ਇਸ ਸ਼ਬਦ ਵਿਚ ਗੁਰੂ ਅਰਜਨ ਸਾਹਿਬ ਨੇ ਬਸੰਤ ਰੁੱਤ ਦੇ ਉਤਸਵਮਈ ਤੇ ਸੁਹਾਵਣੇ ਮੌਸਮ ਦੇ ਰੂਪਕ ਨੂੰ ਸੰਦੇਸ਼ ਦੇਣ ਲਈ ਵਰਤਿਆ ਹੈ। ਇਸ ਵਿਚ ਦੱਸਿਆ ਹੈ ਕਿ ਜਦੋਂ ਤੋਂ ਮੈਂ ਗੁਰ-ਸ਼ਬਦ ਦਾ ਗਿਆਨ ਪ੍ਰਾਪਤ ਕਰ ਕੇ ਪ੍ਰਭੂ ਦੇ ਗੁਣ ਗਾਉਣੇ ਸ਼ੁਰੂ ਕੀਤੇ ਹਨ, ਮੇਰਾ ਹਿਰਦਾ ਬਸੰਤ ਦੀ ਸੁਹਾਵਣੀ ਰੁੱਤ ਵਾਂਗ ਖਿੜ ਪਿਆ ਹੈ। ਹਿਰਦੇ ਵਿਚ ਹੋਲੀ ਉਤਸਵ ਵਾਲੇ ਅਨੰਦ ਬਣ ਗਏ ਹਨ। ਮੈਂ ਸੇਵਾ ਨੂੰ ਹੀ ਹੋਲੀ ਬਣਾ ਲਿਆ ਹੈ। ਮਨ ਹਰ ਵੇਲੇ ਪ੍ਰਫੁੱਲਤ ਹੋਇਆ ਰਹਿੰਦਾ ਹੈ। ਦੁਖ ਤੇ ਸੁਖ ਇਕ ਸਮਾਨ ਪ੍ਰਤੀਤ ਹੋ ਰਹੇ ਹਨ।
ਬਸੰਤੁ ਮਹਲਾ ੫ ਘਰੁ ੧ ਦੁਤੁਕੇ
ੴ ਸਤਿਗੁਰ ਪ੍ਰਸਾਦਿ ॥
ਗੁਰੁ ਸੇਵਉ ਕਰਿ ਨਮਸਕਾਰ ॥ ਆਜੁ ਹਮਾਰੈ ਮੰਗਲਚਾਰ ॥
ਆਜੁ ਹਮਾਰੈ ਮਹਾ ਅਨੰਦ ॥ ਚਿੰਤ ਲਥੀ ਭੇਟੇ ਗੋਬਿੰਦ ॥੧॥
ਆਜੁ ਹਮਾਰੈ ਗ੍ਰਿਹਿ ਬਸੰਤ ॥ ਗੁਨ ਗਾਏ ਪ੍ਰਭ ਤੁਮੑ ਬੇਅੰਤ ॥੧॥ ਰਹਾਉ ॥
ਆਜੁ ਹਮਾਰੈ ਬਨੇ ਫਾਗ ॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥
ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥੨॥
ਮਨੁ ਤਨੁ ਮਉਲਿਓ ਅਤਿ ਅਨੂਪ ॥ ਸੂਕੈ ਨਾਹੀ ਛਾਵ ਧੂਪ ॥
ਸਗਲੀ ਰੂਤੀ ਹਰਿਆ ਹੋਇ ॥ ਸਦ ਬਸੰਤ ਗੁਰ ਮਿਲੇ ਦੇਵ ॥੩॥
ਬਿਰਖੁ ਜਮਿਓ ਹੈ ਪਾਰਜਾਤ ॥ ਫੂਲ ਲਗੇ ਫਲ ਰਤਨ ਭਾਂਤਿ ॥
ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ ॥ ਜਨ ਨਾਨਕ ਹਰਿ ਹਰਿ ਹਰਿ ਧਿਆਇ ॥੪॥੧॥
