ਜੇਠ ਦਾ ਮਹੀਨਾ ਗਰਮੀ ਵਾਲਾ ਅਤੇ ਵਡੇ ਦਿਨਾਂ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਦੁਆਰਾ ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਸਭ ਕੁਝ ਕਰਨ-ਕਰਾਉਣ ਵਾਲੇ ਵਡਿਓਂ-ਵਡੇ ਪ੍ਰਭੂ ਨਾਲ ਜੁੜਨਾ ਚਾਹੀਦਾ ਹੈ। ਉਸ ਪ੍ਰਭੂ ਨੂੰ ਜੋ ਚੰਗਾ ਲੱਗਦਾ ਹੈ, ਉਹ ਉਹੀ ਕਰਦਾ ਹੈ ਅਤੇ ਜੀਵ ਕੋਲੋਂ ਵੀ ਉਹੀ ਕਰਵਾਉਂਦਾ ਹੈ। ਕੋਈ ਮਨੁਖ ਆਪਣੇ ਨਿਜੀ ਜਤਨਾਂ ਨਾਲ ਪ੍ਰਭੂ ਨੂੰ ਨਹੀਂ ਪਾ ਸਕਦਾ। ਗੁਰ-ਸ਼ਬਦ ਦੀ ਬਰਕਤ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥
ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥
ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥
ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥
ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥
ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥
ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥
ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥
ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥
-ਗੁਰੂ ਗ੍ਰੰਥ ਸਾਹਿਬ ੧੩੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਜੇਠ ਦੇ ਮਹੀਨੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਹਰੀ-ਪ੍ਰਭੂ ਨਾਲ ਜੁੜਨਾ ਚਾਹੀਦਾ ਹੈ, ਜਿਸ ਅੱਗੇ ਹਰ ਕੋਈ ਝੁਕਦਾ ਹੈ। ਭਾਵ, ਜਿਸ ਦੇ ਬਿਨਾਂ ਸਾਰੇ ਆਪਣੇ-ਆਪ ਨੂੰ ਅਪੂਰਨ ਸਮਝਦੇ ਹਨ। ਉਸ ਨਾਲ ਮਿਲ ਕੇ ਪੂਰਨ ਹੋਣ ਦੇ ਜਤਨ ਕਰਨੇ ਚਾਹੀਦੇ ਹਨ।
ਰੱਸੀ ਨੂੰ ਦੌਣ ਵੀ ਕਹਿੰਦੇ ਹਨ ਤੇ ਦੌਣ ਸ਼ਬਦ ਦਾ ਕਨੌੜਾ ਵਾਵੇ ਵਿਚ ਬਦਲ ਕੇ ਦਾਵਣ ਸ਼ਬਦ ਬਣਿਆ ਹੈ। ਦਾਵਣ ਕਾਸੇ ਨੂੰ ਬੰਨਣ, ਜੋੜਨ ਜਾਂ ਜੁੜਨ ਦੇ ਕੰਮ ਆਉਂਦੀ ਹੈ। ਇਥੇ ਦੱਸਿਆ ਗਿਆ ਹੈ ਕਿ ਜਿਹੜੇ ਵੀ ਆਪਣੇ ਪਿਆਰੇ ਹਰੀ-ਪ੍ਰਭੂ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਪ੍ਰਭੂ ਕਿਸੇ ਹੋਰ ਦੇ ਬੰਧਨ ਵਿਚ ਨਹੀਂ ਪੈਣ ਦਿੰਦਾ। ਭਾਵ, ਪ੍ਰਭੂ ਆਪਣੇ ਭਾਣੇ ਵਿਚ ਰਹਿਣ ਵਾਲਿਆਂ ਨੂੰ ਕਿਸੇ ਹੋਰ ਦੇ ਅਧੀਨ ਨਹੀਂ ਹੋਣ ਦਿੰਦਾ।
