ਗੁਰੂ ਨਾਨਕ ਸਾਹਿਬ ਦੁਆਰਾ ਆਸਾ ਰਾਗ ਵਿਚ ਉਚਾਰਿਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੧੭ ਉਪਰ ਦਰਜ ਹੈ। ਇਸ ਦੇ ੭ ਬੰਦ ਹਨ। ‘
ਰਹਾਉ’ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਹ ਸ਼ਬਦ ਰੱਬੀ ਉਪਦੇਸ਼ ਦੇ ਨਾਲ-ਨਾਲ ਹਿੰਦੁਸਤਾਨ (ਉੱਤਰੀ ਭਾਰਤ ਦਾ ਫ਼ਾਰਸੀ ਨਾਂ) ਉੱਤੇ ਬਾਬਰ (੧੪੮੩-੧੫੩੦ ਈ.) ਦੇ ਹਮਲੇ ਦੀ ਜਾਣਕਾਰੀ ਵੀ ਦਿੰਦਾ ਹੈ।
ਇਸ ਸ਼ਬਦ ਵਿਚ ਗੁਰੂ ਨਾਨਕ ਸਾਹਿਬ ਕਥਨ ਕਰਦੇ ਹਨ ਕਿ ਅਕਾਲ ਪੁਰਖ ਦਾ ਭੇਤ ਨਹੀਂ ਪਾਇਆ ਜਾ ਸਕਦਾ। ਉਹ ਆਪ ਹੀ ਆਪਣੀ ਰਚਨਾ ਵਿਚ ਅਨੇਕ ਤਰ੍ਹਾਂ ਦੇ ਰੂਪ ਧਾਰ ਕੇ ਵਿਚਰ ਰਿਹਾ ਹੈ ਤੇ ਆਪ ਹੀ ਉਨ੍ਹਾਂ ਦੀ ਦੇਖ-ਭਾਲ ਕਰ ਰਿਹਾ ਹੈ। ਜੇ ਉਸ ਨੂੰ ਭਾਵੇ, ਉਹ ਜੀਵਾਂ ਨੂੰ ਵਡਿਆਈ ਦਿੰਦਾ ਹੈ। ਜੇ ਉਸ ਨੂੰ ਭਾਵੇ, ਉਹ ਸਜਾ ਦੇ ਦਿੰਦਾ ਹੈ। ਜੇ ਮਨੁਖ ਅਕਾਲ ਪੁਰਖ ਦੇ ਗੁਣਾਂ ਦਾ ਧਾਰਨੀ ਬਣ ਕੇ ਜੀਵੇ, ਤਾਂ ਉਸ ਨੂੰ ਦੁਖ ਨਹੀਂ ਪੋਹ ਸਕੇਗਾ।
ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ ॥
ਸੇ ਸਿਰ ਕਾਤੀ ਮੁੰਨੀਅਨਿ੍ ਗਲ ਵਿਚਿ ਆਵੈ ਧੂੜਿ ॥
ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ੍ ਹਦੂਰਿ ॥੧॥
ਆਦੇਸੁ ਬਾਬਾ ਆਦੇਸੁ ॥
ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥੧॥ ਰਹਾਉ ॥
ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ ॥
ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥
ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥੨॥
ਇਕੁ ਲਖੁ ਲਹਨਿ੍ ਬਹਿਠੀਆ ਲਖੁ ਲਹਨਿ੍ ਖੜੀਆ ॥
ਗਰੀ ਛੁਹਾਰੇ ਖਾਂਦੀਆ ਮਾਣਨਿ੍ ਸੇਜੜੀਆ ॥
ਤਿਨ੍ ਗਲਿ ਸਿਲਕਾ ਪਾਈਆ ਤੁਟਨਿ੍ ਮੋਤਸਰੀਆ ॥੩॥
ਧਨੁ ਜੋਬਨੁ ਦੁਇ ਵੈਰੀ ਹੋਏ ਜਿਨੀ੍ ਰਖੇ ਰੰਗੁ ਲਾਇ ॥
ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥
ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥੪॥
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥
ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥੫॥
ਇਕਨਾ ਵਖਤ ਖੁਆਈਅਹਿ ਇਕਨਾ੍ ਪੂਜਾ ਜਾਇ ॥
ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ ॥
ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ ॥੬॥
ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ ॥
ਇਕਨਾ੍ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥
ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ ॥੭॥੧੧॥
-ਗੁਰੂ ਗ੍ਰੰਥ ਸਾਹਿਬ ੪੧੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਡਾ. ਤ੍ਰਿਲੋਚਨ ਸਿੰਘ ਆਦਿ ਕੁਝ ਵਿਦਵਾਨਾਂ ਅਨੁਸਾਰ ਬਾਬਰ ਨੇ ਸੈਦਪੁਰ (ਐਮਨਾਬਾਦ) ਤੋਂ ਬਾਅਦ ਲਾਹੌਰ ’ਤੇ ਹਮਲਾ ਕੀਤਾ, ਜਿਸ ਦਾ ਜ਼ਿਕਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਸ਼ਬਦ ਵਿਚ ਕੀਤਾ ਜਾਪਦਾ ਹੈ। ਲਾਹੌਰ ਸ਼ਾਹੀ ਸ਼ਹਿਰ ਸੀ, ਜਿਥੇ ਅਮੀਰਜ਼ਾਦੇ, ਸ਼ਹਿਜ਼ਾਦੇ ਆਦਿ ਰਹਿੰਦੇ ਸਨ। ਇਸ ਕਰਕੇ ਇਹ ਸ਼ਹਿਰ ਅਮੀਰੀ, ਸ਼ਾਨੋ-ਸ਼ੌਕਤ, ਠਾਠ-ਬਾਠ ਅਤੇ ਐਸ਼ੋ-ਅਰਾਮ ਤੋਂ ਵੀ ਵਧਕੇ ਐਸ਼ੋ-ਇਸ਼ਰਤ ਦਾ ਸ਼ਹਿਰ ਸੀ। ਇਥੇ ਵੀ ਬਾਬਰ ਨੇ ਐਮਨਾਬਾਦ ਜਿਹੀ ਕਤਲੋਗਾਰਤ ਮਚਾ ਦਿੱਤੀ। ਸਵਾਲ ਪੈਦਾ ਹੁੰਦਾ ਹੈ ਕਿ ਐਮਨਾਬਾਦ ਵਿਚ ਹੋਈ ਕਤਲੋਗਾਰਤ ਦੇ ਗੁਰੂ ਨਾਨਕ ਸਾਹਿਬ ਚਸ਼ਮਦੀਦ ਗਵਾਹ ਸਨ, ਲਾਹੌਰ ਦਾ ਉਨ੍ਹਾਂ ਨੂੰ ਕਿਵੇਂ ਪਤਾ ਲੱਗਾ? ਕੁਝ ਲੋਕਾਂ ਦਾ ਵਿਚਾਰ ਹੈ ਕਿ ਗੁਰੂ ਸਾਹਿਬ ਆਪਣੀ ਅਲੌਕਿਕ ਦਿੱਬ ਦ੍ਰਿਸ਼ਟੀ ਰਾਹੀਂ ਸਭ ਕੁਝ ਜਾਣ ਲੈਂਦੇ ਸਨ ਤੇ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੇ ਬਾਅਦ ਵਿਚ ਲਾਹੌਰ ਜਾ ਕੇ ਕਤਲੋਗਾਰਤ ਦੇ ਹੂਬਹੂ ਮੂੰਹੋਂ ਬੋਲਦੇ ਦ੍ਰਿਸ਼ ਦੇਖੇ ਹੋਣ।
ਇਸ ਸ਼ਬਦ ਦੇ ਮੁਢ ਵਿਚ ਹੀ ਗੁਰੂ ਨਾਨਕ ਸਾਹਿਬ ਸ਼ਾਹੀ ਘਰਾਣਿਆਂ ਦੀਆਂ ਔਰਤਾਂ ਦੇ ਵਾਲਾਂ, ਸੰਧੂਰ ਅਤੇ ਕੈਂਚੀ ਰਾਹੀ ਸਾਰੀ ਗੱਲ ਕਹਿ ਦਿੰਦੇ ਹਨ। ਵਾਲਾਂ ਦੀਆਂ ਪਟੀਆਂ ਤੋਂ ਉਨ੍ਹਾਂ ਔਰਤਾਂ ਦੇ ਸ਼ਾਹੀ ਠਾਠ-ਬਾਠ ਅਤੇ ਸੁਹਜ ਦੀ ਦੱਸ ਪੈਂਦੀ ਹੈ। ਆਮ ਘਰੇਲੂ ਤੇ ਕਿਰਤੀ ਪਰਵਾਰਾਂ ਦੀਆਂ ਔਰਤਾਂ ਨੂੰ ਤਾਂ ਸਿਰ ਵਾਹੁਣ ਦੀ ਵਿਹਲ ਨਹੀਂ ਸੀ ਹੁੰਦੀ, ਜੇ ਕਿਤੇ ਵਾਹੁੰਦੀਆਂ ਵੀ ਸਨ ਤਾਂ ਵੀ ਉਨ੍ਹਾਂ ਦੇ ਵਾਲ ਰੁੱਖੇ ਅਤੇ ਖਿੰਡੇ-ਪੁੰਡੇ ਰਹਿੰਦੇ ਸਨ। ਪਰ ਇਨ੍ਹਾਂ ਅਮੀਰ ਔਰਤਾਂ ਦੇ ਵਾਲ ਇਸ ਤਰ੍ਹਾਂ ਵਾਹੇ ਹੋਏ ਹਨ ਕਿ ਇਕ ਵੀ ਵਾਲ ਰੁੱਖਾ ਅਤੇ ਖਿੰਡਿਆ ਹੋਇਆ ਨਹੀਂ ਤੇ ਇਸ ਤਰ੍ਹਾਂ ਪ੍ਰਭਾਵ ਪੈਂਦਾ ਹੈ, ਜਿਵੇਂ ਇਨ੍ਹਾਂ ਦੇ ਵਾਲ ਨਾ ਹੋਣ ਬਲਕਿ ਰੇਸ਼ਮ ਜਿਹੀਆਂ ਮੁਲਾਇਮ ਅਤੇ ਚਮਕਦੀਆਂ ਪਟੀਆਂ ਹੋਣ ਤੇ ਸੰਧੂਰ ਉਨ੍ਹਾਂ ਦੇ ਵਿਆਹੀਆਂ-ਵਰੀਆਂ ਹੋਣ ਦਾ ਸੰਕੇਤ ਹੈ। ‘ਕਾਤੀ’ ਸ਼ਬਦ ਉਨ੍ਹਾਂ ਇਸਤਰੀਆਂ ਦੇ ਸੁਹਾਗ, ਸੁਹਜ ਅਤੇ ਸ਼ਿੰਗਾਰ ਉੱਤੇ ਕਾਂਟਾ ਮਾਰਦਾ ਹੈ ਤੇ ਦੱਸਦਾ ਹੈ ਕਿ ਵਿਆਹੀਆਂ-ਵਰੀਆਂ ਤੇ ਸਜੀਆਂ-ਸੰਵਰੀਆਂ ਔਰਤਾਂ ਦੀ ਮੁਗਲ ਸੈਨਿਕਾਂ ਨੇ ਰੱਜ ਕੇ ਬੇਪਤੀ ਕੀਤੀ ਤੇ ਉਨ੍ਹਾਂ ਨੂੰ ਸ਼ਕਲੋਂ ਬੇਸ਼ਕਲ ਕਰ ਕੇ ਮਿੱਟੀ-ਘੱਟੇ ਵਿਚ ਰੋਲ਼ ਦਿੱਤਾ। ਇਥੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਸਜ ਵਿਆਹੀਆਂ ਦੀ ਬੇਪਤੀ ਦਾ ਜ਼ਿਕਰ ਕਰ ਰਹੇ ਹਨ, ਉਹ ਸ਼ਾਹੀ ਮਹਿਲਾਂ ਵਿਚ ਰਹਿੰਦਿਆਂ ਕਦੇ ਮਿੱਟੀ-ਘੱਟੇ ਦੇ ਨੇੜੇ ਨਹੀਂ ਗਈਆਂ ਹੋਣਗੀਆਂ, ਪਰ ਅੱਜ ਇਸ ਹਮਲੇ ਦੌਰਾਨ ਉਡੀ ਬੇਤਹਾਸ਼ਾ ਗਰਦ ਉਨ੍ਹਾਂ ਦੇ ਉੱਤੇ ਪੈਣ ਦੇ ਨਾਲ ਗਲ਼ੇ ਵਿਚ ਵੀ ਪੈ ਰਹੀ ਹੈ।
ਇਸ ਤੋਂ ਅੱਗੇ ‘ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿ ਹਦੂਰਿ’ ਤੁਕ ਵਿਚ ਉਨ੍ਹਾਂ ਇਸਤਰੀਆਂ ਦੀ ਮਹਿਲਾਂ ਨਾਲ ਜੁੜੀ ਹੋਈ ਅਸਤਿਤਵੀ ਹਉਂ ਵੱਲ ਸੰਕੇਤ ਕਰਦਾ ਹੈ। ਬੇਸ਼ਕ ਉਹ ਹੁਣ ਤਕ ਇਸ ਅਸਤਿਤਵੀ ਹਉਂ ਵਿਚ ਹੀ ਜ਼ਿੰਦਗੀ ਹੰਢਾਉਂਦੀਆਂ ਰਹੀਆਂ ਸਨ। ਪਰ ਹੁਣ ਉਨ੍ਹਾਂ ਨੂੰ ਆਪਣੇ ਉਨ੍ਹਾਂ ਮਹਿਲਾਂ ਦੇ ਨੇੜੇ ਬਹਿਣ ਵੀ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਣ ਉਨ੍ਹਾਂ ਔਰਤਾਂ ਦੀ ਇਹ ਅਸਤਿਤਵੀ ਹਉਂ ਬੇਵੱਸ ਹੋ ਕੇ ਚਕਨਾਚੂਰ ਹੋ ਰਹੀ ਹੈ। ਇਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦ ਉਨ੍ਹਾਂ ਔਰਤਾਂ ਨੂੰ ਮੁਗਲ ਸੈਨਿਕ ਆਪਣੀ ਅਯਾਸ਼ੀ ਲਈ ਜ਼ਬਰਦਸਤੀ ਕਿਸੇ ਪਾਸੇ ਖਿੱਚਦੇ ਹੋਣਗੇ ਤਾਂ ਉਹ ਆਪਣੇ ਮਹਿਲਾਂ ਵੱਲ ਜਾਣ ਲਈ ਜ਼ੋਰ ਲਾਉਂਦੀਆਂ ਹੋਣਗੀਆ ਤੇ ਉਨ੍ਹਾਂ ਨਾਲ ਤੁਰਨ ਦੀ ਬਜਾਏ ਬਹਿਣ ਦੀ ਕੋਸ਼ਿਸ਼ ਕਰਦੀਆਂ ਹੋਣਗੀਆਂ।
ਅਜਿਹੇ ਦਰਿੰਦਗੀ ਭਰਪੂਰ ਵਹਿਸ਼ੀ ਦੁਖਾਂਤ ਨੂੰ ਚਿਤਵ ਕੇ ਜਦ ਗੁਰੂ ਨਾਨਕ ਸਾਹਿਬ ਰੱਬ ਅੱਗੇ ‘ਆਦੇਸ’(ਨਮਸ਼ਕਾਰ) ਕਰਦੇ ਅਰਥਾਤ ਵਹਿਗੁਰੂ ਦੇ ਭਾਣੇ ਅੱਗੇ ਸਿਰ ਝੁਕਾਉਂਦੇ ਹਨ ਤਾਂ ਉਹ ਇਹ ਬਿਆਨ ਕਰਦੇ ਹਨ ਕਿ ਸ੍ਰਿਸ਼ਟੀ ਦੇ ਕਰਤੇ ਦਾ ਕਿਸੇ ਨੇ ਭੇਤ ਨਹੀਂ ਪਾਇਆ। ਇਸ ਪ੍ਰਕਾਰ ਇਨ੍ਹਾਂ ‘ਰਹਾਉ’ ਦੀਆਂ ਤੁਕਾਂ ਰਾਹੀਂ ਗੁਰੂ ਸਾਹਿਬ ਬਾਬਰ ਦੇ ਹਮਲੇ ਨੂੰ ਰੱਬੀ ਭੇਦ ਨਾਲ ਜੋੜਦੇ ਹਨ। ਇਸ ਦੇ ਨਾਲ ਹੀ ਗੁਰੂ ਸਾਹਿਬ ਦੇ ਕੋਮਲ ਹਿਰਦੇ ਅੰਦਰ ਉਨ੍ਹਾਂ ਬੇਬਸ ਔਰਤਾਂ ਪ੍ਰਤੀ ਅਥਾਹ ਸੰਵੇਦਨਾ ਦੀ ਵੀ ਦੱਸ ਪੈਂਦੀ ਹੈ। ਕੁਦਰਤ ਦਾ ਵਡਾ ਅਸੂਲ ਤਬਦੀਲੀ ਹੈ, ਜਿਸ ਕਰਕੇ ਕਿਸੇ ਚੀਜ਼ ਨੂੰ ਵੀ ਅਸੀਂ ਸਦੀਵੀ ਨਹੀਂ ਮੰਨ ਸਕਦੇ। ਸਾਨੂੰ ਹਮੇਸ਼ਾ ਯਾਦ ਰਖਣਾ ਚਾਹੀਦਾ ਹੈ ਕਿ ਜੀਵਨ ਵਿਚ ਫੇਰ ਬਦਲ ਹੋਣੇ ਹੁੰਦੇ ਹਨ, ਜਿਨ੍ਹਾਂ ਦਾ ਸਾਨੂੰ ਢੁਕਵਾਂ ਬੰਦੋਬਸਤ ਵੀ ਕਰਨਾ ਚਾਹੀਦਾ ਹੈ ਤੇ ਜਿਸ ਲਈ ਹਮੇਸ਼ਾ ਤਿਆਰ ਵੀ ਰਹਿਣਾ ਚਾਹੀਦਾ ਹੈ। ‘ਰਹਾਉ’ ਤੋਂ ਸਮਝਿਆ ਜਾਂਦਾ ਹੈ ਕਿ ਇਸ ਪੰਕਤੀ ਵਿਚਲਾ ਅਸੂਲ ਇਸ ਸ਼ਬਦ ਦਾ ਤੱਤ-ਸਾਰ ਹੈ।
‘ਰਹਾਉ’ ਦੀਆਂ ਤੁਕਾਂ ਰਾਹੀਂ ਇਸ ਸ਼ਬਦ ਦੇ ਤੱਤ-ਸਾਰ ਨੂੰ ਬਿਆਨ ਕਰਨ ਉਪਰੰਤ ਗੁਰੂ ਨਾਨਕ ਸਾਹਿਬ ਹੁਣ ਇਨ੍ਹਾਂ ਮਹਿਲਾਂ ਵਾਲੀਆਂ ਅਮੀਰ ਔਰਤਾਂ ਦੀ ਬੇਪਤੀ ਦਾ ਦ੍ਰਿਸ਼ ਚਿਤਰਦੇ ਹਨ। ਉਹ ਉਨ੍ਹਾਂ ਦੇ ਬੀਤੇ ਹੋਏ ਸਮੇਂ ਦੀ ਕਲਪਣਾ ਕਰਦੇ ਹਨ ਕਿ ਜਦ ਇਨ੍ਹਾਂ ਔਰਤਾਂ ਦੇ ਵਿਆਹ ਹੋਏ ਸਨ ਤੇ ਇਨ੍ਹਾਂ ਦੇ ਸਜ ਵਿਆਹੇ ਪਤੀ ਇਨ੍ਹਾਂ ਦੇ ਨਾਲ ਕਿੰਨੇ ਫੱਬ ਰਹੇ ਸਨ। ਇਹ ਜਿਨ੍ਹਾਂ ਡੋਲੀਆਂ ’ਤੇ ਚੜ੍ਹ ਕੇ ਆਈਆਂ ਹੋਣਗੀਆਂ, ਉਨ੍ਹਾਂ ਨੂੰ ਹਾਥੀ-ਦੰਦ ਨਾਲ ਸਜਾਇਆ ਗਿਆ ਸੀ। ਵਿਆਹ ਕੇ ਸਹੁਰੇ ਘਰ ਪਹੁੰਚਣ ਸਮੇਂ ਇਨ੍ਹਾਂ ਉਤੋਂ ਪਾਣੀ ਵਾਰਿਆ ਗਿਆ ਹੋਵੇਗਾ ਤੇ ਸ਼ਾਹੀ ਸੇਵਕ ਇਨ੍ਹਾਂ ਨੂੰ ਵਡੇ-ਵਡੇ ਹੱਥ ਪੱਖਿਆਂ ਨਾਲ ਹਵਾ ਝੱਲ ਰਹੇ ਸਨ, ਜਿਨ੍ਹਾਂ ਉੱਤੇ ਲੱਗੇ ਸਜਾਵਟੀ ਸ਼ੀਸ਼ੇ ਚਮਕਾਂ ਮਾਰ ਰਹੇ ਸਨ।
ਇਨ੍ਹਾਂ ਸਜ-ਵਿਆਹੀਆਂ ਔਰਤਾਂ ਦੇ ਇੰਨੇ ਸਗਨ ਅਤੇ ਰਸਮਾਂ ਹੋਈਆਂ ਕਿ ਇਨ੍ਹਾਂ ਨੂੰ ਬੈਠਣ ਲੱਗੀਆਂ ਨੂੰ ਵੀ ਲੱਖਾਂ ਰੁਪਏ ਸਗਨ ਮਿਲੇ ਹੋਣਗੇ ਤੇ ਖੜ੍ਹਨ ਲੱਗੀਆਂ ਨੂੰ ਵੀ ਲੱਖਾਂ ਰੁਪਏ ਸਗਨ ਮਿਲੇ ਸਨ। ਅਰਥਾਤ, ਇਨ੍ਹਾਂ ਨੂੰ ਨਿੱਕੀ-ਨਿੱਕੀ ਗੱਲ ’ਤੇ ਵੰਨਸੁਵੰਨੀਆਂ ਸੌਗਾਤਾਂ ਤੇ ਸਗਨ ਮਿਲੇ ਸਨ।
ਅਗਲੀ ਤੁਕ ਵਿਚ ਗੁਰੂ ਨਾਨਕ ਸਾਹਿਬ ਨੇ ਗੁੱਝਾ ਜਿਹਾ ਸੰਕੇਤ ਕੀਤਾ ਹੈ ਕਿ ਉਹ ਸਜ ਵਿਆਹੀਆਂ ਰੱਜ-ਰੱਜ ਕੇ ਗਿਰੀਆਂ-ਛੁਹਾਰੇ ਆਦਿ ਮੇਵੇ ਖਾ ਰਹੀਆਂ ਸਨ ਤੇ ਆਪਣੇ ਪਤੀਆਂ ਨਾਲ ਹਮਬਿਸਤਰ ਹੁੰਦੀਆਂ ਸਨ। ਇਨ੍ਹਾਂ ਮੇਵਿਆਂ ਦੀ ਤਾਸੀਰ ਗਰਮ ਹੁੰਦੀ ਹੈ। ਵਿਆਹ ਉਪਰੰਤ ਔਰਤਾਂ ਨੂੰ ਮੇਵੇ ਇਸ ਕਰਕੇ ਖਾਣ ਲਈ ਕਿਹਾ ਜਾਂਦਾ ਹੈ ਤਾਂ ਜੋ ਉਹ ਜਲਦ ਤੋਂ ਜਲਦ ਗਰਭ ਧਾਰਣ ਕਰ ਸਕਣ, ਮਾਂਵਾਂ ਬਣ ਸਕਣ ਤੇ ਪਤੀਆਂ ਦੇ ਵੰਸ ਵਿਚ ਵਾਧਾ ਹੋ ਸਕੇ।
