ਗੁਰੂ ਗ੍ਰੰਥ ਸਾਹਿਬ ਵਿਚ ਬਾਰਹ ਮਾਹਾ, ਰੁਤੀ, ਥਿਤੀ, ਵਾਰ ਸਤ ਆਦਿ ਕਾਵਿ-ਰੂਪਾਂ ਵਾਂਗ ‘ਦਿਨ ਰੈਣਿ’ ਵੀ ਇਕ ਕਾਵਿ-ਰੂਪ ਹੈ। ਇਸ ਕਾਵਿ-ਰੂਪ ਦੇ ਅੰਤਰਗਤ ‘ਦਿਨ ਰੈਣਿ’ ਸਿਰਲੇਖ ਵਾਲਾ ਚਾਰ ਪਦਿਆਂ ਦਾ ਇਕ ਵਿਸ਼ੇਸ਼
ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਇਸ ਸ਼ਬਦ ਵਿਚ ਜੀਵਨ ਦੇ ਹਰ ਦਿਨ ਤੇ ਰਾਤ, ਭਾਵ ਸਮੁੱਚੇ ਸਮੇਂ ਨੂੰ ਪ੍ਰਭੂ ਦੀ ਸੇਵਾ, ਸਿਮਰਨ ਅਤੇ ਪ੍ਰੇਮਾ ਭਗਤੀ ਦੁਆਰਾ ਸਫਲ ਬਣਾਉਣ ਦਾ ਉਪਦੇਸ਼ ਕੀਤਾ ਗਿਆ ਹੈ।
ਮਾਝ ਮਹਲਾ ੫ ਦਿਨ ਰੈਣਿ
ੴ ਸਤਿਗੁਰ ਪ੍ਰਸਾਦਿ ॥
ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ ॥
ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ ॥
ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ ॥
ਜੋ ਜੀਅ ਹਰਿ ਤੇ ਵਿਛੁੜੇ ਸੇ ਸੁਖਿ ਨ ਵਸਨਿ ਭੈਣ ॥
ਹਰਿ ਪਿਰ ਬਿਨੁ ਚੈਨੁ ਨ ਪਾਈਐ ਖੋਜਿ ਡਿਠੇ ਸਭਿ ਗੈਣ ॥
ਆਪ ਕਮਾਣੈ ਵਿਛੁੜੀ ਦੋਸੁ ਨ ਕਾਹੂ ਦੇਣ ॥
ਕਰਿ ਕਿਰਪਾ ਪ੍ਰਭ ਰਾਖਿ ਲੇਹੁ ਹੋਰੁ ਨਾਹੀ ਕਰਣ ਕਰੇਣ ॥
ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ ॥
ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ ॥੧॥
