ਪ੍ਰਭੂ ਦਾ ਪਿਆਰ ਧਨ-ਦੌਲਤ, ਤੀਰਥ, ਜਪ, ਤਪ, ਸੰਜਮ ਆਦਿਕ ਸਾਧਨਾਂ ਰਾਹੀਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹੜਾ ਮਨੁਖ ਤਨੋ-ਮਨੋ ਪ੍ਰਭੂ ਨਾਲ ਜੁੜਦਾ ਹੈ, ਉਹੀ ਉਸ ਦੇ ਪਿਆਰ ਦਾ ਪਾਤਰ ਬਣਦਾ ਹੈ। ਉਸ ਦਾ ਮਨ ਪ੍ਰਭੂ ਦੇ
ਨਾਮ ਵਿਚ ਸਦਾ ਲੀਨ ਰਹਿੰਦਾ ਹੈ। ਉਹ ਪ੍ਰਭੂ ਤੋਂ ਇਲਾਵਾ ਕਿਸੇ ਹੋਰ ਪਾਸੇ ਨਹੀਂ ਜਾਂਦਾ। ਨਿਮਰ ਸੁਭਾਅ ਕਾਰਣ ਉਹ ਸਦਾ ਖੇੜੇ ਵਿਚ ਰਹਿੰਦਾ ਹੈ। ਉਸ ਲਈ ਜਪ, ਤਪ ਆਦਿਕ ਸਾਧਨਾਂ ਤੋਂ ਮਿਲੀ ਵਡਿਆਈ ਅਤੇ ਸੰਸਾਰਕ ਸੁਖ-ਸਹੂਲਤਾਂ ਪ੍ਰਭੂ-ਪ੍ਰੇਮ ਦੇ ਸਾਹਮਣੇ ਤੁਛ ਹੁੰਦੇ ਹਨ। ਦੂਜੇ ਪਾਸੇ
ਮਾਇਆ ਦੇ ਮੋਹ ਵਿਚ ਫਸਿਆ ਮਨੁਖ ਦੁਨਿਆਵੀ ਸੁਖ-ਸਹੂਲਤਾਂ ਦੇ ਬਾਵਜੂਦ ਵੀ ਦੁਖੀ ਹੀ ਰਹਿੰਦਾ ਹੈ।
ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ ॥
ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ ॥੧੧॥
-ਗੁਰੂ ਗ੍ਰੰਥ ਸਾਹਿਬ ੧੩੬੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸਲੋਕ ਵਿਚ ਦੱਸਿਆ ਗਿਆ ਹੈ ਕਿ ਜਿਹੜਾ ਮਨੁਖ ਪਿਆਰੇ ਪ੍ਰਭੂ ਦੇ ਪ੍ਰੇਮ ਵਿਚ ਲੀਨ ਹੋ ਜਾਂਦਾ ਹੈ, ਉਸ ਨੂੰ ਆਪਣੀ ਕੋਈ ਸੁਧ-ਬੁਧ ਨਹੀਂ ਰਹਿੰਦੀ। ਭਾਵ, ਉਸ ਨੂੰ ਦੇਹੀ ਨੂੰ ਸਜਾਉਣ ਲਈ ਕੀਤੇ ਜਾਣ ਵਾਲੇ ਹਾਰ-ਸ਼ਿੰਗਾਰ ਬੇ-ਲੋੜੇ ਜਾਪਣ ਲੱਗਦੇ ਹਨ। ਉਸ ਦਾ ਮਨ ਪ੍ਰਭੂ ਦੇ ਪ੍ਰੇਮ ਵਿਚ ਨਿਮਗਨ ਹੋਣ ਸਦਕਾ ਬਾਹਰੀ ਸਜ-ਧਜ ਦੀ ਇਛਾ ਵੀ ਉਸ ਤੋਂ ਕੋਹਾਂ ਦੂਰ ਹੁੰਦੀ ਹੈ। ਅਜਿਹਾ ਨਿਮਾਣਾ ਮਨੁਖ ਪ੍ਰਭੂ ਨਾਲ ਆਪਣੇ ਸੱਚੇ ਪਿਆਰ ਸਦਕਾ ਸੰਸਾਰ ਵਿਚ ਵਡਿਆਈ ਪ੍ਰਾਪਤ ਕਰ ਲੈਂਦਾ ਹੈ।
ਸਲੋਕ ਦੇ ਅੰਤ ਵਿਚ ਆਏ ਪਤੰਗ ਸ਼ਬਦ ਨੂੰ ਪਤੰਗੇ ਵਜੋਂ ਸਮਝ ਕੇ, ਸਲੋਕ ਨੂੰ ਇਸ ਤਰ੍ਹਾਂ ਵੀ ਦੇਖਿਆ ਜਾ ਸਕਦਾ ਹੈ ਕਿ ਆਪਣੇ ਪਿਆਰੇ (ਦੀਵੇ ਦੀ ਲਾਟ) ਦੇ ਪ੍ਰੇਮ ਵਿਚ ਮਸਤ ਹੋ ਕੇ ਪਤੰਗੇ ਨੂੰ ਆਪਣੇ ਸਰੀਰ ਦੀ ਸੁਧ-ਬੁਧ ਨਹੀਂ ਰਹਿੰਦੀ। ਨਖਿੱਧ ਅਤੇ ਨਿਕੰਮਾ ਸਮਝਿਆ ਜਾਣ ਵਾਲਾ ਪਤੰਗਾ ਪ੍ਰੇਮ ਵਿਚ ਮਗਨ ਹੋ ਕੇ ਦੀਵੇ ਦੀ ਲਾਟ ਉੱਤੇ ਕੁਰਬਾਨ ਹੋ ਜਾਂਦਾ ਹੈ। ਆਪਣੀ ਇਸੇ ਸਮਰਪਤ ਭਾਵਨਾ ਕਾਰਣ ਉਹ ਸਾਰੀ ਦੁਨੀਆ ਵਿਚ ਪ੍ਰੇਮ ਦੀ ਮਿਸਾਲ ਬਣ ਜਾਂਦਾ ਹੈ।