ਜੇਠ ਤੇ ਹਾੜ ਦੇ ਤਪਦੇ ਮਹੀਨਿਆਂ ਤੋਂ ਬਾਅਦ ਸਾਵਣ ਦਾ ਸੁਹਾਵਣਾ ਮਹੀਨਾ ਆਉਂਦਾ ਹੈ। ਪਰ, ਇਹ ਮਹੀਨਾ ਵੀ ਉਨ੍ਹਾਂ ਲਈ ਹੀ ਸੁਖਦਾਈ ਹੁੰਦਾ ਹੈ, ਜੋ ਪ੍ਰਭੂ ਦਾ
ਨਾਮ ਆਪਣੇ ਹਿਰਦੇ ਵਿਚ ਵਸਾ ਕੇ ਰਖਦੇ ਹਨ। ਪ੍ਰਭੂ ਦਾ ਨਾਮ ਸਾਧਸੰਗਤ ਤੇ ਗੁਰ-ਸ਼ਬਦ ਰਾਹੀਂ ਪ੍ਰਾਪਤ ਹੁੰਦਾ ਹੈ। ਜਿਸ ਜੀਵ ਦੇ ਅੰਦਰ ਪ੍ਰਭੂ ਦਾ ਪਿਆਰ ਅਤੇ ਉਸ ਦਾ ਨਾਮ ਵਸ ਜਾਂਦਾ ਹੈ, ਉਹ ਦੁਨੀਆ ਦੇ ਰੰਗ-ਤਮਾਸ਼ਿਆਂ ਨੂੰ ਤੁੱਛ ਸਮਝਦਾ ਹੈ।
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥
ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥
ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥
ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥
ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥
ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥
-ਗੁਰੂ ਗ੍ਰੰਥ ਸਾਹਿਬ ੧੩੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸਾਵਣ ਮਹੀਨੇ ਨੂੰ ਸਉਣ ਵੀ ਕਹਿੰਦੇ ਹਨ। ਇਸ ਮਹੀਨੇ ਵਿਚ ਬਰਸਾਤ ਦਾ ਮੌਸਮ ਹੁੰਦਾ ਹੈ, ਜਿਸ ਨਾਲ ਬੇਸ਼ਕ ਧਰਤੀ ਦੀ ਤਪਸ਼ ਘੱਟ ਜਾਂਦੀ ਹੈ, ਪਰ ਮੌਸਮ ਵਿਚ ਸਿਲੇਪਣ ਨਾਲ ਹੁੰਮਸ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਮੱਛਰ ਆਦਿ ਵੀ ਏਨੇ ਵੱਧ ਜਾਂਦੇ ਹਨ ਕਿ ਜੀਣਾ ਮੁਸ਼ਕਲ ਹੋ ਜਾਂਦਾ ਹੈ।
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਜਿਸ ਦੇ ਹਿਰਦੇ ਵਿਚ ਪ੍ਰਭੂ ਦੇ ਕੰਵਲ ਜਿਹੇ ਚਰਨਾਂ ਨਾਲ ਪਿਆਰ ਹੈ ਉਸ ਦੀ ਇੱਛਾ ਨੂੰ ਹੀ ਰਸ ਪ੍ਰਾਪਤ ਹੋਇਆ ਹੈ। ਭਾਵ, ਜਿਹੜਾ ਮਨੁਖ ਕੰਵਲ ਸਰੂਪ ਨਿਰਮਲ ਸੱਚ ਦੀ ਸਿੱਖਿਆ ਨੂੰ ਹਿਰਦੇ ਵਿਚ ਧਾਰਣ ਕਰਦਾ ਹੈ, ਉਸ ਨੂੰ ਹੀ ਆਪਣੇ ਜੀਵਨ ਵਿਚ ਕਾਮਯਾਬੀ ਨਸੀਬ ਹੁੰਦੀ ਹੈ। ਇਥੇ ਕਮਲ ਸਰੂਪ ਚਰਨ ਪ੍ਰਭੂ ਦੇ ਹੁਕਮ, ਆਦੇਸ਼ ਜਾਂ ਸਿੱਖਿਆ ਵੱਲ ਹੀ ਸੰਕੇਤ ਕਰਦੇ ਹਨ।
