ਇਸ ਪਦੇ ਵਿਚ ਜੀਵ ਦੇ ਪ੍ਰਭੂ ਨਾਲੋਂ ਵਿਛੋੜੇ ਕਾਰਣ ਹੋਣ ਵਾਲੀ ਭਟਕਣਾ ਅਤੇ ਦੁਖ-ਸੰਤਾਪ ਦਾ ਵਰਣਨ ਹੈ। ਵਿਛੋੜੇ ਦਾ ਮੂਲ ਕਾਰਣ ਜੀਵ ਦੇ ਕੀਤੇ ਕਰਮਾਂ ਨੂੰ ਮੰਨਦਿਆਂ
ਸਤਿਗੁਰੂ ਅੱਗੇ
ਨਾਮ ਦੀ ਬਖਸ਼ਿਸ਼ ਕਰਨ ਅਤੇ ਪ੍ਰਭੂ ਨਾਲ ਮਿਲਾਪ ਕਰਵਾ ਦੇਣ ਦੀ ਅਰਦਾਸ-ਬੇਨਤੀ ਕੀਤੀ ਗਈ ਹੈ।
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥
ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥
ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥
ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥
ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥
ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥
ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥
ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥
ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥
-ਗੁਰੂ ਗ੍ਰੰਥ ਸਾਹਿਬ ੧੩੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮਨੁਖ ਨੂੰ ਸ੍ਰੇਸ਼ਟ ਮਨੁਖ ਬਣਾ ਕੇ ਜਾਗ੍ਰਿਤ ਸਮਾਜ ਦੀ ਸਿਰਜਣਾ ਕਰਨਾ ਗੁਰਮਤਿ ਦਾ ਪਰਮ ਉਦੇਸ਼ ਹੈ। ਇਸ ਉਦੇਸ਼ ਲਈ ਗੁਰਮਤਿ ਵਿਚ ਹਰ ਉਪਰਾਲਾ ਕੀਤਾ ਗਿਆ ਹੈ ਤੇ ਹਰ ਮਾਧਿਅਮ ਦੀ ਵਰਤੋਂ ਹੋਈ ਹੈ। ਕਾਵਿ-ਰੂਪ ਬਾਰਹਮਾਹਾ ਦੀ ਵਰਤੋਂ ਵੀ ਇਸ ਉਦੇਸ਼ ਲਈ ਹੀ ਕੀਤੀ ਗਈ ਹੈ।
