Guru Granth Sahib Logo
  
ਵੈਸਾਖ ਦੇ ਮਹੀਨੇ ਵਿਚ ਮੌਸਮ ਸੁਹਾਵਣਾ ਹੁੰਦਾ ਹੈ ਤੇ ਫਸਲਾਂ ਪੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਪਦੇ ਵਿਚ ਵੈਸਾਖ ਦੇ ਮਹੀਨੇ ਦੁਆਰਾ ਉਪਦੇਸ਼ ਕੀਤਾ ਗਿਆ ਹੈ ਕਿ ਖੁਸ਼ੀਆਂ ਭਰੇ ਇਸ ਮਹੀਨੇ ਵਿਚ ਵੀ ਪ੍ਰਭੂ ਤੋਂ ਵਿਛੜੇ ਮਨੁਖ ਦੁਖੀ ਹੀ ਰਹਿੰਦੇ ਹਨ। ਪ੍ਰਭੂ ਦੇ ਨਾਮ-ਸਿਮਰਨ ਤੋਂ ਬਿਨਾਂ ਉਹ ਹੋਰ ਜਿੰਨੇ ਵੀ ਕਰਮ ਕਰਦੇ ਹਨ, ਸਭ ਵਿਅਰਥ ਹਨ। ਉਹ ਉਨ੍ਹਾਂ ਦੇ ਆਤਮਕ ਜੀਵਨ ਦੇ ਵਿਕਾਸ ਲਈ ਸਹਾਈ ਨਹੀਂ ਹੁੰਦੇ। ਮਨੁਖ ਦਾ ਸਦੀਵੀ ਸਾਥੀ ਕੇਵਲ ਪ੍ਰਭੂ ਹੈ। ਜੋ ਪ੍ਰਭੂ ਨੂੰ ਹਰ ਵੇਲੇ ਯਾਦ ਰਖਦੇ ਹਨ, ਉਹ ਹਰ ਥਾਂ ਸੋਭਾ ਪਾਉਂਦੇ ਹਨ।
ਵੈਸਾਖਿ  ਧੀਰਨਿ ਕਿਉ ਵਾਢੀਆ   ਜਿਨਾ ਪ੍ਰੇਮ ਬਿਛੋਹੁ
ਹਰਿ ਸਾਜਨੁ ਪੁਰਖੁ ਵਿਸਾਰਿ ਕੈ   ਲਗੀ ਮਾਇਆ ਧੋਹੁ
ਪੁਤ੍ਰ ਕਲਤ੍ਰ ਸੰਗਿ ਧਨਾ   ਹਰਿ ਅਵਿਨਾਸੀ ਓਹੁ
ਪਲਚਿ ਪਲਚਿ ਸਗਲੀ ਮੁਈ   ਝੂਠੈ ਧੰਧੈ ਮੋਹੁ
ਇਕਸੁ ਹਰਿ ਕੇ ਨਾਮ ਬਿਨੁ   ਅਗੈ ਲਈਅਹਿ ਖੋਹਿ
ਦਯੁ ਵਿਸਾਰਿ ਵਿਗੁਚਣਾ   ਪ੍ਰਭ ਬਿਨੁ ਅਵਰੁ ਕੋਇ
ਪ੍ਰੀਤਮ ਚਰਣੀ ਜੋ ਲਗੇ   ਤਿਨ ਕੀ ਨਿਰਮਲ ਸੋਇ
ਨਾਨਕ ਕੀ ਪ੍ਰਭ ਬੇਨਤੀ   ਪ੍ਰਭ ਮਿਲਹੁ ਪਰਾਪਤਿ ਹੋਇ
ਵੈਸਾਖੁ ਸੁਹਾਵਾ ਤਾਂ ਲਗੈ   ਜਾ ਸੰਤੁ ਭੇਟੈ ਹਰਿ ਸੋਇ ॥੩॥
-ਗੁਰੂ ਗ੍ਰੰਥ ਸਾਹਿਬ ੧੩੩-੧੩੪