ਫਿਰ ਉਸ ਦਾ ਤਨ ਵੀ ਤੇ ਮਨ ਵੀ ਉਪਰ ਦੱਸੇ ਕੰਵਲ ਜਿਹੇ ਨਿਰਮਲ ਸੱਚ ਦੇ ਰੰਗ ਵਿਚ ਰੰਗਿਆ ਜਾਂਦਾ ਹੈ ਤੇ ਉਸ ਦਾ ਜੀਵਨ ਸਿਰਫ ਉਸ ਦੇ ਨਿਰਮਲ ਸੱਚ ਦੇ ਸਿਮਰਣ ਉੱਤੇ ਹੀ ਨਿਰਭਰ ਕਰਦਾ ਹੈ। ਭਾਵ, ਆਪਣੇ ਆਪਣੇ ਆਪ ਨੂੰ ਸੱਚ ਨਾਲ ਅਭੇਦ ਕਰ ਲੈਣ ਵਾਲਿਆਂ ਦਾ ਜੀਵਨ ਨਿਰਵਾਹ ਸੱਚ ‘ਤੇ ਹੀ ਟਿਕ ਜਾਂਦਾ ਹੈ।
ਨਿਰਮਲ ਸੱਚ ਦੇ ਉਲਟ ਝੂਠ ਨਿਰਾ ਮਾਰੂ ਹੁੰਦਾ ਹੈ ਤੇ ਝੂਠੀਆਂ ਖੁਸ਼ੀਆਂ ਵੀ ਭੁਲੇਖਾ ਪਾਉਣ ਵਾਲੀਆਂ ਤੇ ਮਾਰੂ ਹੀ ਹੁੰਦੀਆਂ ਹਨ, ਜੋ ਸਾਡੇ ਦੇਖਦੇ ਹੀ ਭਸਮ ਹੋ ਜਾਂਦੀਆਂ ਹਨ। ਭਾਵ, ਝੂਠ ਅਤੇ ਝੂਠ ਨਾਲ ਜੁੜਿਆ ਹੋਇਆ ਕੁਝ ਵੀ ਟਿਕਣਸਾਰ ਨਹੀਂ ਹੁੰਦਾ ਤੇ ਝਟ ਖਤਮ ਹੋ ਜਾਂਦਾ ਹੈ। ਇਸ ਦੇ ਉਲਟ ਸੱਚ ਹਮੇਸ਼ਾ ਕਾਇਮ ਰਹਿੰਦਾ ਹੈ।
ਨੋਟ: ਉਦਾਹਰਣ ਵਜੋਂ ਜਾਮਣੀ ਰੰਗ ਬੇਸ਼ੱਕ ਦਿਲਕਸ਼ ਸਮਝਿਆ ਜਾਂਦਾ ਹੈ, ਪਰ ਇਹ ਜ਼ਹਿਰ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ ਤੇ ਇਸ ਰੰਗ ਵਿਚ ਜਾਨੀ ਖਤਰੇ ਦਾ ਸੰਕੇਤ ਹੁੰਦਾ ਹੈ।
ਉੱਪਰ ਦੱਸੇ ਜ਼ਹਿਰੀਲੇ ਝੂਠ ਦੇ ਉਲਟ ਹਰੀ-ਪ੍ਰਭੂ ਅੰਮ੍ਰਿਤ ਦੀ ਬੂੰਦ ਜਿਹਾ ਨਿਰਮਲ ਸੱਚ ਹੈ, ਜਿਸ ਵਿਚ ਮਨੁਖ ਨੂੰ ਅਮਰ ਕਰ ਦੇਣ ਦੀ ਸਮਰੱਥਾ ਹੈ। ਪਰ ਇਹ ਕਿਸੇ ਸਾਧੂ-ਸਤਿਗੁਰੂ ਨੂੰ ਮਿਲਿਆਂ ਹੀ ਪੀਣ ਨੂੰ ਮਿਲਦੀ ਹੈ। ਭਾਵ, ਸਾਧੂ ਜਨ ਦੀ ਸਿੱਖਿਆ ਹੀ ਪ੍ਰਭੂ ਨਾਲ ਮੇਲ ਕਰਾਉਂਦੀ ਹੈ ਤੇ ਮਨੁਖ ਅਮਰਤਾ ਪ੍ਰਾਪਤ ਕਰਦਾ ਹੈ।
ਉੱਪਰ ਦੱਸੀ ਅੰਮ੍ਰਿਤ ਬੂੰਦ ਜਿਹਾ ਪ੍ਰਭੂ ਅਜਿਹੀ ਹਸਤੀ ਹੈ, ਜਿਸ ਦੀ ਸਮਰੱਥਾ ਦਾ ਕੋਈ ਹਿਸਾਬ ਹੀ ਨਹੀਂ। ਅਜਿਹੇ ਪ੍ਰਭੂ ਦੇ ਅਹਿਸਾਸ ਸਦਕਾ ਵੇਲਾਂ-ਬੂਟੇ ਸਭ ਹਰੇ-ਭਰੇ ਹੋ ਕੇ ਵਧਣ ਫੁੱਲਣ ਲੱਗਦੇ ਹਨ। ਭਾਵ, ਹਰੀ-ਪ੍ਰਭੂ ਹਰ ਕਿਸੇ ਨੂੰ ਜੀਵਨ ਦਾਨ ਦੇਣ ਦੀ ਸਮਰੱਥਾ ਰਖਦਾ ਹੈ।
ਅਜਿਹੇ ਸਮਰੱਥ ਪ੍ਰਭੂ ਨੂੰ ਮਿਲਣ ਲਈ ਮਨ ਵਿਚਲਿਤ ਹੋ ਉੱਠਦਾ ਹੈ, ਪਰ ਪ੍ਰਭੂ ਆਪਣੀ ਬਖਸ਼ਿਸ਼ ਦੁਆਰਾ ਹੀ ਜਗਿਆਸੂ ਨੂੰ ਆਪਣਾ ਮਿਲਾਪ ਬਖਸ਼ਦਾ ਹੈ।
ਜਿਵੇਂ ਅਸੀਂ ਆਪਣੀ ਹਰ ਖੁਸ਼ੀ ਆਪਣੇ ਮਿੱਤਰਾਂ ਨਾਲ ਸਾਂਝੀ ਕਰਦੇ ਹਾਂ, ਇਸੇ ਤਰ੍ਹਾਂ ਪ੍ਰਭੂ ਦੀਆਂ ਉਪਰ ਦੱਸੀਆਂ ਸਿਫਤਾਂ ਸੁਣਨ ਵਾਲਾ ਵੀ ਆਪਣੇ ਸਨੇਹੀਆਂ ਨੂੰ ਦੱਸਦਾ ਹੈ ਕਿ ਜਿਨ੍ਹਾਂ ਨੇ ਵੀ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ ਹੈ, ਉਨ੍ਹਾਂ ਦੇ ਉਹ ਸੌ-ਸੌ ਵਾਰੀ ਕੁਰਬਾਨ ਜਾਂਦਾ ਹੈ। ਭਾਵ, ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰਨ ਵਾਲੇ ਬੜੇ ਹੀ ਮਹਾਨ ਹਸਤੀਆਂ ਹਨ।
ਫਿਰ ‘ਨਾਨਕ’ ਪਦ ਦੀ ਮੁਹਰ ਲਾ ਕੇ ਗੁਰੂ ਸਾਹਿਬ ਦੁਆਰਾ ਬੇਨਤੀ ਕੀਤੀ ਗਈ ਹੈ ਕਿ ਹਰੀ ਪ੍ਰਭੂ ਜੀ ਮਿਹਰ ਕਰਨ ਕਿਉਂਕਿ ਉਹ ਆਪਣੇ ਸ਼ਬਦ ਰੂਪੀ ਸਿੱਖਿਆ, ਆਦੇਸ਼ ਜਾਂ ਹੁਕਮ ਨਾਲ ਹੀ ਹਰ ਕਿਸੇ ਦਾ ਜੀਵਨ ਸੁਧਾਰ ਸਕਦੇ ਹਨ। ਭਾਵ, ਪ੍ਰਭੂ ਅੱਗੇ ਫਰਿਆਦ ਹੈ ਕਿ ਉਹ ਆਪਣੀ ਸਿੱਖਿਆ ਦੀ ਮਿਹਰ ਕਰੇ ਕਿ ਮਨੁਖ ਦਾ ਜੀਵਨ ਸੰਵਰ ਸਕੇ।
ਅੰਤ ਵਿਚ ਦੱਸਿਆ ਗਿਆ ਹੈ ਕਿ ਸਾਵਣ ਦਾ ਮੌਸਮ ਸਿਰਫ ਉਨ੍ਹਾਂ ਲਈ ਹੀ ਸੁਹਾਵਣਾ ਹੈ, ਜਿਨ੍ਹਾਂ ਨੇ ਵਿਆਪਕ ਪ੍ਰਭੂ ਦੇ ਨਾਮ ਰੂਪ ਯਾਦ ਨੂੰ ਗਲੇ ਦੇ ਹਾਰ ਦੀ ਤਰ੍ਹਾਂ ਆਪਣੇ ਦਿਲ ਵਿਚ ਵਸਾ ਲਿਆ ਹੈ। ਭਾਵ, ਪ੍ਰਭੂ ਦੇ ਸਿਮਰਨ ਨਾਲ ਹੀ ਹਰ ਮੌਸਮ ਸੋਹਣਾ ਲੱਗਦਾ ਹੈ ਤੇ ਉਸ ਦੀ ਯਾਦ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ।