Guru Granth Sahib Logo
  
ਗੁਰੂ ਨਾਨਕ ਸਾਹਿਬ ਦੁਆਰਾ ਆਸਾ ਰਾਗ ਵਿਚ ਉਚਾਰਿਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੩੬੦ ਉਪਰ ਦਰਜ ਹੈ। ਇਸ ਦੇ ੩ ਬੰਦ ਹਨ। ‘ਰਹਾਉ’ ਦਾ ਇਕ ਬੰਦ ਇਨ੍ਹਾਂ ਤੋਂ ਵਖਰਾ ਹੈ। ਇਹ ਸ਼ਬਦ ਰੱਬੀ ਉਪਦੇਸ਼ ਦੇ ਨਾਲ-ਨਾਲ ਹਿੰਦੁਸਤਾਨ (ਉੱਤਰੀ ਭਾਰਤ ਦਾ ਫ਼ਾਰਸੀ ਨਾਂ) ਉੱਤੇ ਬਾਬਰ (੧੪੮੩-੧੫੩੦ ਈ.) ਦੇ ਹਮਲੇ ਦੀ ਜਾਣਕਾਰੀ ਵੀ ਦਿੰਦਾ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਬਾਬਰ ਅਤੇ ਲੋਧੀ ਸੁਲਤਾਨਾਂ ਨੂੰ ਰੱਬੀ ਰਜਾਅ ਦੇ ਇਕ ਸਾਧਨ ਜਾਂ ਦੂਤ ਵਜੋਂ ਵੇਖਦੇ ਹਨ। ਖੁਰਾਸਾਨ ਵੱਲ ਵਧਣ ਦੀ ਬਜਾਏ, ਬਾਬਰ ਹਿੰਦੁਸਤਾਨ ਨੂੰ ਫਤਹ ਕਰਨ ਵਲ ਰੁਚਿਤ ਹੋ ਗਿਆ। ਦਿੱਲੀ ਦੇ ਲੋਧੀ ਸੁਲਤਾਨ ਚੰਗੇ ਸ਼ਾਸਕ ਬਣਨ ਵਿਚ ਅਸਫਲ ਰਹੇ ਸਨ। ਉਨ੍ਹਾਂ ਨੂੰ ਆਪਣੇ ਮੰਦੇ ਕੰਮਾਂ ਦਾ ਲੇਖਾ ਦੇਣਾ ਪੈਣਾ ਸੀ। ਇਹ ਸ਼ਬਦ ਕਰਤਾ ਪੁਰਖ ਦੀ ਦੈਵੀ-ਸੱਤਾ ਨੂੰ ਵੀ ਦਰਸਾਉਂਦਾ ਹੈ। ਕੋਈ ਵੀ ਉਸ ਦੇ ਭਾਣੇ ਤੋਂ ਉਪਰ ਨਹੀਂ ਹੋ ਸਕਦਾ। ਇਸ ਪ੍ਰਕਾਰ ਇਹ ਸ਼ਬਦ ਦੈਵੀ-ਸੱਤਾ ਦੇ ਭਾਣੇ ਵਿਚ ਗੁਰੂ ਸਾਹਿਬ ਦੇ ਪੂਰਨ ਭਰੋਸੇ ਦਾ ਬਿਆਨ ਹੈ। ਸਮੁੱਚੇ ਸ਼ਬਦ ਵਿਚੋਂ ਕਰੁਣਾ ਰਸ ਦੀ ਉਤਪਤੀ ਹੋ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਹਮਲੇ ਸਮੇਂ ਮਨੁਖਤਾ ਦੀ ਤਬਾਹੀ ਦੇਖ ਕੇ ਜਿਹੜੇ ਦਰਦਮਈ ਬਚਨ ਉਚਾਰੇ ਹਨ, ਉਹ ਹਿਰਦੇ ਵਿਚ ਗਹਿਰਾ ਕਰੁਣਾ ਭਾਵ ਉਤਪੰਨ ਕਰ ਰਹੇ ਹਨ।