-ਗੁਰੂ ਗ੍ਰੰਥ ਸਾਹਿਬ ੧੧੮੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਦੱਖਣੀ-ਏਸ਼ੀਆਈ ਦੇਸ਼ਾਂ ਵਿਚ ਸਮੇਂ ਦਾ ਹਿਸਾਬ ਮੌਸਮੀ ਤਬਦੀਲੀ ਨਾਲ ਰਖਿਆ ਜਾਂਦਾ ਹੈ ਤੇ ਮੌਸਮ ਨੂੰ ਹੀ ਰੁੱਤ ਕਿਹਾ ਜਾਂਦਾ ਹੈ। ਭਾਰਤ ਦੇ ਸੰਦਰਭ ਵਿਚ ਗੱਲ ਕੀਤੀ ਜਾਵੇ ਤਾਂ ਇਥੇ ਸਾਲ ਵਿਚ ਛੇ ਵਾਰ ਮੌਸਮ ਬਦਲਦਾ ਹੈ ਤੇ ਇਹੀ ਛੇ ਰੁੱਤਾਂ ਹਨ। ਬੇਸ਼ੱਕ ਹਰ ਰੁੱਤ ਦਾ ਆਪੋ-ਆਪਣਾ ਮਹੱਤਵ ਹੈ, ਪਰ ਬਸੰਤ ਰੁੱਤ ਸਮੇਂ ਬਨਸਪਤੀ ਦੁਲਹਨ ਵਾਂਗ ਸਜ ਜਾਂਦੀ ਹੈ। ਬਸੰਤ ਰੁੱਤ ਦੌਰਾਨ ਚਾਰੇ ਪਾਸੇ ਵੰਨ-ਸੁਵੰਨੇ ਰੰਗਾਂ ਦੇ ਫੁੱਲ ਨਜ਼ਰ ਆਉਂਦੇ ਹਨ ਤੇ ਸਾਰਾ ਵਾਤਾਵਰਣ ਸੁਗੰਧੀਆਂ ਨਾਲ ਇਸ ਕਦਰ ਮਹਿਕ ਉੱਠਦਾ ਹੈ ਕਿ ਮਨ ਵਿਚ ਅਲੋਕਾਰ ਚਾਅ ਪੈਦਾ ਹੋ ਜਾਂਦਾ ਹੈ।
ਇਕ ਚਾਅ ਉਹ ਹੁੰਦਾ ਹੈ, ਜੋ ਬਸੰਤ ਜਿਹੇ ਬਾਹਰੀ ਖੇੜੇ ਦੇ ਦ੍ਰਿਸ਼ ਦੇਖ ਕੇ ਉਪਜਦਾ ਹੈ। ਦੂਜਾ ਚਾਅ ਉਹ ਹੁੰਦਾ ਹੈ, ਜਿਹੜਾ ਮਨ ਵਿਚਲੇ ਪ੍ਰੇਮ-ਭਾਵ ਕਾਰਣ ਉਪਜਦਾ ਹੈ। ਇਸ ਚਾਅ ਕਾਰਣ ਚਾਰੇ ਪਾਸੇ ਬਸੰਤ ਜਿਹੇ ਅਲੌਕਿਕ ਦ੍ਰਿਸ਼ ਸਾਕਾਰ ਹੋ ਗਏ ਪ੍ਰਤੀਤ ਹੁੰਦੇ ਹਨ। ਜਿਵੇਂ ਬਸੰਤ ਰੁੱਤ ਨੇ ਆਪਣੇ ਤਮਾਮ ਰੰਗ ਧਰਤੀ ’ਤੇ ਡੋਲ੍ਹ ਦਿੱਤੇ ਹੋਣ ਤੇ ਆਪਣੀ ਮਹਿਕ ਵਾਤਾਵਰਣ ਵਿਚ ਘੋਲ ਦਿੱਤੀ ਹੋਵੇ।
ਖੇੜਾ ਚਾਹੇ ਸਾਡੇ ਅੰਦਰ ਹੋਵੇ ਚਾਹੇ ਬਾਹਰ, ਇਕ ਹੀ ਗੱਲ ਹੈ। ਸਾਡੇ ਸਾਹਾਂ ਵਾਂਗ ਬਾਹਰੀ ਖੇੜਾ ਸਾਡੇ ਅੰਦਰ ਵਰਤ ਜਾਂਦਾ ਹੈ ਤੇ ਅੰਦਰਲਾ ਚਾਅ ਬਾਹਰ ਖਿੜ ਜਾਂਦਾ ਹੈ। ਅਸਲ ਵਿਚ ਅੰਦਰ ਬਾਹਰ ਇਕ ਹੀ ਹੈ।