ਪ੍ਰਭੂ ਦਾ ਨਾਮ ਰੂਪ ਚੇਤਾ, ਯਾਦ ਜਾਂ ਸਿਮਰਨ ਏਨੇ ਮਨ ਭਾਉਂਦੇ ਅਤੇ ਬੇਸ਼ਕੀਮਤੀ ਮੋਤੀਆਂ ਜਿਹਾ ਹੁੰਦਾ ਹੈ ਕਿ ਉਸ ਨੂੰ ਸੰਨ੍ਹ ਲਾ ਕੇ ਚੁਰਾਇਆ ਨਹੀਂ ਜਾ ਸਕਦਾ। ਭਾਵ, ਹੋਰ ਹਰ ਤਰ੍ਹਾਂ ਦੀ ਧਨ-ਦੌਲਤ ਦਾ ਲੁੱਟੇ-ਖੋਹੇ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਸਿਰਫ ਪ੍ਰਭੂ ਦੀ ਯਾਦ ਹਮੇਸ਼ਾ ਹੀ ਬੰਦੇ ਦੇ ਨਾਲ ਨਿਭਦੀ ਹੈ।
ਜੋ ਕੁਝ ਵੀ ਸੋਹਣਾ ਲੱਗਦਾ ਹੈ ਤੇ ਸਾਡੇ ਮਨ ਨੂੰ ਖਿੱਚ੍ਹ ਪਾਉਂਦਾ ਹੈ, ਉਹ ਸਭ ਕੁਝ ਹਰ ਦਿਲ ਵਿਚ ਵਸਣ ਵਾਲੇ ਉਸ ਨਰਾਇਣ-ਪ੍ਰਭੂ ਦੇ ਰੰਗ ਹਨ। ਭਾਵ, ਸਭ ਕੁਝ ਉਸ ਪ੍ਰਭੂ ਦਾ ਹੀ ਬਣਾਇਆ ਹੋਇਆ ਜਾਂ ਉਸ ਦੇ ਹੁਕਮ ਵਿਚ ਹੀ ਹੈ।
ਇਸ ਲਈ ਜੋ ਵੀ ਉਸ ਹਰੀ-ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹੀ ਕੁਝ ਉਹ ਆਪ ਕਰਦਾ ਹੈ ਤੇ ਉਹੀ ਕੁਝ ਜੀਵ ਕਰਦੇ ਹਨ। ਭਾਵ, ਜੋ ਕੁਝ ਵੀ ਹੋ ਰਿਹਾ ਜਾਂ ਕੀਤਾ ਜਾ ਰਿਹਾ ਹੈ, ਪ੍ਰਭੂ ਦੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ ਤੇ ਸਭ ਕੁਝ ਉਹੀ ਕਰ ਰਿਹਾ ਹੈ।
ਜਿਨ੍ਹਾਂ ਨੂੰ ਵੀ ਪ੍ਰਭੂ ਨੇ ਆਪਣੇ ਬਣਾ ਲਿਆ ਹੈ, ਜਿਹੜੇ ਪ੍ਰਭੂ ਦੀ ਰਜਾ ਵਿਚ ਰਹਿੰਦੇ ਹਨ ਜਾਂ ਹੋ ਰਹੇ ਸਭ ਕਾਸੇ ਨੂੰ ਉਸ ਦੀ ਰਜਾ ਮੰਨਦੇ ਹਨ, ਉਹੀ ਲੋਕ ਸਿਫਤ ਦੇ ਲਾਇਕ ਹਨ। ਪ੍ਰਭੂ ਦੇ ਹੁਕਮ ਨੂੰ ਖਿੜੇ ਮੱਥੇ ਸਵੀਕਾਰ ਕਰਨ ਵਾਲੇ ਲੋਕ ਹੀ ਸਲਾਹੁਣਜੋਗ ਹਨ।
ਫਿਰ ਪ੍ਰਭੂ ਪ੍ਰਾਪਤੀ ਬਾਰੇ ਦੱਸਿਆ ਗਿਆ ਹੈ ਕਿ ਕੋਈ ਉਸ ਨੂੰ ਆਪਣੀ ਹਿੰਮਤ ਜਾਂ ਸਮਰੱਥਾ ਨਾਲ ਲੈ ਸਕਦਾ ਹੁੰਦਾ ਤੇ ਉਸ ਦੇ ਨਾਲ ਮਿਲਾਪ ਕਰ ਸਕਦਾ ਹੁੰਦਾ ਤਾਂ ਕੋਈ ਉਸ ਦੇ ਵਿਛੋੜੇ ਵਿਚ ਕਿਉਂ ਰੋਂਦਾ? ਭਾਵ, ਹਰ ਕੋਈ ਉਸ ਦੇ ਨਾਲ ਸਦੀਵੀ ਮਿਲਾਪ ਕਰ ਲੈਂਦਾ। ਪਰ ਅਜਿਹਾ ਨਹੀਂ ਹੈ, ਕਿਉਂਕਿ ਉਸ ਨੂੰ ਕੋਈ ਸਿਰਫ ਆਪਣੀ ਮਰਜੀ ਨਾਲ ਨਹੀਂ ਮਿਲ ਸਕਦਾ।
ਇਸ ਲਈ ਪ੍ਰਭੂ ਦੇ ਮਿਲਾਪ ਦਾ ਸੁਖ ਤੇ ਅਨੰਦ ਉਹੀ ਮਾਣਦੇ ਹਨ, ਜਿਨ੍ਹਾਂ ਨੂੰ ਸਾਧੇ ਹੋਏ ਸਿਦਕਵਾਨ ਸਾਧੂ ਜਨਾਂ ਦੀ ਸੰਗਤ (ਸਾਧ-ਸੰਗਤ) ਨਸੀਬ ਹੋ ਜਾਂਦੀ ਹੈ। ਭਾਵ, ਪ੍ਰਭੂ ਮਿਲਾਪ ਲਈ ਉਸ ਨੂੰ ਮਿਲੇ ਹੋਇਆਂ ਦੀ ਸੰਗਤ ਹੀ ਲਾਹੇਵੰਦ ਹੁੰਦੀ ਹੈ। ਸਿਰਫ ਆਪਣੀ ਸਮਰੱਥਾ ਸਾਥ ਨਹੀਂ ਦਿੰਦੀ।
ਅਖੀਰ ਵਿਚ ਜੇਠ ਮਹੀਨੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਉਹ ਰੰਗਲਾ ਸੱਜਣ ਪ੍ਰਭੂ ਉਸ ਦਾ ਹੀ ਮਾਲਕ ਬਣਦਾ ਹੈ, ਜਿਸ ਦੇ ਅਤਿ ਚੰਗੇ ਭਾਗ ਹੋਣ। ਭਾਵ, ਜਿਸ ਨੇ ਨਿਰਮਲ ਕਰਮਾਂ ਨਾਲ ਆਪਣੇ ਭਾਗ ਆਪ ਕਮਾਏ ਹੋਣ, ਉਸ ਉੱਤੇ ਹੀ ਉਹ ਆਪਣੇ ਮਿਲਾਪ ਦੀ ਮਿਹਰ ਕਰਦਾ ਹੈ।