ਇਸ
ਅਸਟਪਦੀ ਵਿਚ ਪ੍ਰਭੂ ਨਾਲੋਂ ਜੀਵ ਦੇ ਪਏ ਹੋਏ ਵਿਛੋੜੇ ਨੂੰ ਬਿਆਨ ਕੀਤਾ ਗਿਆ ਹੈ। ਇਸ ਵਿਚ ਪ੍ਰਭੂ ਦੇ ਨਾਮ-ਸਿਮਰਨ ਕਰਨ ਦਾ ਉਪਦੇਸ਼ ਵੀ ਹੈ ਅਤੇ ਪ੍ਰਭੂ ਨਾਲ ਮਿਲਾਪ ਲਈ
ਸੰਤ-ਸਤਿਗੁਰੂ ਕੋਲ ਆਪਣਾ ਤਨ ਤਕ ਵੇਚ ਦੇਣ ਦੀ ਤੀਬਰ ਭਾਵਨਾ ਵੀ ਹੈ। ਕਿਉਂਕਿ ਪ੍ਰਭੂ ਦੇ ਨਾਮ-ਸਿਮਰਨ ਨਾਲ ਸਾਰੇ ਦੁਖ, ਕਾਮਾਦਿਕ ਵਿਕਾਰ ਆਦਿ ਦੂਰ ਹੋ ਜਾਂਦੇ ਹਨ, ਜੀਵ ਤ੍ਰਿਪਤ ਹੋ ਜਾਂਦੇ ਹਨ। ਪਰ ਅਜਿਹੀ ਪ੍ਰਾਪਤੀ ਸੰਤ-ਸਤਿਗੁਰੂ ਦੇ ਉਪਦੇਸ਼ ਅਤੇ ਸਾਧ-ਸੰਗਤ ਨਾਲ ਜੁੜ ਕੇ ਹੀ ਹੁੰਦੀ ਹੈ। ਜਿਨ੍ਹਾਂ ਨੂੰ ਇਹ ਪ੍ਰਾਪਤੀ ਹੋ ਜਾਂਦੀ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਪੈ ਜਾਂਦੇ ਹਨ।
ਆਸਾ ਮਹਲਾ ੫ ਬਿਰਹੜੇ ਘਰੁ ੪ ਛੰਤਾ ਕੀ ਜਤਿ
ੴ ਸਤਿਗੁਰ ਪ੍ਰਸਾਦਿ ॥
ਪਾਰਬ੍ਰਹਮੁ ਪ੍ਰਭੁ ਸਿਮਰੀਐ ਪਿਆਰੇ ਦਰਸਨ ਕਉ ਬਲਿ ਜਾਉ ॥੧॥
ਜਿਸੁ ਸਿਮਰਤ ਦੁਖ ਬੀਸਰਹਿ ਪਿਆਰੇ ਸੋ ਕਿਉ ਤਜਣਾ ਜਾਇ ॥੨॥
ਇਹੁ ਤਨੁ ਵੇਚੀ ਸੰਤ ਪਹਿ ਪਿਆਰੇ ਪ੍ਰੀਤਮੁ ਦੇਇ ਮਿਲਾਇ ॥੩॥
ਸੁਖ ਸੀਗਾਰ ਬਿਖਿਆ ਕੇ ਫੀਕੇ ਤਜਿ ਛੋਡੇ ਮੇਰੀ ਮਾਇ ॥੪॥
ਕਾਮੁ ਕ੍ਰੋਧੁ ਲੋਭੁ ਤਜਿ ਗਏ ਪਿਆਰੇ ਸਤਿਗੁਰ ਚਰਨੀ ਪਾਇ ॥੫॥
ਜੋ ਜਨ ਰਾਤੇ ਰਾਮ ਸਿਉ ਪਿਆਰੇ ਅਨਤ ਨ ਕਾਹੂ ਜਾਇ ॥੬॥
ਹਰਿ ਰਸੁ ਜਿਨੑਹੀ ਚਾਖਿਆ ਪਿਆਰੇ ਤ੍ਰਿਪਤਿ ਰਹੇ ਆਘਾਇ ॥੭॥
ਅੰਚਲੁ ਗਹਿਆ ਸਾਧ ਕਾ ਨਾਨਕ ਭੈ ਸਾਗਰੁ ਪਾਰਿ ਪਰਾਇ ॥੮॥੧॥੩॥