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਵਿਸਾਖ ਮਹੀਨੇ ਦੇ ਹਵਾਲੇ ਨਾਲ ਸਵਾਲ ਉਠਾਇਆ ਗਿਆ ਹੈ ਕਿ ਜਿਨ੍ਹਾਂ ਦਾ ਆਪਣੇ ਪਿਆਰੇ ਨਾਲ ਵਿਛੋੜਾ ਪਿਆ ਹੋਇਆ ਹੈ, ਉਨ੍ਹਾਂ ਵਿਜੋਗਣਾਂ ਦੇ ਦਿਲ ਨੂੰ ਚੈਨ ਕਿਵੇਂ ਆਉਂਦਾ ਹੈ? ਭਾਵ, ਆਪਣੇ ਪਿਆਰੇ ਨੂੰ ਮਿਲੇ ਬਗੈਰ ਤਾਂ ਕਿਸੇ ਦੇ ਵੀ ਦਿਲ ਨੂੰ ਅਰਾਮ ਨਹੀਂ ਆਉਂਦਾ। ਕਿਉਂਕਿ ਇਹੀ ਤਾਂ ਸੱਚੇ ਪਿਆਰ ਦੀ ਨਿਸ਼ਾਨੀ ਹੈ।

ਫਿਰ ਉਨ੍ਹਾਂ ’ਤੇ ਹੈਰਾਨੀ ਪਰਗਟ ਕੀਤੀ ਗਈ ਹੈ, ਉਹ ਵਿਜੋਗਣਾਂ ਆਪਣੇ ਪਿਆਰੇ ਸੱਜਣ ਪ੍ਰਭੂ ਨੂੰ ਭੁਲਾ ਕੇ ਪਦਾਰਥ ਦੀ ਝੂਠੀ ਚਮਕ-ਦਮਕ ਵਿਚ ਖਚਿਤ ਹੋਈਆਂ ਹਨ। ਪਦਾਰਥ ਦੀ ਇਹ ਝੂਠੀ ਚਮਕ-ਦਮਕ ਕੇਵਲ ਛਲਾਵਾ ਹੈ।

ਫਿਰ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਰੂਹ ਦੇ ਚੈਨ ਲਈ ਉਨ੍ਹਾਂ ਦਾ ਨਾ ਹੀ ਜੀਵਨ ਸਾਥੀ ਕੰਮ ਆਉਂਦਾ ਹੈ, ਨਾ ਸੰਤਾਨ ਤੇ ਨਾ ਹੀ ਧਨ-ਦੌਲਤ ਸਹਾਈ ਹੁੰਦੀ ਹੈ। ਕਿਉਂਕਿ ਇਹ ਸਾਰੇ ਕਿਤੇ ਨਾ ਕਿਤੇ ਸਾਥ ਛੱਡ ਦੇਣ ਵਾਲੇ ਹਨ। ਇਕ ਪ੍ਰਭੂ ਹੀ ਅਜਿਹਾ ਹੈ, ਜਿਹੜਾ ਸਦੀਵੀ ਸਾਥੀ ਹੈ ਤੇ ਸਦਾ ਕਾਇਮ ਰਹਿਣ ਵਾਲਾ ਹੈ।

ਸਾਰੇ ਲੋਕ ਕਦੇ ਵੀ ਕੰਮ ਨਾ ਆਉਣ ਵਾਲੇ ਝੂਠੇ ਕੰਮਾਂ-ਕਾਰਾਂ ਦੇ ਲੋਭ-ਲਾਲਚ ਵਿਚ ਬੁਰੀ ਤਰ੍ਹਾਂ ਫਸੇ ਪਏ ਹਨ। ਭਾਵ, ਪਦਾਰਥ ਦੇ ਝੂਠੇ ਮਾਇਆ-ਜਾਲ ਵਿਚ ਭੁੱਲੇ ਹੋਏ ਹਨ ਤੇ ਉਨ੍ਹਾਂ ਨੂੰ ਆਪਣੀ ਇਸ ਭਟਕਣ ਦੀ ਕੋਈ ਸੁਧ-ਬੁਧ ਵੀ ਨਹੀਂ ਹੈ।

ਇਥੋਂ ਤਕ ਕਿ ਉਨ੍ਹਾਂ ਨੂੰ ਏਨਾ ਵੀ ਨਹੀਂ ਪਤਾ ਕਿ ਪ੍ਰਭੂ ਦੇ ਨਾਮ-ਸਿਮਰਨ ਦੇ ਬਿਨਾਂ ਮਨੁਖ ਜੋ ਕੁਝ ਵੀ ਕਹਿੰਦਾ, ਕਰਦਾ ਜਾਂ ਕਮਾਉਂਦਾ ਹੈ, ਉਸ ਨਾਲ ਉਹ ਆਪਣਾ ਭਵਿੱਖ ਖਤਮ ਕਰ ਲੈਂਦਾ ਹੈ। ਭਾਵ, ਨਾਮ-ਸਿਮਰਨ ਸਦਕਾ ਮਨੁਖ ਮੌਤ ਦੇ ਡਰ ਤੋਂ ਨਿਰਲੇਪ ਰਹਿੰਦਾ ਹੈ ਤੇ ਜਿਹੜੇ ਪ੍ਰਭੂ ਨੂੰ ਯਾਦ ਨਹੀਂ ਰਖਦੇ, ਉਹ ਮਰਨ ਦੇ ਡਰ ਵਿਚ ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ।

