ਇਹ
ਅਸਟਪਦੀ ਵੀ ਪਹਿਲੀਆਂ ਦੋਵੇਂ
ਅਸਟਪਦੀਆਂ ਵਾਂਗ ਜਗਿਆਸੂ ਦੇ ਬਿਰਹਾ ਭਾਵ ਨਾਲ ਸੰਬੰਧਤ ਹੈ। ਇਸ ਵਿਚ ਬਿਰਹਾ ਹੰਢਾ ਰਹੇ ਜਗਿਆਸੂ ਦੀ ਅਵਸਥਾ ਨੂੰ ਬਿਆਨ ਕੀਤਾ ਗਿਆ ਹੈ। ਅਜਿਹੇ ਜਗਿਆਸੂ ਨੂੰ ਪ੍ਰਭੂ ਤੋਂ ਇਲਾਵਾ ਕੋਈ ਹੋਰ ਅਜਿਹਾ ਨਹੀਂ ਦਿਸਦਾ, ਜਿਸ ਨੂੰ ਉਹ ਆਪਣਾ ਦਰਦ ਸੁਣਾ ਸਕੇ। ਇਸ ਲਈ ਉਹ ਸੰਸਾਰ ਰੂਪੀ ਖੂਹ ਵਿਚੋਂ ਬਾਹਰ ਕੱਢਣ ਲਈ ਹਰ ਥਾਂ ਵਿਆਪਕ ਇਕ ਪ੍ਰਭੂ ਅੱਗੇ ਹੀ ਅਰਜੋਈ ਕਰਦਾ ਹੈ।
ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ ॥੧॥
ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥੨॥
ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥੩॥
ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ ॥੪॥
ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ ॥੫॥
ਸਾਈ ਕਾਰ ਕਮਾਵਣੀ ਪਿਆਰੇ ਧੁਰਿ ਮਸਤਕਿ ਲੇਖੁ ਲਿਖਾਇ ॥੬॥
ਏਕੋ ਆਪਿ ਵਰਤਦਾ ਪਿਆਰੇ ਘਟਿ ਘਟਿ ਰਹਿਆ ਸਮਾਇ ॥੭॥
ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥੮॥੩॥੨੨॥੧੫॥੨॥੪੨॥
-ਗੁਰੂ ਗ੍ਰੰਥ ਸਾਹਿਬ ੪੩੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਅਸਟਪਦੀ ਵਿਚ ਗੁਰੂ ਅਰਜਨ ਸਾਹਿਬ ਜਗਿਆਸੂ ਦੇ ਰੂਪ ਵਿਚ ਪ੍ਰਭੂ ਨੂੰ ਸੰਬੋਧਨ ਹੁੰਦਿਆਂ ਆਖਦੇ ਹਨ ਕਿ ਹੇ ਪਿਆਰੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਕੇਵਲ ਪੈਦਾ ਹੀ ਨਹੀ ਕੀਤਾ, ਸਗੋਂ ਉਨ੍ਹਾਂ ਦੀਆਂ ਸਭ ਤਰ੍ਹਾਂ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੀ ਵਿਧੀ-ਵਿਉਂਤ ਵੀ ਬਣਾਈ ਹੈ, ਇਸ ਵਿਧੀ ਬਾਰੇ ਸਿਰਫ ਤੈਨੂੰ ਹੀ ਪਤਾ ਹੈ। ਇਸ ਲਈ ਤੇਰੇ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ, ਜਿਸ ਕੋਲ ਮੈਂ ਆਪਣੀ ਫਰਿਆਦ ਕਰ ਸਕਦਾਂ ਹੋਵਾਂ।
ਫਿਰ ਦੱਸਿਆ ਹੈ ਕਿ ਪ੍ਰਭੂ ਹੀ ਹਰੇਕ ਜੀਵ ਨੂੰ ਸਭ ਕੁਝ ਦੇਣ ਵਾਲਾ ਹੈ। ਇਸ ਕਰ ਕੇ ਹਰ ਕੋਈ ਪ੍ਰਭੂ ਦਾ ਦਿੱਤਾ ਹੋਇਆ ਹੀ ਖਾਂਦਾ ਅਤੇ ਪਹਿਨਦਾ ਹੈ। ਕਿਉਂਕਿ ਪ੍ਰਭੂ ਹੀ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਤੇ ਉਸ ਦੇ ਹੁਕਮ ਬਿਨਾਂ ਪੱਤਾ ਤਕ ਨਹੀਂ ਹਿਲ ਸਕਦਾ। ਇਸ ਲਈ ਸ੍ਰਿਸ਼ਟੀ ਵਿਚ ਜੋ ਕੁਝ ਵੀ ਵਾਪਰਦਾ ਹੈ, ਸਭ ਕੁਝ ਪ੍ਰਭੂ ਦੇ ਕੀਤਿਆਂ ਹੀ ਹੁੰਦਾ ਹੈ ਤੇ ਸਭ ਕਾਸੇ ਦਾ ਅਸਲ ਦਾਤਾ ਉਹੀ ਹੈ।
ਫਿਰ ਪ੍ਰਭੂ ਨੂੰ ਆਪਣਾ ਪਿਆਰਾ ਜਾਣ ਕੇ ਦੱਸਿਆ ਹੈ ਕਿ ਮਨੁਖ ਨੂੰ ਆਪਣੇ ਜੀਵਨ ਵਿਚ ਜਿਹੜੇ ਵੀ ਸੁਖ ਅਤੇ ਦੁਖ ਪ੍ਰਾਪਤ ਹੁੰਦੇ ਹਨ, ਉਹ ਸਭ ਪ੍ਰਭੂ ਦੀ ਮਰਜੀ ਮੁਤਾਬਕ ਹੀ ਹੁੰਦੇ ਹਨ। ਉਸ ਦੀ ਮਿਹਰ ਬਿਨਾਂ ਕੋਈ ਸੁਖ ਨਹੀਂ ਮਿਲਦਾ ਤੇ ਹਰ ਦੁਖ ਦੇ ਪਿੱਛੇ ਵੀ ਉਸ ਦਾ ਹੁਕਮ ਹੀ ਹੁੰਦਾ ਹੈ। ਮਨੁਖ ਪ੍ਰਭੂ ਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ। ਕਿਉਂਕਿ ਅਜਿਹੀ ਕੋਈ ਵੀ ਥਾਂ ਨਹੀਂ ਹੈ, ਜਿਥੇ ਪ੍ਰਭੂ ਦਾ ਹੁਕਮ ਨਹੀਂ ਚੱਲਦਾ। ਇਸ ਲਈ ਜੀਵ ਨੂੰ ਜੀਵਨ ਦੀ ਹਰ ਪ੍ਰਸਥਿਤੀ ਵਿਚ ਕੇਵਲ ਤੇ ਕੇਵਲ ਪ੍ਰਭੂ ਦਾ ਹੀ ਆਸਰਾ ਲੈਣਾ ਚਾਹੀਦਾ ਹੈ ਕਿਉਕਿ ਉਸ ਵਰਗਾ ਕੋਈ ਦੂਜਾ ਆਸਰਾ ਨਹੀਂ ਹੈ।
ਫਿਰ ਪਾਤਸ਼ਾਹ ਪ੍ਰਭੂ ਨੂੰ ਮੁਖਤਬ ਹੋ ਕੇ ਉਸੇ ਸੰਬੋਧਨੀ ਸ਼ੈਲੀ ਵਿਚ ਆਖਦੇ ਹਨ ਕਿ ਜੋ ਕੁਝ ਵੀ ਹੋ ਰਿਹਾ ਹੈ, ਉਹ ਸਭ ਆਪਣੇ ਆਪ ਨਹੀਂ ਹੋ ਰਿਹਾ। ਬਲਕਿ ਉਹ ਸਭ ਕੁਝ ਪ੍ਰਭੂ ਦੇ ਕੀਤਿਆਂ ਹੀ ਹੋ ਰਿਹਾ ਹੈ। ਸਭ ਕਾਸੇ ਦਾ ਕਰਤਾ ਪ੍ਰਭੂ ਆਪ ਹੈ। ਪ੍ਰਭੂ ਦੇ ਬਿਨਾਂ ਹੋਰ ਕੋਈ ਕੁਝ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਕਿਸੇ ਤੋਂ ਕੁਝ ਵੀ ਨਹੀਂ ਹੋ ਸਕਦਾ।
ਮਨੁਖ ਅਕਸਰ ਸਮੇਂ ਨੂੰ ਚੰਗਾ ਮਾੜਾ ਅਨੁਮਾਨ ਲੈਂਦਾ ਹੈ ਤੇ ਬੇਵਜ੍ਹਾ ਆਪਣੇ ਦੁਖ ਵਿਚ ਵਾਧਾ ਕਰ ਲੈਂਦਾ ਹੈ। ਕੋਈ ਕਿਸੇ ਦਿਨ ਨੂੰ ਚੰਗਾ ਤੇ ਕਿਸੇ ਨੂੰ ਮਾੜਾ ਸਮਝ ਕੇ ਆਪਣੇ ਜੀਵਨ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਖੜ੍ਹੀਆਂ ਕਰ ਲੈਂਦਾ ਹੈ। ਪਰ ਇਥੇ ਗੁਰੂ ਸਾਹਿਬ ਦੱਸਦੇ ਹਨ ਕਿ ਜੇ ਮਨੁਖ ਪ੍ਰਭੂ ਨੂੰ ਯਾਦ ਕਰਦਾ ਰਹੇ ਤੇ ਉਸ ਦੀ ਰਜ਼ਾ ਵਿਚ ਰਾਜ਼ੀ ਰਹੇ ਤਾਂ ਪ੍ਰਭੂ ਦੀ ਬੰਦਗੀ ਵਿਚ ਬਤੀਤ ਹੋ ਰਿਹਾ ਹਰ ਸਮਾਂ ਉਸ ਲਈ ਚੰਗਾ ਬਣ ਜਾਂਦਾ ਹੈ ਤੇ ਉਸ ਦੇ ਮਨ ਵਿਚ ਰਾਤ-ਦਿਨ ਦੇ ਮਾੜੇ-ਚੰਗੇ ਹੋਣ ਦਾ ਵਹਿਮ ਵੀ ਦੂਰ ਜਾਂਦਾ ਹੈ।
ਅੱਗੇ ਗੁਰੂ ਸਾਹਿਬ ਫਿਰ ਇਹ ਸਮਝਾ ਰਹੇ ਹਨ ਕਿ ਮਨੁਖ ਉਹੀ ਕੁਝ ਕਰ ਸਕਦਾ ਹੈ, ਜੋ ਪ੍ਰਭੂ ਨੇ ਮੁਢ ਤੋਂ ਹੀ ਉਸ ਦੇ ਭਾਗਾਂ ਵਿਚ ਲਿਖਿਆ ਹੋਇਆ ਹੈ। ਭਾਵ ਕਿ ਸਭ ਕੁਝ ਪ੍ਰਭੂ ਦੇ ਹੁਕਮ ਵਿਚ ਹੈ, ਉਸ ਤੋਂ ਬਾਹਰ ਨਹੀਂ।
ਫਿਰ ਪ੍ਰਭੂ ਪਿਆਰੇ ਬਾਰੇ ਹੋਰ ਦੱਸਿਆ ਗਿਆ ਹੈ ਕਿ ਉਹ ਇਕ ਹੀ ਹੈ ਜੋ ਹਰ ਪਾਸੇ ਪਸਰਿਆ ਹੋਇਆ ਹੈ। ਬੇਸ਼ਕ ਕੁਦਰਤ ਅਨੇਕ ਰੰਗਾਂ-ਰੂਪਾਂ ਵਿਚ ਨਜਰ ਆਉਂਦੀ ਹੈ। ਪਰ ਇਸ ਦੇ ਅੰਦਰ ਰਮਿਆਂ ਹੋਇਆ ਪ੍ਰਭੂ ਇਕ ਹੈ। ਸ੍ਰਿਸ਼ਟੀ ਦਾ ਕੋਈ ਵੀ ਹਿੱਸਾ ਤੇ ਕੋਈ ਵੀ ਜੀਵ ਅਜਿਹਾ ਨਹੀਂ ਹੈ, ਜਿਸ ਵਿਚ ਪ੍ਰਭੂ ਦਾ ਵਾਸਾ ਨਾ ਹੋਵੇ। ਸ੍ਰਿਸ਼ਟੀ ਦੇ ਸਾਰੇ ਨਜਾਰੇ ਤੇ ਵਰਤਾਰੇ ਇਕ ਪ੍ਰਭੂ ਦੇ ਹੀ ਹਨ।
ਅਖੀਰ ਵਿਚ ਗੁਰੂ ਅਰਜਨ ਸਾਹਿਬ ਜਗਿਆਸੂ ਰੂਪ ਵਿਚ ਪ੍ਰਭੂ ਅੱਗੇ ਪੂਰਨ ਸਮਰਪਣ ਕਰਦਿਆਂ ਹੋਇਆ ਬੇਨਤੀ ਕਰਦੇ ਹਨ ਕਿ ਹੇ ਪਿਆਰੇ ਪ੍ਰਭੂ! ਮੈਂ ਤੇਰੀ ਸ਼ਰਣ ਵਿਚ ਆ ਗਿਆ ਹਾਂ, ਮੇਰੇ ਉਪਰ ਆਪਣੀ ਬਖਸ਼ਿਸ਼ ਕਰਦਿਆਂ ਮੈਨੂੰ ਅਜਿਹੀ ਸੂਝ-ਬੂਝ ਬਖਸ਼, ਜਿਸ ਨਾਲ ਸੁਰਤ ਸੰਸਾਰੀ ਪਦਾਰਥਾਂ ਦੇ ਮੋਹ ਤੋਂ ਬਾਹਰ ਆ ਸਕੇ।