ਪ੍ਰਭੂ ਦਾ ਪਿਆਰ ਧਨ-ਦੌਲਤ, ਤੀਰਥ, ਜਪ, ਤਪ, ਸੰਜਮ ਆਦਿਕ ਸਾਧਨਾਂ ਰਾਹੀਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹੜਾ ਮਨੁਖ ਤਨੋ-ਮਨੋ ਪ੍ਰਭੂ ਨਾਲ ਜੁੜਦਾ ਹੈ, ਉਹੀ ਉਸ ਦੇ ਪਿਆਰ ਦਾ ਪਾਤਰ ਬਣਦਾ ਹੈ। ਉਸ ਦਾ ਮਨ ਪ੍ਰਭੂ ਦੇ
ਨਾਮ ਵਿਚ ਸਦਾ ਲੀਨ ਰਹਿੰਦਾ ਹੈ। ਉਹ ਪ੍ਰਭੂ ਤੋਂ ਇਲਾਵਾ ਕਿਸੇ ਹੋਰ ਪਾਸੇ ਨਹੀਂ ਜਾਂਦਾ। ਨਿਮਰ ਸੁਭਾਅ ਕਾਰਣ ਉਹ ਸਦਾ ਖੇੜੇ ਵਿਚ ਰਹਿੰਦਾ ਹੈ। ਉਸ ਲਈ ਜਪ, ਤਪ ਆਦਿਕ ਸਾਧਨਾਂ ਤੋਂ ਮਿਲੀ ਵਡਿਆਈ ਅਤੇ ਸੰਸਾਰਕ ਸੁਖ-ਸਹੂਲਤਾਂ ਪ੍ਰਭੂ-ਪ੍ਰੇਮ ਦੇ ਸਾਹਮਣੇ ਤੁਛ ਹੁੰਦੇ ਹਨ। ਦੂਜੇ ਪਾਸੇ
ਮਾਇਆ ਦੇ ਮੋਹ ਵਿਚ ਫਸਿਆ ਮਨੁਖ ਦੁਨਿਆਵੀ ਸੁਖ-ਸਹੂਲਤਾਂ ਦੇ ਬਾਵਜੂਦ ਵੀ ਦੁਖੀ ਹੀ ਰਹਿੰਦਾ ਹੈ।
ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁਧਾ ਭਰਮ ॥
ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ ॥੩॥
-ਗੁਰੂ ਗ੍ਰੰਥ ਸਾਹਿਬ ੧੩੬੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਮੂਸਨ ਨੂੰ ਸਮਝਾਇਆ ਗਿਆ ਹੈ ਕਿ ਧਰਤੀ ਦੇ ਨੌ ਦੇ ਖੰਡਾਂ ਵਿਚ ਫੈਲੇ ਸਮੂਹ ਸਾਗਰਾਂ, ਪਰਬਤਾਂ, ਬਾਗ-ਬਗੀਚਿਆਂ, ਜੰਗਲਾਂ, ਬੀਆਬਾਨ ਦਾ ਲੰਮਾ ਸਫਰ ਆਪਣੇ ਪਿਆਰੇ ਨੂੰ ਮਿਲਣ ਜਾਣ ਲਈ ਪੁੱਟੇ ਗਏ ਦੋ ਕਦਮਾਂ ਦੇ ਬਰਾਬਰ ਗਿਣਿਆ ਜਾਂਦਾ ਹੈ। ਭਾਵ, ਧਰਤੀ ਦੀ ਕੁੱਲ ਯਾਤਰਾ ਦਾ ਅਨੰਦ ਪਿਆਰ ਦੀ ਯਾਤਰਾ ਦੇ ਦੋ ਕਦਮ ਦੇ ਤੁੱਲ ਹੈ ਤੇ ਜਿਸ ਕਰਕੇ ਪਿਆਰ ਤੋਂ ਉਪਰ ਅਤੇ ਪਰੇ ਕੁਝ ਨਹੀਂ ਹੈ।