Guru Granth Sahib Logo
  
ਹਾੜ ਦੇ ਮਹੀਨੇ ਵਿਚ ਬਹੁਤ ਗਰਮੀ ਹੁੰਦੀ ਹੈ। ਗਰਮ ਲੂਆਂ ਵਗਦੀਆਂ ਹਨ। ਇਹ ਮਹੀਨਾ ਉਨ੍ਹਾਂ ਮਨੁਖਾਂ ਨੂੰ ਹੋਰ ਤਪਸ਼ ਵਾਲਾ ਲੱਗਦਾ ਹੈ, ਜਿਨ੍ਹਾਂ ਨੂੰ ਪ੍ਰਭੂ ਆਪਣੇ ਅੰਦਰ ਵਸਦਾ ਮਹਿਸੂਸ ਨਹੀਂ ਹੁੰਦਾ। ਜਿਹੜਾ ਮਨੁਖ ਪ੍ਰਭੂ ਨੂੰ ਵਿਸਾਰ ਕੇ, ਦੁਨਿਆਵੀ ਆਸਰਾ ਭਾਲਦਾ ਹੈ, ਉਹ ਸਾਰੀ ਉਮਰ ਖੁਆਰ ਹੁੰਦਾ ਰਹਿੰਦਾ ਹੈ। ਉਸ ਮਨੁਖ ਦਾ ਜੀਵਨ ਸੁਹਾਵਣਾ ਤੇ ਸੁਖਦਾਈ ਹੋ ਜਾਂਦੀ ਹੈ, ਜਿਸ ਦੇ ਮਨ ਵਿਚ ਹਮੇਸ਼ਾ ਪ੍ਰਭੂ ਦੇ ਨਾਮ ਦਾ ਪਿਆਰ ਬਣਿਆ ਰਹਿੰਦਾ ਹੈ।
ਆਸਾੜੁ ਤਪੰਦਾ ਤਿਸੁ ਲਗੈ   ਹਰਿ ਨਾਹੁ ਜਿੰਨਾ ਪਾਸਿ
ਜਗਜੀਵਨ ਪੁਰਖੁ ਤਿਆਗਿ ਕੈ   ਮਾਣਸ ਸੰਦੀ ਆਸ
ਦੁਯੈ ਭਾਇ ਵਿਗੁਚੀਐ   ਗਲਿ ਪਈਸੁ ਜਮ ਕੀ ਫਾਸ
ਜੇਹਾ ਬੀਜੈ ਸੋ ਲੁਣੈ   ਮਥੈ ਜੋ ਲਿਖਿਆਸੁ
ਰੈਣਿ ਵਿਹਾਣੀ  ਪਛੁਤਾਣੀ   ਉਠਿ ਚਲੀ ਗਈ ਨਿਰਾਸ
ਜਿਨ ਕੌ ਸਾਧੂ ਭੇਟੀਐ   ਸੋ ਦਰਗਹ ਹੋਇ ਖਲਾਸੁ
ਕਰਿ ਕਿਰਪਾ ਪ੍ਰਭ  ਆਪਣੀ   ਤੇਰੇ ਦਰਸਨ ਹੋਇ ਪਿਆਸ
ਪ੍ਰਭ  ਤੁਧੁ ਬਿਨੁ ਦੂਜਾ ਕੋ ਨਹੀ   ਨਾਨਕ ਕੀ ਅਰਦਾਸਿ
ਆਸਾੜੁ ਸੁਹੰਦਾ ਤਿਸੁ ਲਗੈ   ਜਿਸੁ ਮਨਿ ਹਰਿ ਚਰਣ ਨਿਵਾਸ ॥੫॥
-ਗੁਰੂ ਗ੍ਰੰਥ ਸਾਹਿਬ ੧੩੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਅਸਾੜ ਮਹੀਨੇ ਨੂੰ ਅਸੀਂ ਹਾੜ ਕਹਿੰਦੇ ਹਾਂ ਤੇ ਇਹ ਮਹੀਨਾ ਅਤਿਅੰਤ ਗਰਮੀ ਦਾ ਹੁੰਦਾ ਹੈ। ਇਸ ਮਹੀਨੇ ਪਸੀਨਾ ਚੋ-ਚੋ ਪੈਂਦਾ ਹੈ। ਪਰ ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਹਾੜ੍ਹ ਮਹੀਨੇ ਜਿਹੇ ਮੌਸਮ ਦੀ ਤਪਸ਼ ਉਨ੍ਹਾਂ ਨੂੰ ਹੀ ਸਤਾਉਂਦੀ ਹੈ, ਜਿਨ੍ਹਾਂ ਕੋਲ ਹਰੀ-ਪ੍ਰਭੂ ਦੇ ਨਾਮ-ਸਿਮਰਨ ਦੀ ਠੰਡਕ ਨਹੀਂ ਹੈ। ਭਾਵ, ਜਿਹੜੇ ਲੋਕ ਪ੍ਰਭੂ ਨੂੰ ਯਾਦ ਨਹੀਂ ਕਰਦੇ, ਉਹ ਹਮੇਸ਼ਾ ਮੌਸਮ ਆਦਿ ਦੀ ਸ਼ਿਕਾਇਤ ਕਰਦੇ ਹਨ ਤੇ ਦੁਖੀ ਹੁੰਦੇ ਹਨ। ਕਿਉਂਕਿ ਉਨ੍ਹਾਂ ਕੋਲ ਆਪਣੇ ਨਿੱਜ ਦੇ ਇਲਾਵਾ ਮਨੁਖਤਾ ਦੇ ਸਰੋਕਾਰ ਨਹੀਂ ਹੁੰਦੇ।