ਆਸਾ  ਮਹਲਾ

ਖੁਰਾਸਾਨ ਖਸਮਾਨਾ ਕੀਆ   ਹਿੰਦੁਸਤਾਨੁ ਡਰਾਇਆ
ਆਪੈ ਦੋਸੁ ਦੇਈ ਕਰਤਾ   ਜਮੁ ਕਰਿ ਮੁਗਲੁ ਚੜਾਇਆ
ਏਤੀ ਮਾਰ ਪਈ ਕਰਲਾਣੇ   ਤੈਂ ਕੀ ਦਰਦੁ ਆਇਆ ॥੧॥
ਕਰਤਾ  ਤੂੰ ਸਭਨਾ ਕਾ ਸੋਈ
ਜੇ ਸਕਤਾ ਸਕਤੇ ਕਉ ਮਾਰੇ   ਤਾ ਮਨਿ ਰੋਸੁ ਹੋਈ ॥੧॥ ਰਹਾਉ
ਸਕਤਾ ਸੀਹੁ ਮਾਰੇ ਪੈ ਵਗੈ   ਖਸਮੈ ਸਾ ਪੁਰਸਾਈ
ਰਤਨ ਵਿਗਾੜਿ ਵਿਗੋਏ ਕੁਤੀਂ
Bani footnote ਗੁਰਬਾਣੀ ਵਿਚ ਬਿੰਦੀ, ਬਿਹਾਰੀ ਤੋਂ ਪਹਿਲਾਂ (ਕੁਤਂੀ) ਹੈ ਪਰ ਟਾਈਪਿੰਗ ਰਾਹੀਂ ਇਸ ਨੂੰ ਸਹੀ ਤਰੀਕੇ ਨਾਲ ਲਿਖਿਆ ਨਹੀਂ ਜਾ ਸਕਿਆ।
ਮੁਇਆ ਸਾਰ ਕਾਈ
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥
ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥
-ਗੁਰੂ ਗ੍ਰੰਥ ਸਾਹਿਬ ੩੬੦
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਈਸਵੀ ਸੰਨ ਤੋਂ ਤੇਤੀ ਸੌ ਸਾਲ ਪਹਿਲਾਂ ਤੋਂ ਲੈ ਕੇ ਤੇਰਾਂ ਸੌ ਸਾਲ ਪਹਿਲਾਂ ਤਕ ਕੋਈ ਦੋ ਹਜ਼ਾਰ ਵਰ੍ਹੇ ਸਿੰਧੂ ਘਾਟੀ ਦੀ ਬਿਹਤਰੀਨ ਅਤੇ ਵਿਸ਼ਾਲ ਸੱਭਿਅਤਾ ਘੁੱਗ ਵੱਸਦੀ ਸੀ। ਆਪਣੀ ਅਮੀਰੀ ਕਾਰਣ ਇਹ ਸੱਭਿਅਤਾ ਹਮੇਸ਼ਾ ਹੀ ਵਿਦੇਸ਼ੀਆਂ ਦੀ ਨਜ਼ਰ ਹੇਠ ਰਹੀ, ਜਿਸ ਕਾਰਣ ਕਈ ਕਿਸਮ ਦੇ ਵਿਦੇਸ਼ੀ ਲੋਕ ਇਥੇ ਆਏ। ਕਈ ਇਥੇ ਵਸਣ ਆਏ, ਕਈ ਇਥੋਂ ਕੁਝ ਲੱਭਣ ਆਏ, ਕਈ ਲੁੱਟਣ ਆਏ ਤੇ ਕਈ ਰਾਜ ਕਰਨ ਆਏ।

ਅਰਬ ਵਿਚ ਹਜ਼ਰਤ ਮੁਹੰਮਦ ਨੇ ਸਤਵੀਂ ਸਦੀ ਵਿਚ ਨਵੇਂ ਧਰਮ ‘ਇਸਲਾਮ’ ਦਾ ਆਗਾਜ਼ ਕੀਤਾ। ਹਜ਼ਰਤ ਮੁਹੰਮਦ ਦੇ ਚਲਾਣੇ ਉਪਰੰਤ, ਮੁਸਲਮਾਨਾਂ ਨੇ ਇਸਲਾਮ ਦੇ ਪਸਾਰ ਲਈ ਹਥਿਆਰਬੰਦ ਰਾਜਸੀ ਤਾਕਤ ਦਾ ਪ੍ਰਯੋਗ ਅਰੰਭ ਦਿੱਤਾ ਤੇ ਦੂਸਰੇ ਇਲਾਕਿਆਂ ਵਿਚ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸੱਤ ਸੌ ਗਿਆਰਾਂ ਈਸਵੀ ਵਿਚ ਮੁਹੰਮਦ ਬਿਨ ਕਾਸਿਮ ਨੇ ਸਿੰਧ ਉੱਤੇ ਹਮਲਾ ਕੀਤਾ ਤੇ ਸਿੰਧ ਦੇ ਰਾਜੇ ਦਾਹਿਰ ਦਾ ਸਿਰ ਵੱਢ ਕੇ ਆਪਣੀ ਪ੍ਰਾਪਤੀ ਦੇ ਸਬੂਤ ਵਜੋਂ ਬਸਰੇ ਭੇਜ ਦਿੱਤਾ। ਪਰ ਕਦੇ ਕੋਈ ਤੇ ਕਦੇ ਕੋਈ ਹਿੰਦੁਸਤਾਨ ’ਤੇ ਹਮਲੇ ਕਰਦਾ ਗਿਆ ਅਤੇ ਹਿੰਦੁਸਤਾਨ ’ਤੇ ਕਾਬਜ ਹੁੰਦਾ ਗਿਆ।

ਪੰਦਰਵੀਂ ਸਦੀ ਦੇ ਅੱਧ ਵਿਚ ਬਹਿਲੋਲ ਖਾਂ ਲੋਧੀ ਨੇ ਦਿੱਲੀ ਉੱਤੇ ਆਪਣਾ ਰਾਜ ਸਥਾਪਤ ਕੀਤਾ। ਫਿਰ ਉਸ ਦੇ ਪੁੱਤਰ ਸਿਕੰਦਰ ਖਾਂ ਲੋਧੀ ਤੋਂ ਬਾਅਦ, ਪੋਤਰਾ ਇਬਰਾਹੀਮ ਲੋਧੀ ਗੱਦੀਨਸ਼ੀਨ ਹੋਇਆ। ਇਹ ਬੜਾ ਹੀ ਸਖ਼ਤ ਮਿਜ਼ਾਜ ਤੇ ਜ਼ਾਲਿਮ ਤਬੀਅਤ ਸੀ। ਇਸ ਨੇ ਆਪਣੇ ਹੀ ਅਹਿਲਕਾਰਾਂ ਤੇ ਸੂਬੇਦਾਰਾਂ ’ਤੇ ਨਿੱਕੀ ਨਿੱਕੀ ਗੱਲ ’ਤੇ ਸ਼ੱਕ ਅਤੇ ਤੱਦੀ ਕਰਨੀ ਅਰੰਭ ਦਿੱਤੀ, ਜਿਸ ਕਾਰਣ ਉਹ ਸਾਰੇ ਭੈਭੀਤ ਹੋਏ ਹੋਏ ਸਨ। ਇਬਰਾਹੀਮ ਲੋਧੀ ਨੇ ਲਾਹੌਰ ਦੇ ਸੂਬੇਦਾਰ ਦੌਲਤ ਖਾਂ ਲੋਧੀ ਨੂੰ ਤਲਬ ਕੀਤਾ ਤਾਂ ਉਸ ਨੇ ਆਪਣੇ ਬੇਟੇ ਗ਼ਾਜ਼ੀ ਖ਼ਾਂ ਨੂੰ ਭੇਜ ਦਿੱਤਾ, ਜਿਸ ਨੇ ਵਾਪਸ ਆ ਕੇ ਆਪਣੇ ਬਾਪ ਨੂੰ ਇਬਰਾਹੀਮ ਦੇ ਗ਼ੁੱਸੇ ਬਾਬਤ ਦੱਸਿਆ।

ਉਧਰ ਇਸੇ ਸਮੇਂ ਬਾਬਰ ਨੇ ਕਾਬੁਲ ਉੱਤੇ ਕਬਜ਼ਾ ਕਰ ਲਿਆ। ਡਰੇ ਹੋਏ ਦੌਲਤ ਖ਼ਾਂ ਲੋਧੀ ਨੇ ਆਪਣੇ ਬੇਟੇ ਗ਼ਾਜ਼ੀ ਖ਼ਾਂ ਨੂੰ ਨਜ਼ਰਾਨੇ ਦੇ ਕੇ ਬਾਬਰ ਕੋਲ ਭੇਜ ਦਿੱਤਾ ਕਿ ਜੇਕਰ ਉਹ ਦਿੱਲੀ ਉੱਤੇ ਹਮਲਾ ਕਰੇ ਤਾਂ ਹਿੰਦੁਸਤਾਨ ਦੇ ਕਈ ਸੂਬੇਦਾਰ ਉਸ ਦੀ ਮਦਦ ਕਰਨਗੇ। ਬਾਬਰ ਬੜੀ ਸੋਚ ਵਿਚਾਰ ਕਰਨ ਉਪਰੰਤ ਦੱਰੇ ਖ਼ੈਬਰ ਰਾਹੀਂ ਇਧਰ ਆਇਆ ਤੇ ਹਿੰਦੁਸਤਾਨ ਉੱਤੇ ਹਮਲਾ ਕਰ ਦਿੱਤਾ। ਸਭ ਤੋਂ ਪਹਿਲਾਂ ਉਸ ਨੇ ਸੈਦਪੁਰ (ਪਾਕਿਸਤਾਨ) ਜਿਸ ਨੂੰ ਅਜਕਲ ਐਮਨਾਬਾਦ ਕਿਹਾ ਜਾਂਦਾ ਹੈ, ਉੱਤੇ ਧਾਵਾ ਬੋਲ ਦਿੱਤਾ ਤੇ ਅੰਨ੍ਹੇਵਾਹ ਲੁੱਟ-ਮਾਰ ਅਤੇ ਕਤਲੋਗਾਰਤ ਮਚਾ ਦਿੱਤੀ। ਉਹ ਚਹੁੰਦਾ ਸੀ ਕਿ ਹਿੰਦੁਸਤਾਨ ਏਨਾ ਭੈ-ਭੀਤ ਹੋ ਜਾਵੇ ਕਿ ਉਸ ਅੱਗੇ ਕੋਈ ਵੀ ਕੁਸਕੇ ਤਕ ਨਾ। ਗੁਰੂ ਨਾਨਕ ਸਾਹਿਬ ਇਨ੍ਹਾਂ ਦਿਨਾਂ ਵਿਚ ਐਮਨਾਬਾਦ ਆਪਣੇ ਇਕ ਸਿਖ ਭਾਈ ਲਾਲੋ ਕੋਲ ਠਹਿਰੇ ਹੋਏ ਸਨ। ਉਨ੍ਹਾਂ ਨੇ ਇਹ ਹਮਲਾ ਆਪਣੇ ਅੱਖੀਂ ਦੇਖਿਆ।