-ਗੁਰੂ ਗ੍ਰੰਥ ਸਾਹਿਬ ੧੩੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਦਿਨ ਦੇ ਚੌਥੇ ਪਹਿਰ ਵਿਚ ਗਾਏ ਜਾਣ ਵਾਲੇ ਤੇ ਸੰਪੂਰਨ ਜਾਤੀ ਦੇ ਰਾਗ ਮਾਝ ਵਿਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ‘ਦਿਨ ਰੈਣਿ’ ਨਾਮਕ ਭਾਵ, ਦਿਨ-ਰਾਤ ਨਾਲ ਸੰਬੰਧਤ ਲੋਕ ਕਾਵਿ-ਰੂਪ ਵਿਚ ਭਾਵਮਈ ਵਿਚਾਰ ਪੇਸ਼ ਕਰਦੇ ਹੋਏ, ਪਹਿਲਾਂ ਸੱਚ-ਸਰੂਪ ਉਸ ਪਰਮ ਹਸਤੀ ਨੂੰ ਯਾਦ ਕਰਦੇ ਹਨ, ਜੋ ਇਕ ਹੈ ਤੇ ਸ੍ਰਿਸ਼ਟੀ ਦੀ ਕਰਤਾ ਹੈ, ਜਿਸ ਨੂੰ ਸੱਚੇ ਗੁਰ-ਸ਼ਬਦ ਦੀ ਮਿਹਰ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ।
ਗੁਰੂ ਅਰਜਨ ਸਾਹਿਬ ਇਕ ਜਗਿਆਸੂ ਦੇ ਰੂਪ ਵਿਚ ਆਖਦੇ ਹਨ ਕਿ ਮੇਰੀ ਦਿਲੀ ਤਮੰਨਾ ਹੈ ਕਿ ਮੈਂ ਆਪਣੇ ਸਤਿਗੁਰੂ ਨੂੰ ਹਮੇਸ਼ਾ ਯਾਦ ਕਰਦਾ ਰਹਾਂ ਅਤੇ ਉਨ੍ਹਾਂ ਦੀ ਸਿੱਖਿਆ ਅਨੁਸਾਰ ਹਰੀ ਪ੍ਰਭੂ ਨੂੰ ਦਿਨ-ਰਾਤ ਆਪਣੇ ਹਿਰਦੇ ਵਿਚ ਵਸਾਈ ਰਖਾਂ। ਹਰੀ-ਪ੍ਰਭੂ ਨੂੰ ਹਿਰਦੇ ਵਿਚ ਵਸਾਉਣ ਨਾਲ ਹਰ ਪਲ ਉਸ ਦਾ ਚੇਤਾ ਰਹਿੰਦਾ ਹੈ ਕਿ ਸਭ ਕੁਝ ਕਰਨ-ਕਰਾਉਣ ਵਾਲਾ ਸਿਰਫ ਉਹੀ ਹੈ ਤੇ ਜੋ ਕੁਝ ਵੀ ਹੋ ਰਿਹਾ ਹੈ, ਸਭ ਉਸ ਦੇ ਹੁਕਮ ਅਨੁਸਾਰ ਹੀ ਹੋ ਰਿਹਾ ਹੈ। ਪ੍ਰਭੂ ਦਾ ਸਿਮਰਨ ਮਨੁਖ ਨੂੰ ਭਾਣੇ ਵਿਚ ਰਖਦਾ ਹੈ ਤੇ ਮਨੁਖ ਸਬਰ-ਸੰਤੋਖ ਵਾਲਾ ਜੀਵਨ ਬਸਰ ਕਰਦਾ ਹੈ। ਇਸ ਨਾਲ ਉਸ ਦੇ ਮਨੋਂ ਸਭ ਫਿਕਰ ਮੁਕ ਜਾਂਦੇ ਹਨ ਤੇ ਉਹ ਪੂਰਨ ਰੂਪ ਵਿਚ ਸੁਖ-ਸ਼ਾਂਤੀ ਨਾਲ ਰਹਿੰਦਾ ਹੈ।
ਫਿਰ ਗੁਰੂ ਸਾਹਿਬ ਕਹਿੰਦੇ ਹਨ ਕਿ ਮੇਰੀ ਇੱਛਾ ਇਹ ਹੈ ਕਿ ਮੈਂ ਹੁਣ ਆਪਣੇ-ਆਪੇ ਦਾ ਤਿਆਗ ਕਰ ਦੇਵਾਂ ਤੇ ਹਮੇਸ਼ਾ ਪ੍ਰਭੂ ਦੀ ਸ਼ਰਣ ਵਿਚ ਹੀ ਰਹਾਂ। ਕਿਉਂਕਿ ਜੋ ਕੁਝ ਵੀ ਹੁੰਦਾ ਹੈ, ਉਹ ਪ੍ਰਭੂ ਦੇ ਭਾਣੇ ਅਨੁਸਾਰ ਹੀ ਹੁੰਦਾ ਹੈ। ਜਦ ਆਪਣੀ ਇੱਛਾ ਅਨੁਸਾਰ ਕੁਝ ਹੁੰਦਾ ਹੀ ਨਹੀਂ, ਫਿਰ ਕਿਉਂ ਨਾ ਆਪਣੀ ਇੱਛਾ ਦਾ ਹੀ ਤਿਆਗ ਕਰ ਦਿੱਤਾ ਜਾਵੇ ਅਤੇ ਜੋ ਕੁਝ ਵੀ ਹਰੀ-ਪ੍ਰਭੂ ਕਰਦਾ ਹੈ, ਉਸ ਨੂੰ ਹੀ ਸਵੀਕਾਰ ਕੀਤਾ ਜਾਵੇ। ਇਸ ਤਰ੍ਹਾਂ ਸਬਰ-ਸੰਤੋਖ ਵਿਚ ਆਪਣਾ ਜੀਵਨ ਬਸਰ ਕਰਦੇ ਹੋਏ ਆਪਣੇ ਮੁਖ ਤੋਂ ਹਮੇਸ਼ਾ ਸ਼ੁਕਰਾਨੇ ਭਰੇ ਮਿੱਠੇ ਬੋਲ ਬੋਲਦਾ ਰਹਾਂ। ਪ੍ਰਭੂ ਸਭ ਕੁਝ ਚੰਗਾ ਹੀ ਕਰਦਾ ਹੈ। ਇਸ ਲਈ ਹਮੇਸ਼ਾ ਸ਼ੁਕਰ ਦੇ ਭਾਵ ਵਿਚ ਰਹਿੰਦਿਆਂ, ਹਰ ਇਕ ਨਾਲ ਪਿਆਰ ਭਾਵ ਵਿਚ ਪੇਸ਼ ਆਉਣਾ ਚਾਹੀਦਾ ਹੈ। ਗੁਰਮਤਿ ਅਨੁਸਾਰ ਆਪਣੇ-ਆਪ ਦੇ ਤਿਆਗ ਦਾ ਭਾਵ ਆਪਣੀ ਹਉਮੈ ਦਾ ਤਿਆਗ ਹੁੰਦਾ ਹੈ ਤੇ ਆਪਣੇ ਆਪ ਨੂੰ ਪ੍ਰਭੂ ਦੀ ਅੰਸ਼ ਮੰਨਦੇ ਹੋਏ ਨਿਮਰ ਭਾਵ ਵਿਚ ਰਹਿਣਾ ਹੁੰਦਾ ਹੈ।
ਫਿਰ ਗੁਰੂ ਸਾਹਿਬ ਆਪਣੇ ਮਨ ਵਿਚ ਪਿਆਰੇ ਮਾਲਕ ਸਕੇ-ਸੰਬੰਧੀ, ਸਤਿਗੁਰੂ ਅੱਗੇ ਬੇਨਤੀ ਕਰਦੇ ਹਨ ਕਿ ਉਹ ਜਨਮਾਂ-ਜਨਮਾਂ ਤੋਂ ਹਰੀ-ਪ੍ਰਭੂ ਤੋਂ ਵਿਛੜੇ ਹੋਏ ਹਨ, ਜਿਸ ਕਾਰਣ ਹੁਣ ਉਨ੍ਹਾਂ ਨੂੰ ਉਸ ਨਾਲ ਮਿਲਾਪ ਬਖਸ਼ ਦਿੱਤਾ ਜਾਵੇ। ਗੁਰਮਤਿ ਅਨੁਸਾਰ ਸਾਰੇ ਜੀਵ-ਜਗਤ ਵਿਚੋਂ ਸਿਰਫ ਮਨੁਖ ਹੀ ਅਜਿਹਾ ਹੈ, ਜੋ ਪ੍ਰਭੂ ਨਾਲ ਅਭੇਦ ਹੋ ਸਕਦਾ ਹੈ। ਇਸ ਲਈ ਗੁਰੂ ਸਾਹਿਬ ਚਾਹ ਰਹੇ ਹਨ ਕਿ ਇਹ ਜਨਮ ਕਿਤੇ ਵਿਅਰਥ ਨਾ ਬਤੀਤ ਹੋ ਜਾਵੇ ਤੇ ਇਸ ਜਨਮ ਵਿਚ ਜ਼ਰੂਰ ਪ੍ਰਭੂ-ਮਿਲਾਪ ਦੀ ਮਿਹਰ ਹੋ ਜਾਵੇ।
