ਮਾਘ ਦੇ ਮਹੀਨੇ ਵਿਚ ਵੀ ਬਹੁਤ ਠੰਡ ਹੁੰਦੀ ਹੈ। ਇਸ ਮਹੀਨੇ ਵਿਚ ਤੀਰਥ-ਸਥਾਨਾਂ ’ਤੇ ਜਾ ਕੇ ਇਸ਼ਨਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਇਸ ਮਹੀਨੇ ਰਾਹੀਂ ਪਾਤਸ਼ਾਹ ਉਪਦੇਸ਼ ਕਰਦੇ ਹਨ ਕਿ ਜਿਹੜਾ ਮਨੁਖ ਸਾਧ-ਸੰਗਤ ਅਤੇ ਗੁਰ-ਸ਼ਬਦ ਰਾਹੀਂ ਪ੍ਰਭੂ ਦੀ ਸਿਫਤਿ-ਸਾਲਾਹ ਕਰਦਾ ਹੈ, ਉਹ ਉੱਚੇ-ਸੁੱਚੇ ਜੀਵਨ ਵਾਲਾ ਹੋ ਜਾਂਦਾ ਹੈ। ਜਿਵੇਂ ਉਸ ਨੇ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੋਵੇ। ਇਸ ਸੱਚੇ-ਮਾਰਗ ’ਤੇ ਚੱਲਣ ਵਾਲੇ ਮਨੁਖ ਨੂੰ ਧਰਮ-ਕਰਮ ਪ੍ਰਮਾਣਤ ਅਠਾਹਠ ਤੀਰਥਾਂ ਦੇ ਇਸ਼ਨਾਨ, ਪੁੰਨ-ਦਾਨ, ਜੀਵਾਂ ’ਤੇ ਦਇਆ ਆਦਿ ਵਰਗੇ ਕਰਮਾਂ ਦੀ ਮੁਥਾਜੀ ਨਹੀਂ ਰਹਿੰਦੀ। ਜੋ ਫਲ ਇਨ੍ਹਾਂ ਕਰਮਾਂ ਰਾਹੀਂ ਪ੍ਰਾਪਤ ਹੁੰਦੇ ਮੰਨੇ ਜਾਂਦੇ ਹਨ, ਉਹ ਫਲ ਉਸ ਮਨੁਖ ਨੂੰ ਸੁਤੇ ਹੀ ਮਿਲ ਜਾਂਦੇ ਹਨ।
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥
ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥
ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥
ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥
-ਗੁਰੂ ਗ੍ਰੰਥ ਸਾਹਿਬ ੧੩੫-੧੩੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਭਾਰਤੀ ਸੱਭਿਆਚਾਰ ਵਿਚ ਲੋਕ ਮਾਘ ਮਹੀਨੇ ਵਿਚ ਤੜਕੇ ਉਠਕੇ ਇਸ਼ਨਾਨ ਕਰਨ ਨੂੰ ਚੰਗਾ ਮੰਨਦੇ ਹਨ। ਪਰ ਇਸ ਸ਼ਬਦ ਵਿਚ ਮਾਘ ਮਹੀਨੇ ਦੇ ਹਵਾਲੇ ਨਾਲ ਦੇਹੀ ਇਸ਼ਨਾਨ ਦੀ ਬਜਾਏ ਅਧਿਆਤਮਕ ਇਸ਼ਨਾਨ ਕਰਨ ਬਾਰੇ ਆਦੇਸ਼ ਕੀਤਾ ਗਿਆ ਹੈ। ਅਜਿਹਾ ਇਸ਼ਨਾਨ ਰੱਬੀ ਰਜ਼ਾ ਵਿਚ ਰਹਿਣ ਵਾਲੇ ਸਾਧੂ-ਜਨਾਂ ਦੀ ਸੰਗਤ ਵਿਚ ਹੁੰਦਾ ਹੈ। ਫਿਰ ਦੱਸਿਆ ਗਿਆ ਹੈ ਕਿ ਦੇਹੀ ਦਾ ਇਸ਼ਨਾਨ ਤਾਂ ਪਾਣੀ ਨਾਲ ਹੁੰਦਾ ਹੈ, ਪਰ ਇਹ ਅਧਿਆਤਮਕ ਇਸ਼ਨਾਨ ਪਾਣੀ ਦੀ ਬਜਾਏ ਸਾਧੂ-ਜਨਾਂ ਦੀ ਚਰਨ ਧੂੜ ਨਾਲ ਕੀਤਾ ਜਾਂਦਾ ਹੈ। ਇਥੇ ਸਾਧੂ-ਜਨਾ ਦੀ ਚਰਨ ਧੂੜ ਉਨ੍ਹਾਂ ਦੇ ਪੈਰਾਂ ਹੇਠਲੀ ਮਿੱਟੀ ਨਹੀਂ ਹੈ, ਬਲਕਿ ਇਹ ਉਨ੍ਹਾਂ ਦੇ ਜੀਵਨ-ਜਾਚ ਵਿਚੋਂ ਮਿਲਣ ਵਾਲੀ ਸਿੱਖਿਆ ਦੀ ਸੰਕੇਤਕ ਹੈ। ਸਾਧੂ-ਜਨਾਂ ਦੀ ਸੰਗਤ ਕਰਕੇ, ਉਨ੍ਹਾਂ ਦੀ ਜੀਵਨ-ਜਾਚ ਦਾ ਅਨੁਭਵ ਕਰਕੇ ਜੀਣਾ ਹੀ ਅਧਿਆਤਮਕ ਇਸ਼ਨਾਨ ਹੈ।
ਇਸ ਅਧਿਆਤਮਕ ਇਸ਼ਨਾਨ ਦਾ ਦੂਜਾ ਪਖ ਇਹ ਹੈ ਕਿ ਸਾਧੂਆਂ ਦੀ ਸੰਗਤ ਕਰਦੇ ਹੋਏ ਉਸ ਪ੍ਰਭੂ ਦੀ ਯਾਦ ਵਿਚ ਹਮੇਸ਼ਾ ਧਿਆਨ ਲਗਾਈ ਰੱਖਣਾ ਚਾਹੀਦਾ ਹੈ ਤੇ ਉਸ ਦੇ ਨਾਮ ਰੂਪ ਬਾਣੀ ਨੂੰ ਸੁਣ ਕੇ ਬਿਨਾਂ ਵਿਤਕਰਾ ਕੀਤੇ ਹਰ ਲੋੜਵੰਦ ਦੀ ਮਦਦ ਕਰਦੇ ਰਹਿਣਾ ਚਾਹੀਦਾ ਹੈ।
ਅਜਿਹੇ ਸਿਮਰਨ ਰੂਪ ਇਸ਼ਨਾਨ ਅਤੇ ਲੋੜਵੰਦ ਲੋਕਾਂ ਦੀ ਬਿਨਾਂ ਵਿਤਕਰਾ ਮਦਦ ਕਰਦੇ ਰਹਿਣ ਨਾਲ ਇਸ ਜਨਮ ਦੇ ਕੀਤੇ ਹੋਏ ਕਰਮਾਂ ਦੀ ਬੁਰਾਈ ਮਿਟ ਜਾਂਦੀ ਹੈ। ਇਸ ਨਾਲ ਅਗਿਆਨਤਾ ਵੱਸ ਮਨ ਵਿਚ ਪੈਦਾ ਹੋਇਆ ਹੰਕਾਰ ਵੀ ਦੂਰ ਹੋ ਜਾਂਦਾ ਹੈ। ਮਨ ਨਿਰਮਲ ਹੋ ਜਾਂਦਾ ਹੈ।
