ਇਸ
ਸ਼ਬਦ ਵਿਚ ਸ਼ੇਖ ਫਰੀਦ ਜੀ ਨੇ ਪ੍ਰਭੂ ਦੇ ਪ੍ਰੇਮ ਵਿਚ ਨਿਮਗਨ ਸੱਚੇ ਜਗਿਆਸੂਆਂ ਨੂੰ ਸਲਾਹਿਆ ਹੈ ਅਤੇ ਜਿਹੜੇ ਉਸ ਪ੍ਰਭੂ ਨੂੰ ਭੁੱਲ ਗਏ ਹਨ, ਉਨ੍ਹਾਂ ਨੂੰ ਧਰਤੀ ਉੱਤੇ ਬੋਝ ਕਿਹਾ ਹੈ। ਇਸੇ ਲਈ ਸ਼ਬਦ ਦੇ ਅੰਤ ਵਿਚ ਆਪ ਜੀ ਪ੍ਰਭੂ ਅੱਗੇ ਅਰਜੋਈ ਕਰਦੇ ਹੋਏ ਉਸ ਪਾਸੋਂ ਬੰਦਗੀ ਦੀ ਦਾਤ ਮੰਗਦੇ ਹਨ।
ਆਸਾ ਸੇਖ ਫਰੀਦ ਜੀਉ ਕੀ ਬਾਣੀ
ੴ ਸਤਿਗੁਰ ਪ੍ਰਸਾਦਿ ॥
ਦਿਲਹੁ ਮੁਹਬਤਿ ਜਿੰਨੑ ਸੇਈ ਸਚਿਆ ॥
ਜਿੰਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥
ਵਿਸਰਿਆ ਜਿੰਨੑ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥
ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥
ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥
ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥
-ਗੁਰੂ ਗ੍ਰੰਥ ਸਾਹਿਬ ੪੮੮
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਬਾਬਾ ਫਰੀਦ ਸੱਚੀ ਤੇ ਕੱਚੀ ਮੁਹੱਬਤ ਬਾਰੇ ਵਿਚਾਰ ਦ੍ਰਿੜ ਕਰਾਉਂਦੇ ਹਨ ਕਿ ਜਿਨ੍ਹਾਂ ਮਨੁਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਧਾਰਨ ਕੀਤਾ ਹੋਇਆ ਹੈ, ਉਹੀ ਸੱਚੇ ਆਸ਼ਕ ਹਨ ਪਰ ਜਿਨ੍ਹਾਂ ਦੇ ਮਨ ਵਿਚ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ, ਜਿਨ੍ਹਾਂ ਦੇ ਅੰਦਰ ਖੋਟ ਤੇ ਬਾਹਰੋਂ ਧਰਮੀ ਹੋਣ ਦਾ ਦਿਖਾਵਾ ਕਰਦੇ ਹਨ, ਉਹ ਕੱਚੇ ਕਹੇ ਜਾਂਦੇ ਹਨ।