ਬਾਣੀ ਵਿਚ ਥਾਂ-ਥਾਂ ਦੱਸਿਆ ਗਿਆ ਹੈ ਕਿ ਮਨੁਖ ਦਾ ਮਕਸਦ ਪ੍ਰਭੂ ਨੂੰ ਮਿਲਣਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪ੍ਰਭੂ ਮਨੁਖ ਦੇ ਅੰਦਰ ਹੀ ਹੈ। ਉਸ ਨੂੰ ਮਿਲਣ ਦਾ ਸਾਧਨ ਨਿਰਮਲ ਕਰਮ ਹਨ। ਪਰ ਮਨੁਖ ਬੇਸਮਝੀ ਕਾਰਣ ਅਜਿਹੇ ਕਰਮ ਕਰ ਬੈਠਦਾ ਹੈ ਕਿ ਉਹ ਪ੍ਰਭੂ ਤੋਂ ਵਿੱਛੜਿਆ ਰਹਿੰਦਾ ਹੈ। ਇਸ ਪਦੇ ਵਿਚ ਅਜਿਹੇ ਮਨੁਖ ਦੀ ਅਰਦਾਸ ਹੈ ਜਿਹੜਾ ਆਪਣੇ ਕੀਤੇ ਹੋਏ ਕਰਮਾਂ ਕਾਰਣ ਪ੍ਰਭੂ ਤੋਂ ਵਿੱਛੜਿਆ ਹੋਇਆ ਹੈ ਤੇ ਹੁਣ ਉਹ ਅਰਦਾਸ ਕਰਦਾ ਹੈ ਕਿ ਹੇ ਸਤਿਗੁਰੂ ਜੀ ਮਿਹਰਬਾਨੀ ਕਰਕੇ ਉਸ ਨੂੰ ਪ੍ਰਭੂ ਦਾ ਮਿਲਾਪ ਕਰਵਾ ਦਿਓ।
ਉਹ ਮਨੁਖ ਆਪਣੇ ਵਲਵਲੇ ਜਾਹਰ ਕਰਦਾ ਹੋਇਆ ਕਹਿੰਦਾ ਹੈ ਕਿ ਉਹ ਪ੍ਰਭੂ ਦੀ ਭਾਲ ਵਿਚ ਵਿਸ਼ਵ ਦੇ ਚਾਰੇ ਕੋਨੇ ਤੇ ਦਸੇ ਦਿਸ਼ਾਵਾਂ ਵਿਚ ਘੁੰਮ ਕੇ ਦੇਖ ਚੁੱਕਿਆ ਹੈ ਤੇ ਹੁਣ ਥੱਕ-ਹਾਰ ਕੇ ਪ੍ਰਭੂ ਦੀ ਸ਼ਰਨ ਵਿਚ ਚਲਿਆ ਗਿਆ ਹੈ। ਭਾਵ, ਉਸ ਨੇ ਹਰ ਜਤਨ ਕਰ ਕੇ ਦੇਖ ਲਿਆ ਹੈ ਤੇ ਹੁਣ ਪ੍ਰਭੂ ਦੀ ਮਿਹਰ ’ਤੇ ਹੀ ਨਿਰਭਰ ਹੈ।
ਦੱਸਿਆ ਗਿਆ ਹੈ ਕਿ ਪ੍ਰਭੂ-ਮਿਲਾਪ ਦੇ ਬਗੈਰ ਉਸ ਨੂੰ ਆਪਣਾ-ਆਪ ਅਜਿਹੀ ਗਊ ਜਿਹਾ ਲੱਗਦਾ ਹੈ, ਜਿਹੜੀ ਦੁੱਧ ਨਾ ਦੇਣ ਕਾਰਣ ਕਿਸੇ ਕੰਮ ਨਹੀਂ ਆਉਂਦੀ। ਭਾਵ, ਜਿਸ ਦੇ ਹੋਣ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੈ।
ਉਸ ਨੂੰ ਆਪਣਾ-ਆਪ ਅਜਿਹਾ ਮਹਿਸੂਸ ਹੁੰਦਾ ਹੈ, ਜਿਵੇਂ ਪਾਣੀ ਬਿਨਾਂ ਹਰੀ-ਭਰੀ ਫਸਲ ਕੁਮਲਾ ਜਾਂਦੀ ਹੈ ਤੇ ਫਿਰ ਉਸ ਦੀ ਕੀਮਤ ਨਹੀਂ ਪੈਂਦੀ। ਭਾਵ, ਉਸ ਦਾ ਮੁੱਲ ਨਹੀਂ ਵੱਟਿਆ ਜਾ ਸਕਦਾ ਤੇ ਉਸ ਦਾ ਕਿਸੇ ਨੂੰ ਕੋਈ ਲਾਭ ਨਹੀਂ ਹੁੰਦਾ।