ਗੁਰੂ ਨਾਨਕ ਸਾਹਿਬ ਸਜ ਵਿਆਹੀਆਂ ਔਰਤਾਂ ਦੇ ਜ਼ਰੀਏ ਸ਼ਾਹੀ ਮਹਿਲਾਂ ਦੇ ਅੰਦਰਲੇ ਜੀਵਨ ਦੇ ਅਮੀਰੀ, ਠਾਠ-ਬਾਠ, ਸ਼ਾਨੋ-ਸ਼ੌਕਤ, ਨਾਜ਼-ਨਖ਼ਰੇ, ਐਸ਼ੋ ਇਸ਼ਰਤ, ਰੀਤੀ-ਰਿਵਾਜ ਅਤੇ ਸਗਨਾਂ ਦਾ ਵਿਸ਼ਾਲ ਦ੍ਰਿਸ਼ ਪੇਸ਼ ਕਰਕੇ ਇਕ ਦਮ ਪਾਸਾ ਪਲ਼ਟ ਦਿੰਦੇ ਹਨ ਕਿ ਮੁਗਲ ਸੈਨਿਕਾਂ ਵੱਲੋਂ ਇਨ੍ਹਾਂ ਇਸਤਰੀਆਂ ਦੇ ਗਲਾਂ ਵਿਚ ਫਾਹੀਆਂ ਪਾ ਕੇ ਆਪਣੀ ਹਵਸ ਪੂਰਤੀ ਲਈ ਘੜੀਸਿਆ ਜਾ ਰਿਹਾ ਹੈ ਤੇ ਉਨ੍ਹਾਂ ਦੇ ਗਲ਼ਾਂ ਵਿਚ ਪਾਏ ਮੋਤੀਆਂ ਦੇ ਹਾਰ ਟੁੱਟ-ਟੁੱਟ ਕੇ ਬਿਖਰਦੇ ਜਾ ਰਹੇ ਹਨ।
ਗੁਰੂ ਨਾਨਕ ਸਾਹਿਬ ਇਸ ਦ੍ਰਿਸ਼ ਨੂੰ ਚਿਤਵ ਕੇ ਟਿੱਪਣੀ ਕਰਦੇ ਹਨ ਕਿ ਧਨ-ਦੌਲਤ ਵਾਲੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਇਹੀ ਧਨ-ਦੌਲਤ ਉਨ੍ਹਾਂ ਦੀ ਦੁਸ਼ਮਣ ਸਾਬਤ ਹੋਵੇਗੀ। ਕਿਉਂਕਿ ਜਦ ਕੋਈ ਲੁਟੇਰਾ, ਧਾੜਵੀ ਜਾਂ ਹਮਲਾਵਰ ਆਉਂਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਇਨ੍ਹਾਂ ਦੌਲਤਮੰਦ ਲੋਕਾਂ ਨੂੰ ਹੀ ਲੁੱਟਦਾ ਹੈ ਤੇ ਉਨ੍ਹਾਂ ਦੀਆਂ ਇਸਤਰੀਆਂ ਨੂੰ ਆਪਣੀ ਵਹਿਸ਼ਤ ਦਾ ਸ਼ਿਕਾਰ ਬਣਾਉਂਦਾ ਹੈ। ਪਾਤਸ਼ਾਹ ਇਥੇ ਅਸਿੱਧੇ ਰੂਪ ਵਿਚ ਸਾਦਾ ਅਤੇ ਸੰਜਮੀ ਜੀਵਨ ਦੀ ਸਿਫ਼ਾਰਿਸ਼ ਕਰਦੇ ਹਨ ਤੇ ਦੱਸਦੇ ਹਨ ਕਿ ਜਿਨ੍ਹਾਂ ਨੇ ਇਸ ਗੱਲ ਦਾ ਖਿਆਲ ਨਹੀਂ ਰਖਿਆ ਉਨ੍ਹਾਂ ਬਾਬਤ ਦੂਤਾਂ ਭਾਵ, ਬਾਬਰ ਦੇ ਸਿਪਾਹੀਆਂ ਨੂੰ ਦੱਸ ਦਿੱਤਾ ਗਿਆ ਤੇ ਉਹ ਇਨ੍ਹਾਂ ਦੀ ਪੱਤ ਰੋਲ਼ ਕੇ ਆਪਣੀ ਹਵਸ ਲਈ ਨਾਲ ਲਿਜਾ ਰਹੇ ਹਨ।
ਪਾਣੀ ਵਿਚ ਵਡੀ ਮੱਛੀ ਛੋਟੀ ਮੱਛੀ ਨੂੰ ਖਾਂਦੀ ਹੈ ਤੇ ਜੰਗਲ ਵਿਚ ਸ਼ੇਰ ਅਣਭੋਲ ਪਸ਼ੂਆਂ ਦਾ ਸ਼ਿਕਾਰ ਕਰਦਾ ਹੈ। ਸਮਾਜ ਵਿਚ ਵੀ ਤਕੜੇ ਲੋਕ ਮਾੜਿਆਂ ਨੂੰ ਲੁੱਟਦੇ-ਕੁੱਟਦੇ ਰਹਿੰਦੇ ਹਨ। ਜਿਹੜੇ ਲੋਕ ਕੁਦਰਤ ਦੇ ਇਸ ਅਸੂਲ ਨੂੰ ਵਿਸਾਰ ਕੇ ਸ੍ਵੈ-ਰਖਿਆ ਵਿਚ ਅਣਗਹਿਲੀ ਵਰਤਦੇ ਹਨ ਅਤੇ ਸ਼ਾਨੋ-ਸ਼ੌਕਤ ਤੇ ਐਸ਼ੋ-ਇਸ਼ਰਤ ਵਾਲੀ ਜ਼ਿੰਦਗੀ ਨੂੰ ਤਰਜੀਹ ਦਿੰਦੇ ਹਨ, ਉਨ੍ਹਾਂ ਦਾ ਅਜਿਹਾ ਹਸ਼ਰ ਹੋਣਾ ਨੀਯਤ ਹੀ ਹੁੰਦਾ ਹੈ।
