ਪ੍ਰਭੂ ਦਾ ਪਿਆਰ ਧਨ-ਦੌਲਤ, ਤੀਰਥ, ਜਪ, ਤਪ, ਸੰਜਮ ਆਦਿਕ ਸਾਧਨਾਂ ਰਾਹੀਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹੜਾ ਮਨੁਖ ਤਨੋ-ਮਨੋ ਪ੍ਰਭੂ ਨਾਲ ਜੁੜਦਾ ਹੈ, ਉਹੀ ਉਸ ਦੇ ਪਿਆਰ ਦਾ ਪਾਤਰ ਬਣਦਾ ਹੈ। ਉਸ ਦਾ ਮਨ ਪ੍ਰਭੂ ਦੇ
ਨਾਮ ਵਿਚ ਸਦਾ ਲੀਨ ਰਹਿੰਦਾ ਹੈ। ਉਹ ਪ੍ਰਭੂ ਤੋਂ ਇਲਾਵਾ ਕਿਸੇ ਹੋਰ ਪਾਸੇ ਨਹੀਂ ਜਾਂਦਾ। ਨਿਮਰ ਸੁਭਾਅ ਕਾਰਣ ਉਹ ਸਦਾ ਖੇੜੇ ਵਿਚ ਰਹਿੰਦਾ ਹੈ। ਉਸ ਲਈ ਜਪ, ਤਪ ਆਦਿਕ ਸਾਧਨਾਂ ਤੋਂ ਮਿਲੀ ਵਡਿਆਈ ਅਤੇ ਸੰਸਾਰਕ ਸੁਖ-ਸਹੂਲਤਾਂ ਪ੍ਰਭੂ-ਪ੍ਰੇਮ ਦੇ ਸਾਹਮਣੇ ਤੁਛ ਹੁੰਦੇ ਹਨ। ਦੂਜੇ ਪਾਸੇ
ਮਾਇਆ ਦੇ ਮੋਹ ਵਿਚ ਫਸਿਆ ਮਨੁਖ ਦੁਨਿਆਵੀ ਸੁਖ-ਸਹੂਲਤਾਂ ਦੇ ਬਾਵਜੂਦ ਵੀ ਦੁਖੀ ਹੀ ਰਹਿੰਦਾ ਹੈ।
ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ ॥
ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ ॥੪॥
-ਗੁਰੂ ਗ੍ਰੰਥ ਸਾਹਿਬ ੧੩੬੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਭਾਰਤੀ ਪਰੰਪਰਾ ਵਿਚ ਚੰਦਰਮਾ ਦਿਲ ਦਾ ਪ੍ਰਤੀਕ ਹੈ ਤੇ ਸੂਰਜ ਮਸਤਕ ਦਾ। ਚੰਦਰਮਾ ਰਾਤ ਸਮੇਂ ਸੂਰਜ ਤੋਂ ਆ ਰਹੇ ਪ੍ਰਕਾਸ਼ ਨੂੰ ਠੰਢੀ ਚਾਨਣੀ ਵਜੋਂ ਸਮੁੱਚੇ ਅਕਾਸ਼ ਵਿਚ ਬਖੇਰ ਦਿੰਦਾ ਹੈ। ਇਸ ਤਰ੍ਹਾਂ ਮਨੁਖ ਦਾ ਦਿਲ ਵੀ ਆਪਣੇ ਪਿਆਰੇ ਦੇ ਪ੍ਰੇਮ ਦੇ ਖੁਮਾਰ ਨੂੰ ਮਸਤਕ ਵਿਚ ਫੈਲਾ ਦਿੰਦਾ ਹੈ।
ਸਤਹੀ ਤੌਰ ’ਤੇ ਇਸ ਸਲੋਕ ਵਿਚ ਦੱਸਿਆ ਗਿਆ ਹੈ ਕਿ ਇਹ ਜੋ ਰਾਤ ਦੀ ਚਾਨਣੀ ਜਿਹਾ ਪ੍ਰੇਮ ਦਾ ਪ੍ਰਕਾਸ਼ ਪੂਰੇ ਮਸਤਕ ਵਿਚ ਫੈਲਿਆ ਹੋਇਆ ਹੈ, ਪ੍ਰੇਮ ਦੇ ਇਸ ਪ੍ਰਕਾਸ਼, ਭਾਵ ਖੁਮਾਰ ਕਾਰਣ ਪ੍ਰੇਮੀ ਆਪਣੇ ਪਿਆਰੇ ਵਿਚ ਇਸ ਤਰ੍ਹਾਂ ਲੀਨ ਹੋ ਜਾਂਦੇ ਹਨ, ਜਿਵੇਂ ਪਿਆਰ ਦੇ ਵਿੰਨ੍ਹੇ ਅਤੇ ਬੰਨ੍ਹੇ ਹੋਏ ਭੌਰੇ ਕਮਲ ਫੁੱਲ ਨਾਲ ਲਿਪਟ ਜਾਂਦੇ ਹਨ। ਭਾਵ, ਪਿਆਰ ਵਿਚ ਨਫੇ-ਨੁਕਸਾਨ ਦਾ ਖਿਆਲ ਨਹੀਂ ਰਹਿੰਦਾ।
ਅਧਿਆਤਮਕ ਪਖ ਤੋਂ ਇਸ ਸਲੋਕ ਵਿਚ ਮੂਸਨ ਨੂੰ ਦੱਸਿਆ ਗਿਆ ਹੈ ਕਿ ਜਿਨ੍ਹਾਂ ਮਨੁਖਾਂ ਦੇ ਹਿਰਦੇ ਰੂਪੀ ਅਕਾਸ਼ ਵਿਚ ਚੰਨ ਦੀ ਚਾਨਣੀ ਜਿਹੇ ਪ੍ਰਭੂ-ਪ੍ਰੇਮ ਦਾ ਪ੍ਰਕਾਸ਼ ਫੈਲਿਆ ਹੋਇਆ ਹੈ, ਉਹ ਮਨੁਖ ਪ੍ਰੇਮ ਦੇ ਇਸ ਖੁਮਾਰ ਸਦਕਾ ਆਪਣੇ ਪਿਆਰੇ ਪ੍ਰਭੂ ਵਿਚ ਇਸ ਤਰ੍ਹਾਂ ਲੀਨ ਹੋ ਜਾਂਦੇ ਹਨ, ਜਿਵੇਂ ਪਿਆਰ ਦੇ ਵਿੰਨ੍ਹੇ ਅਤੇ ਬੰਨ੍ਹੇ ਹੋਏ ਭੌਰੇ ਕਮਲ ਫੁੱਲ ਨਾਲ ਲਿਪਟ ਜਾਂਦੇ ਹਨ। ਭਾਵ, ਪ੍ਰਭੂ ਦੇ ਪਿਆਰ ਵਿਚ ਪੂਰੀ ਤਰ੍ਹਾਂ ਖੁਭਿਆ ਹੋਇਆ ਮਨੁਖੀ ਮਨ ਸਦਾ ਉਸ ਦੀ ਯਾਦ ਵਿਚ ਜੁੜਿਆ ਰਹਿੰਦਾ ਹੈ।