Guru Granth Sahib Logo
  
‘ਬਾਰਹ ਮਾਹਾ ਤੁਖਾਰੀ’ ਵਿਚ, ਇਕ ਜਗਿਆਸੂ ਦੀ ਆਪਣੇ ਮੂਲ ਨੂੰ ਮਿਲਣ ਦੀ ਤਾਂਘ ਅਤੇ ਉਸ ਨਾਲ ਮਿਲਾਪ ਦੇ ਅਨੰਦ ਦਾ ਵਰਣਨ ਹੈ। ਇਹ ਬਾਣੀ ਦੇਸੀ ਸਾਲ ਦੇ ਬਾਰਾਂ ਮਹੀਨਿਆਂ ਨੂੰ ਅਧਾਰ ਬਣਾ ਕੇ, ਉਨ੍ਹਾਂ ਵਿਚ ਵਾਪਰ ਤੇ ਬਦਲ ਰਹੀਆਂ ਕੁਦਰਤੀ ਪ੍ਰਸਥਿਤੀਆਂ ਨੂੰ ਪਿਛੋਕੜ ਵਿਚ ਰਖ ਕੇ ਉਚਾਰੀ ਗਈ ਹੈ। ਇਸ ਬਾਣੀ ਦੇ ਕੁਲ ੧੭ ਪਦਿਆਂ ਵਿਚੋਂ, ਪਹਿਲੇ ਚਾਰ ਪਦਿਆਂ ਵਿਚ ਬਾਣੀ ਦੇ ਵਿਸ਼ੇ ਸੰਬੰਧੀ ਚਾਨਣਾ ਪਾਇਆ ਗਿਆ ਹੈ। ਪਦਾ ਨੰਬਰ ੫ ਤੋਂ ੧੬ ਤਕ ਕ੍ਰਮਵਾਰ ਸਾਲ ਦੇ ੧੨ ਮਹੀਨਿਆਂ ਰਾਹੀਂ ਪਾਵਨ ਗੁਰ-ਉਪਦੇਸ਼ ਨਿਰੂਪਣ ਕੀਤਾ ਗਿਆ ਹੈ। ਆਖਰੀ ਪਦੇ ਵਿਚ, ਵਿਸ਼ੇ ਦਾ ਸਮੁੱਚਾ ਭਾਵ ਦੇ ਕੇ ਸਮਾਪਤੀ ਕੀਤੀ ਗਈ ਹੈ।
ਫਲਗੁਨਿ  ਮਨਿ ਰਹਸੀ   ਪ੍ਰੇਮੁ ਸੁਭਾਇਆ
ਅਨਦਿਨੁ ਰਹਸੁ ਭਇਆ   ਆਪੁ ਗਵਾਇਆ
ਮਨ ਮੋਹੁ ਚੁਕਾਇਆ  ਜਾ ਤਿਸੁ ਭਾਇਆ   ਕਰਿ ਕਿਰਪਾ ਘਰਿ ਆਓ
ਬਹੁਤੇ ਵੇਸ ਕਰੀ ਪਿਰ ਬਾਝਹੁ   ਮਹਲੀ ਲਹਾ ਥਾਓ
ਹਾਰ ਡੋਰ ਰਸ ਪਾਟ ਪਟੰਬਰ   ਪਿਰਿ ਲੋੜੀ ਸੀਗਾਰੀ
ਨਾਨਕ  ਮੇਲਿ ਲਈ ਗੁਰਿ ਅਪਣੈ   ਘਰਿ ਵਰੁ ਪਾਇਆ ਨਾਰੀ ॥੧੬॥
-ਗੁਰੂ ਗ੍ਰੰਥ ਸਾਹਿਬ ੧੧੦੯
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਫੱਗਣ ਪੰਜਾਬੀ ਸਾਲ ਦਾ ਆਖਰੀ ਮਹੀਨਾ ਹੈ। ਇਸ ਮਹੀਨੇ ਸਰਦੀ ਘੱਟ ਜਾਂਦੀ ਹੈ ਤੇ ਮੌਸਮ ਸੁਹਾਵਣਾ ਹੋ ਜਾਂਦਾ ਹੈ। ਇਸ ਕਰਕੇ ਇਸ ਪਦੇ ਵਿਚ ਕਿਹਾ ਗਿਆ ਹੈ ਕਿ ਸਾਰੇ ਪਾਸੇ ਖੇੜੇ ਵਾਲਾ ਵਾਤਾਵਰਣ ਦੇਖ ਕੇ ਜਗਿਆਸੂ ਮਨ ਵਿਚ ਪਿਆਰੇ ਪ੍ਰਭੂ ਪ੍ਰਤੀ ਪਿਆਰ ਅਤੇ ਖੇੜੇ ਦੇ ਭਾਵ ਜਾਗ ਪੈਣ ਕਰਕੇ ਉਸ ਦੇ ਮਨ ਵਿਚ ਵੀ ਖੇੜਾ ਪ੍ਰਵੇਸ਼ ਕਰ ਜਾਂਦਾ ਹੈ।

ਫਿਰ ਉਸ ਜਗਿਆਸੂ ਦਾ ਮਨ ਹਰ ਰੋਜ਼ ਖੁਸ਼ ਅਤੇ ਖਿੜਿਆ ਰਹਿੰਦਾ ਹੈ। ਇਸ ਖੁਸ਼ੀ ਵਿਚ ਉਸ ਨੂੰ ਆਪਣਾ-ਆਪ ਵੀ ਭੁੱਲ ਜਾਂਦਾ ਹੈ, ਭਾਵ ਉਸ ਨੂੰ ਪ੍ਰਭੂ ਪਿਆਰੇ ਬਾਝੋਂ ਹੋਰ ਕੁਝ ਯਾਦ ਨਹੀਂ ਰਹਿੰਦਾ। ਉਹ ਖੇੜੇ ਦਾ ਹੀ ਮੁਜੱਸਮਾ ਹੋ ਜਾਂਦਾ ਹੈ।