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੇ ਇਸ ਸ਼ਬਦ ਰਾਹੀਂ, ਹਿਰਦੇ ਵਿਚ ਉਪਜੇ ਪ੍ਰਭੂ-ਮਿਲਾਪ ਦੇ ਚਾਅ ਨੂੰ ਬਸੰਤ ਰੁੱਤ ਦੇ ਆਗਮਨ ਅਤੇ ਅਲੌਕਿਕ ਖੇੜੇ ਦੇ ਪਰਿਆਇ ਵਿਚ ਪੇਸ਼ ਕੀਤਾ ਹੈ। ਪਾਤਸ਼ਾਹ ਨੇ ਅਜਿਹੇ ਸੋਹਲ ਮਨੋਭਾਵ ਪ੍ਰਗਟ ਕੀਤੇ ਹਨ, ਜਿਵੇਂ ਬਸੰਤ ਆਗਮਨ ਦਾ ਚਾਅ ਹਰ ਜੀਅ-ਜੰਤ ਦੇ ਦਿਲ ਦੀ ਸਾਂਝੀ ਤਰੰਗ ਬਣ ਗਿਆ ਹੋਵੇ।
ਪਾਤਸ਼ਾਹ ਦੱਸਦੇ ਹਨ ਕਿ ਅੱਜ ਹਿਰਦੇ ਸਮੇਤ ਹਰ ਪਾਸੇ ਉਤਸਵ ਦਾ ਵਾਤਾਵਰਨ ਬਣ ਗਿਆ ਹੈ, ਕਿਉਂਕਿ ਮੈਂ ਆਪਣੇ ਇਸ਼ਟ, ਗੁਰਦੇਵ ਅੱਗੇ ਬੜੇ ਹੀ ਨਿਮਰ ਅਤੇ ਸੇਵਾ-ਭਾਵ ਵਿਚ ਨਮਸਕਾਰ ਕੀਤਾ ਹੈ। ਪ੍ਰਭੂ ਦੇ ਮਿਲਾਪ ਕਾਰਣ ਹਿਰਦੇ ਵਿਚ ਮਹਾਂ-ਅਨੰਦ ਦੇ ਅਹਿਸਾਸ ਏਨੇ ਪ੍ਰਬਲ ਹੋ ਗਏ ਹਨ ਕਿ ਜਿਵੇਂ ਮਨ ਦੀ ਹਰ ਚਿੰਤਾ ਮਿਟ ਗਈ ਹੋਵੇ।
ਰਹਾਉ ਵਾਲੀ ਤੁਕ ਵਿਚ ਪਾਤਸ਼ਾਹ ਪ੍ਰਭੂ ਨੂੰ ਸੰਬੋਧਤ ਹੁੰਦੇ ਹੋਏ ਆਖਦੇ ਹਨ ਕਿ ਹੇ ਪ੍ਰਭੂ! ਤੇਰੇ ਗੁਣ ਗਾਉਣ ਸਦਕਾ ਮੇਰਾ ਹਿਰਦਾ ਇਵੇਂ ਖਿੜ ਉੱਠਿਆ ਹੈ, ਜਿਵੇਂ ਹਿਰਦੇ ਅੰਦਰ ਬਸੰਤ ਦੀ ਸੁਹਾਵਣੀ ਰੁੱਤ ਦਾ ਆਗਮਨ ਹੋ ਗਿਆ ਹੋਵੇ।
ਅੱਜ ਸਾਰੇ ਪਾਸੇ ਇਸ ਤਰ੍ਹਾਂ ਹੈ, ਜਿਵੇਂ ਫੱਗਣ ਮਹੀਨੇ ਦੇ ਫਾਗ ਜਾਂ ਹੋਲੀ ਉਤਸਵ ਵਾਲੇ ਅਨੰਦ ਬਣ ਗਏ ਹੋਣ। ਬਨਸਪਤੀ ਮੌਲ ਪਈ ਹੋਵੇ ਤੇ ਕਾਇਨਾਤ ਵਿਚ ਗੁਲਾਲ ਛਿੜਕਿਆ ਗਿਆ ਹੋਵੇ। ਇਸ ਰੰਗਲੇ ਵਾਤਾਵਰਣ ਵਿਚ ਪ੍ਰਭੂ ਦੇ ਗੁਣ ਗਾਉਣ ਵਾਲੇ ਸੰਗੀਆਂ-ਸਾਥੀਆਂ ਨਾਲ ਮਿਲ ਕੇ ਮਨ ਸੇਵਾ ਰੂਪੀ ਹੋਲੀ ਖੇਡ ਰਿਹਾ ਹੈ।
ਫਿਰ ਪਾਤਸ਼ਾਹ ਹੋਲੀ ਦੇ ਤਿਉਹਾਰ ਦਾ ਦ੍ਰਿਸ਼ ਚਿਤਵਦੇ ਅਤੇ ਚਿਤਰਦੇ ਹਨ ਕਿ ਪ੍ਰਭੂ ਦੇ ਸੰਗੀ ਸੰਤ-ਜਨਾਂ ਪ੍ਰਤੀ ਪ੍ਰੇਮ ਭਰੀ ਸੇਵਾ-ਭਾਵਨਾ ਹੀ ਮੇਰੇ ਲਈ ਹੋਲੀ ਬਣ ਗਈ ਹੈ। ਉਨ੍ਹਾਂ ਦੀ ਸੰਗਤ ਸਦਕਾ ਮੇਰੇ ਮਨ-ਮਸਤਕ ਵਿਚ ਪ੍ਰਭੂ ਦੇ ਪ੍ਰੇਮ ਦਾ ਗੂੜ੍ਹਾ ਰੰਗ ਚੜ੍ਹ ਗਿਆ ਹੈ।
ਪ੍ਰਭੂ-ਪਿਆਰ ਅਤੇ ਸੇਵਾ-ਭਾਵ ਕਾਰਣ ਮਨ ਅਤੇ ਤਨ ਆਪਣੇ ਪਰਿਪੂਰਣ ਰੂਪ ਵਿਚ ਇਸ ਤਰ੍ਹਾਂ ਖਿੜ ਉੱਠੇ ਹਨ ਕਿ ਇਨ੍ਹਾਂ ਦੀ ਕਿਸੇ ਚੀਜ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ। ਮਨ ਦਾ ਇਹ ਖੇੜਾ ਏਨਾ ਮੌਲਿਕ ਹੈ ਕਿ ਜਿਸ ਉੱਤੇ ਹਾਲਾਤ ਜਾਂ ਸਮੇਂ ਦੇ ਕਿਸੇ ਤਰ੍ਹਾਂ ਦੇ ਵੀ ਪ੍ਰਭਾਵ ਜਾਂ ਦੁਰਭਾਵ ਪੈਣ ਦਾ ਖਦਸ਼ਾ ਨਹੀਂ ਰਹਿੰਦਾ।
ਪ੍ਰਭੂ-ਪਿਆਰ ਅਤੇ ਸੇਵਾ-ਭਾਵ ਸਦਕਾ ਬਸੰਤ ਦੀ ਰੁੱਤ ਵਰਗਾ ਖੇੜਾ ਮੇਰੇ ਤਨ-ਮਨ ਵਿਚ ਸਦੀਵੀ ਰੂਪ ਵਿਚ ਵਸ ਗਿਆ ਹੈ। ਹੁਣ ਮਨ ਹਰ ਵੇਲੇ ਹਰਿਆ-ਭਰਿਆ ਮਹਿਸੂਸ ਕਰਦਾ ਹੈ। ਜੀਵਨ ਦੇ ਕਿਸੇ ਉਤਰਾਅ-ਚੜ੍ਹਾਅ ਵਿਚ ਮੁਰਝਾਉਂਦਾ ਨਹੀਂ, ਉਦਾਸ ਨਹੀਂ ਹੁੰਦਾ।
ਇਸ ਅਵਸਥਾ ਨੂੰ ਪਾਤਸ਼ਾਹ ਮਿਥਿਹਾਸਕ ਸਮੁੰਦਰ ਮੰਥਨ ਵਿਚੋਂ ਪ੍ਰਾਪਤ ਹੋਏ ਪਾਰਜਾਤ ਰੁੱਖ ਨਾਲ ਉਪਮਾ ਦਿੰਦੇ ਹੋਏ ਦੱਸਦੇ ਹਨ ਕਿ ਇਸ ਨਾਮ ਰੂਪੀ ਰੁੱਖ ਨੂੰ ਅਨੂਠੀ ਕਿਸਮ ਦੇ ਵੰਨ-ਸੁਵੰਨੇ ਦੈਵੀ-ਗੁਣ ਰੂਪੀ ਫਲ ਲੱਗ ਰਹੇ ਹਨ।
ਅਖੀਰ ਵਿਚ ਪਾਤਸ਼ਾਹ ਨੇ ਦੱਸਿਆ ਹੈ ਕਿ ਪ੍ਰਭੂ ਦੇ ਪਿਆਰ ਅਤੇ ਮਿਲਾਪ ਕਾਰਣ ਪ੍ਰਾਪਤ ਹੋਈ ਬਸੰਤ, ਫੱਗਣ ਅਤੇ ਹੋਲੀ ਜਿਹੀ ਮੌਲਿਕ ਅਵਸਥਾ ਵਿਚ ਪਿਆਰੇ ਪ੍ਰਭੂ ਨੂੰ ਲਗਾਤਾਰ ਅਤੇ ਵਾਰ-ਵਾਰ ਧਿਆਨ ਵਿਚ ਵਸਾ ਕੇ ਅਤੇ ਉਸ ਦੇ ਗੁਣ ਗਾਇਨ ਕਰਦਿਆਂ ਏਨੀ ਤ੍ਰਿਪਤੀ ਮਹਿਸੂਸ ਹੁੰਦੀ ਹੈ ਕਿ ਮਨ ਸੰਪੂਰਨ ਰੂਪ ਵਿਚ ਪ੍ਰਫੁੱਲਤ ਹੋਇਆ ਮਹਿਸੂਸ ਕਰਦਾ ਹੈ।