ਉਪਰੋਕਤ ਕਿਸਮ ਦੇ ਇਸ਼ਨਾਨ ਨਾਲ ਮਨ ਨੂੰ ਕਾਮ, ਕ੍ਰੋਧ ਅਤੇ ਮੋਹ ਆਦਿ ਪ੍ਰੇਸ਼ਾਨ ਨਹੀਂ ਕਰਦੇ। ਇਥੋਂ ਤਕ ਕਿ ਮਨ ਵਿਚੋਂ ਕੁੱਤਾ ਬਿਰਤੀ ਲੋਭ ਵੀ ਖਤਮ ਹੋ ਜਾਂਦਾ ਹੈ। ਮਨੁਖ ਦਾ ਮਨ ਨਿਰਮਲ ਹੋ ਜਾਂਦਾ ਹੈ।
ਨਿਰਮਲ ਚਿੱਤ ਹੋਇਆ ਇਨਸਾਨ ਜਦ ਸੱਚ ਦੇ ਰਾਹ ’ਤੇ ਚਲਦਾ ਹੈ, ਅਰਥਾਤ ਏਨਾ ਸਾਫ ਤੇ ਸਪਸ਼ਟ ਹੁੰਦਾ ਹੈ ਕਿ ਉਸ ਤੋਂ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਜਾਂ ਦੁਖ-ਤਕਲੀਫ ਨਹੀਂ ਹੁੰਦੀ। ਇਸ ਲਈ ਸਾਰੇ ਲੋਕ ਅਜਿਹੇ ਇਨਸਾਨ ਦੀ ਸਿਫਤ-ਸ਼ਲਾਘਾ ਹੀ ਕਰਦੇ ਹਨ। ਉਸ ਦਾ ਕੋਈ ਵੀ ਬੁਰਾ ਨਹੀਂ ਲੋਚਦਾ।
ਉੱਪਰ ਦੱਸੇ ਅਨੁਸਾਰ ਸੱਚਾ-ਸੁੱਚਾ ਜੀਵਨ ਜੀਣ ਵਾਲਾ ਮਨੁਖ ਹਰ ਜੀਵ ਪ੍ਰਤੀ ਦਇਆਵਾਨ ਹੋ ਕੇ ਵਿਚਰਦਾ ਹੈ। ਉਸ ਦਾ ਇਹੀ ਦਇਆ-ਭਾਵ ਅਠਾਹਟ ਤੀਰਥਾਂ ’ਤੇ ਇਸ਼ਨਾਨ ਕਰਨ ਦੇ ਸਮੁੱਚੇ ਮਹਾਤਮ ਦੇ ਬਰਾਬਰ ਸਮਝਿਆ ਜਾਂਦਾ ਹੈ। ਅਰਥਾਤ, ਜੀਵਨ ਪ੍ਰਤੀ ਦਇਆ ਰੱਖਣਾ ਸਮੁੱਚੇ ਤੀਰਥਾਂ ਦੀ ਯਾਤਰਾ ਦੇ ਤੁੱਲ ਹੈ।
ਫਿਰ ਇਸ ਦਇਆ-ਭਾਵ ਦਾ ਏਨਾ ਮਹਾਤਮ ਦੱਸਿਆ ਗਿਆ ਹੈ ਕਿ ਜਿਸ ਕਿਸੇ ਨੂੰ ਵੀ ਪ੍ਰਭੂ ਦਇਆ ਕਰਕੇ ਆਪਣਾ ਇਹੀ ਗੁਣ, ਅਰਥਾਤ ਦਇਆ-ਭਾਵ, ਬਖਸ਼ ਦਿੰਦਾ ਹੈ, ਅਸਲ ਵਿਚ ਉਹੀ ਮਨੁਖ ਸੂਝਵਾਨ ਹੁੰਦਾ ਹੈ। ਪ੍ਰਭੂ ਦਾ ਵੱਡਾ ਗੁਣ ਦਇਆ ਹੈ। ਉਹ ਜਿਸ ’ਤੇ ਵੀ ਦਇਆ ਕਰਦਾ ਹੈ, ਉਸ ਨੂੰ ਦਇਆਵਾਨਤਾ ਹੀ ਬਖਸ਼ਦਾ ਹੈ।
ਫਿਰ ‘ਨਾਨਕ’ ਪਦ ਦੀ ਮੁਹਰ ਲਾ ਕੇ ਗੁਰੂ ਸਾਹਿਬ ਦੱਸਦੇ ਹਨ ਕਿ ਜਿਨ੍ਹਾਂ ਨੂੰ ਵੀ ਆਪਣਾ ਮਾਲਕ ਪ੍ਰਭੂ ਮਿਲ ਪਿਆ ਹੈ, ਉਨ੍ਹਾਂ ਲਈ ਸਭ ਕੁਝ ਕੁਰਬਾਨ ਹੈ। ਅਰਥਾਤ, ਉਨ੍ਹਾਂ ਤੋਂ ਉੱਪਰ ਕੁਝ ਨਹੀਂ ਹੈ। ਉਹ ਬੜੇ ਮਹਾਨ ਹਨ। ਇਥੇ ਇਹ ਗੱਲ ਵੀ ਧਿਆਨ ਦੇਣ ਜੋਗ ਹੈ ਕਿ ਪ੍ਰਭੂ ਨੂੰ ਆਪਣਾ ਕਿਹਾ ਗਿਆ ਹੈ। ਇਸ ਦਾ ਮਤਲਬ ਹੈ ਕਿ ਪ੍ਰਭੂ ਕਿਸੇ ਲਈ ਵੀ ਕੋਈ ਹੋਰ, ਗੈਰ ਜਾਂ ਪਰਾਇਆ ਨਹੀਂ। ਹਰ ਕਿਸੇ ਦਾ ਅਸਲ ਆਪਾ ਜਾਂ ਆਪਣਾਪਣ ਪ੍ਰਭੂ ਦਾ ਹੀ ਅੰਸ਼ ਹੈ। ਇਸ ਲਈ ਕਿਸੇ ਦਾ ਆਪਣੇ ਅਸਲ ਆਪੇ ਨਾਲ ਮਿਲਣਾ ਪ੍ਰਭੂ-ਮਿਲਾਪ ਹੀ ਹੈ। ਜਿਨ੍ਹਾਂ ਨੂੰ ਇਹ ਸੋਝੀ ਹੋ ਗਈ ਹੈ, ਉਹ ਧੰਨਤਾਜੋਗ ਹਨ।
ਉੱਪਰ ਦੱਸੀ ਅਵਸਥਾ ਗੁਰੂ ਦੀ ਸਿੱਖਿਆ ਉੱਤੇ ਅਮਲ ਕੀਤਿਆਂ ਹੀ ਪ੍ਰਾਪਤ ਹੁੰਦੀ ਹੈ। ਇਸ ਲਈ ਇਸ ਪਦੇ ਦੇ ਅਖੀਰ ਵਿਚ ਫਿਰ ਮਾਘ ਮਹੀਨੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਪਾਣੀਆਂ ਵਿਚ ਇਸ਼ਨਾਨ ਕਰਨ ਨਾਲ ਦੇਹੀ ਦੀ ਮੈਲ ਉਤਰਦੀ ਹੈ, ਮਨ ਦੀ ਮੈਲ ਨਹੀਂ ਉਤਰਦੀ। ਸੁੱਚਾ ਉਹੀ ਹੁੰਦਾ ਹੈ, ਜਿਸ ਦੇ ਮਨ ਦੀ ਮੈਲ ਉਤਰ ਗਈ ਹੋਵੇ। ਇਸ ਲਈ ਸੁੱਚਾ ਉਸ ਨੂੰ ਹੀ ਸਮਝਣਾ ਚਾਹੀਦਾ ਹੈ, ਜਿਸ ਉੱਤੇ ਸਭ ਕੁਝ ਜਾਣਨ ਵਾਲਾ, ਮੁਕੰਮਲ ਗੁਰੂ ਮਿਹਰਬਾਨ ਹੋ ਜਾਵੇ। ਇਥੇ ਗੁਰੂ ਦੇ ਮਿਹਰਬਾਨ ਹੋਣ ਦਾ ਅਰਥ ਇਹ ਹੈ ਕਿ ਜਿਸ ਉੱਤੇ ਗੁਰੂ, ਗਿਆਨ ਦੀ ਮਿਹਰ ਕਰ ਦੇਵੇ, ਜਿਸ ਗਿਆਨ ਅਨੁਸਾਰ ਮਨੁਖ ਨਿਰਮਲ ਕਰਮ ਵਿਚ ਲੱਗ ਜਾਵੇ, ਨਿਰਮਲ ਜੀਵਨ-ਜਾਚ ਅਪਣਾਅ ਲਵੇ।