‘ਆਰਤੀ’ ਰੂਪ ਵਿਚ ਉਚਾਰਣ ਕੀਤੇ ਇਸ
ਸ਼ਬਦ ਵਿਚ ਭਗਤ ਸੈਣ ਜੀ ਦੱਸਦੇ ਹਨ ਕਿ ਪ੍ਰਭੂ ਦੀ ‘ਆਰਤੀ’ ਥਾਲ ਵਿਚ ਧੂਫ, ਦੀਪ, ਘਿਓ ਆਦਿ ਸਜਾ ਕੇ ਨਹੀਂ, ਬਲਕਿ ਪ੍ਰਭੂ ਤੋਂ ਸਦਕੇ ਜਾਣ ਅਤੇ ਉਸ ਦਾ
ਮੰਗਲਮਈ ਜਸ ਗਾਉਣ ਨਾਲ ਹੁੰਦੀ ਹੈ। ਅਜਿਹੀ ‘ਆਰਤੀ’ ਭਾਵ, ਪ੍ਰਭੂ ਦੇ ਜਸ ਸਦਕਾ ਹੀ ਜਗਿਆਸੂ ਦਾ ਜੀਵਨ ਮੰਗਲਮਈ ਤੇ ਸਫਲ ਹੋ ਸਕਦਾ ਹੈ।
ਸ੍ਰੀ ਸੈਣੁ ॥
ਧੂਪ ਦੀਪ ਘ੍ਰਿਤ ਸਾਜਿ ਆਰਤੀ ॥
ਵਾਰਨੇ ਜਾਉ ਕਮਲਾਪਤੀ ॥੧॥
ਮੰਗਲਾ ਹਰਿ ਮੰਗਲਾ ॥
ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥
ਊਤਮੁ ਦੀਅਰਾ ਨਿਰਮਲ ਬਾਤੀ ॥
ਤੁਹਂੀ ਨਿਰੰਜਨੁ ਕਮਲਾਪਾਤੀ ॥੨॥
ਰਾਮਾ ਭਗਤਿ ਰਾਮਾਨੰਦੁ ਜਾਨੈ ॥
ਪੂਰਨ ਪਰਮਾਨੰਦੁ ਬਖਾਨੈ ॥੩॥
ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥
ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥
-ਗੁਰੂ ਗ੍ਰੰਥ ਸਾਹਿਬ ੬੯੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਆਰਤੀ ਸ਼ਬਦ ਦਾ ਮੂਲ ਅਰਥ ਹਨੇਰੇ ਵਿਚ ਚਾਨਣ ਕਰਨਾ ਹੈ। ‘ਜੋ ਬ੍ਰਹਿਮੰਡੇ ਸੋਈ ਪਿੰਡੇ’ ਦੇ ਵਿਚਾਰ ਅਨੁਸਾਰ ਦੀਪਕ ਜਗਾਉਣ ਨਾਲ, ਬਾਹਰਲੇ ਚਾਨਣ ਦੇ ਇਲਾਵਾ, ਮਨ ਦਾ ਹਨੇਰਾ ਦੂਰ ਕਰਨ ਦੀ ਚਾਹਤ ਵੀ ਜਾਗਦੀ ਹੈ। ਪਰ ਸਿਰਫ ਦੀਪਕ ਬਾਲਣ ਨਾਲ ਮਨ ਦਾ ਹਨੇਰਾ ਨਹੀਂ ਮਿਟ ਸਕਦਾ। ਮਨ ਦਾ ਹਨੇਰਾ ਮੇਟਣ ਦੀ ਚਾਹਤ ਨੇ ਗਿਆਨ ਮਾਰਗ ਵੱਲ ਵਧਣਾ ਹੁੰਦਾ ਹੈ। ਜੇ ਅਜਿਹਾ ਕੋਈ ਜਤਨ ਨਾ ਹੋਵੇ ਤੇ ਇਹ ਰਸਮ ਫੋਕਟ ਕਰਮ ਬਣ ਕੇ ਹੀ ਰਹਿ ਜਾਵੇ ਤਾਂ ਇਹ ਨਿਰਾਰਥਕ ਰਸਮ ਬਣ ਕੇ ਰਹਿ ਜਾਂਦੀ ਹੈ।
