Guru Granth Sahib Logo
  
ਇਸ ਪਦੇ ਵਿਚ ਬਾਰਹਮਾਹ ਦੇ ਸਾਰੇ ਪਦਿਆਂ ਦਾ ਸਾਰ ਦੱਸਿਆ ਹੈ। ਗੁਰੂ ਨਾਨਕ ਸਾਹਿਬ (ਬਾਰਹਮਾਹ ਤੁਖਾਰੀ) ਵਾਂਗ ਇਸ ਵਿਚ ਗੁਰੂ ਅਰਜਨ ਸਾਹਿਬ ਮਨੁਖ ਨੂੰ ਸਮਝਾਉਂਦੇ ਹਨ ਕਿ ਜਿਹੜਾ ਮਨੁਖ ਪ੍ਰਭੂ ਦਾ ਆਸਰਾ ਲੈਂਦਾ ਹੈ, ਉਸ ਲਈ ਸਾਰੇ ਦਿਨ ਇਕੋ ਜਿਹੇ ਅਤੇ ਚੰਗੇ ਹੁੰਦੇ ਹਨ। ਜਿਹੜੇ ਪ੍ਰਭੂ ਦੇ ਨਾਮ ਨੂੰ ਸਿਮਰਦੇ ਹਨ, ਉਨ੍ਹਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਨਾਮ ਨੂੰ ਹਿਰਦੇ ਵਿਚ ਵਸਾਉਣ ਸਦਕਾ ਉਹ ਮਾਇਕੀ ਤ੍ਰਿਸ਼ਨਾ ਦੇ ਬੁਰੇ ਪ੍ਰਭਾਵ ਤੋਂ ਬਚ ਜਾਂਦੇ ਹਨ।
ਜਿਨਿ ਜਿਨਿ ਨਾਮੁ ਧਿਆਇਆ   ਤਿਨ ਕੇ ਕਾਜ ਸਰੇ
ਹਰਿ ਗੁਰੁ ਪੂਰਾ ਆਰਾਧਿਆ   ਦਰਗਹ ਸਚਿ ਖਰੇ
ਸਰਬ ਸੁਖਾ ਨਿਧਿ ਚਰਣ ਹਰਿ   ਭਉਜਲੁ ਬਿਖਮੁ ਤਰੇ
ਪ੍ਰੇਮ ਭਗਤਿ ਤਿਨ ਪਾਈਆ   ਬਿਖਿਆ ਨਾਹਿ ਜਰੇ
ਕੂੜ ਗਏ  ਦੁਬਿਧਾ ਨਸੀ   ਪੂਰਨ ਸਚਿ ਭਰੇ
ਪਾਰਬ੍ਰਹਮੁ ਪ੍ਰਭੁ ਸੇਵਦੇ   ਮਨ ਅੰਦਰਿ ਏਕੁ ਧਰੇ
ਮਾਹ ਦਿਵਸ ਮੂਰਤ ਭਲੇ   ਜਿਸ ਕਉ ਨਦਰਿ ਕਰੇ
ਨਾਨਕੁ ਮੰਗੈ ਦਰਸ ਦਾਨੁ   ਕਿਰਪਾ ਕਰਹੁ ਹਰੇ ॥੧੪॥੧॥
-ਗੁਰੂ ਗ੍ਰੰਥ ਸਾਹਿਬ ੧੩੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੇ ਅਖੀਰਲੇ ਪਦੇ ਵਿਚ ਦੱਸਿਆ ਗਿਆ ਹੈ ਕਿ ਜਿਸ-ਜਿਸ ਨੇ ਵੀ ਪ੍ਰਭੂ ਦੇ ਨਾਮ-ਸਿਮਰਨ ਦੇ ਰੂਪ ਵਿਚ ਉਸ ਪ੍ਰਭੂ ਨੂੰ ਹਮੇਸ਼ਾ ਧਿਆਨ ਵਿਚ ਰੱਖਿਆ ਹੈ, ਉਨ੍ਹਾਂ ਦੇ ਸਾਰੇ ਕਾਰਜ ਕਾਮਯਾਬੀ ਨਾਲ ਮੁਕੰਮਲ ਹੋ ਗਏ ਹਨ। ਅਰਥਾਤ, ਪ੍ਰਭੂ ਦੀ ਯਾਦ ਵਿਚ ਹੀ ਜੀਵਨ ਦੀ ਕਾਮਯਾਬੀ ਦਾ ਰਾਜ਼ ਹੈ। ਫਿਰ ਦੱਸਿਆ ਗਿਆ ਹੈ ਕਿ ਜਿਸ ਨੇ ਉਸ ਪ੍ਰਭੂ ਦੇ ਹੀ ਰੂਪ, ਪੂਰੇ ਗੁਰੂ ਨੂੰ ਅਰਾਧਿਆ ਹੈ, ਭਾਵ ਉਸ ਦੀ ਸਿੱਖਿਆ ਅਨੁਸਾਰ ਜੀਵਨ ਬਸਰ ਕੀਤਾ ਹੈ, ਉਹ ਪ੍ਰਭੂ ਦੀ ਸੱਚ ਰੂਪ ਦਰਗਾਹ ਵਿਚ ਭਲੇ ਇਨਸਾਨ ਸਮਝੇ ਜਾਂਦੇ ਹਨ। ਅਰਥਾਤ, ਪ੍ਰਭੂ ਦੀ ਸਿੱਖਿਆ ਰੂਪ ਹੁਕਮ ਵਿਚ ਰਹਿਣ ਵਾਲੇ ਲੋਕ ਸੱਚ ਦੇ ਨੁਕਤੇ ਤੋਂ ਭਲੇ ਪੁਰਸ਼ ਸਮਝੇ ਜਾਂਦੇ ਹਨ।