ਜਿਸ ਵੀ ਪਿਆਰੇ ਨੂੰ ਆਪਣੇ ਮਾਲਕ-ਪ੍ਰਭੂ ਦਾ ਮੇਲ ਪ੍ਰਾਪਤ ਨਾ ਹੋਵੇ ਤਾਂ ਉਹ ਕਿਸ ਤਰ੍ਹਾਂ ਚੈਨ ਮਹਿਸੂਸ ਕਰ ਸਕਦਾ ਹੈ? ਭਾਵ, ਪਿਆਰੇ ਨੂੰ ਮਿਲਣ ਬਿਨਾਂ ਉਸ ਦਾ ਮਨ ਬੇਚੈਨ ਹੀ ਰਹਿੰਦਾ ਹੈ।
ਜਿਸ ਹਿਰਦੇ ਅੰਦਰ ਮਾਲਕ-ਪ੍ਰਭੂ ਮਹਿਸੂਸ ਨਹੀਂ ਹੁੰਦਾ, ਉਸ ਹਿਰਦੇ ਵਾਲੀ ਦੇਹੀ ਅੱਗ ਵਿਚ ਸੜ ਰਹੇ ਪਿੰਡ ਜਾਂ ਸ਼ਹਿਰ ਵਰਗੀ ਹੁੰਦੀ ਹੈ। ਭਾਵ, ਉਥੇ ਪਿਆਰ ਦੇ ਅਹਿਸਾਸ ਦੀ ਬਿਲਕੁਲ ਅਣਹੋਂਦ ਹੁੰਦੀ ਹੈ।
ਜਿਸ ਦੇ ਹਿਰਦੇ ਵਿਚ ਪਿਆਰਾ ਮਾਲਕ ਪ੍ਰਭੂ ਮਹਿਸੂਸ ਨਹੀਂ ਹੁੰਦਾ, ਉਸ ਦੀ ਹਾਲਤ ਉਸ ਇਸਤਰੀ ਜਿਹੀ ਹੁੰਦੀ ਹੈ, ਜਿਸ ਦਾ ਪਿਆਰਾ ਸੱਜਣ ਘਰੇ ਨਾ ਹੋਵੇ। ਕਿਉਂਕਿ ਅਜਿਹੀ ਇਸਤਰੀ ਦਾ ਸਾਰਾ ਸ਼ਿੰਗਾਰ ਅਤੇ ਰਸੀਲੇ ਪਾਨ ਆਦਿ, ਸਮੇਤ ਉਸ ਦੀ ਦੇਹੀ ਦੇ, ਸਭ ਕੁਝ ਫਜ਼ੂਲ ਹੁੰਦਾ ਹੈ।
ਜਿਹੜੇ ਆਪਣੇ ਮਾਲਕ ਪ੍ਰਭੂ ਤੋਂ ਵਿਛੜੇ ਹੋਏ ਹਨ, ਉਨ੍ਹਾਂ ਦੀ ਹਾਲਤ ਵੀ ਅਜਿਹੀ ਹੈ, ਜਿਵੇਂ ਪਤੀ ਦੇ ਵਿਛੋੜੇ ਵਿਚ ਸਾਰੇ ਮਿੱਤਰ ਦੋਸਤ ਜਮਦੂਤਾਂ ਜਿਹੇ ਡਰਾਉਣੇ ਪ੍ਰਤੀਤ ਹੁੰਦੇ ਹਨ। ਭਾਵ, ਆਪਣੇ ਪਿਆਰੇ ਬਿਨਾਂ ਕੋਈ ਵੀ ਚੰਗਾ ਨਹੀਂ ਲੱਗਦਾ।
ਫਿਰ ‘ਨਾਨਕ’ ਪਦ ਦੀ ਵਰਤੋਂ ਕਰ ਕੇ ਗੁਰੂ ਸਹਿਬ ਦੁਆਰਾ ਬੇਨਤੀ ਕੀਤੀ ਗਈ ਹੈ ਕਿ ਪ੍ਰਭੂ ਹੀ ਮਿਹਰ ਕਰੇ ਤੇ ਆਪਣਾ ਨਾਮ ਦੇ ਦੇਵੇ। ਕਿਉਂਕਿ ਨਾਮ ਹੀ ਹੈ, ਜਿਸ ਸਦਕਾ ਪ੍ਰਭੂ ਨਾਲ ਮਿਲਾਪ ਪ੍ਰਾਪਤ ਕੀਤਾ ਜਾ ਸਕਦਾ ਹੈ।
ਅਖੀਰ ਵਿਚ ਫਿਰ ਬੇਨਤੀ ਦੁਹਰਾਈ ਗਈ ਹੈ ਕਿ ਹਮੇਸ਼ਾ-ਹਮੇਸ਼ਾ ਲਈ ਪੱਕੇ ਟਿਕਾਣੇ ਵਾਲਾ ਪ੍ਰਭੂ ਹੀ ਕਿਰਪਾ ਕਰੇ ਤੇ ਆਪਣੇ ਦੱਸੇ ਹੋਏ ਨਾਮ ਸਦਕਾ ਆਪਣਾ ਮਿਲਾਪ ਬਖਸ਼ ਦੇਵੇ।