ਭਗਤ ਫਰੀਦ ਜੀ ਦੱਸਦੇ ਹਨ ਜਿਹੜੇ ਲੋਕ ਵੀ ਪ੍ਰਭੂ ਦੇ ਪ੍ਰੇਮ ਵਿਚ ਤਹਿ ਦਿਲੋਂ ਰੰਗੇ ਹੁੰਦੇ ਹਨ, ਉਹ ਹਮੇਸ਼ਾ ਪ੍ਰਭੂ-ਮਿਲਾਪ ਦਾ ਅਨੰਦ ਮਾਣਦੇ ਹਨ। ਭਾਵ, ਉਹ ਹਮੇਸ਼ਾ ਹੀ ਪ੍ਰਭੂ ਪ੍ਰੇਮ ਵਿਚ ਤਨੋ-ਮਨੋ ਲੀਨ ਰਹਿੰਦੇ ਹਨ। ਇਸ ਦੇ ਉਲਟ ਜਿਨ੍ਹਾਂ ਨੂੰ ਪ੍ਰਭੂ ਦੀ ਯਾਦ ਵਿਸਰ ਜਾਂਦੀ ਹੈ, ਜੋ ਕਦੇ ਵੀ ਉਸ ਦਾ ਨਾਂ ਤਕ ਨਹੀਂ ਲੈਂਦੇ, ਉਹ ਲੋਕ ਤਾਂ ਧਰਤੀ ’ਤੇ ਬੋਝ ਬਣੇ ਹੋਏ ਹਨ। ਭਾਵ, ਪ੍ਰਭੂ ਨੂੰ ਭੁੱਲੇ ਹੋਏ ਲੋਕ ਕੋਈ ਵੀ ਮਕਸਦ ਪੂਰਾ ਨਹੀਂ ਕਰ ਰਹੇ। ਉਨ੍ਹਾਂ ਦੇ ਹੋਣ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਪ੍ਰਭੂ ਦੇ ਦਰ-ਘਰ ਦੀ ਸੋਝੀ ਪ੍ਰਭੂ ਦੀ ਮਿਹਰ ਸਦਕਾ ਹੀ ਮਿਲਦੀ ਹੈ। ਇਸ ਲਈ ਜਿਨ੍ਹਾਂ ਨੂੰ ਪ੍ਰਭੂ ਆਪ ਮਿਹਰ ਕਰਕੇ ਆਪਣੇ ਨਾਲ ਜੋੜ ਲੈਂਦਾ ਹੈ, ਅਸਲ ਵਿਚ ਉਹੀ ਉਸ ਦੇ ਦਰ ਘਰ ਦੇ ਜਾਚਕ ਜਾਂ ਪ੍ਰੇਮੀ ਸਮਝੇ ਜਾਣਗੇ।
ਫਿਰ ਅਜਿਹੇ ਦਰਵੇਸ਼ ਪੁਰਸ਼ਾਂ ਦੀ ਹੋਰ ਸਿਫਤ ਦੱਸੀ ਗਈ ਹੈ ਕਿ ਅਸਲ ਵਿਚ ਉਨ੍ਹਾਂ ਨੂੰ ਜਨਮ ਦੇਣ ਵਾਲੀ ਉਨ੍ਹਾਂ ਦੀ ਮਾਂ ਬੜੀ ਧੰਨਤਾਜੋਗ ਹੈ। ਉਨ੍ਹਾਂ ਦਾ ਹੀ ਇਸ ਸੰਸਾਰ ਵਿਚ ਆਉਣਾ ਸਫਲ ਸਮਝਿਆ ਜਾਂਦਾ ਹੈ। ਸਪਸ਼ਟ ਹੈ ਕਿ ਚੰਗੇ ਇਨਸਾਨ ਦੀ ਚੰਗਿਆਈ ਵਿਚ ਉਸ ਦੇ ਮਾਪਿਆਂ ਦਾ ਯੋਗਦਾਨ ਵੀ ਹੁੰਦਾ ਹੈ, ਜਿਸ ਕਰਕੇ ਉਹ ਵੀ ਧੰਨਤਾ ਦੇ ਯੋਗ ਹੁੰਦੇ ਹਨ। ਜਿਹੜੇ ਮਨੁਖ ਚੰਗਿਆਈ ਧਾਰਣ ਕਰਦੇ ਹਨ, ਉਨ੍ਹਾਂ ਦਾ ਜੀਵਨ ਹੀ ਸਫਲ ਸਮਝਿਆ ਜਾਂਦਾ ਹੈ।