ਉੱਪਰ ਦੱਸੀ ਹਾਲਤ ਉਨ੍ਹਾਂ ਲੋਕਾਂ ਦੀ ਹੁੰਦੀ ਹੈ, ਜਿਹੜੇ ਸਾਰੇ ਜਗਤ ਨੂੰ ਜੀਵਨ-ਦਾਨ ਦੇਣ ਵਾਲੇ ਵਿਆਪਕ ਪ੍ਰਭੂ ਦੀ ਬਜਾਏ ਮਨੁਖ ਤੋਂ ਭਲੇ ਦੀ ਉਮੀਦ ਰਖਦੇ ਹਨ। ਮਨੁਖ, ਮਨੁਖ ਦੇ ਦੁਖ ਦਾ ਭਾਰ ਨਹੀਂ ਚੁੱਕ ਸਕਦਾ। ਸਿਰਫ ਪ੍ਰਭੂ ਹੀ ਹੈ, ਜਿਹੜਾ ਮਨੁਖ ਦੇ ਦੁਖਾਂ ਦਾ ਹੱਲ ਕਰ ਸਕਦਾ ਹੈ।

ਦੂਈ, ਦਵੈਤ (duality) ਨੂੰ ਕਹਿੰਦੇ ਹਨ, ਜਿਸ ਵਿਚ ਪ੍ਰਭੂ ਅਤੇ ਕੁਦਰਤ ਦੋ ਮੰਨੇ ਜਾਂਦੇ ਹਨ ਤੇ ਜਿਸ ਅਨੁਸਾਰ ਪ੍ਰਭੂ ਤੇ ਕੁਦਰਤ ਵਿਚ ਕਿਸੇ ਹਾਲਤ ਵਿਚ ਵੀ ਮਿਲਾਪ ਨਹੀਂ ਹੋ ਸਕਦਾ। ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਲੋਕ ਇਸ ਦਵੈਤ ਭਾਵ ਵਿਚ ਰਹਿੰਦੇ ਹਨ, ਉਹ ਪ੍ਰਭੂ ਤੋਂ ਵਿੱਛੜ ਜਾਂਦੇ ਹਨ। ਪ੍ਰਭੂ ਤੋਂ ਵਿਛੜੇ ਹੋਏ ਲੋਕਾ ਦਾ ਜੀਣਾ ਅਜਿਹਾ ਹੁੰਦਾ ਹੈ, ਜਿਵੇਂ ਮੌਤ ਦੇ ਦੂਤ ਨੇ ਉਨ੍ਹਾਂ ਦੇ ਗਲ ਵਿਚ ਫਾਹਾ ਪਾਇਆ ਹੋਵੇ। ਉਨ੍ਹਾਂ ਨੂੰ ਸਦਾ ਮੌਤ ਦਾ ਡਰ ਬਣਿਆ ਰਹਿੰਦਾ ਹੈ।