ਜਿਹੜੇ ਵੀ ਲੋਕ ਹਰੀ-ਪ੍ਰਭ ਤੋਂ ਵਿਛੜੇ ਹੋਏ ਹਨ, ਉਨ੍ਹਾਂ ਨੂੰ ਕਦੇ ਵੀ ਸੁਖ ਨਾਲ ਵਸਣਾ ਨਸੀਬ ਨਹੀਂ ਹੁੰਦਾ। ਉਹ ਹਮੇਸ਼ਾ ਦੁਖਾਂ ਵਿਚ ਹੀ ਘਿਰੇ ਰਹਿੰਦੇ ਹਨ ਤੇ ਸੰਤਾਪ ਵਾਲਾ ਜੀਵਨ ਬਸਰ ਕਰਦੇ ਹਨ। ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਿਚ ਹੀ ਅਸਲ ਸੁਖ ਹੈ ਤੇ ਉਸ ਦੇ ਬਿਨਾਂ ਸਭ ਪਾਸੇ ਦੁਖ ਹੀ ਦੁਖ ਹੈ।
ਫਿਰ ਦੱਸਦੇ ਹਨ ਕਿ ਉਨ੍ਹਾਂ ਨੇ, ਜਿਥੇ ਤਕ ਵੀ ਇਹ ਅਕਾਸ਼ ਫੈਲਿਆ ਹੋਇਆ ਹੈ, ਸਭ ਪਾਸੇ ਧਿਆਨ ਨਾਲ ਲੱਭ ਕੇ ਦੇਖ ਲਿਆ ਹੈ ਕਿ ਹਰੀ-ਪ੍ਰਭੂ ਦੀ ਸ਼ਰਣ ਦੇ ਬਿਨਾਂ ਮਨ ਨੂੰ ਕਿਤੇ ਵੀ ਚੈਨ ਨਸੀਬ ਨਹੀਂ ਹੁੰਦਾ। ਕਿਉਂਕਿ ਜਦ ਸਭ ਕਾਸੇ ਦਾ ਕਰਤਾ ਹੀ ਉਹ ਹੈ, ਫਿਰ ਉਸ ਦੇ ਹੁਕਮ ਵਿਚ ਰਹਿਣ ਨਾਲ ਹੀ ਮਨੁਖ ਨੂੰ ਚੈਨ ਮਿਲ ਸਕਦਾ ਹੈ। ਉਸ ਦੇ ਬਗੈਰ ਸਭ ਪਾਸੇ ਭਟਕਣ ਹੀ ਭਟਕਣ ਹੈ। ਕਿਤੇ ਵੀ ਮਨ ਨੂੰ ਟਿਕਾਉ ਨਹੀਂ ਮਿਲਦਾ।
ਪਾਤਸ਼ਾਹ ਵਿਛੋੜੇ ਦਾ ਕਾਰਣ ਬਿਆਨ ਕਰਦੇ ਹੋਏ ਦੱਸਦੇ ਹਨ ਕਿ ਉਸ ਨੂੰ ਵਿਛੋੜਣ ਵਿਚ ਹਰੀ-ਪ੍ਰਭੂ ਦਾ ਕੋਈ ਦੋਸ਼ ਨਹੀਂ ਸੀ। ਬਲਕਿ ਜੀਵ ਆਤਮਾ ਹੀ ਆਪਣੇ ਅਗਿਆਨ ਭਰੇ ਕਰਮਾਂ ਕਾਰਣ ਆਪਣੇ ਮੂਲ ਸੋਮੇ ਤੋਂ ਵਿਛੜੀ ਹੋਈ ਹੈ। ਜਿਹੋ-ਜਿਹੇ ਇਸ ਨੇ ਕਰਮ ਕਮਾਏ ਹਨ, ਉਹੋ-ਜਿਹਾ ਫਲ ਪ੍ਰਾਪਤ ਕਰ ਲਿਆ ਹੈ। ਇਸ ਕਰਕੇ ਹਰੀ-ਪ੍ਰਭੂ ਨਾਲ ਪਏ ਵਿਛੋੜੇ ਲਈ ਕਿਸੇ ਹੋਰ ਨੂੰ ਦੋਸ਼ ਦੇਣਾ ਸਹੀ ਨਹੀਂ ਹੈ। ਆਪਣਾ ਦੋਸ਼ ਕਬੂਲਣ ਵਿਚ ਹੀ ਭਲਾ ਹੈ ਤੇ ਅੱਗੇ ਤੋਂ ਪ੍ਰਭੂ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਕਿ ਉਹ ਆਪਣਾ ਮਿਲਾਪ ਬਖਸ਼ ਦੇਵੇ।
ਗੁਰੂ ਪਾਤਸ਼ਾਹ ਹਰੀ-ਪ੍ਰਭੂ ਅੱਗੇ ਫਿਰ ਬੇਨਤੀ ਕਰਦੇ ਹਨ ਕਿ ਉਹ ਵਿਛੋੜੇ ਦੀ ਇਸ ਬੁਰੀ ਹਾਲਤ ਵਿਚੋਂ ਆਪਣੀ ਮਿਹਰ ਕਰ ਕੇ ਬਚਾ ਲਵੇ, ਭਾਵ ਆਪਣੀ ਸ਼ਰਣ ਵਿਚ ਲੈ ਲਵੇ। ਕਿਉਂਕਿ ਉਸ ਦੇ ਬਿਨਾਂ ਹੋਰ ਕੋਈ ਵੀ ਕੁਝ ਕਰਨ ਕਰਾਉਣ ਵਾਲਾ ਨਹੀਂ ਹੈ। ਇਸ ਲਈ ਜਦ ਸਭ ਕੁਝ ਕਰਨ ਕਰਾਉਣ ਵਾਲਾ ਉਹੀ ਹੈ ਤੇ ਉਸ ਦੇ ਬਿਨਾਂ ਕੁਝ ਹੋ ਹੀ ਨਹੀਂ ਸਕਦਾ ਤਾਂ ਉਸ ਅੱਗੇ ਹੀ ਬੇਨਤੀ ਕੀਤੀ ਜਾਵੇ ਕਿ ਉਹ ਮਿਹਰ ਕਰੇ ਤੇ ਵਿਛੋੜੇ ਨੂੰ ਦੂਰ ਕਰ ਆਪਣਾ ਮਿਲਾਪ ਬਖਸ਼ ਦੇਵੇ।
ਜੇ ਪ੍ਰਭੂ ਦੀ ਮਿਹਰ ਨਾ ਹੋਵੇ ਤੇ ਉਹ ਆਪਣਾ ਮਿਲਾਪ ਨਾ ਬਖਸ਼ੇ ਤਾਂ ਉਸ ਦੇ ਬਗੈਰ ਜੀਵਨ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਉਸ ਦੇ ਮਿਲਣ ਬਗੈਰ ਜੀਵਨ ਧੂੜ ਮਿੱਟੀ ਵਿਚ ਰੁਲਣ ਜਿਹਾ ਹੀ ਹੈ। ਫਿਰ ਜਿਹੜਾ ਮਨੁਖ ਇਸ ਤਰ੍ਹਾਂ ਰੁਲ ਰਿਹਾ ਹੋਵੇ ਉਹ ਆਪਣੀ ਤਰਸਜੋਗ ਹਾਲਤ ਦੇ ਰੋਣੇ ਕਿਸ ਅੱਗੇ ਰੋਵੇ? ਕੋਈ ਨਹੀਂ ਹੈ ਜਿਹੜਾ ਪ੍ਰਭੂ ਤੋਂ ਵਿਛੜੇ ਹੋਏ ਮਨੁਖ ਦੀ ਦੁਰਦਸ਼ਾ ਸੁਣ ਸਕੇ ਤੇ ਕੁਝ ਕਰ ਸਕੇ। ਸਿਰਫ ਪ੍ਰਭੂ ਹੀ ਹੈ ਜੋ ਵਿਛੜੇ ਹੋਏ ਮਨੁਖ ਦੀ ਦੁਰਦਸ਼ਾ ਦੂਰ ਕਰਨ ਦੇ ਸਮਰੱਥ ਹੈ।
ਇਸ ਲਈ ਅਖੀਰ ਵਿਚ ਗੁਰੂ ਸਾਹਿਬ ਪ੍ਰਭੂ ਅੱਗੇ ਬੇਨਤੀ ਕਰਦੇ ਹਨ ਕਿ ਉਹ ਸਰਬੋਤਮ ਅਤੇ ਪਰਮ-ਹਸਤੀ ਪ੍ਰਭੂ ਆਪਣੀ ਮਿਹਰ ਕਰੇ ਤਾਂ ਜੋ ਉਹ ਉਸ ਪ੍ਰਭੂ ਨੂੰ ਆਪਣੀਆਂ ਅੱਖਾਂ ਨਾਲ ਦੇਖ ਲੈਣ, ਭਾਵ ਪ੍ਰਭੂ ਨਾਲ ਮਿਲਾਪ ਹਾਸਲ ਕਰ ਲੈਣ ਤੇ ਪ੍ਰਭੂ ਉਨ੍ਹਾਂ ਨੂੰ ਹਰ ਸਮੇਂ, ਹਰ ਥਾਂ ਆਪਣੇ ਅੰਗ-ਸੰਗ ਵਸਦਾ ਮਹਿਸੂਸ ਹੋਵੇ।