ਚਰਨ, ਭਾਵ ਪੈਰ ਜੀਵਨ-ਜਾਚ ਦੇ ਪ੍ਰਤੀਕ ਹਨ। ਇਥੇ ਦੱਸਿਆ ਗਿਆ ਹੈ ਕਿ ਪ੍ਰਭੂ ਦੀ ਰਜਾ ਵਾਲੀ ਜੀਵਨ-ਜਾਚ ਸਾਰੇ ਸੁਖਾਂ ਦੀ ਜਮਾਂ ਪੂੰਜੀ ਹੈ। ਇਸ ਪੂੰਜੀ ਨਾਲ ਸਾਗਰ ਜਹੇ ਡਰਾਉਣੇ ਜੀਵਨ ਪੰਧ ਵੀ ਪਾਰ ਹੋ ਜਾਂਦੇ ਹਨ। ਅਰਥਾਤ, ਪ੍ਰਭੂ ਦੇ ਹੁਕਮ ਵਿਚ ਹਰ ਮੁਸ਼ਕਲ ਹੱਲ ਹੋ ਜਾਂਦੀ ਹੈ। 

ਪ੍ਰਭੂ ਦੇ ਹੁਕਮ ਵਿਚ ਜੀਵਨ ਬਸਰ ਕਰਨ ਵਾਲੇ ਲੋਕਾਂ ਦੇ ਮਨ ਵਿਚ ਪਿਆਰ ਅਤੇ ਆਸਥਾ ਦਾ ਵਾਸਾ ਹੋ ਜਾਂਦਾ ਹੈ, ਜਿਸ ਕਰਕੇ ਉਨ੍ਹਾਂ ਨੂੰ ਬੁਰਾਈ ਦੀ ਅੱਗ ਵਿਚ ਸੜਨਾ ਨਹੀਂ ਪੈਂਦਾ। ਉਹ ਗਲਤ ਜੀਵਨ-ਜਾਚ ਵਿਚ ਫਸਣ ਤੋਂ ਬਚ ਜਾਂਦੇ ਹਨ। 

ਫਿਰ ਦੱਸਿਆ ਗਿਆ ਹੈ ਕਿ ਪ੍ਰਭੂ ਦੇ ਗਿਆਨ-ਸਰੂਪ ਹੁਕਮ ਵਿਚ ਆਉਣ ਨਾਲ ਜਾਂ ਜੀਵਨ ਜੀਣ ਨਾਲ ਮਨ ਦਾ ਅਗਿਆਨ ਦੂਰ ਹੋ ਗਿਆ ਤੇ ਉਸ ਅਗਿਆਨ ਕਾਰਣ ਪੈਦਾ ਹੋਈ ਦੁਵਿਧਾ ਦੌੜ ਗਈ ਹੈ। ਏਨਾ ਹੀ ਨਹੀਂ, ਉਨ੍ਹਾਂ ਦੇ ਮਨ ਪੂਰਨ ਸੱਚ ਨਾਲ ਭਰ ਗਏ ਹਨ। ਉਨ੍ਹਾਂ ਨੂੰ ਸਭ ਕਾਸੇ ਦੀ ਮੁਕੰਮਲ ਸੋਝੀ ਹੋ ਗਈ ਹੈ।

