਾਬਲਾ ਹੀ ਨਹੀਂ। ਜੋ ਇਕ ਹੀ ਹੈ, ਉਸ ਦਾ ਕਿਸੇ ਹੋਰ ਨਾਲ ਮੁਕਾਬਲਾ ਨਹੀਂ ਹੋ ਸਕਦਾ।
ਇਸ ਪਦੇ ਦੇ ਅਖੀਰ ਵਿਚ ਗੁਰੂ ਸਾਹਿਬ ਦੱਸਦੇ ਹਨ ਕਿ ਜਿਹੜੇ ਸਾਧਕ ਜਨ ਪਰਮ ਹਸਤੀ ਪ੍ਰਭੂ ਨੂੰ ਦਿਨ-ਰਾਤ ਆਪਣੇ ਹਿਰਦੇ ਵਿਚ ਵਸਾਈ ਰਖਦੇ ਹਨ ਜਾਂ ਉਸ ਨੂੰ ਸਦਾ ਯਾਦ ਰਖਦੇ ਹਨ, ਮੈਂ ਹਮੇਸ਼ਾ ਉਨ੍ਹਾਂ ਦੇ ਬਲਿਹਾਰ ਜਾਂਦਾ ਹਾਂ। ਪ੍ਰਭੂ ਨੂੰ ਹਮੇਸ਼ਾ ਯਾਦ ਰਖਣ ਵਾਲਿਆਂ ਦਾ ਜੀਵਨ ਵਿਵਹਾਰ ਸਾਫ-ਸੁਥਰਾ ਤੇ ਨੇਕ ਹੋ ਜਾਂਦਾ ਹੈ। ਉਹ ਕਿਸੇ ਨਾਲ ਨਾ ਬੁਰਾ ਕਰਦੇ ਹਨ ਤੇ ਨਾ ਹੀ ਕਿਸੇ ਦਾ ਬੁਰਾ ਲੋਚਦੇ ਹਨ। ਇਸ ਲਈ ਗੁਰੂ ਸਾਹਿਬ ਉਨ੍ਹਾਂ ਤੋਂ ਹਰ ਸਮੇਂ ਸਦਕੇ ਜਾਂਦੇ ਹਨ। ਸਦਕੇ ਜਾਂ ਬਲਿਹਾਰ ਜਾਣਾ ਇਕ ਮੁਹਾਵਰਾ ਹੈ, ਜੋ ਉਪਰ ਦਸੇ ਸਾਧਕ ਜਨਾਂ ਦੀ ਅਹਿਮੀਅਤ ਤੇ ਵਡਿਆਈ ਦਰਸਾਉਣ ਲਈ ਵਰਤਿਆ ਗਿਆ ਹੈ। ਮਕਸਦ ਇਹ ਹੈ ਕਿ ਚੰਗੇ ਸਮਾਜ ਦੇ ਨਿਰਮਾਣ ਲਈ ਪ੍ਰਭੂ ਨੂੰ ਹਮੇਸ਼ਾ ਯਾਦ ਰਖਣਾ ਚਾਹੀਦਾ ਹੈ।