Guru Granth Sahib Logo
  
ਮੱਘਰ ਦੇ ਮਹੀਨੇ ਰਾਹੀਂ ਉਪਦੇਸ਼ ਕੀਤਾ ਗਿਆ ਹੈ ਕਿ ਜਿਹੜੇ ਜਗਿਆਸੂ ਪ੍ਰਭੂ ਦੀ ਹਜ਼ੂਰੀ ਵਿਚ ਰਹਿੰਦੇ, ਉਸ ਨੂੰ ਅੰਗ-ਸੰਗ ਮਹਿਸੂਸ ਕਰਦੇ ਅਤੇ ਗੁਰ-ਸ਼ਬਦ ਦੀ ਬਰਕਤ ਨਾਲ ਉਸ ਦੀ ਯਾਦ ਵਿਚ ਜੁੜੇ ਰਹਿੰਦੇ ਹਨ, ਉਨ੍ਹਾ ਦਾ ਤਨ-ਮਨ ਸਦਾ ਖਿੜਿਆ ਰਹਿੰਦਾ ਹੈ। ਉਹ ਸਦਾ ਚੜ੍ਹਦੀ ਕਲਾ ਵਿਚ ਵਿਚਰਦੇ ਹਨ। ਦੂਜੇ ਪਾਸੇ ਜਿਹੜੇ ਮਨੁਖ ਪ੍ਰਭੂ ਨੂੰ ਯਾਦ ਨਹੀਂ ਰਖਦੇ, ਉਹ ਸਦਾ ਦੁਖੀ ਰਹਿੰਦੇ ਹਨ।
ਮੰਘਿਰਿ ਮਾਹਿ ਸੋਹੰਦੀਆ   ਹਰਿ ਪਿਰ ਸੰਗਿ ਬੈਠੜੀਆਹ
ਤਿਨ ਕੀ ਸੋਭਾ ਕਿਆ ਗਣੀ   ਜਿ ਸਾਹਿਬਿ ਮੇਲੜੀਆਹ
ਤਨੁ ਮਨੁ ਮਉਲਿਆ ਰਾਮ ਸਿਉ   ਸੰਗਿ ਸਾਧ ਸਹੇਲੜੀਆਹ
ਸਾਧ ਜਨਾ ਤੇ ਬਾਹਰੀ   ਸੇ ਰਹਨਿ ਇਕੇਲੜੀਆਹ
ਤਿਨ ਦੁਖੁ ਕਬਹੂ ਉਤਰੈ   ਸੇ ਜਮ ਕੈ ਵਸਿ ਪੜੀਆਹ
ਜਿਨੀ ਰਾਵਿਆ ਪ੍ਰਭੁ ਆਪਣਾ   ਸੇ ਦਿਸਨਿ ਨਿਤ ਖੜੀਆਹ
ਰਤਨ ਜਵੇਹਰ ਲਾਲ ਹਰਿ   ਕੰਠਿ ਤਿਨਾ ਜੜੀਆਹ
ਨਾਨਕ ਬਾਂਛੈ ਧੂੜਿ ਤਿਨ   ਪ੍ਰਭ ਸਰਣੀ ਦਰਿ ਪੜੀਆਹ
ਮੰਘਿਰਿ  ਪ੍ਰਭੁ ਆਰਾਧਣਾ   ਬਹੁੜਿ ਜਨਮੜੀਆਹ ॥੧੦॥
-ਗੁਰੂ ਗ੍ਰੰਥ ਸਾਹਿਬ ੧੩੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਸਾਡੇ ਸਮਾਜ ਵਿਚ ਇਸਤਰੀਆਂ ਨੂੰ ਆਪਣੇ ਪਤੀਆਂ ਨਾਲ ਵਸਦੀਆਂ-ਰਸਦੀਆਂ ਨੂੰ ਹੀ ਚੰਗਾ ਸਮਝਿਆ ਜਾਂਦਾ ਹੈ। ਇਸੇ ਸੰਬੰਧ ਵਿਚ, ਮਨੁਖ ਨੂੰ ਇਸਤਰੀ ਦੇ ਰੂਪ ਵਿਚ ਚਿਤਵ ਕੇ, ਇਸ ਸ਼ਬਦ ਵਿਚ ਮੱਘਰ ਮਹੀਨੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਉਹੀ ਲੋਕ ਚੰਗੇ ਲੱਗਦੇ ਹਨ, ਜਿਨ੍ਹਾਂ ਨੇ ਇਧਰ-ਉਧਰ ਭਟਕਣ ਦੀ ਥਾਂ, ਆਪਣੇ ਮਾਲਕ ਹਰੀ-ਪ੍ਰਭੂ ਨਾਲ ਰਿਸ਼ਤਾ ਜੋੜ ਲਿਆ ਹੈ। ਭਾਵ, ਜਿਹੜੇ ਲੋਕ ਹਮੇਸ਼ਾ ਪ੍ਰਭੂ ਨੂੰ ਆਪਣੇ ਅੰਗ-ਸੰਗ ਮੰਨਦੇ ਹਨ, ਉਹ ਲੋਕ ਹੀ ਸਿਫਤ ਦੇ ਲਾਇਕ ਹੁੰਦੇ ਹਨ।