ਜਿਸ ਤਰ੍ਹਾਂ ਖੇਤ ਵਿਚ ਜੋ ਕੁਝ ਵੀ ਬੀਜਿਆ ਜਾਵੇ ਉਹੀ ਉੱਗਦਾ ਹੈ। ਐਨ ਉਸੇ ਤਰ੍ਹਾਂ ਮਨੁਖ ਦੇ ਮੱਥੇ ’ਤੇ ਵੀ ਜਿਹੋ-ਜਿਹੇ ਵਿਚਾਰ ਅੰਕਤ ਹੁੰਦੇ ਹਨ, ਉਹੋ-ਜਿਹੇ ਕਰਮਾਂ ਦੇ ਰੂਪ ਵਿਚ ਸਾਡਾ ਜੀਵਨ ਬਣ ਜਾਂ ਵਿਗੜ ਜਾਂਦਾ ਹੈ। ਭਾਵ, ਮਨੁਖ ਦਾ ਜੀਵਨ ਉਸ ਦੀ ਬੁੱਧ ਉੱਤੇ ਹੀ ਨਿਰਭਰ ਕਰਦਾ ਹੈ। ਇਸ ਲਈ ਜਿਹੜੇ ਲੋਕ ਆਪਣੀ ਮੱਤ ਨੂੰ ਗੁਰੂ ਨਾਲ ਜੋੜ ਕੇ ਪ੍ਰਭੂ ਨਾਲ ਜੋੜ ਜਾਂਦੇ ਹਨ, ਉਨ੍ਹਾਂ ਦਾ ਜੀਵਨ ਬਣ ਜਾਂਦਾ ਹੈ। ਜਿਹੜੇ ਨਹੀਂ ਜੋੜਦੇ, ਉਨ੍ਹਾਂ ਦਾ ਜੀਵਨ ਵਿਗੜ ਜਾਂਦਾ ਹੈ।

ਜਿਵੇਂ ਕੋਈ ਰਾਤ ਭਰ ਆਪਣੇ ਪਿਆਰੇ ਦਾ ਸਾਥ ਨਾ ਮਾਣ ਸਕੇ ਤਾਂ ਉਹ ਦਿਨ ਭਰ ਪਛਤਾਉਂਦਾ ਹੀ ਰਹਿੰਦਾ ਹੈ। ਇਸੇ ਤਰ੍ਹਾਂ ਜਿਹੜੇ ਲੋਕ ਇਸ ਜੀਵਨ ਵਿਚ ਗੁਰੂ ਦੀ ਸਿੱਖਿਆ ਅਨੁਸਾਰ ਪ੍ਰਭੂ ਅੱਗੇ ਸਮਰਪਣ ਨਹੀਂ ਕਰਦੇ, ਅਜਿਹੇ ਲੋਕਾਂ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ। ਉਹ ਜੀਵਨ ਭਰ ਨਿਰਾਸ਼ ਰਹਿੰਦੇ ਹਨ ਤੇ ਨਿਰਾਸ਼ ਹੀ ਤੁਰ ਜਾਂਦੇ ਹਨ। ਭਾਵ, ਪ੍ਰਭੂ ਬਗੈਰ ਜੀਵਨ ਭਰ ਨਿਰਾਸ਼ਾ ਹੀ ਪੱਲੇ ਪੈਂਦੀ ਹੈ।

ਇਸ ਦੇ ਉਲਟ ਜਿਸ ਕਿਸੇ ਨੇ ਵੀ ਕੋਈ ਸੱਚਾ ਗੁਰੂ ਮਿਲ ਜਾਂਦਾ ਹੈ, ਉਹ ਫਿਰ ਪ੍ਰਭੂ ਦੇ ਦਰਬਾਰ ਵਿਚ ਬੇਫਿਕਰ ਹੋ ਕੇ ਜਾਂਦੇ ਹਨ। ਭਾਵ, ਗੁਰੂ ਦੀ ਸਿੱਖਿਆ ਸਦਕਾ ਪ੍ਰਭੂ ਦੇ ਸਮਰਪਣ ਵਿਚ ਰਹਿਣ ਕਾਰਣ ਉਹ ਜੀਵਨ ਭਰ ਅਡੋਲ ਰਹਿੰਦੇ ਹਨ।