-ਗੁਰੂ ਗ੍ਰੰਥ ਸਾਹਿਬ ੪੩੧
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਆਪਣੇ ਪਿਆਰੇ ਤੋਂ ਵਿਛੜਿਆ ਪ੍ਰੇਮੀ, ਵਿਛੋੜੇ ਦੀ ਪੀੜ ਹੰਢਾਅ ਰਿਹਾ ਹੁੰਦਾ ਹੈ ਤੇ ਹਰ ਹੀਲੇ ਆਪਣੇ ਪਿਆਰੇ ਨੂੰ ਮਿਲਣਾ ਚਾਹੁੰਦਾ ਹੈ। ਇਸ ਅਸਟਪਦੀ ਵਿਚ ਵੀ ਪਿਆਰੇ ਪ੍ਰਭੂ ਦੇ ਵਿਛੋੜੇ ਦਾ ਗਾਇਨ ਹੈ। ਇਸ ਵਿਚ ਪ੍ਰਭੂ ਤੋਂ ਵਿਛੜੇ ਹੋਏ ਇਕ ਅਜਿਹੇ ਜਗਿਆਸੂ ਦਾ ਜਿਕਰ ਹੈ, ਜਿਸ ਅੰਦਰ ਪ੍ਰਭੂ-ਮਿਲਾਪ ਲਈ ਤਾਂਘ ਹੈ। ਅਜਿਹੀ ਤਾਂਘ ਰਖਣ ਵਾਲੇ ਤਮਾਮ ਜਗਿਆਸੂਆਂ ਲਈ, ਪ੍ਰਭੂ-ਮਿਲਾਪ ਦੀ ਸੋਝੀ ਵੀ ਇਸ ਅਸਟਪਦੀ ਵਿਚ ਬਖਸ਼ੀ ਗਈ ਹੈ।
ਅਸਟਪਦੀ ਦੀ ਪਹਿਲੀ ਤੁਕ ਵਿਚ ਗੁਰੂ ਅਰਜਨ ਸਹਿਬ ਜਗਿਆਸੂ ਲਈ ‘ਪਿਆਰੇ’ ਸ਼ਬਦ ਦੀ ਵਰਤੋਂ ਕਰਦਿਆਂ, ਉਸ ਨੂੰ ਸੰਬੋਧਨ ਹੁੰਦੇ ਹੋਏ ਆਖਦੇ ਹਨ ਕਿ ਹੇ ਪਿਆਰੇ! ਤੈਨੂੰ ਪ੍ਰਭੂ ਦਾ ਸਿਮਰਨ, ਭਾਵ ਪ੍ਰਭੂ ਦੇ ਨਾਮ ਜਾਂ ਗੁਣਾਂ ਨੂੰ ਮਨ ਦੀ ਇਕਾਗਰ ਬਿਰਤੀ ਨਾਲ ਯਾਦ ਕਰਨਾ ਚਾਹੀਦਾ ਹੈ। ਇਸ ਸਿਮਰਨ ਸਦਕਾ ਹੀ ਪ੍ਰਭੂ ਦਾ ਦਰਸ਼ਨ, ਭਾਵ ਪ੍ਰਭੂ ਦੀ ਨੇੜਤਾ ਦਾ ਅਹਿਸਾਸ ਹੁੰਦਾ ਹੈ ਤੇ ਪ੍ਰਭੂ ਦੀ ਨੇੜਤਾ ਦੇ ਇਸ ਅਹਿਸਾਸ ਤੋਂ ਸਦਕੇ ਜਾਣਾ ਚਾਹੀਦਾ ਹੈ।
ਪਾਤਸ਼ਾਹ ਅੱਗੇ ਦੱਸਦੇ ਹਨ ਕਿ ਜਿਸ ਪ੍ਰਭੂ ਦੇ ਸਿਮਰਨ ਵਿਚ ਸੁਰਤ ਜੋੜਨ ਸਦਕਾ ਸਭ ਤਰ੍ਹਾਂ ਦੇ ਦੁਖ-ਦਰਦ ਦੂਰ ਹੋ ਜਾਂਦੇ ਹਨ, ਉਸ ਪ੍ਰਭੂ ਨੂੰ ਮਨ ਤੋਂ ਵਿਸਾਰਨਾ ਨਹੀਂ ਚਾਹੀਦਾ। ਅਜਿਹੇ ਪ੍ਰਭੂ ਨੂੰ ਸਦਾ ਯਾਦ ਰਖਣਾ ਚਾਹੀਦਾ ਹੈ। ਇਥੇ ਨਾਮ-ਸਿਮਰਨ ਦੀ ਮਹੱਤਤਾ ਨੂੰ ਵੀ ਪ੍ਰਗਟ ਕੀਤਾ ਗਿਆ ਹੈ, ਕਿਉਂਕਿ ਪ੍ਰਭੂ ਦੇ ਸਿਮਰਨ ਨਾਲ ਮਨ ਦੀ ਸਥਿਤੀ ਬਦਲਦੀ ਹੈ, ਭਾਵ ਸਭ ਤਰ੍ਹਾਂ ਦੇ ਦੁਖ-ਦਰਦ ਦਾ ਅਹਿਸਾਸ ਮੁੱਕ ਜਾਂਦਾ ਹੈ ਤੇ ਹਿਰਦੇ ਅੰਦਰ ਸਦੀਵੀ ਸੁਖ ਦਾ ਵਾਸ ਹੋ ਜਾਂਦਾ ਹੈ।
ਜਿਸ ਸਮੇਂ ਜਗਿਆਸੂ ਪ੍ਰਭੂ ਦੀ ਨੇੜਤਾ ਦੇ ਅਹਿਸਾਸ ਤੋਂ ਜਾਣੂ ਹੁੰਦਾ ਹੈ, ਉਸ ਸਮੇਂ ਉਹ ਆਪਣੇ ਵਿਛੋੜੇ ਦੀ ਤੜਫ ਵਿਚੋਂ ਨਿਕਲਕੇ, ਪ੍ਰਭੂ ਦਾ ਮਿਲਾਪ ਹਾਸਲ ਕਰਨ ਲਈ ਰਾਹ ਲੱਭਦਾ ਹੈ। ਅਜਿਹੇ ਜਗਿਆਸੂ ਲਈ ਗੁਰੂ ਸਾਹਿਬ ਰਾਹ ਦਸੇਰੇ ਬਣਦਿਆਂ, ਆਪਣੇ ’ਤੇ ਢੁਕਾ ਕੇ ਦੱਸਦੇ ਕਿ ਉਹ ਉਸ ਸੰਤ-ਸਤਿਗੁਰੂ ਅੱਗੇ ਆਪਣਾ ਤਨ ਅਤੇ ਮਨ, ਭਾਵ ਆਪਣਾ ਪੂਰਨ ਆਪਾ ਸਮਰਪਤ ਕਰਨ ਲਈ ਤਿਆਰ ਹਨ, ਜਿਹੜਾ ਉਨ੍ਹਾਂ ਨੂੰ ਪਿਆਰੇ ਪ੍ਰਭੂ ਨਾਲ ਮਿਲਾ ਦੇਵੇ। ਇਥੇ ਗੁਰੂ ਸਾਹਿਬ ਸੋਝੀ ਦੇ ਰਹੇ ਹਨ ਕਿ ਪ੍ਰਭੂ-ਮਿਲਾਪ ਲਈ ਪੂਰਨ ਰੂਪ ਵਿਚ ਆਪਣਾ ਆਪਾ ਗਿਆਨ-ਸਰੂਪ ਗੁਰੂ ਅੱਗੇ ਭੇਟ ਕਰਨਾ ਪਵੇਗਾ। ਜਦੋਂ ਕੋਈ ਆਪਣਾ ਜੀਵਨ ਗੁਰ-ਉਪਦੇਸ਼ ਅਨੁਸਾਰ ਬਤੀਤ ਕਰਦਾ ਹੈ, ਤਦੋਂ ਹੀ ਪ੍ਰਭੂ ਦੀ ਨੇੜਤਾ ਦਾ ਅਹਿਸਾਸ ਹੁੰਦਾ ਹੈ।
ਗੁਰੂ ਸਾਹਿਬ ਅੱਗੇ ਆਖਦੇ ਹਨ ਕਿ ਪ੍ਰਭੂ ਦੇ ਨਾਮ-ਸਿਮਰਨ ਤੋਂ ਪ੍ਰਾਪਤ ਹੋਣ ਵਾਲੇ ਰਸ ਸਾਹਮਣੇ ਤਮਾਮ ਦੁਨੀਆਵੀ ਸੁਖ ਫਿੱਕੇ ਹਨ। ਇਸ ਲਈ ਇਨ੍ਹਾਂ ਦਾ ਤਿਆਗ ਕਰ ਦਿੱਤਾ ਹੈ। ਦਰਅਸਲ ਗੁਰੂ ਅੱਗੇ ਆਪਾ ਸਮਰਪਿਤ ਕਰਨ ਨਾਲ ਜਗਿਆਸੂ ਦੀ ਮਨੋ-ਸਥਿਤੀ ਅਤੇ ਮਨੋ-ਦਸ਼ਾ ਵਿਚ ਬਦਲਾਵ ਆ ਜਾਂਦਾ ਹੈ। ਗੁਰ-ਉਪਦੇਸ਼ ਦੇ ਅਮਲ ਸਦਕਾ ਹੁਣ ਜਗਿਆਸੂ ਨੂੰ ਨਾਮ ਵਿਚੋਂ ਜੋ ਰਸ ਪ੍ਰਾਪਤ ਹੁੰਦਾ ਹੈ, ਉਸ ਦੇ ਸਨਮੁਖ ਦੁਨੀਆਵੀ ਸੁਖ-ਸਹੂਲਤਾਂ ਬਿਲਕੁਲ ਫਿੱਕੀਆਂ ਮਹਿਸੂਸ ਹੁੰਦੀਆਂ ਹਨ। ਉਸ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ ਸੁਖਾਂ ਦਾ ਖਜਾਨਾਂ ਤਾਂ ਕੇਵਲ ਪ੍ਰਭੂ ਦਾ ਨਾਮ ਹੈ, ਜਿਸ ਕਾਰਣ ਉਹ ਸੰਸਾਰਕ ਪਦਾਰਥਾਂ ਅਤੇ ਪਰਵਾਰ ਦੇ ਮੋਹ ਤੋਂ ਉਪਰ ਉੱਠ ਕੇ ਜੀਵਨ ਬਤੀਤ ਕਰਦਾ ਹੈ।
ਅੱਗੇ ਗੁਰੂ ਸਾਹਿਬ ਦੱਸਦੇ ਹਨ ਕਿ ਹੇ ਪਿਆਰੇ, ਸੱਚੇ ਗੁਰੂ ਦੇ ਚਰਨੀਂ ਪੈਣ, ਭਾਵ ਆਪਾ ਸਮਰਪਿਤ ਕਰ ਕੇ, ਗੁਰੂ ਦੇ ਦੱਸੇ ਮਾਰਗ ’ਤੇ ਚੱਲਣ ਨਾਲ ਕਾਮ, ਕ੍ਰੋਧ, ਲੋਭ ਆਦਿ ਵਿਕਾਰ ਦੂਰ ਹੋ ਜਾਂਦੇ ਹਨ। ਗੁਰੂ ਦੀ ਸੰਗਤ ਕਰਨ ਨਾਲ ਜਗਿਆਸੂ ਨੂੰ ਇਸ ਗੱਲ ਦਾ ਗਿਆਨ ਹੋ ਜਾਂਦਾ ਹੈ ਕਿ ਪ੍ਰਭੂ ਦੀ ਪ੍ਰਾਪਤੀ ਲਈ ਉਸ ਨੂੰ ਆਪਣਾ ਆਪਾ ਸੰਵਾਰਨਾ ਪਵੇਗਾ। ਇਸ ਲਈ ਜਿਉਂ-ਜਿਉਂ ਉਹ ਗੁਰੂ ਨੂੰ ਸਮਰਪਿਤ ਹੋ ਕੇ ਗੁਰੂ ਦੇ ਉਪਦੇਸ਼ ਨੂੰ ਆਪਣੇ ਅਮਲ ਵਿਚ ਲਿਆਉਂਦਾ ਹੈ, ਤਿਵੇਂ-ਤਿਵੇਂ ਉਸ ਦੇ ਅੰਦਰੋਂ ਕਾਮ, ਕ੍ਰੋਧ, ਲੋਭ ਆਦਿ ਵਿਕਾਰ ਦੂਰ ਹੋ ਜਾਂਦੇ ਹਨ। ਗੁਰੂ ਦੀ ਮਿਹਰ ਸਦਕਾ ਹੁਣ ਉਸ ਨੂੰ ਵਿਸ਼ੇ-ਵਿਕਾਰ ਪਰੇਸ਼ਾਨ ਨਹੀਂ ਕਰਦੇ ਤੇ ਉਸ ਦੀ ਸੁਰਤ ਹਰ ਸਮੇਂ ਪ੍ਰਭੂ ਦੀ ਯਾਦ ਵਿਚ ਜੁੜੀ ਰਹਿੰਦੀ ਹੈ।