ਇਸ ਬਾਣੀ ਵਿਚ ਗੁਰੂ ਨਾਨਕ ਸਾਹਿਬ ਨੇ ਬਾਬਰ ਦੀ ਜ਼ੁਲਮਤ ਦਾ ਅੱਖੀਂ ਦੇਖਿਆ ਹਾਲ ਬਿਆਨ ਕੀਤਾ। ਉਹ ਚਿੰਤਨ ਕਰਦੇ ਹਨ, ਚਿੰਤਨ ਸ੍ਵੈ-ਸੰਵਾਦ ਵੀ ਹੁੰਦਾ ਹੈ ਤੇ ਗੁਰੂ ਨਾਨਕ ਜਿਹੀ ਹਸਤੀ ਦਾ ਸ੍ਵੈ ਰੱਬ ਨਾਲ ਇਕਮਿਕ ਹੈ। ਇਸ ਕਾਰਣ ਇਹ ਬਾਣੀ ਚਿੰਤਨ ਵੀ ਹੈ, ਰੱਬ ਨਾਲ ਸੰਵਾਦ ਵੀ ਤੇ ਇਸ ਸੰਵਾਦ ਵਿਚ ਇਕ ਨਿਹੋਰਾ ਵੀ ਹੈ।

ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਰੱਬ ਨੇ ਖਸਮ ਵਾਲਾ ਬਿਰਦ ਪਾਲ਼ ਕੇ ਬਾਬਰ ਤੋਂ ਖੁਰਾਸਾਨ ਨੂੰ ਬਚਾ ਲਿਆ ਪਰ ਉਸ ਦੇ ਹਮਲੇ ਨੇ ਹਿੰਦੁਸਤਾਨ ਨੂੰ ਡਰਾ ਦਿੱਤਾ। ਭਾਵ ਬਾਬਰ ਨੇ ਖੁਰਾਸਾਨ ਨੂੰ ਜਿੱਤਣ ਦੀ ਥਾਂ ਹਿੰਦੁਸਤਾਨ ’ਤੇ ਨਜ਼ਰਾਂ ਟਿਕਾ ਲਈਆਂ। ਇਸ ਤੋਂ ਅੱਗੇ ਗੁਰੂ ਸਾਹਿਬ ਰਮਜ਼ ਵਿਚ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਰੱਬ ਆਪਣੇ ਆਪ ਨੂੰ ਦੋਸ਼ ਨਹੀਂ ਦਿੰਦਾ। ਇਸੇ ਕਰਕੇ ਉਸ ਨੇ ਮੁਗਲ ਬਾਬਰ ਨੂੰ ਜਮ ਦੇ ਰੂਪ ਵਿਚ ਹਿੰਦੁਸਤਾਨ ਉੱਤੇ ਚਾੜ੍ਹ ਦਿੱਤਾ ਹੈ। ਇਸ ਕਥਨ ਵਿਚ ਰਮਜ਼ ਇਹ ਹੈ ਕਿ ਉਸ ਵੇਲੇ ਹਿੰਦੁਸਤਾਨ ਦੀ ਹਕੂਮਤ ਆਪਣੇ ਅਹਿਲਕਾਰਾਂ ਨਾਲ ਧੱਕਾ ਕਰਦੀ ਸੀ, ਅਹਿਲਕਾਰ ਪਰਜ਼ਾ ਨੂੰ ਤੰਗ ਕਰਦੇ ਸਨ। ਅਜਿਹੀ ਹਕੂਮਤ ਤੇ ਹਾਕਮਾਂ ਨੂੰ ਸਜ਼ਾ ਦੇਣ ਲਈ ਰੱਬ ਖ਼ੁਦ ’ਤੇ ਇਲਜ਼ਾਮ ਨਹੀਂ ਲੈਂਦਾ, ਬਲਕਿ ਬਾਬਰ ਜਿਹੇ ਜ਼ਾਲਮ ਨੂੰ ਭੇਜ ਦਿੰਦਾ ਹੈ।

