‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਵੈਸਾਖੁ ਭਲਾ ਸਾਖਾ ਵੇਸ ਕਰੇ ॥
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥
-ਗੁਰੂ ਗ੍ਰੰਥ ਸਾਹਿਬ ੧੧੦੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਪਾਤਸ਼ਾਹ ਦੱਸਦੇ ਹਨ ਕਿ ਵੈਸਾਖ ਮਹੀਨੇ ਦਾ ਸਮਾਂ ਬੜਾ ਸੋਹਣਾ ਹੈ। ਰੁਖਾਂ ਦੀਆਂ ਟਾਹਣੀਆਂ ਨੇ ਪੱਤਿਆਂ ਦੇ ਰੂਪ ਵਿਚ ਵਸਤਰ ਧਾਰਨ ਕਰ ਲਏ ਹਨ। ਉਕਤ ਦ੍ਰਿਸ਼ ਨੂੰ ਦੇਖ ਕੇ ਜਗਿਆਸੂ ਵੀ ਹਰੀ-ਪ੍ਰਭੂ ਦੇ ਦਰ ’ਤੇ ਖੜ੍ਹਾ ਦੇਖ ਰਿਹਾ ਹੈ ਕਿ ਪ੍ਰਭੂ ਉਸ ’ਤੇ ਰਹਿਮ ਕਰ ਕੇ ਆਪਣਾ ਮਿਲਾਪ ਬਖਸ਼ ਦੇਵੇ।
ਪਾਤਸ਼ਾਹ ਫਿਰ ਜਗਿਆਸੂ ਦੀ ਅਰਦਾਸ ਬਿਆਨ ਕਰਦੇ ਹਨ ਕਿ ਪਿਆਰਾ ਪ੍ਰਭੂ ਹਿਰਦੇ ਵਿਚ ਆ ਕੇ ਇਸ ਮੁਸ਼ਕਲ ਜੀਵਨ ਪੰਧ ਨੂੰ ਸਫਲਤਾ ਪੂਰਬਕ ਨੇਪਰੇ ਚਾੜ੍ਹਨ ਵਿਚ ਮਦਦ ਕਰੇ। ਕਿਉਂਕਿ ਉਸ ਮਾਲਕ ਪ੍ਰਭੂ ਦੇ ਬਿਨਾਂ ਜਗਿਆਸੂ ਦੀ ਕੀਮਤ ਬਿਲਕੁਲ ਵੀ ਨਹੀਂ ਰਹਿੰਦੀ, ਭਾਵ ਉਹ ਆਪ ਇਕੱਲਾ ਆਪਣਾ ਜੀਵਨ ਪੰਧ ਮੁਕੰਮਲ ਨਹੀਂ ਕਰ ਸਕਦਾ।
ਫਿਰ ਜਗਿਆਸੂ ਆਪਣੇ ਮਨ ਵਿਚ ਸੋਚਦਾ ਹੈ ਕਿ ਉਹ ਕੌਣ ਹੈ, ਜੋ ਉਸ ਦੀ ਕੀਮਤ ਵਿਚ ਵਾਧਾ ਕਰ ਸਕਦਾ ਹੈ, ਭਾਵ ਜੋ ਉਸ ਨੂੰ ਪ੍ਰਭੂ ਪਿਆਰ ਦੇ ਜੋਗ ਬਣਾ ਸਕਦਾ ਹੈ, ਜਿਸ ਨਾਲ ਉਹ ਪ੍ਰਭੂ ਦੇ ਮਨ ਨੂੰ ਭਾਅ ਜਾਵੇ। ਫਿਰ ਉਹ ਹੋਰ ਸੋਚਦਾ ਹੈ ਕਿ ਉਹ ਕੌਣ ਹੈ, ਜਿਹੜਾ ਉਸ ਦੇ ਮਾਲਕ ਪ੍ਰਭੂ ਨੂੰ ਆਪ ਦੇਖ ਕੇ ਫਿਰ ਉਸ ਨੂੰ ਦਿਖਾ ਦੇਵੇ। ਇਥੇ ਜਗਿਆਸੂ ਦੇ ਮਨ ਵਿਚ ਗੁਰੂ ਦੀ ਅਹਿਮੀਅਤ ਜਾਗਦੀ ਹੈ, ਜੋ ਉਸ ਨੂੰ ਪ੍ਰਭੂ ਮਿਲਾ ਦੇਵੇ।
ਜਿਸ ਜਗਿਆਸੂ ਨੇ ਪ੍ਰਭੂ ਨੂੰ ਆਪਣੇ ਤੋਂ ਦੂਰ ਸਮਝਣ ਦੀ ਬਜਾਏ ਆਪਣੇ ਹਿਰਦੇ ਅੰਦਰ ਵਸਦਾ-ਰਸਦਾ ਮੰਨ ਲਿਆ ਹੈ, ਉਸ ਨੇ ਹੀ ਸਹੀ ਅਰਥਾਂ ਵਿਚ ਹਰੀ-ਪ੍ਰਭੂ ਦੇ ਨਿਵਾਸ ਦੀ ਸ਼ਨਾਖਤ ਕੀਤੀ ਹੈ, ਭਾਵ ਸਿਰਫ ਉਸ ਨੂੰ ਹੀ ਪ੍ਰਭੂ ਦੀ ਸੋਝੀ ਹਾਸਲ ਹੋਈ ਹੈ।
ਪਦੇ ਦੇ ਅਖੀਰ ਵਿਚ ਵੈਸਾਖ ਮਹੀਨੇ ਦੁਆਰਾ ਉਪਦੇਸ਼ ਕਰਦੇ ਹੋਏ ਪਾਤਸ਼ਾਹ ਦੱਸਦੇ ਹਨ ਕਿ ਜਿਸ ਜਗਿਆਸੂ ਦੀ ਸੁਰਤ ਮਨ ਕਰਕੇ ਸ਼ਬਦ ਰੂਪ ਗਿਆਨ ਨਾਲ ਸਹਿਮਤ ਹੋ ਗਈ ਹੈ, ਭਾਵ ਜਿਸ ਨੇ ਧੁਰ ਅੰਦਰੋਂ ਪ੍ਰਭੂ ਦੀ ਸਿੱਖਿਆ ’ਤੇ ਯਕੀਨ ਕਰ ਲਿਆ ਹੈ, ਉਹ ਪ੍ਰਭੂ ਨੂੰ ਆਪਣੇ ਹਿਰਦੇ ਵਿਚੋਂ ਹੀ ਅਨੁਭਵ ਕਰ ਲੈਂਦਾ ਹੈ।