ਕੁਝ ਅਜਿਹੀਆਂ ਇਸਤਰੀਆਂ ਹੁੰਦੀਆਂ ਹਨ, ਜਿਹੜੀਆਂ ਆਪਣੇ ਪਤੀ ਨੂੰ ਪ੍ਰੇਮ ਕਰਦੀਆਂ ਹਨ ਤੇ ਜਰੂਰੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਪਤੀ ਵੀ ਉਨ੍ਹਾਂ ਨੂੰ ਪਿਆਰ ਕਰਦੇ ਹੋਣ। ਅਜਿਹੀਆਂ ਇਸਤਰੀਆਂ ਦੀ ਹਾਲਤ ਤਰਸਜੋਗ ਹੁੰਦੀ ਹੈ। ਇਸ ਸੰਬੰਧ ਵਿਚ ਇਥੇ ਦੱਸਿਆ ਗਿਆ ਹੈ ਕਿ ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਪਿਆਰ ਦੇ ਕਾਬਲ ਸਮਝ ਕੇ ਆਪਣੇ ਨਾਲ ਮਿਲਾ ਲਿਆ ਹੈ, ਉਨ੍ਹਾਂ ਦੀ ਸਿਫਤ ਦਾ ਤਾਂ ਹਿਸਾਬ ਹੀ ਨਹੀਂ ਲਾਇਆ ਜਾ ਸਕਦਾ। ਭਾਵ, ਪ੍ਰੇਮ ਉਦੋਂ ਹੀ ਮੁਕੰਮਲ ਹੁੰਦਾ ਹੈ, ਜਦ ਪ੍ਰੇਮ ਕਰਨ ਵਾਲੇ ਦੋਵੇਂ ਹੀ ਇਕ ਦੂਜੇ ਨੂੰ ਪਿਆਰ ਕਰਦੇ ਹੋਣ। ਇਹੀ ਮਕਬੂਲ ਅਤੇ ਸ਼ੋਭਨੀਕ ਪਿਆਰ ਹੁੰਦਾ ਹੈ।

ਸਾਧੂ ਮਹਾਂ-ਪੁਰਸ਼ਾਂ ਦੀ ਸੰਗਤ ਪ੍ਰਾਪਤ ਕਰਨ ਵਾਲੇ ਦੋਸਤ-ਮਿੱਤਰ ਜਨਾਂ ਦਾ ਤਨ ਅਤੇ ਮਨ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰਕੇ ਪੂਰਨ ਖੇੜੇ ਵਿਚ ਆ ਗਿਆ ਹੈ। ਭਾਵ, ਸਾਧੂ ਜਨਾਂ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਸੱਜਣਾਂ ਨੇ ਪ੍ਰਭੂ ਪ੍ਰੇਮ ਨਾਲ ਆਪਣੇ-ਆਪ ਨੂੰ ਪਰਿਪੂਰਣ ਅਤੇ ਸਮਰੱਥ ਬਣਾ ਲਿਆ ਹੈ।

ਇਸ ਦੇ ਉਲਟ, ਜਿਨ੍ਹਾਂ ਨੂੰ ਕਿਸੇ ਸਾਧੂ ਮਹਾਂ-ਪੁਰਸ਼ ਦੀ ਸਿੱਖਿਆ ਰੂਪ ਸੰਗਤ ਨਸੀਬ ਨਹੀਂ ਹੋਈ, ਉਹ ਲੋਕ ਇਕੱਲਤਾ ਦੇ ਸ਼ਿਕਾਰ ਹੋ ਜਾਂਦੇ ਹਨ। ਭਾਵ, ਉਹ ਆਪਣੀ ਪਰਿਪੂਰਣਤਾ ਜਾਂ ਭਰਪੂਰਤਾ ਵਾਲਾ ਜੀਵਨ ਨਹੀਂ ਜੀ ਸਕੇ, ਵਾਂਝੇ ਰਹਿ ਗਏ ਹਨ।

ਅਜਿਹੇ ਲੋਕਾਂ ਦਾ ਦੁਖ ਕਦੇ ਵੀ ਮਿਟ ਜਾਂ ਹਟ ਨਹੀਂ ਸਕਦਾ। ਉਹ ਲਗਾਤਾਰ ਮੌਤ ਦੇ ਦੂਤ ਦੇ ਵਸ ਵਿਚ ਪਏ ਰਹਿੰਦੇ ਹਨ। ਭਾਵ, ਉਨ੍ਹਾਂ ਨੂੰ ਹਮੇਸ਼ਾ ਮੌਤ ਦਾ ਡਰ ਹੀ ਸਤਾਈ ਰਖਦਾ ਹੈ। ਇਸ ਡਰ ਦਾ ਕੋਈ ਇਲਾਜ ਵੀ ਨਹੀਂ ਹੁੰਦਾ।

ਇਨ੍ਹਾਂ ਦੇ ਉਲਟ ਜਿਨ੍ਹਾਂ ਨੇ ਆਪਣੇ ਮਾਲਕ-ਪ੍ਰਭੂ ਨੂੰ ਯਾਦ ਕੀਤਾ ਜਾਂ ਉਸ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ, ਉਹ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ। ਅਜਿਹੀ ਚੇਤੰਨ ਅਵਸਥਾ ਉਨ੍ਹਾਂ ਦੀ ਹੁੰਦੀ ਹੈ, ਜਿਨ੍ਹਾਂ ਅੰਦਰ ਕੋਈ ਕਮੀ ਦਾ ਭਾਵ ਜਾਂ ਅਹਿਸਾਸ ਨਹੀਂ ਹੁੰਦਾ। ਜਿਹੜੇ ਆਪਣੀ ਪੂਰਨਤਾ ਵਿਚ ਰਹਿੰਦੇ ਜਾਂ ਹੁੰਦੇ ਹਨ। ਇਹੋ-ਜਿਹੀ ਚੇਤੰਨਤਾ ਪ੍ਰਭੂ ਦੇ ਪਿਆਰ ਤੇ ਮਿਲਾਪ ਨਾਲ ਹੀ ਸੰਭਵ ਹੁੰਦੀ ਹੈ।

ਜਿਸ ਤਰ੍ਹਾਂ ਧਨੀ ਲੋਕ ਆਪਣੇ ਗਲੇ ਵਿਚ ਕੀਮਤੀ ਮੋਤੀਆਂ ਦੇ ਹਾਰ ਪਹਿਨ ਲੈਂਦੇ ਹਨ। ਐਨ ਇਸੇ ਤਰ੍ਹਾਂ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰਨ ਵਾਲੇ ਲੋਕਾਂ ਦੇ ਗਲੇ ਵਿਚ ਵੀ ਹਰੀ-ਪ੍ਰਭੂ ਦਾ ਨਾਮ ਸਿਮਰਨ ਇਸ ਤਰ੍ਹਾਂ ਚਲਦਾ ਰਹਿੰਦਾ ਹੈ, ਕਿ ਜਿਵੇਂ ਕਿਸੇ ਨੇ ਗਲੇ ਵਿਚ ਕੀਮਤੀ ਰਤਨ ਅਤੇ ਜਵਾਹਰ ਆਦਿ ਦੀ ਮਾਲਾ ਪਰੋ ਕੇ ਪਾਈ ਹੋਈ ਹੋਵੇ। ਭਾਵ, ਪ੍ਰਭੂ ਦਾ ਨਾਮ-ਸਿਮਰਨ ਹੀ ਮਨੁਖ ਦੀ ਅਸਲ ਸ਼ਾਨ ਹਨ।

ਫਿਰ ‘ਨਾਨਕ’ ਪਦ ਦੀ ਵਰਤੋਂ ਕਰ ਕੇ ਗੁਰੂ ਅਰਜਨ ਸਾਹਿਬ ਦੁਆਰਾ ਉੱਪਰ ਦੱਸੇ ਉਨ੍ਹਾਂ ਸੱਜਣਾ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨ ਦੀ ਇੱਛਾ ਪ੍ਰਗਟ ਕੀਤੀ ਗਈ ਹੈ, ਜਿਨ੍ਹਾਂ ਨੇ ਪ੍ਰਭੂ ਦੇ ਦਰ ਘਰ ਵਿਖੇ ਉਸ ਦੀ ਸ਼ਰਣ ਹਾਸਲ ਕਰ ਲਈ ਹੈ। ਚਰਨ ਧੂੜ ਅਸਲ ਵਿਚ ਉਨ੍ਹਾਂ ਸੰਤ-ਜਨਾਂ ਦੀ ਜੀਵਨ-ਜਾਚ ਨੂੰ ਅਪਣਾਉਣ ਦਾ ਸੰਕੇਤ ਹੈ।

ਅਖੀਰ ਵਿਚ ਮੱਘਰ ਮਹੀਨੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਜੇ ਪ੍ਰਭੂ ਦੀ ਸੇਵਾ-ਸਿਮਰਨ ਕਰਦੇ ਹੋਏ ਜੀਵਨ ਬਸਰ ਕੀਤਾ ਜਾਵੇ ਤਾਂ ਮਨੁਖ ਨੂੰ ਜਨਮ-ਮਰਨ ਦੇ ਚੱਕਰ ਤੋਂ ਛੁਟਕਾਰਾ ਮਿਲ ਜਾਂਦਾ ਹੈ। ਭਾਵ, ਪ੍ਰਭੂ ਦੇ ਸਿਮਰਨ ਸਦਕਾ ਮਨੁਖ ਨੂੰ ਮੁੜ-ਮੁੜ ਕੇ ਜੀਣ-ਥੀਣ ਦੇ ਜੰਜਾਲ ਵਿਚ ਫਸਣਾ ਨਹੀਂ ਪੈਂਦਾ। ਉਹ ਆਪਣਾ ਜੀਵਨ ਪੂਰਨ ਖੁਸ਼ੀ ਅਤੇ ਪੂਰਨਤਾ ਨਾਲ ਬਤੀਤ ਕਰਦਾ ਹੈ।
Tags