ਜਦ ਜਗਿਆਸੂ ਅਰਦਾਸ ਕਰਦਾ ਹੈ ਕਿ ਪ੍ਰਭੂ ਮਿਹਰ ਕਰੇ ਤੇ ਉਸ ਦੇ ਹਿਰਦੇ ਵਿਚ ਆ ਵਸੇ ਤਾਂ ਉਹ ਪ੍ਰਭੂ ਨੂੰ ਭਾਅ ਜਾਂਦਾ ਹੈ, ਭਾਵ ਉਸਦੀ ਨਜ਼ਰ ਵਿਚ ਪਰਵਾਨ ਹੋ ਜਾਂਦਾ ਹੈ। ਇਹੀ ਮਨੁਖ ਦੀ ਅਸਲ ਪ੍ਰਾਪਤੀ ਹੁੰਦੀ ਹੈ, ਜਿਸ ਕਰਕੇ ਉਸ ਦੀਆਂ ਮੋਹ ਦੀਆਂ ਤੰਦਾਂ ਟੁੱਟ ਜਾਂਦੀਆਂ ਹਨ ਤੇ ਸਭ ਪ੍ਰਕਾਰ ਦੀਆਂ ਲਾਲਸਾਵਾਂ ਖਤਮ ਹੋ ਜਾਂਦੀਆਂ ਹਨ।

ਪ੍ਰਭੂ-ਮਿਲਾਪ ਲਈ ਜੇ ਕਿਸੇ ਜਗਿਆਸੂ ਦੇ ਮਨ ਦੇ ਧੁਰ ਅੰਦਰ ਹੀ ਚਾਹਤ, ਲਗਨ ਜਾਂ ਤੜਪ ਨਾ ਹੋਵੇ ਤਾਂ ਕਿੰਨੇ ਵੀ ਸੁੰਦਰ ਤੋਂ ਸੁੰਦਰ ਵਸਤਰ ਪਹਿਨ ਲਏ ਜਾਣ, ਭਾਵ ਦੇਹ ਨੂੰ ਜਿੰਨਾ ਮਰਜ਼ੀ ਸ਼ਿੰਗਾਰ ਲਿਆ ਜਾਵੇ, ਪ੍ਰਭੂ ਦੇ ਮਹਿਲ, ਘਰ ਜਾਂ ਦਿਲ ਵਿਚ ਭੋਰਾ ਵੀ ਥਾਂ ਨਹੀਂ ਬਣਾਈ ਜਾ ਸਕਦੀ। ਪ੍ਰਭੂ ਪ੍ਰਾਪਤੀ ਲਈ ਪ੍ਰੇਮ ਹੀ ਇਕੋ-ਇਕ ਸਾਧਨ ਹੈ, ਕੋਈ ਲਿਬਾਸ ਜਾਂ ਪਹਿਰਾਵਾ ਨਹੀਂ।

ਫਿਰ ਉਕਤ ਸੱਚ ਦਾ ਦੂਜਾ ਪਾਸਾ ਦਰਸਾਇਆ ਗਿਆ ਹੈ ਕਿ ਸੱਚੀ ਚਾਹਤ, ਲਗਨ ਅਤੇ ਤੜਪ ਸਦਕਾ ਜਿਸ ਜਗਿਆਸੂ ਨੂੰ ਪਿਆਰਾ ਪ੍ਰਭੂ ਪਰਵਾਨ ਕਰ ਲਵੇ ਤਾਂ ਉਸ ਦੇ ਮਾਣ-ਤਾਣ ਤੇ ਸ੍ਵੈਮਾਣ ਵਿਚ ਏਨਾ ਵਾਧਾ ਹੋ ਜਾਂਦਾ ਹੈ, ਜਿਵੇਂ ਉਸ ਨੇ ਸ਼ਿੰਗਾਰ ਵਜੋਂ ਰੇਸ਼ਮੀ ਵਸਤਰ ਪਹਿਨ ਲਏ ਹੋਣ, ਗਲ ਵਿਚ ਹਾਰ ਪਾ ਲਿਆ ਹੋਵੇ, ਉੱਤੇ ਡੋਰੀਆ ਲੈ ਲਿਆ ਹੋਵੇ ਤੇ ਪ੍ਰੇਮ ਦਾ ਰਸ, ਭਾਵ ਪਰਮ-ਅਨੰਦ ਪ੍ਰਾਪਤ ਕਰ ਲਿਆ ਹੋਵੇ।

ਇਸ ਪਦੇ ਦੇ ਅਖੀਰ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਜਗਿਆਸੂ ਨੂੰ ਗੁਰੂ ਨੇ ਆਪਣੇ ਲੜ ਲਾ ਲਿਆ, ਭਾਵ ਉਸ ਨੂੰ ਗਿਆਨ ਰੂਪ ਸੋਝੀ ਬਖਸ਼ ਦਿੱਤੀ, ਉਹ ਜਗਿਆਸੂ ਆਪਣੇ ਹਿਰਦੇ ਅੰਦਰ ਹੀ ਪਿਆਰੇ ਪ੍ਰਭੂ ਨੂੰ ਪਾ ਲੈਂਦਾ ਹੈ ਭਾਵ ਉਸ ਨੂੰ ਮਿਲ ਲੈਂਦਾ ਹੈ।
Tags