ਇਕ ਪਾਸੇ ਗੁਰੂ ਨਾਨਕ ਸਾਹਿਬ ਮਨੁਖ ਨੂੰ ਆਫ਼ਤਾਂ ਤੋਂ ਬਚਣ ਲਈ ਸੰਜਮੀ ਤੇ ਸਾਦੇ ਜੀਵਨ ਦਾ ਉਪਦੇਸ਼ ਦਿੰਦੇ ਹਨ ਤੇ ਨਾਲ ਹੀ ਰੱਬੀ ਭਾਣੇ ਨੂੰ ਅਗਾਧਬੋਧ ਵੀ ਦੱਸ ਰਹੇ ਹਨ ਕਿ ਉਸ ਨੇ ਕਿਸ ਨੂੰ ਵਡਿਆਈ ਦੇਣੀ ਹੈ ਤੇ ਕਿਸ ਨੂੰ ਸਜ਼ਾ ਦੇਣੀ ਹੈ, ਇਹ ਉਹੀ ਜਾਣਦਾ ਹੈ। ਇਸ ਗੱਲ ਦਾ ਭਾਵ ਇਹੀ ਹੋ ਸਕਦਾ ਹੈ ਕਿ ਮਨੁਖ ਦੇ ਜੀਵਨ ਵਿਚ ਹਮੇਸ਼ਾ ‘ਸ਼ਾਇਦ’ ਬਣੀ ਰਹਿੰਦੀ ਹੈ। ਯਕੀਨ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਤੇ ਰੱਬੀ ਹੁਕਮ ਅਬੁੱਝ ਅਰਥਾਤ ਅਗਾਧਬੋਧ ਹੈ। ਪਰ ਏਨਾ ਜ਼ਰੂਰ ਹੈ ਕਿ ਜਿਹੜੇ ਲੋਕ ਸਮੇਂ ਸਿਰ ਕੁਦਰਤ ਦੇ ਨਿਯਮ ਦਾ ਖਿਆਲ ਰਖਦੇ ਹਨ, ਉਨ੍ਹਾਂ ਦੇ ਬਚਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਨਹੀਂ ਤਾਂ ਜਿਹੜੇ ਅਮੀਰਜ਼ਾਦਿਆਂ ਨੂੰ ਰੰਗ-ਤਮਾਸ਼ਿਆਂ ਦੇ ਚਾਅ ਵਿਚ ਕਿਸੇ ਹੋਰ ਗੱਲ ਦੀ ਸੁਰਤ ਹੀ ਨਹੀਂ ਰਹਿੰਦੀ ਉਨ੍ਹਾਂ ਦਾ ਬੁਰਾ ਹਸ਼ਰ ਇਸੇ ਤਰ੍ਹਾਂ ਹੋਣਾ ਹੁੰਦਾ ਹੈ, ਜਿਵੇਂ ਬਾਬਰ ਦੇ ਹਮਲੇ ਤੋਂ ਬਾਅਦ ਹਿੰਦੁਸਤਾਨ ਦੇ ਅਮੀਰਜ਼ਾਦਿਆਂ ਨੂੰ ਬਾਬਰ ਦੇ ਹਮਲੇ ਕਾਰਣ ਰੋਟੀ ਖਾਣੀ ਵੀ ਨਸੀਬ ਨਹੀਂ ਹੋ ਰਹੀ।
ਗੁਰੂ ਸਾਹਿਬ ਦੱਸਦੇ ਹਨ ਕਿ ਦਹਿਸ਼ਤ ਦੇ ਮਹੌਲ ਵਿਚ ਸਾਰੇ ਘਬਰਾ ਜਾਂਦੇ ਹਨ ਤੇ ਸਭ ਕੁਝ ਭੁੱਲ ਭੁਲਾ ਜਾਂਦੇ ਹਨ। ਮੁਸਲਮਾਨ ਲੋਕ ਪੰਜ ਵਕਤ ਨਮਾਜ਼ ਅਦਾ ਕਰਨ ਦੇ ਬੜੇ ਪਾਬੰਦ ਹੁੰਦੇ ਹਨ, ਪਰ ਇਸ ਦਹਿਸ਼ਤ ਦੇ ਮਹੌਲ ਵਿਚ ਉਨ੍ਹਾਂ ਨੂੰ ਨਮਾਜ਼ ਦੇ ਵਕਤ ਵੀ ਯਾਦ ਨਾ ਰਹੇ ਤੇ ਹਿੰਦੂ ਸਮਾਜ ਨੂੰ ਵੀ ਆਪਣੀ ਪਾਠ-ਪੂਜਾ ਵਿਸਰ ਗਈ। ਇਸ ਦੇ ਨਾਲ ਹੀ ਗੁਰੂ ਸਾਹਿਬ ਘਰੇਲੂ ਔਰਤਾਂ ਦੀ ਦਸ਼ਾ ਬਿਆਨ ਕਰਦੇ ਹਨ ਕਿ ਜਿਨ੍ਹਾਂ ਦਾ ਨਿੱਤ ਕਰਮ ਇਸ਼ਨਾਨ ਕਰਨ ਉਪਰੰਤ ਰਸੋਈ ਨੂੰ ਲਿੱਪ-ਸੁਆਰ ਕੇ ਅਰਥਾਤ ਸੁੱਚਾ ਕਰਕੇ ਪਾਠ-ਪੂਜਾ ਕਰਨਾ, ਭਗਵਾਨ ਨੂੰ ਨਤਮਸਤਕ ਹੋਣਾ ਤੇ ਮੱਥੇ ਉਤੇ ਟਿੱਕਾ ਲਗਾਉਣਾ ਹੁੰਦਾ ਸੀ, ਉਹ ਹੁਣ ਕਿਵੇਂ ਸੁੱਚਮ ਧਾਰਣ ਕਰਕੇ ਭੋਜਨ ਬਨਾਉਣ? ਉਨ੍ਹਾਂ ਹਿੰਦੂ ਇਸਤਰੀਆਂ ਨੂੰ ਵੀ ਇਸ ਜ਼ੁਲਮਤ ਅਤੇ ਦਹਿਸ਼ਤ ਸਮੇਂ ਕੁਝ ਯਾਦ ਨਾ ਰਿਹਾ।
ਇਸ ਦੇ ਇਲਾਵਾ ਗੁਰੂ ਸਾਹਿਬ ਇਹ ਵੀ ਬਿਆਨ ਕਰਦੇ ਹਨ ਕਿ ਜਿਹੜੇ ਲੋਕ ਧਰਮ ਕਰਮ ਵਿਚ ਵਿਸ਼ਵਾਸ ਨਹੀਂ ਸੀ ਕਰਦੇ ਤੇ ਜਿਨ੍ਹਾਂ ਨੇ ਕਦੇ ਮੂੰਹੋਂ ਰਾਮ ਦਾ ਨਾਂ ਤਕ ਨਹੀਂ ਸੀ ਲਿਆ, ਉਨ੍ਹਾਂ ਨੂੰ ਹੁਣ ਆਪਣੇ ਬਚਾਅ ਲਈ ਮੁਗਲ ਸਿਪਾਹੀਆਂ ਦੇ ਸਾਹਮਣੇ ਖੁਦਾ ਦਾ ਵਾਸਤਾ ਪਾਉਣ ਦਾ ਵੀ ਕੋਈ ਲਾਭ ਨਾ ਹੋਇਆ। ਉਹ ਬਾਬਰ ਦੀ ਸੈਨਾ ਵੱਲੋਂ ਦਬੋਚ ਲਏ ਗਏ। ਇਸ ਖ਼ੌਫ਼ਜ਼ਦਾ ਵਾਤਾਵਰਣ ਵਿਚ ਕਈ ਕਿਸੇ ਤਰ੍ਹਾਂ ਬਚ ਬਚਾ ਕੇ ਪਰਤ ਆਏ ਤੇ ਕਈ ਉਨ੍ਹਾਂ ਨੂੰ ਮਿਲ ਕੇ ਆਪਣੇ ਸਕੇ-ਸੰਬੰਧੀਆਂ ਦੀ ਸੁੱਖ-ਸਾਂਦ ਪੁੱਛ ਰਹੇ ਹਨ, ਜਿਹੜੇ ਵਾਪਸ ਨਹੀਂ ਆਏ। ਕਈਆਂ ਦੀ ਕਿਸਮਤ ਵਿਚ ਇਹੋ ਲਿਖਿਆ ਸੀ ਕਿ ਉਹ ਇਸ ਹਮਲੇ ਦੀ ਭੇਟ ਚੜ੍ਹੇ ਆਪਣੇ ਸਕੇ-ਸੰਬੰਧੀਆਂ ਦੇ ਸੋਗ ਵਿਚ ਬਹਿ ਕੇ ਦੁਖੜੇ ਫਰੋਲਣ।
ਗੁਰੂ ਨਾਨਕ ਸਾਹਿਬ ਸੰਸਾਰ ਦੇ ਦੁਖ-ਸੁਖ ਨੂੰ ਦੋ ਨੁਕਤਿਆਂ ਤੋਂ ਦੇਖਦੇ ਹਨ। ਇਕ ਨੁਕਤਾ ਇਲਾਹੀ ਸੱਚ ਹੈ ਤੇ ਦੂਸਰਾ ਮਾਨਵੀ ਸੱਚ ਹੈ। ਮਾਨਵੀ ਨੁਕਤੇ ਤੋਂ ਗੁਰੂ ਸਾਹਿਬ ਬਾਬਰ ਜਿਹੇ ਜਾਬਰ ਲੋਕਾਂ ਦੇ ਵਿਰੁੱਧ ਅਵਾਜ਼ ਬੁਲੰਦ ਕਰਦੇ ਹਨ, ਪਰ ਰੱਬੀ ਨੁਕਤੇ ਤੋਂ ਉਹ ਸਭ ਕਾਸੇ ਨੂੰ ਭਾਣੇ ਅੰਦਰ ਜਾਂ ਰਜ਼ਾ ਅਧੀਨ ਦੱਸ ਰਹੇ ਹਨ ਕਿ ਜੋ ਰੱਬ ਨੂੰ ਚੰਗਾ ਲੱਗ ਰਿਹਾ ਹੈ, ਉਹੀ ਹੁੰਦਾ ਹੈ ਤੇ ਮਨੁਖ ਵਿਚਾਰੇ ਦੇ ਵੱਸ ਵਿਚ ਕੁਝ ਵੀ ਨਹੀਂ ਹੈ। ਇਥੋਂ ਸੇਧ ਮਿਲਦੀ ਹੈ ਕਿ ਦੁਖ-ਸੁਖ ਪ੍ਰਭੂ ਦੇ ਭਾਣੇ ਅਨੁਸਾਰ ਹੀ ਵਾਪਰਦਾ ਹੈ ਅਤੇ ਮਨੁਖ ਨੂੰ ਉਸ ਦੇ ਭਾਣੇ ਵਿਚ ਹੀ ਰਹਿਣਾ ਚਾਹੀਦਾ ਹੈ।