ਗੁਰੂ ਦੀ ਸਿੱਖਿਆ ਤੇ ਪ੍ਰਭੂ ਸਮਰਪਣ ਦੀ ਸਿਫਤ ਦੱਸਣ ਤੋਂ ਬਾਅਦ ਬੇਨਤੀ ਕੀਤੀ ਗਈ ਹੈ ਕਿ ਪ੍ਰਭੂ ਆਪਣੀ ਮਿਹਰ ਕਰੇ ਤਾਂ ਜੋ ਮਨ ਵਿਚ ਉਸ ਦੇ ਦਰਸ਼ਨ ਕਰਨ ਦੀ ਇੱਛਾ ਜਾਗ ਪਵੇ। ਕਿਉਂਕਿ ਜਦ ਤਕ ਸਾਡੇ ਮਨ ਵਿਚ ਸੱਚੀ-ਸੁੱਚੀ ਇੱਛਾ ਨਾ ਜਾਗੇਂ, ਉਦੋਂ ਤਕ ਨਾ ਕੋਈ ਕਾਰਜ ਸਿਰੇ ਚੜ੍ਹਦਾ ਹੈ ਤੇ ਨਾ ਹੀ ਉਸ ਦੇ ਮੁਕੰਮਲ ਹੋਣ ਦੀ ਮਨ ਵਿਚ ਖੁਸ਼ੀ ਹੁੰਦੀ ਹੈ।

ਅਸਲ ਵਿਚ ਪ੍ਰਭੂ ਦੇ ਬਿਨਾਂ ਹੋਰ ਕੋਈ ਵੀ ਅਜਿਹਾ ਨਹੀਂ ਹੈ, ਜਿਸ ਅੱਗੇ ਮਨੁਖ ਬੇਨਤੀ ਕਰ ਸਕਦਾ ਹੈ। ਪ੍ਰਭੂ ਨੇ ਹੀ ਬੇਨਤੀ ਸਵੀਕਾਰ ਕਰਨੀ ਹੈ ਤੇ ਆਪਣੇ ਨਾਲ ਮੇਲਣ ਲਈ ਗੁਰੂ ਦੀ ਦੱਸ ਪਾਉਣੀ ਹੈ। ਪ੍ਰਭੂ ਤੋਂ ਬਿਨਾਂ ਹੋਰ ਕੋਈ ਅਜਿਹਾ ਕਰਨ ਦੇ ਸਮਰੱਥ ਨਹੀਂ ਹੈ।

ਅਖੀਰ ਵਿਚ ਤਪਸ਼ ਭਰੇ ਮੌਸਮ ਵਾਲੇ ਹਾੜ੍ਹ ਮਹੀਨੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜਿਹੜੇ ਪ੍ਰਭੂ ਦੀ ਰਜਾ ਵਿਚ ਨਹੀਂ ਰਹਿੰਦੇ, ਉਹ ਹਮੇਸ਼ਾ ਮੌਸਮ ਦੀ ਸ਼ਿਕਾਇਤ ਕਰਦੇ ਹਨ। ਪਰ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਭੂ ਦੀ ਰਜ਼ਾ ਵਸੀ ਹੋਈ ਹੁੰਦੀ ਹੈ, ਉਨ੍ਹਾਂ ਨੂੰ ਹਰ ਮੌਸਮ ਸੋਹਣਾ ਲੱਗਦਾ ਹੈ। ਚਾਹੇ ਤਪਸ਼ ਵਾਲਾ ਹੀ ਹੋਵੇ। ਭਾਵ, ਪ੍ਰਭੂ ਦਾ ਭਾਣਾ ਹੀ ਸੋਹਣਾ ਹੁੰਦਾ ਹੈ।

Tags