ਦੇਵ ਸਰੂਪ ਪ੍ਰਭੂ ਨੂੰ ਭੁੱਲ ਕੇ ਮਨੁਖ ਦੇ ਪੱਲੇ ਦੁਰਗਤੀ ਹੀ ਪੈਂਦੀ ਹੈ ਤੇ ਪ੍ਰਭੂ ਤੋਂ ਬਿਨਾਂ ਕੋਈ ਹੋਰ ਇਸ ਦੁਰਗਤੀ ਤੋਂ ਬਚਾਅ ਨਹੀਂ ਸਕਦਾ। ਭਾਵ, ਕਿਸੇ ਵੀ ਸੰਕਟ ਦੀ ਸਥਿਤੀ ਵਿਚ ਸਿਰਫ ਪ੍ਰਭੂ ਹੀ ਮਨੁਖ ਦੇ ਸਹਾਈ ਹੁੰਦਾ ਹੈ।

ਫਿਰ ਜਿਹੜਾ ਵੀ ਕੋਈ ਆਪਣੇ ਜੀਵਨ ਨੂੰ ਪਿਆਰੇ ਪ੍ਰਭੂ ਅੱਗੇ ਸਮਰਪਣ ਕਰ ਦਿੰਦਾ ਹੈ, ਉਸ ਦੀਆਂ ਸਾਰੇ ਪਾਸੇ ਸਿਫਤਾਂ ਹੁੰਦੀਆਂ ਹਨ ਕਿ ਉਹ ਨੇਕ ਅਤੇ ਸਾਫ-ਦਿਲ ਇਨਸਾਨ ਹੈ। ਭਾਵ, ਪ੍ਰਭੂ ਦੀ ਰਜਾ ਵਿਚ ਰਹਿਣ ਵਾਲਿਆਂ ਦੇ ਨਿਰਮਲ ਜੀਵਨ ਦੀ ਹਮੇਸ਼ਾ ਅਤੇ ਹਰ ਥਾਂ ਸਿਫਤ ਕੀਤੀ ਜਾਂਦੀ ਹੈ।

ਇਸ ਕਾਰਣ ‘ਨਾਨਕ’ ਪਦ ਦੀ ਵਰਤੋਂ ਕਰ ਕੇ ਗੁਰੂ ਸਾਹਿਬ ਪ੍ਰਭੂ ਅੱਗੇ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਪ੍ਰਭੂ ਆਪਣੇ ਮਿਲਾਪ ਦੀ ਮਿਹਰ ਕਰ ਦੇਵੇ ਤਾਂ ਜੋ ਪੱਕੇ ਤੌਰ ’ਤੇ ਪ੍ਰਭੂ ਦਾ ਅਨੁਭਵ ਪ੍ਰਾਪਤ ਕੀਤਾ ਜਾ ਸਕੇ। ਭਾਵ, ਪ੍ਰਭੂ ਨੂੰ ਆਪਣੀ ਹਸਤੀ ਦਾ ਹਿੱਸਾ ਬਣਾਇਆ ਜਾ ਸਕੇ।

ਅਖੀਰ ਵਿਚ ਦੱਸਿਆ ਗਿਆ ਹੈ ਕਿ ਵਿਸਾਖ ਦਾ ਸਮਾਂ ਤਾਂ ਹੀ ਸੋਹਣਾ ਲੱਗਦਾ ਹੈ ਜੇ ਕੋਈ ਸੱਚ-ਸਰੂਪ ਗੁਰੂ ਹਰੀ-ਪ੍ਰਭੂ ਨਾਲ ਮੇਲ ਦੇਵੇ। ਭਾਵ, ਗੁਰੂ ਦੀ ਮਿਹਰ ਨਾਲ ਹੀ ਪ੍ਰਭੂ-ਮਿਲਾਪ ਸੰਭਵ ਹੁੰਦਾ ਹੈ ਤੇ ਫੇਰ ਹੀ ਸਮਾਂ ਸੋਹਣਾ ਮਹਿਸੂਸ ਹੁੰਦਾ ਹੈ।

Tags