ਭਾਦਰੋਂ ਦੇ ਮਹੀਨੇ ਵਿਚ ਬੱਦਲ ਘਟਾਵਾਂ ਬੰਨ੍ਹ ਕੇ ਆਉਂਦੇ ਹਨ ਤੇ ਝਟਪਟ ਚਲੇ ਵੀ ਜਾਂਦੇ ਹਨ। ਇਹ ਮੌਸਮ ਭਰਮ ਵਿਚ ਰਖਣ ਵਾਲਾ ਹੁੰਦਾ ਹੈ। ਇਸੇ ਤਰ੍ਹਾਂ ਮਨੁਖ ਵੀ ਭਰਮ ਵਿਚ ਭੁੱਲਿਆ ਰਹਿੰਦਾ ਹੈ। ਸੰਸਾਰ ਦੇ ਨਾਸ਼ਵਾਨ ਪਦਾਰਥਾਂ ਨਾਲ ਪਾਇਆ ਹੋਇਆ ਪਿਆਰ, ਉਸ ਨੂੰ ਸਾਰੀ ਉਮਰ ਕੁਰਾਹੇ ਪਾਈ ਰਖਦਾ ਹੈ। ਪਰ ਗੁਰ-ਸ਼ਬਦ ਦੀ ਬਰਕਤ ਨਾਲ ਉਹ ਪ੍ਰਭੂ ਦੀ ਸ਼ਰਣ ਵਿਚ ਆ ਕੇ, ਸੰਸਾਰ-ਸਮੁੰਦਰ ਤੋਂ ਆਪਣਾ ਜੀਵਨ ਸਫਲ ਕਰ ਜਾਂਦਾ ਹੈ।
ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥
-ਗੁਰੂ ਗ੍ਰੰਥ ਸਾਹਿਬ ੧੩੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਭਾਦੋਂ ਮਹੀਨੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਿਨ੍ਹਾਂ ਦਾ ਆਪਣੇ ਪਿਆਰੇ ਪ੍ਰਭੂ ਵਿਚ ਪਰਿਪੱਕ ਵਿਸ਼ਵਾਸ਼ ਨਹੀਂ ਹੁੰਦਾ, ਉਹ ਭਰਮ-ਭੁਲੇਖਿਆਂ ਦੇ ਸ਼ਿਕਾਰ ਹੋ ਜਾਂਦੇ ਹਨ ਤੇ ਪ੍ਰਭੂ ਦੀ ਬਜਾਏ ਦੂਜਿਆਂ ਨਾਲ ਹੀ ਪਿਆਰ ਪਾ ਲੈਂਦੇ ਹਨ। ਉਨ੍ਹਾਂ ਨੂੰ ਆਪਣੇ ਤੇ ਪਿਆਰੇ ਪ੍ਰਭੂ ਵਿਚਲੀ ਏਕਤਾ ਤੇ ਅਭੇਦਤਾ ਦਾ ਪਤਾ ਨਹੀਂ ਲੱਗਦਾ।
ਉਨ੍ਹਾਂ ਦੀ ਹਾਲਤ ਉਸ ਇਸਤਰੀ ਵਾਂਗ ਹੋ ਜਾਂਦੀ ਹੈ, ਜਿਸ ਦਾ ਆਪਣੇ ਪਿਆਰੇ ਨਾਲ ਪਿਆਰ ਹੀ ਨਾ ਰਹੇ ਤਾਂ ਉਸ ਵੱਲੋਂ ਆਪਣੇ ਪਿਆਰੇ ਲਈ ਕੀਤੇ ਹੋਏ ਹਾਰ-ਸ਼ਿੰਗਾਰ ਕਿਸੇ ਕੰਮ ਦੇ ਨਹੀਂ ਰਹਿੰਦੇ। ਕਿਉਂਕਿ ਹਾਰ-ਸ਼ਿੰਗਾਰ ਵੀ ਤਾਂ ਹੀ ਚੰਗਾ ਲੱਗਦਾ ਹੈ, ਜੇ ਮਨ ਵਿਚ ਪਿਆਰ ਅਤੇ ਵਿਸ਼ਵਾਸ ਹੋਵੇ। ਇਸੇ ਤਰ੍ਹਾਂ ਪ੍ਰਭੂ ਦੀ ਨੇੜਤਾ ਪ੍ਰਾਪਤ ਕਰਨ ਲਈ ਪਿਆਰ ਅਤੇ ਵਿਸ਼ਵਾਸ ਦੀ ਲੋੜ ਹੁੰਦੀ ਹੈ, ਕਿਸੇ ਬਾਹਰੀ ਵਿਖਾਵੇ ਜਾਂ ਕਰਮ-ਕਾਂਡ ਦੀ ਨਹੀਂ।
ਜਿਸ ਦਿਨ ਮਨੁਖ ਦੇਹੀ ਤਿਆਗ ਦਿੰਦਾ ਹੈ, ਉਸ ਵੇਲੇ ਸਾਰੇ ਹੀ ਉਸ ਨੂੰ ਡਰ ਦੇ ਮਾਰੇ ਮਨੁਖ ਦੀ ਬਜਾਏ ਕੋਈ ਓਪਰੀ ਕਿਸਮ ਦਾ ਭੂਤ-ਪ੍ਰੇਤ ਕਹਿਣ ਅਤੇ ਸਮਝਣ ਲੱਗ ਪੈਂਦੇ ਹਨ। ਭਾਵ, ਪ੍ਰਭੂ ਨੂੰ ਵਿਸਾਰ ਕੇ, ਜਿਨ੍ਹਾਂ ਲੋਕਾਂ ਨਾਲ ਮਨੁਖ ਪਿਆਰ ਪਾ ਲੈਂਦਾ ਹੈ, ਉਹੀ ਲੋਕ ਉਸ ਦੀ ਮੁਰਦਾ ਦੇਹ ਤੋਂ ਡਰਨ ਲੱਗ ਪੈਂਦੇ ਹਨ।
ਉਸ ਮਨੁਖ ਨੂੰ ਮੌਤ ਦੇ ਦੂਤ ਫੜ ਕੇ ਅੱਗੇ ਤੋਰ ਲੈਂਦੇ ਹਨ ਤੇ ਕਿਸੇ ਨੂੰ ਕੁਝ ਦੱਸਦੇ ਵੀ ਨਹੀਂ ਕਿ ਉਹ ਉਸ ਨੂੰ ਕਿਥੇ ਲੈ ਕੇ ਜਾ ਰਹੇ ਹਨ। ਭਾਵ, ਅਜਿਹੇ ਮਨੁਖ ਦਾ ਅੰਤ ਬੜਾ ਹੀ ਡਰਾਉਣਾ ਹੁੰਦਾ ਹੈ। ਜਿਸ ਤਰ੍ਹਾਂ ਮਨੁਖ ਦੀ ਦੇਹੀ ਨੂੰ ਚੁੱਕ ਕੇ ਸ਼ਮਸ਼ਾਨ ਵਿਚ ਲਿਜਾਇਆ ਜਾਂਦਾ ਹੈ, ਉਸੇ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਮਨੁਖ ਦੀ ਆਤਮਾ ਨੂੰ ਵੀ ਮੌਤ ਦੇ ਦੂਤ ਲੈ ਜਾਂਦੇ ਹਨ।
ਮਨੁਖ ਦੀ ਮੌਤ ਦਾ ਉਹ ਅਜਿਹਾ ਸਮਾਂ ਹੁੰਦਾ ਹੈ ਕਿ ਜਿਨ੍ਹਾਂ ਨਾਲ ਮਨੁਖ ਨੇ ਉਮਰ ਭਰ ਪਿਆਰ ਪਾਲਿਆ ਹੁੰਦਾ ਹੈ, ਉਹੀ ਲੋਕ ਇੱਕ ਪਲ-ਛਿਣ ਵਿਚ ਹੀ ਉਸ ਦਾ ਸਾਥ ਛੱਡ ਕੇ ਦੂਰ ਜਾ ਖਲੋਂਦੇ ਹਨ। ਭਾਵ, ਪ੍ਰਭੂ ਦੇ ਬਗੈਰ ਸਾਰੇ ਰਿਸ਼ਤੇ ਅੰਤ ਝੂਠੇ ਹੀ ਸਾਬਤ ਹੁੰਦੇ ਹਨ।
ਫਿਰ ਅਜਿਹੇ ਮਨੁਖ ਦੇ ਮਰਨ ਸਮੇਂ ਦੀ ਹਾਲਤ ਦੱਸੀ ਗਈ ਹੈ ਕਿ ਉਸ ਵੇਲੇ ਦੇਹੀ ਦੇ ਜੋੜ ਢਿੱਲੇ ਪੈ ਜਾਣ ਕਾਰਣ ਉਸ ਦੇ ਅੰਗ ਮੁੜਨ ਲੱਗ ਪੈਂਦੇ ਹਨ। ਦੇਹ ਕੰਬਣ ਲੱਗਦੀ ਹੈ। ਉਸ ਦਾ ਰੰਗ ਵੀ ਸਾਂਵਲੇਪਣ ਤੋਂ ਸਫੈਦ ਹੋ ਜਾਂਦਾ ਹੈ। ਭਾਵ, ਮਰਨ ਸਮੇਂ ਦੇਹ ਨੂੰ ਬੜੇ ਹੀ ਕਸ਼ਟ ਸਹਾਰਨੇ ਪੈਂਦੇ ਹਨ ਤੇ ਉਸ ਦੀ ਦੇਹੀ ਬਿਲਕੁਲ ਹੀ ਬੇਪਛਾਣ ਹੋ ਜਾਂਦੀ ਹੈ। ਇਥੋਂ ਤਕ ਕਿ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ ਕਿ ਮਰਨ ਵਾਲਾ ਉਹੀ ਸ਼ਖਸ ਹੈ, ਜਿਹੜਾ ਜਿਉਂਦਾ ਸੀ।
