ਪ੍ਰਭੂ ਦਾ ਪਿਆਰ ਧਨ-ਦੌਲਤ, ਤੀਰਥ, ਜਪ, ਤਪ, ਸੰਜਮ ਆਦਿਕ ਸਾਧਨਾਂ ਰਾਹੀਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹੜਾ ਮਨੁਖ ਤਨੋ-ਮਨੋ ਪ੍ਰਭੂ ਨਾਲ ਜੁੜਦਾ ਹੈ, ਉਹੀ ਉਸ ਦੇ ਪਿਆਰ ਦਾ ਪਾਤਰ ਬਣਦਾ ਹੈ। ਉਸ ਦਾ ਮਨ ਪ੍ਰਭੂ ਦੇ
ਨਾਮ ਵਿਚ ਸਦਾ ਲੀਨ ਰਹਿੰਦਾ ਹੈ। ਉਹ ਪ੍ਰਭੂ ਤੋਂ ਇਲਾਵਾ ਕਿਸੇ ਹੋਰ ਪਾਸੇ ਨਹੀਂ ਜਾਂਦਾ। ਨਿਮਰ ਸੁਭਾਅ ਕਾਰਣ ਉਹ ਸਦਾ ਖੇੜੇ ਵਿਚ ਰਹਿੰਦਾ ਹੈ। ਉਸ ਲਈ ਜਪ, ਤਪ ਆਦਿਕ ਸਾਧਨਾਂ ਤੋਂ ਮਿਲੀ ਵਡਿਆਈ ਅਤੇ ਸੰਸਾਰਕ ਸੁਖ-ਸਹੂਲਤਾਂ ਪ੍ਰਭੂ-ਪ੍ਰੇਮ ਦੇ ਸਾਹਮਣੇ ਤੁਛ ਹੁੰਦੇ ਹਨ। ਦੂਜੇ ਪਾਸੇ
ਮਾਇਆ ਦੇ ਮੋਹ ਵਿਚ ਫਸਿਆ ਮਨੁਖ ਦੁਨਿਆਵੀ ਸੁਖ-ਸਹੂਲਤਾਂ ਦੇ ਬਾਵਜੂਦ ਵੀ ਦੁਖੀ ਹੀ ਰਹਿੰਦਾ ਹੈ।
ਚਉਬੋਲੇ ਮਹਲਾ ੫
ੴ ਸਤਿਗੁਰ ਪ੍ਰਸਾਦਿ ॥
ਸੰਮਨ ਜਉ ਇਸ ਪ੍ਰੇਮ ਕੀ ਦਮ ਕੵਿਹੁ ਹੋਤੀ ਸਾਟ ॥
ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥
-ਗੁਰੂ ਗ੍ਰੰਥ ਸਾਹਿਬ ੧੩੬੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਗੁਰਬਾਣੀ ਦਾ ਪ੍ਰਵਚਨ ਕੇਵਲ ਇਤਿਹਾਸਕ ਅਤੇ ਸਾਹਿਤਕ ਹੱਦਾਂ ਤਕ ਸੀਮਤ ਨਹੀਂ ਰਹਿੰਦਾ, ਬਲਕਿ ਇਹ ਦਰਸ਼ਨ ਦੇ ਦਾਇਰੇ ਤੋਂ ਵੀ ਅਗਾਂਹ ਅਭਿਆਸ ਪਰਕ ਜੀਵਨ ਨਾਲ ਜਾ ਜੁੜਦਾ ਹੈ। ਇਸ ਕਾਰਣ ਗੁਰਬਾਣੀ ਵਿਚ ਆਏ ਨਾਂ ਅਤੇ ਥਾਂ ਇਤਿਹਾਸ ਦੀ ਬਜਾਏ, ਪ੍ਰਵਚਨ ਸਿਰਜਣ ਲਈ ਮਹੱਤਵਪੂਰਨ ਹਨ।
ਇਸ ਸਲੋਕ ਵਿਚ ਸੰਮਨ ਨਾਂ ਦੇ ਵਿਅਕਤੀ ਨੂੰ ਮੁਖਾਤਬ ਹੋ ਕੇ ਦੱਸਿਆ ਗਿਆ ਹੈ ਕਿ ਪ੍ਰਭੂ-ਪ੍ਰੇਮ ਦੇ ਰਸਤੇ ਉੱਤੇ ਧਨ-ਦੌਲਤ ਆਦਿ ਸਹਾਈ ਨਹੀਂ ਹੁੰਦੀ ਅਤੇ ਨਾ ਹੀ ਇਸ ਸਦਕਾ ਪ੍ਰਭੂ ਦਾ ਪਿਆਰ ਹਾਸਲ ਕੀਤਾ ਜਾ ਸਕਦਾ ਹੈ। ਜੇਕਰ ਧਨ-ਦੌਲਤ ਨਾਲ ਪ੍ਰਭੂ ਦਾ ਪਿਆਰ ਹਾਸਲ ਹੋ ਸਕਦਾ ਤਾਂ ਸੋਨੇ ਦੀ ਲੰਕਾ ਦਾ ਮਾਲਕ, ਰਾਜਾ ਰਾਵਣ ਗਰੀਬ ਨਹੀਂ ਸੀ, ਜਿਸ ਨੂੰ ਪ੍ਰੇਮ ਖਾਤਰ ਗਿਆਰਾਂ ਵਾਰੀ ਆਪਣਾ ਸਿਰ ਕੱਟ ਕੇ ਭੇਟ ਕਰਨਾ ਪਿਆ। ਭਾਵ, ਆਪਣੇ ਗਿਆਨ ਦੇ ਹੰਕਾਰ ਦਾ ਤਿਆਗ ਕਰਨਾ ਪਿਆ।
ਨੋਟ: ਰਾਵਣ ਦੇ ਦਸ ਸਿਰ ਉਸ ਦੇ ਚਾਰ ਵੇਦ ਅਤੇ ਛੇ ਸ਼ਾਸਤਰਾਂ ਦੇ ਗਿਆਤਾ ਹੋਣ ਦੇ ਪ੍ਰਤੀਕ ਵਜੋਂ ਵੀ ਸਮਝੇ ਜਾ ਸਕਦੇ ਹਨ। ਰਾਵਣ ਨੂੰ ਆਪਣੇ ਗਿਆਨ ਦਾ ਹੰਕਾਰ ਹੋ ਗਿਆ ਤਾਂ ਉਸ ਨੂੰ ਆਪਣੇ ਇਸ਼ਟ ਸ਼ਿਵਜੀ ਨਾਲ ਪ੍ਰੇਮ ਸਾਬਤ ਕਰਨ ਲਈ ਇਸ ਹੰਕਾਰ ਦੇ ਭਾਵ ਦਾ ਤਿਆਗ ਕਰਨਾ ਪਿਆ। ਉਸ ਵੱਲੋਂ ਸਿਰ ਕੱਟ ਕੇ ਦੇਣਾ ਇਸ ਭਾਵ ਦਾ ਹੀ ਪ੍ਰਤੀਕ ਜਾਪਦਾ ਹੈ।