ਪ੍ਰਭੂ-ਪ੍ਰੇਮ ਵਿਚ ਰੱਤੇ ਹੋਏ ਜਗਿਆਸੂ, ਪ੍ਰਭੂ ਦੀ ਨਾਮ-ਸਿਮਰਨ ਰੂਪੀ ਯਾਦ ਨਾਲ ਜੁੜੇ ਰਹਿੰਦੇ ਹਨ। ਸਤਿਸੰਗਤ ਵਿਚੋਂ ਪ੍ਰਾਪਤ ਹੋਈ ਨਾਮ ਦੀ ਦਾਤ ਜਗਿਆਸੂ ਦੀ ਹਰ ਤਰ੍ਹਾਂ ਦੀ ਭਟਕਣਾ ਖਤਮ ਕਰ ਦਿੰਦੀ ਹੈ। ਪ੍ਰਭੂ ਦੇ ਨਾਮ ਸਿਮਰਨ ਸਦਕਾ ਅੰਦਰੋਂ-ਬਾਹਰੋਂ ਪ੍ਰਭੂ-ਪ੍ਰੇਮ ਵਿਚ ਰੱਤੇ ਹੋਇਆਂ ਦਾ ਧਿਆਨ ਹੋਰ ਕਿਸੇ ਪਾਸੇ ਨਹੀ ਜਾਂਦਾ। ਉਹ ਆਤਮਕ ਤਲ ’ਤੇ ਪੂਰਨ ਸੰਤੁਸ਼ਟ ਹੁੰਦੇ ਹਨ ਅਤੇ ਰੱਬੀ ਇਸ਼ਕ ਵਿਚ ਮਸਤ ਹੋ ਕੇ ਜੀਵਨ ਬਤੀਤ ਕਰਦੇ ਹਨ।
ਪਾਤਸ਼ਾਹ ਦੱਸਦੇ ਹਨ ਕਿ ਜਿੰਨਾਂ ਨੇ ਪ੍ਰਭੂ ਦੇ ਨਾਮ ਦੇ ਰਸ ਨੂੰ ਮਾਣ ਲਿਆ, ਉਨ੍ਹਾਂ ਦੀ ਸਭ ਤਰ੍ਹਾਂ ਦੀ ਭਟਕਣਾ ਸ਼ਾਂਤ ਹੋ ਜਾਂਦੀ ਹੈ ਤੇ ਉਹ ਹਮੇਸ਼ਾ ਤ੍ਰਿਪਤ ਰਹਿੰਦੇ ਹਨ। ਨਾਮ-ਸਿਮਰਨ ਸਦਕਾ ਜਗਿਆਸੂ ਆਤਮਕ ਤਲ ’ਤੇ ਰੱਜ ਜਾਂਦਾ ਹੈ ਅਤੇ ਆਪਣੇ ਜੀਵਨ ਵੱਲੋਂ ਪੂਰਨ ਸੰਤੁਸ਼ਟ ਹੋ ਜਾਂਦਾ ਹੈ।
ਭੀੜ ਭਰੇ ਤੇ ਡਰਾਉਣੇ ਰਾਹ ਵਿਚ ਬੱਚੇ ਅਕਸਰ ਕਿਸੇ ਵਡੇ ਦਾ ਪੱਲਾ ਜਾਂ ਉਂਗਲ ਫੜਕੇ ਰਤਾ ਨਿਡਰ ਹੋ ਜਾਂਦੇ ਹਨ ਤੇ ਪਾਰ ਲੰਘ ਜਾਂਦੇ ਹਨ। ਐਨ੍ਹ ਇਸੇ ਤਰ੍ਹਾਂ ਹੀ ਇਥੇ ਦੱਸਿਆ ਹੈ ਕਿ ਸਿਧ ਪੁਰਸ਼ ਸਾਧੂ ਸਤਿਗੁਰੂ ਦੀ ਸਿਖਿਆ ਦਾ ਪੱਲਾ ਫੜਿਆਂ ਮੁਸ਼ਕਲ ਭਰਪੂਰ ਡਰਾਉਣੇ ਜੀਵਨ ਸਫਰ ਨੂੰ ਕੇਵਲ ਸਫਲਤਾ ਪੂਰਵਕ ਜਾਰੀ ਹੀ ਨਹੀਂ ਰਖਿਆ ਸਕਦਾ ਸਗੋਂ ਇਸ ਨੂੰ ਡਰ ਮੁਕਤ ਹੋ ਕੇ ਪਾਰ ਵੀ ਕੀਤਾ ਜਾ ਸਕਦਾ ਹੈ।