ਇਹ ਸਭ ਕੁਝ ਕੀਤੇ ਹੋਏ ਕਰਮਾਂ ਕਰਕੇ ਹੀ ਹੁੰਦਾ ਹੈ। ਕਿਉਂਕਿ ਕਰਮਾਂ ਦਾ ਹਿਸਾਬ ਵੀ ਖੇਤੀ ਵਾਂਗ ਹੀ ਹੈ। ਜਿਵੇਂ ਖੇਤ ਵਿਚ ਜੋ ਬੀਜੀ ਦਾ ਹੈ, ਉਹੀ ਕੁਝ ਉੱਗਦਾ ਹੈ ਤੇ ਉਹੀ ਕੁਝ ਫਸਲ ਦੇ ਰੂਪ ਵਿਚ ਪ੍ਰਾਪਤ ਹੁੰਦਾ ਹੈ। ਭਾਵ ਮਨੁਖ ਨੇ ਜਿਹੋ-ਜਿਹੇ ਕਰਮ ਕੀਤੇ ਹੁੰਦੇ ਹਨ, ਖੇਤੀ ਦੀ ਤਰ੍ਹਾਂ, ਉਹੀ ਫਸਲ ਉਹ ਵੱਢ ਲੈਂਦਾ ਹੈ ਜਾਂ ਉਸ ਨੂੰ ਵੱਢਣੀ ਪੈਂਦੀ ਹੈ।
ਕਰਮਾਂ ਦਾ ਹਿਸਾਬ ਹੈ ਕਿ ਜਿਸ ਤੋਂ ਛੁਟਕਾਰੇ ਦਾ ਕੋਈ ਸਾਧਨ ਨਹੀਂ ਹੈ। ਇਸ ਕਰਕੇ ਇੱਥੇ ਦੱਸਿਆ ਗਿਆ ਹੈ ਕਿ ਸਿਰਫ ਪ੍ਰਭੂ ਦੀ ਸ਼ਰਣ ਵਿਚ ਗਿਆਂ ਹੀ ਉਸ ਦੇ ਪ੍ਰਭੂ ਚਰਣਾਂ ਦੇ ਰੂਪ ਵਿਚ ਅਜਿਹਾ ਜਹਾਜ਼ ਪ੍ਰਾਪਤ ਹੁੰਦਾ ਹੈ, ਜਿਹੜਾ ਬਿਪਤਾ ਦੇ ਸਮੇਂ ਵਿਚ ਮਨੁਖ ਨੂੰ ਸਫਲਤਾ ਬਖਸ਼ ਦਿੰਦਾ ਹੈ। ਭਾਵ, ਉਸ ਨੂੰ ਜੀਵਨ ਦੇ ਡਰਾਉਣੇ ਸਾਗਰ ਨੂੰ ਪਾਰ ਕਰਵਾ ਦਿੰਦਾ ਹੈ। ਪ੍ਰਭੂ ਦੀ ਸ਼ਰਣ ਵਿਚ ਗਿਆਂ ਕਰਮਾਂ ਦੇ ਚੱਕਰ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।
ਭਾਦੋਂ ਦੇ ਹਵਾਲੇ ਨਾਲ, ਅਖੀਰ ਵਿਚ ਇਸ ਲਈ ਹੀ ਦੱਸਿਆ ਗਿਆ ਹੈ ਕਿ ਹਰ ਸੰਕਟ ਤੋਂ ਬਚਾਉਣ ਵਾਲੇ ਗੁਰੂ ਨੂੰ ਜਿਹੜੇ ਲੋਕ ਵੀ ਪਿਆਰ ਕਰਦੇ ਹਨ ਉਹ ਨਰਕ ਜਿਹੇ ਵਾਤਾਵਰਣ ਤੋਂ ਬਚੇ ਰਹਿੰਦੇ ਹਨ। ਭਾਵ, ਉਹ ਹਰ ਤਰ੍ਹਾਂ ਦੇ ਕਹਿਰ ਤੋਂ ਬਚੇ ਰਹਿੰਦੇ ਹਨ। ਪ੍ਰਭੂ ਦੀ ਸ਼ਰਣ ਵਿਚ ਏਨੀ ਸਮਰੱਥਾ ਹੈ।
ਨੋਟ: ਏਥੇ ਭਗਤ ਸਧਨਾ ਜੀ ਦੀ ਬਾਣੀ ਦੀ ਤੁਕ ਚੇਤੇ ਆਉਂਦੀ ਹੈ, ਜਿਸ ਵਿਚ ਉਹ ਕਹਿੰਦੇ ਹਨ ਕਿ ਹੇ ਜਗਤ ਦੇ ਸੁਆਮੀ ਤੇਰੇ ਵਿਚ ਕੀ ਗੁਣ ਹੋਇਆ ਜੇਕਰ ਮੇਰੇ ਕਰਮ ਹੀ ਨਾ ਮਿਟੇ। ਸਪਸ਼ਟ ਹੈ ਕਿ ਪ੍ਰਭੂ ਦੀ ਕਿਰਪਾ ਨਾਲ ਕਰਮ ਵੀ ਮਿਟ ਜਾਂਦੇ ਹਨ।