Guru Granth Sahib Logo
  
ਪ੍ਰਭੂ ਦਾ ਪਿਆਰ ਧਨ-ਦੌਲਤ, ਤੀਰਥ, ਜਪ, ਤਪ, ਸੰਜਮ ਆਦਿਕ ਸਾਧਨਾਂ ਰਾਹੀਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹੜਾ ਮਨੁਖ ਤਨੋ-ਮਨੋ ਪ੍ਰਭੂ ਨਾਲ ਜੁੜਦਾ ਹੈ, ਉਹੀ ਉਸ ਦੇ ਪਿਆਰ ਦਾ ਪਾਤਰ ਬਣਦਾ ਹੈ। ਉਸ ਦਾ ਮਨ ਪ੍ਰਭੂ ਦੇ ਨਾਮ ਵਿਚ ਸਦਾ ਲੀਨ ਰਹਿੰਦਾ ਹੈ। ਉਹ ਪ੍ਰਭੂ ਤੋਂ ਇਲਾਵਾ ਕਿਸੇ ਹੋਰ ਪਾਸੇ ਨਹੀਂ ਜਾਂਦਾ। ਨਿਮਰ ਸੁਭਾਅ ਕਾਰਣ ਉਹ ਸਦਾ ਖੇੜੇ ਵਿਚ ਰਹਿੰਦਾ ਹੈ। ਉਸ ਲਈ ਜਪ, ਤਪ ਆਦਿਕ ਸਾਧਨਾਂ ਤੋਂ ਮਿਲੀ ਵਡਿਆਈ ਅਤੇ ਸੰਸਾਰਕ ਸੁਖ-ਸਹੂਲਤਾਂ ਪ੍ਰਭੂ-ਪ੍ਰੇਮ ਦੇ ਸਾਹਮਣੇ ਤੁਛ ਹੁੰਦੇ ਹਨ। ਦੂਜੇ ਪਾਸੇ ਮਾਇਆ ਦੇ ਮੋਹ ਵਿਚ ਫਸਿਆ ਮਨੁਖ ਦੁਨਿਆਵੀ ਸੁਖ-ਸਹੂਲਤਾਂ ਦੇ ਬਾਵਜੂਦ ਵੀ ਦੁਖੀ ਹੀ ਰਹਿੰਦਾ ਹੈ।
ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ   ਬੀਚੁ ਰਾਈ ਹੋਤ
ਚਰਨ ਕਮਲ ਮਨੁ ਬੇਧਿਓ   ਬੂਝਨੁ ਸੁਰਤਿ ਸੰਜੋਗ ॥੨॥
-ਗੁਰੂ ਗ੍ਰੰਥ ਸਾਹਿਬ ੧੩੬੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸਤਹੀ ਤੌਰ ’ਤੇ ਇਸ ਸਲੋਕ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਆਪਣੇ ਪਿਆਰੇ ਦੇ ਪ੍ਰੇਮ ਵਿਚ ਇਸ ਹੱਦ ਤਕ ਲੀਨ ਹੋ ਜਾਂਦੇ ਹਨ ਕਿ ਆਪਣੀ ਦੇਹੀ ਤਕ ਨਿਛਾਵਰ ਕਰ ਦਿੰਦੇ ਹਨ, ਉਨ੍ਹਾਂ ਦਾ ਆਪਣੇ ਪਿਆਰੇ ਦਰਮਿਆਨ ਰਾਈ ਭਰ ਵੀ ਫਰਕ ਮੌਜੂਦ ਨਹੀਂ ਰਹਿੰਦਾ। ਭਾਵ, ਉਹ ਇਕ-ਦੂਜੇ ਵਿਚ ਅਭੇਦ ਹੋ ਜਾਂਦੇ ਹਨ। ਪ੍ਰੇਮ ਦੀ ਇਸ ਅਵਸਥਾ ਨੂੰ ਉਹੀ ਜਾਣ ਸਕਦੇ ਹਨ, ਜਿਨ੍ਹਾਂ ਦੀ ਸੁਰਤ ਵਿਚ ਕਦੀ ਅਜਿਹਾ ਮਿਲਾਪ ਹੋਇਆ ਹੋਵੇ। ਭਾਵ, ਪ੍ਰੇਮ ਨੂੰ ਪ੍ਰੇਮੀ ਹੀ ਜਾਣ ਸਕਦੇ ਹਨ।

ਅਧਿਆਤਮਕ ਪਖ ਤੋਂ ਇਹ ਸਲੋਕ ਦਰਸਾਉਂਦਾ ਹੈ ਕਿ ਜਿਹੜਾ ਮਨੁਖ ਆਪਣੇ ਤਨੋ-ਮਨੋ ਪਿਆਰੇ ਪ੍ਰਭੂ ਦੇ ਪ੍ਰੇਮ ਵਿਚ ਇਸ ਹੱਦ ਤਕ ਲੀਨ ਹੋ ਜਾਂਦਾ ਹੈ ਕਿ ਆਪਣਾ-ਆਪ ਨਿਛਾਵਰ ਕਰ ਦਿੰਦਾ ਹੈ, ਉਸ ਦਾ ਆਪਣੇ ਪਿਆਰੇ ਪ੍ਰਭੂ ਦਰਮਿਆਨ ਰਾਈ ਭਰ ਵੀ ਫਰਕ ਨਹੀਂ ਰਹਿੰਦਾ। ਭਾਵ, ਉਹ ਪ੍ਰਭੂ ਵਿਚ ਅਭੇਦ ਹੋ ਜਾਂਦਾ ਹੈ। ਉਸ ਦਾ ਮਨ ਸਦਾ ਲਈ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ। ਪਰ ਪ੍ਰੇਮ ਦੀ ਇਸ ਅਵਸਥਾ ਨੂੰ ਉਹੀ ਜਾਣ ਸਕਦੇ ਹਨ, ਜਿਨ੍ਹਾਂ ਦੀ ਸੁਰਤ ਨੂੰ ਪ੍ਰਭੂ ਦੇ ਪਿਆਰ ਦੀ ਲਗਨ ਲੱਗੀ ਰਹਿੰਦੀ ਹੈ। ਅਜਿਹੇ ਰੂਹਾਨੀ ਪ੍ਰੇਮ ਨੂੰ ਪ੍ਰਭੂ ਦੇ ਪ੍ਰੇਮੀ ਹੀ ਜਾਣ ਸਕਦੇ ਹਨ।
Tags