ਇਸ ਸੰਦਰਭ ਵਿਚ ਭਗਤ ਸੈਣ ਜੀ ਦੱਸਦੇ ਹਨ ਕਿ ਅਕਸਰ ਧੂਫ, ਦੀਪਕ ਅਤੇ ਘਿਉ ਆਦਿ ਸਮੱਗਰੀ ਤਿਆਰ ਕਰਕੇ ਆਰਤੀ, ਭਾਵ ਮਨ ਦਾ ਹਨੇਰਾ ਦੂਰ ਕਰਨ ਦੀ ਚਾਹਤ ਦੀ ਲਖਾਇਕ ਇਕ ਰਸਮ ਅਦਾ ਕੀਤੀ ਜਾਂਦੀ ਹੈ।
ਪਰ ਭਗਤ ਸੈਣ ਜੀ ਮਾਇਆ ਦੇ ਮਾਲਕ ਪ੍ਰਭੂ ਨੂੰ ਮੁਖਾਤਬ ਹੋ ਕੇ ਕਹਿੰਦੇ ਹਨ ਕਿ ਹੇ ਪ੍ਰਭੂ ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ, ਤੇਰੇ ਅੱਗੇ ਆਪਣਾ-ਆਪ ਸਮਰਪਣ ਕਰਦਾ ਹਾਂ। ਤੇਰੇ ਅੱਗੇ ਸਮਰਪਣ ਕਰਨਾ ਹੀ ਮੇਰੇ ਲਈ ਧੂਫ, ਦੀਪਕ ਅਤੇ ਘਿਉ ਆਦਿ ਸਮੱਗਰੀ ਤਿਆਰ ਕਰਕੇ ਕੀਤੀ ਆਰਤੀ ਹੈ। ਭਾਵ, ਕੋਈ ਕਿਰਿਆ-ਕਰਮ ਜਾਂ ਰਸਮ ਕਰਨ ਦੀ ਬਜਾਏ ਪ੍ਰਭੂ ਤੋਂ ਬਲਿਹਾਰ ਜਾਣ ਅਤੇ ਉਸ ਦੇ ਮੰਗਲਮਈ ਜਸ ਗਾਉਣ ਨੂੰ ਹੀ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।
ਫਿਰ ਭਗਤ ਜੀ ਪ੍ਰਭੂ ਨੂੰ ਮੁਖਾਤਬ ਹੋ ਕੇ ਆਪਣੇ ਸਮਰਪਣ ਦੀ ਖੁਸ਼ੀ ਸਾਂਝੀ ਕਰਦੇ ਹੋਏ ਕਹਿ ਰਹੇ ਹਨ ਕਿ ਹੇ ਹਰੀ-ਪ੍ਰਭੂ ਮੈਂ ਆਪ ਜੀ ਦੇ ਮੰਗਲਮਈ ਗੀਤ ਗਾਉਂਦਾ ਹਾਂ। ਮੈਂ ਸਦਾ ਆਪ ਜੀ ਦੇ ਮੰਗਲਮਈ ਗੀਤ ਗਾਉਂਦਾ ਹਾਂ। ਹੁਣ ਸਭ ਕੁਝ ਬੜਾ ਸ਼ੁਭ-ਸ਼ੁਭ ਅਤੇ ਕਲਿਆਣਕਾਰੀ ਹੋ ਗਿਆ ਹੈ। ਭਾਵ, ਅਸਲ ਵਿਚ ਮਹਾਨ ਖੁਸ਼ੀ ਅਤੇ ਖੇੜੇ ਦਾ ਇਹ ਸਦੀਵੀ ਭਾਵ ਸ੍ਰਿਸ਼ਟੀ ਦੇ ਮਾਲਕ ਵਿਆਪਕ ਪ੍ਰਭੂ ਦੀ ਹੀ ਦੇਣ ਹੈ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।