ਮੁਕੰਮਲ ਸੋਝੀ ਪ੍ਰਾਪਤ ਹੋਣ ਨਾਲ ਹੁਣ ਉਹ ਪਰਮ ਹਸਤੀ ਪ੍ਰਭੂ ਨੂੰ ਹਮੇਸ਼ਾ ਯਾਦ ਰਖਦੇ ਹਨ, ਭਾਵ ਉਸ ਦਾ ਸਿਮਰਨ ਕਰਦੇ ਰਹਿੰਦੇ ਹਨ। ਇਸ ਦੇ ਇਲਾਵਾ ਉਹ ਇਧਰ-ਉਧਰ ਦੀ ਭਟਕਣ ਵਿਚ ਨਹੀਂ ਪੈਂਦੇ। ਸਿਰਫ ਉਸ ਪ੍ਰਭੂ ਦੇ ਸੱਚੇ ਨਾਮ ’ਤੇ ਹੀ ਆਪਣਾ ਯਕੀਨ ਬਣਾ ਕੇ ਰਖਦੇ ਹਨ। ਕਿਸੇ ਹੋਰ ਦੀ ਝਾਕ ਨਹੀਂ ਰਖਦੇ।

ਉੱਪਰ ਦੱਸੇ ਅਨੁਸਾਰ ਜਿਨ੍ਹਾਂ ਉੱਤੇ ਅਜਿਹੀ ਸੂਝ-ਬੂਝ ਵਾਲੀ ਜੀਵਨ-ਜਾਚ ਦੀ ਪ੍ਰਭੂ ਮਿਹਰ ਕਰ ਦਿੰਦਾ ਹੈ ਜਾਂ ਜਿਨ੍ਹਾਂ ਨੂੰ ਪ੍ਰਭੂ ਆਪਣੀ ਦੇਖ-ਰੇਖ ਹੇਠ ਕਰ ਲੈਂਦਾ ਹੈ, ਉਨ੍ਹਾਂ ਦੇ ਮਨ ਵਿਚੋਂ ਹਰ ਤਰ੍ਹਾਂ ਦੇ ਵਹਿਮ-ਭਰਮ ਦੂਰ ਹੋ ਜਾਂਦੇ ਹਨ। ਉਨ੍ਹਾਂ ਲਈ ਸਾਰੇ ਮਹੀਨੇ, ਦਿਨ ਅਤੇ ਮਹੂਰਤ ਆਦਿ ਚੰਗੇ ਹੋ ਜਾਂਦੇ ਹਨ। ਅਰਥਾਤ, ਉਨ੍ਹਾਂ ਦੇ ਮਨਾਂ ਦੇ ਸਾਰੇ ਸ਼ੰਕੇ ਅਤੇ ਵਹਿਮ-ਭਰਮ ਮਿਟ ਜਾਂਦੇ ਹਨ।

ਇਸ ਬਾਣੀ ਅਤੇ ਇਸ ਸ਼ਬਦ ਦੀ ਆਖਰੀ ਤੁਕ ਵਿਚ ‘ਨਾਨਕ’ ਪਦ ਦੀ ਵਰਤੋਂ ਕਰ ਕੇ ਗੁਰੂ ਸਾਹਿਬ ਵੱਲੋਂ ਉੱਪਰ ਦੱਸੇ ਗੁਣਾ ਵਾਲੀ ਹਸਤੀ, ਅਰਥਾਤ ਪ੍ਰਭੂ ਦੇ ਦਰਸ਼ਨ ਦੀ ਦਾਤ ਮੰਗੀ ਗਈ ਹੈ। ਉਸ ਹਰੀ-ਪ੍ਰਭੂ ਨੂੰ ਆਪਣੇ ਦਰਸ਼ਨ ਦੇਣ ਦੀ ਕਿਰਪਾ, ਅਰਥਾਤ ਮਿਹਰ ਕਰਨ ਦੀ ਇੱਛਾ ਪ੍ਰਗਟ ਕੀਤੀ ਗਈ ਹੈ। ਉਸ ਦੀ ਮਿਹਰ ਤੋਂ ਬਿਨਾਂ ਉਸ ਦੇ ਦਰਸ਼ਨ ਨਸੀਬ ਨਹੀਂ ਹੁੰਦੇ। ਪ੍ਰਭੂ ਦੇ ਦਰਸ਼ਨ ਵਿਚ ਹੀ ਉਸ ਦਾ ਦਰਸ਼ਨ, ਅਰਥਾਤ ਗਿਆਨ ਹੈ, ਜਿਸ ਨਾਲ ਜੀਵਨ ਸੰਵਰਦਾ ਤੇ ਸੁਖਮਈ ਹੋ ਜਾਂਦਾ ਹੈ। 
Tags