ਭਗਤ ਫਰੀਦ ਜੀ ਸ੍ਰਿਸ਼ਟੀ ਦੇ ਮਹਾਂ-ਪਾਲਕ ਪ੍ਰਭੂ ਨੂੰ ਮੁਖਾਤਬ ਹੋ ਕੇ ਦੱਸਦੇ ਹਨ ਕਿ ਉਸ ਪ੍ਰਭੂ ਦੀ ਸਮਰੱਥਾ ਦਾ ਕੋਈ ਹਿਸਾਬ ਨਹੀਂ ਹੈ। ਇਥੋਂ ਤਕ ਕਿ ਉਸ ਜਿਹੀ ਸਮਰੱਥਾ ਤਕ ਕੋਈ ਹੋਰ ਨਹੀਂ ਪੁੱਜ ਸਕਦਾ। ਕਿਉਂਕਿ ਉਹ ਬੜਾ ਬੇਅੰਤ ਹੈ। ਉਸ ਦੀ ਵਡਿਆਈ ਦੀ ਕੋਈ ਸੀਮਾਂ ਨਹੀਂ ਹੈ ਤੇ ਉਹ ਮਨੁਖ ਦੀ ਸਮਝ ਦੇ ਘੇਰਿਆਂ ਵਿਚ ਨਹੀਂ ਸਮਾ ਸਕਦੀ।
ਫਿਰ ਭਗਤ ਫਰੀਦ ਜੀ ਉਨ੍ਹਾਂ ਦੇ ਪੈਰ ਚੁੰਮਣ ਦੀ ਤਾਂਘ ਪਰਗਟ ਕਰਦੇ ਹਨ, ਜਿਨ੍ਹਾਂ ਨੇ ਸੱਚ ਦੀ ਪਛਾਣ ਕਰ ਲਈ ਹੈ, ਝੂਠ ਤੇ ਸੱਚ ਦਾ ਨਿਖੇੜਾ ਕਰ ਲਿਆ ਹੈ ਜਾਂ ਜਿਨ੍ਹਾਂ ਨੂੰ ਉਪਰੋਕਤ ਸੰਦਰਭ ਵਿਚ ਪ੍ਰਭੂ ਦੀ ਅਸੀਮ ਸਮਰੱਥਾ ਦਾ ਪਤਾ ਲੱਗ ਗਿਆ ਹੈ। ਅਸਲ ਵਿਚ ਇਥੇ ਸੱਚ ਦੀ ਪਛਾਣ ਕਰਨ ਵਾਲਿਆਂ ਦੀ ਮਹਾਨਤਾ ਦਰਸਾਈ ਗਈ ਹੈ।
ਪ੍ਰਭੂ ਦੀ ਏਨੀ ਮਹਿਮਾ, ਵਡਿਆਈ ਤੇ ਮਹਾਨਤਾ ਜਾਣ ਲੈਣ ਉਪਰੰਤ ਮਨ ਵਿਚ ਅਹਿਸਾਸ ਜਾਗਦਾ ਹੈ ਕਿ ਅਸੀਂ ਉਸ ਬਖਸ਼ਣਹਾਰ ਪ੍ਰਭੂ ਦੀ ਸ਼ਰਣ ਵਿਚ ਹਾਂ। ਭਾਵ, ਸਾਰੀ ਸ੍ਰਿਸ਼ਟੀ ਹੀ ਪ੍ਰਭੂ ਦੀ ਸ਼ਰਣ ਵਿਚ ਹੈ ਤੇ ਉਸ ਦੀ ਸ਼ਰਣ ਦੇ ਬਗੈਰ ਹੋਰ ਕੋਈ ਥਾਂ ਹੈ ਹੀ ਨਹੀਂ।
ਇਸ ਕਰਕੇ ਸ਼ਬਦ ਦੇ ਅਖੀਰ ਵਿਚ ਭਗਤ ਫਰੀਦ ਜੀ ਪ੍ਰਭੂ ਤੋਂ ਖੈਰ ਦੇ ਰੂਪ ਵਿਚ ਬਖਸ਼ਿਸ਼ ਦੀ ਮੰਗ ਕਰਦੇ ਹਨ। ਉਹ ਜਾਚਨਾ ਕਰਦੇ ਹਨ ਕਿ ਪ੍ਰਭੂ ਉਨ੍ਹਾਂ ਨੂੰ ਆਪਣੇ ਪਿਆਰ ਦੀ ਲਿਵਲੀਨਤਾ ਬਖਸ਼ਿਸ਼ ਕਰੇ। ਕਿਉਂਕਿ ਪ੍ਰਭੂ-ਮਿਲਾਪ ਦਾ ਇਹੀ ਇਕ ਤਰੀਕਾ ਹੈ ਕਿ ਪ੍ਰਭੂ ਦੇ ਸਿਮਰਨ ਵਿਚ ਜੀਵਨ ਬਸਰ ਕੀਤਾ ਜਾਵੇ।