ਮਨ ਦਾ ਹਨੇਰਾ ਦੂਰ ਕਰਨ ਵਾਲੀ ਆਰਤੀ ਵਜੋਂ ਜਗਣ ਵਾਲਾ ਦੀਵਾ ਬੜੀ ਉੱਚੀ ਕਿਸਮ ਦਾ ਹੈ ਤੇ ਉਸ ਦੀਵੇ ਵਿਚ ਜਗਣ ਵਾਲੀ ਬੱਤੀ ਵੀ ਬੜੀ ਪਵਿੱਤਰ ਹੈ। ਮਾਇਆ ਰੂਪ ਸ੍ਰਿਸ਼ਟੀ ਦੇ ਮਾਲਕ ਹੇ ਪ੍ਰਭੂ! ਤੂੰ ਹੀ ਹਨੇਰੇ ਤੋਂ ਦੂਰ ਰਹਿਣ ਵਾਲਾ ਤੇ ਹਨੇਰੇ ਮਨ ਨੂੰ ਚਾਨਣ ਦੇਣ ਵਾਲਾ ਹੈਂ। ਭਾਵ, ਸ੍ਰਿਸ਼ਟੀ ਨੂੰ ਚਾਨਣ ਦੇਣ ਵਾਲਾ ਅਸਲ ਦੀਵਾ ਤੇ ਉਸ ਵਿਚ ਜਗਣ ਵਾਲੀ ਬੱਤੀ ਪ੍ਰਭੂ ਆਪ ਹੀ ਹੈ।
ਫਿਰ ਭਗਤ ਸੈਣ ਜੀ ਦੱਸਦੇ ਹਨ ਕਿ ਜਿਹੜਾ ਮਨੁਖ ਹਰ ਵੇਲੇ ਸੱਚੇ ਦਿਲੋਂ ਉਸ ਵਿਆਪਕ ਪ੍ਰਭੂ ਦੇ ਗੁਣ ਗਾਉਂਦਾ ਹੈ, ਉਹ ਸਦਾ ਉਸ ਪ੍ਰਭੂ ਦੇ ਮਿਲਾਪ ਦਾ ਅਨੰਦ ਮਾਣਦਾ ਰਹਿੰਦਾ ਹੈ।
ਇਥੇ ਰਾਮਾਨੰਦੁ ਸ਼ਬਦ ਤੋਂ ਕੋਈ ਸਮਝ ਸਕਦਾ ਹੈ ਕਿ ਸ਼ਾਇਦ ਭਗਤ ਜੀ ਆਪਣੇ ਗੁਰਦੇਵ ਭਗਤ ਰਾਮਾਨੰਦ ਜੀ ਵੱਲ ਸੰਕੇਤ ਕਰ ਰਹੇ ਹਨ। ਬੇਸ਼ੱਕ ਇਹ ਇਤਿਹਾਸਕ ਸਚਾਈ ਹੈ ਕਿ ਭਗਤ ਰਾਮਾਨੰਦ ਜੀ ਭਗਤ ਸੈਣ ਜੀ ਦੇ ਗੁਰਦੇਵ ਸਨ। ਪਰ ਕਾਵਿ ਦੀ ਪ੍ਰਕਿਰਤੀ ਦੇ ਜਾਣੂੰ ਜਾਣਦੇ ਹਨ ਕਿ ਕਾਵਿ ਰਹੱਸ ਦੇ ਬੂਹੇ ਇਤਿਹਾਸ ਦੀ ਬਜਾਏ, ਗਿਆਨ ਰਾਹੀਂ, ਦਰਸ਼ਨਿਕ ਦਰਬਾਰ ਵਿਚ ਖੁੱਲਦੇ ਹਨ।
ਅਖੀਰ ਵਿਚ ਭਗਤ ਸੈਣ ਜੀ ਕਹਿੰਦੇ ਹਨ ਕਿ ਹੇ ਮੇਰੇ ਮਨ! ਪਰਮ ਅਨੰਦ ਦੇਣ ਵਾਲੇ ਪ੍ਰਭੂ ਦਾ ਸਿਮਰਨ ਕਰ। ਕਿਉਂਕਿ ਉਹ ਪ੍ਰੇਮ ਦਾ ਮੁਜੱਸਮਾ ਤੇ ਸ਼੍ਰਿਸ਼ਟੀ ਨੂੰ ਜਾਣਨ ਵਾਲਾ ਮਾਲਕ-ਪ੍ਰਭੂ ਆਪ ਹੀ ਇਸ ਭਵ-ਸਾਗਰ ਜਿਹੇ ਜੀਵਨ ਵਿਚੋਂ ਸਫਲਤਾ ਪੂਰਬਕ ਪਾਰ ਕਰਕੇ ਅਨੰਦ ਬਖਸ਼ਣ ਵਾਲਾ ਹੈ।