‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਮਾਹੁ ਜੇਠੁ ਭਲਾ ਪ੍ਰੀਤਮੁ ਕਿਉ ਬਿਸਰੈ ॥
ਥਲ ਤਾਪਹਿ ਸਰ ਭਾਰ ਸਾਧਨ ਬਿਨਉ ਕਰੈ ॥
ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ॥
ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ॥
ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ ॥
ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ ॥੭॥
-ਗੁਰੂ ਗ੍ਰੰਥ ਸਾਹਿਬ ੧੧੦੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਪਾਤਸ਼ਾਹ ਅਜਿਹੇ ਜਗਿਆਸੂ ਦੀ ਗੱਲ ਕਰਦੇ ਹਨ, ਜਿਹੜਾ ਪਿਆਰੇ ਪ੍ਰਭੂ ਨੂੰ ਕਦੇ ਨਹੀਂ ਭੁੱਲਦਾ, ਜਿਸ ਕਰਕੇ ਉਸ ਲਈ ਤਪਸ਼ ਵਾਲਾ ਜੇਠ ਮਹੀਨਾ ਵੀ ਭਲਾ ਹੈ। ਸੋ, ਉਸ ਲਈ ਪਿਆਰੇ ਨੂੰ ਭੁੱਲ ਜਾਣ ਦਾ ਕੋਈ ਕਾਰਣ ਨਹੀਂ ਹੈ, ਭਾਵ ਉਸ ਨੂੰ ਭੁੱਲਣਾ ਨਹੀਂ ਚਾਹੀਦਾ।
ਇਸ ਮਹੀਨੇ ਵਿਚ ਧਰਤੀ ਇਸ ਤਰ੍ਹਾਂ ਤਪੀ ਹੁੰਦੀ ਹੈ, ਜਿਵੇਂ ਭੱਠੀ ਵਿਚ ਅੱਗ ਬਲਦੀ ਹੋਵੇ। ਅਜਿਹੀ ਤਪਸ਼ ਵਿਚ ਮਨੁਖ ਤੜਪ ਜਾਂਦੇ ਹਨ ਤੇ ਪ੍ਰਭੂ ਅੱਗੇ ਤਪਸ਼ ਤੋਂ ਬਚਣ ਲਈ ਬੇਨਤੀਆਂ ਕਰਦੇ ਹਨ। ਇਸ ਬਾਹਰੀ ਤਪਸ਼ ਵਾਂਗ ਜਗਿਆਸੂ ਦੇ ਅੰਦਰ ਇਕ ਵਿਕਾਰਾਂ ਦੀ ਤਪਸ਼ ਵੀ ਸੇਕ ਮਾਰਦੀ ਹੈ, ਇਸ ਵਿਕਾਰਾਂ ਦੀ ਤਪਸ਼ ਤੋਂ ਬਚਣ ਲਈ ਜਗਿਆਸੂ ਮਨ ਪ੍ਰਭੂ ਅੱਗੇ ਅਰਦਾਸਾਂ ਕਰਦਾ ਹੈ।
ਪਾਤਸ਼ਾਹ ਹੋਰ ਦੱਸਦੇ ਹਨ ਕਿ ਉਹ ਅਰਦਾਸਾਂ ਕਰਦਾ ਹੈ ਤੇ ਪ੍ਰਭੂ ਦੀਆਂ ਸਿਫਤਾਂ ਕਰਦਾ ਹੈ ਤਾਂ ਜੋ ਉਹ ਪ੍ਰਭੂ ਦੀਆਂ ਨਜ਼ਰਾਂ ਵਿਚ ਪਰਵਾਨ ਹੋ ਜਾਵੇ।
ਸੱਚ-ਸਰੂਪ ਪ੍ਰਭੂ ਦੇ ਘਰ ਵਿਚ ਉਹੀ ਜਗਿਆਸੂ ਰਹਿ ਸਕਦਾ ਹੈ, ਜਿਸ ਦੇ ਮਨ ਵਿਚ ਪ੍ਰਭੂ-ਮਿਲਾਪ ਲਈ ਪ੍ਰੇਮ ਹੋਵੇ, ਭਾਵ ਪ੍ਰੇਮ-ਭਾਵ ਦੇ ਬਿਨਾਂ ਪ੍ਰਭੂ-ਮਿਲਾਪ ਮੁਮਕਿਨ ਹੀ ਨਹੀਂ। ਪਰ ਇਹ ਪ੍ਰੇਮ ਭਾਵ ਅਜਿਹਾ ਹੋਵੇ ਕਿ ਪ੍ਰਭੂ ਦੇ ਮਨ ਵਿਚ ਵੀ ਉਸ ਜਗਿਆਸੂ ਲਈ ਤੜਪ ਪੈਦਾ ਹੋ ਜਾਵੇ। ਇਸ ਕਰਕੇ ਪ੍ਰਭੂ ਹੀ ਆਪਣੇ ਕੋਲ ਬੁਲਾਵੇ ਤਾਂ ਹੀ ਉਸ ਕੋਲ ਜਾਇਆ ਜਾ ਸਕਦਾ ਹੈ।
ਜਿਹੜਾ ਜਗਿਆਸੂ ਏਨਾ ਨਿਮਾਣਾ ਤੇ ਨਿਤਾਣਾ ਹੈ ਕਿ ਉਹ ਪ੍ਰਭੂ ਦੀ ਨਜ਼ਰ ਵਿਚ ਪਰਵਾਨ ਹੋਣ ਜੋਗ ਹੀ ਨਹੀਂ ਹੈ ਤਾਂ ਉਹ ਹਰੀ-ਪ੍ਰਭੂ ਦੀ ਬਖਸ਼ਿਸ਼ ਬਗੈਰ ਉਸ ਦੇ ਮਿਲਾਪ ਦਾ ਸੁਖ ਕਿਵੇਂ ਮਾਣ ਸਕਦਾ ਹੈ?
ਅਖੀਰ ਵਿਚ ਪਾਤਸ਼ਾਹ ਜੇਠ ਮਹੀਨੇ ਰਾਹੀਂ ਉਪਦੇਸ਼ ਕਰਦੇ ਹਨ ਕਿ ਜਿਹੜਾ ਜਗਿਆਸੂ ਜਾਣ ਲੈਂਦਾ ਹੈ ਕਿ ਪ੍ਰਭੂ ਦੇ ਦਿਲ ਵਿਚ ਆਪਣੀ ਥਾਂ ਕਿਸ ਤਰ੍ਹਾਂ ਬਣਾਉਣੀ ਹੈ, ਉਹ ਪ੍ਰਭੂ ਦੇ ਗੁਣ ਅਪਣਾ ਲੈਂਦਾ ਹੈ ਤੇ ਉਸ ਜਿਹਾ ਹੀ ਹੋ ਜਾਂਦਾ ਹੈ। ਭਾਵ, ਜਦੋਂ ਪ੍ਰਭੂ ਦੀ ਮਿਹਰ ਹੋਵੇ ਤਾਂ ਉਹ ਪ੍ਰਭੂ ਦੇ ਗੁਣ ਅਪਣਾ ਲੈਂਦਾ ਹੈ ਤੇ ਇਨ੍ਹਾਂ ਗੁਣਾ ਸਦਕਾ ਉਹ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲੈਂਦਾ ਹੈ।