ਬਾਬਰ ਦੀ ਫੌਜ ਨੇ ਏਨੀ ਵਹਿਸ਼ੀਆਨਾ ਕਤਲੋਗਾਰਤ ਮਚਾਈ ਕਿ ਸਭ ਪਾਸੇ ਹਾਹਾਕਾਰ ਮਚ ਗਈ। ਗੁਰੂ ਨਾਨਕ ਸਾਹਿਬ ਤੋਂ ਮਨੁਖਤਾ ਦਾ ਇਹ ਘਾਣ ਦੇਖਿਆ ਨਾ ਗਿਆ ਤੇ ਉਨ੍ਹਾਂ ਨੇ ਰੱਬ ਨੂੰ ਆਪਣੇਪਨ ਦੇ ਹੱਕ ਨਾਲ ਨਿਹੋਰਾ ਮਾਰਿਆ ਕਿ ਉਸ ਨੂੰ ਮਨੁਖਤਾ ਦੇ ਇਸ ਵਹਿਸ਼ੀ ਘਾਣ ਉੱਤੇ ਦਰਦ ਕਿਉਂ ਨਹੀਂ ਆਇਆ? ਇਸ ਨਿਹੋਰੇ ਦਾ ਕਾਰਣ ਅਗਲੀ ਤੁਕ ਵਿਚ ਦੱਸਿਆ ਹੈ ਕਿ ਕਿਉਂਕਿ ਰੱਬ ਹੀ ਹਰ ਕਿਸੇ ਦਾ ‘ਸੋਈ’ ਸਾਰ-ਸੰਭਾਲ ਕਰਨ ਵਾਲਾ ਹੈ।

ਗੁਰੂ ਨਾਨਕ ਸਾਹਿਬ ਦੇ ਇਸ ਨਿਹੋਰੇ ਨੂੰ ਰੱਬ ਪ੍ਰਤੀ ਬੇਭਰੋਸਗੀ ਜਾਂ ਅਵੱਗਿਆ ਵਜੋਂ ਨਹੀਂ ਦੇਖਿਆ ਜਾ ਸਕਦਾ, ਬਲਕਿ ਇਸ ਨਿਹੋਰੇ ਨੂੰ ਗੁਰੂ ਨਾਨਕ ਸਾਹਿਬ ਦੇ ਦਿਲ ਵਿਚ ਜ਼ੁਲਮ ਦੇ ਖ਼ਿਲਾਫ਼ ਅਤੇ ਮਾਸੂਮ ਮਨੁਖਤਾ ਪ੍ਰਤੀ ਬੇਪਨਾਹ ਕੋਮਲ ਭਾਵੀ ਹਮਦਰਦੀ ਵਜੋਂ ਦੇਖਣਾ ਬਣਦਾ ਹੈ। ਪਿਆਰ ਕਰਨ ਵਾਲੇ ਅਕਸਰ ਆਪਣੇ ਪਿਆਰੇ ਨਾਲ ਅਜਿਹੇ ਨਿਹੋਰੇ ਭਰੀ ਸ਼ਿਕਾਇਤ ਕਰ ਲੈਂਦੇ ਹਨ। ਜਿਸ ਤਰਾਂ ਗੁਰੂ ਨਾਨਕ ਸਾਹਿਬ ਨੇ ਗੁਰੂ ਨੂੰ ਵੀਹ ਵਿਸਵੇ ਤੇ ਸੰਗਤ ਨੂੰ ਇੱਕੀ ਵਿਸਵੇ ਦੱਸਿਆ ਸੀ, ਉਸੇ ਤਰਾਂ ਮਨੁਖਤਾ ਦੇ ਕਹਿਰ ਭਰੇ ਦਰਦ ਲਈ ਆਪਣੇ ਪਿਆਰੇ ਰੱਬ ਨਾਲ ਨਿਹੋਰੇ ਭਰੇ ਲਹਿਜ਼ੇ ਵਿਚ ਸੰਬੋਧਨ ਹੋਣਾ ਉਨ੍ਹਾਂ ਅੰਦਰ ਮਾਨਵਤਾ ਪ੍ਰਤੀ ਪ੍ਰੇਮ ਦੇ ਠਾਠਾਂ ਮਾਰਦੇ ਹੜ੍ਹ ਦੀ ਦੱਸ ਪਾਉਂਦਾ ਹੈ। ਬਾਬਾ ਫਰੀਦ ਨੇ ਵੀ ਕਿਹਾ ਹੈ ਕਿ ‘ਬਾਰਿ ਪਰਾਇਐ ਬੈਸਣਾ ਸਾਂਈ ਮੁਝੈ ਨ ਦੇਹਿ॥ ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ॥’ ਆਪਣੇ ਪਿਆਰੇ ਪ੍ਰਤੀ ਬਾਬੇ ਫ਼ਰੀਦ ਦਾ ਕਿੰਨਾ ਅਪਣੱਤ ਭਰਿਆ ਨਿਹੋਰਾ ਹੈ ਕਿ ਜੇ ਤੂੰ ਮੈਨੂੰ ਏਸੇ ਤਰਾਂ ਦੁਖੀ ਰੱਖਣਾ ਹੈ ਤਾਂ ਮੇਰੀ ਜਾਨ ਹੀ ਕਿਉਂ ਨਹੀਂ ਕੱਢ ਲੈਂਦਾ।

ਜਿਵੇਂ ਪੁਲਿਸ ਦੀ ਜ਼ਿੰਮੇਵਾਰੀ ਮੁਜਰਮ ਨੂੰ ਕਾਬੂ ਕਰਕੇ ਜੱਜ ਮੋਹਰੇ ਪੇਸ਼ ਕਰਨ ਦੀ ਹੁੰਦੀ ਹੈ ਤੇ ਜੱਜ ਦਾ ਜ਼ਿੰਮਾ ਮੁਜਰਮ ਨੂੰ ਕਾਨੂੰਨ ਮੁਤਾਬਕ ਸਜ਼ਾ ਦੇਣਾ ਹੁੰਦਾ ਹੈ। ਪੁਲਿਸ ਉਸ ਨੂੰ ਆਪੇ ਸਜ਼ਾ ਦੇ ਦੇਵੇ ਤਾਂ ਉਹ ਦੋਸ਼ੀ ਹੁੰਦੀ ਹੈ ਤੇ ਜੇਕਰ ਜੱਜ ਉਸ ਨੂੰ ਕਾਨੂੰਨ ਤੋਂ ਬਾਹਰ ਜਾ ਕੇ ਤੇ ਬਿਨਾ ਪੁਣ-ਛਾਣ ਕੀਤੇ ਸਜ਼ਾ ਦੇਵੇ ਤਾਂ ਜੱਜ ਦੋਸ਼ੀ ਹੁੰਦਾ ਹੈ। ਇਸੇ ਤਰਾਂ ਗੁਰੂ ਨਾਨਕ ਨੂੰ ਇਤਰਾਜ਼ ਹੈ ਕਿ ਜੇਕਰ ਬਾਬਰ ਨੂੰ ਭਾਰਤੀ ਹਾਕਮਾਂ ਨੂੰ ਸਜ਼ਾ ਦੇਣ ਲਈ ਚਾੜ੍ਹਿਆ ਗਿਆ ਸੀ ਤਾਂ ਉਸ ਨੇ ਇਸ ਤੋਂ ਅੱਗੇ ਵਧ ਕੇ ਨਿਹੱਥੀ ਤੇ ਅਣਭੋਲ ਮਨੁਖਤਾ ਦਾ ਘਾਣ ਕਿਉਂ ਕੀਤਾ।

ਗ਼ੁਲਾਮ ਹੁਸੈਨ ਖ਼ਾਂ ਨੇ ਅਠਾਰਵੀਂ ਸਦੀ ਵਿਚ ਲਿਖੀ ਕਿਤਾਬ ‘ਸੀਆਰੁਲ ਮੁਤਾਖ਼ਰੀਂ’ ਵਿਚ ਮੁਗਲ ਸਲਤਨਤ ਦਾ ਇਤਿਹਾਸ ਲਿਖਿਆ। ਇਸ ਵਿਚ ਉਹ ਲਿਖਦਾ ਹੈ ਕਿ ਜਦ ਬੰਦੇ ਬਹਾਦਰ ਨੂੰ ਕਤਲ ਕਰਨ ਲੱਗੇ ਤਾਂ ਮੁਹੰਮਦ ਆਮੀਨ ਖ਼ਾਂ ਨੇ ਪੁੱਛਿਆ ਕਿ ਉਹ ਏਨਾ ਸੁਨੱਖਾ, ਖ਼ਾਨਦਾਨੀ ਤੇ ਸਿਆਣਾ ਪ੍ਰਤੀਤ ਹੁੰਦਾ ਹੈ, ਫਿਰ ਵੀ ਉਸ ਨੇ ਇਹੋ ਜਿਹੇ ਜੁਰਮ ਕਿਉਂ ਕੀਤੇ? ਬੰਦੇ ਬਹਾਦਰ ਨੇ ਬੜੇ ਧੀਰਜ ਅਤੇ ਹਲੀਮੀ ਨਾਲ ਜਵਾਬ ਦਿੱਤਾ ਕਿ ਜਦ ਲੋਕ ਏਨੇ ਭ੍ਰਿਸ਼ਟ ਅਤੇ ਦੁਸ਼ਟ ਹੋ ਜਾਂਦੇ ਹਨ ਕਿ ਸਾਂਝੀਵਾਲਤਾ ਦੇ ਅਸੂਲ ਨੂੰ ਤਿਆਗ ਕੇ ਹਰ ਤਰ੍ਹਾਂ ਦੀ ਵਧੀਕੀ ’ਤੇ ਉਤਰ ਆਉਂਦੇ ਹਨ ਤਾਂ ਉਨ੍ਹਾਂ ਜ਼ਾਲਮਾਂ ਨੂੰ ਸਬਕ ਸਿਖਾਉਣ ਲਈ ਵਿਧਾਤਾ ਮੇਰੇ ਜਿਹੇ ਨੂੰ ਭੇਜ ਦਿੰਦਾ ਹੈ ਤੇ ਜਦ ਦੁਸ਼ਟਾਂ ਨੂੰ ਬਣਦੀ ਸਜ਼ਾ ਮਿਲ ਜਾਂਦੀ ਹੈ ਤਾਂ ਮੇਰੇ ਜਿਹੇ ਨੂੰ ਕਾਬੂ ਕਰਕੇ ਸਜ਼ਾ ਦੇਣ ਲਈ ਉਹ ਤੁਹਾਡੇ ਜਿਹੇ ਲੋਕਾਂ ਨੂੰ ਭੇਜ ਦਿੰਦਾ ਹੈ।

ਜਦ ਬੰਦਾ ਸਿੰਘ ਬਹਾਦਰ ਤੇ ਸਿੱਖਾਂ ਨੂੰ ਕੈਦ ਕਰਕੇ ਜਲੂਸ ਦੀ ਸ਼ਕਲ ਵਿਚ ਦਿੱਲੀ ਲਿਜਾਇਆ ਜਾ ਰਿਹਾ ਸੀ ਤਾਂ ਚਸ਼ਮਦੀਦ ਸੱਈਅਦ ਮੁਹੰਮਦ ਨੇ ਕਿਸੇ ਕੈਦੀ ਸਿਖ ਨੂੰ ਇਸ਼ਾਰੇ ਨਾਲ ਪੁੱਛਿਆ ਕਿ ਉਨ੍ਹਾਂ ਨੇ ਇਹ ਉਪੱਦਰ ਕਿਉਂ ਕੀਤੇ ਸਨ ਜੁ ਹੁਣ ਏਨੇ ਤਸੀਹੇ ਸਹਿ ਰਹੇ ਹਨ ਤਾਂ ਸਿਖ ਨੇ ਮੱਥੇ ਨੂੰ ਹੱਥ ਲਾ ਕੇ ਇਸ਼ਾਰੇ ਨਾਲ ਦੱਸਿਆ ਕਿ ਤਕਦੀਰ ਵਿਚ ਏਦਾਂ ਹੀ ਲਿਖਿਆ ਸੀ।

ਇਸ ਸ਼ਬਦ ਵਿਚ ਪਾਤਸ਼ਾਹ ਦੱਸਦੇ ਹਨ ਕਿ ਜੇਕਰ ਕੋਈ ਤਕੜਾ ਕਿਸੇ ਤਕੜੇ ਨੂੰ ਮਾਰਦਾ ਹੈ ਤਾਂ ਉਸ ਦਾ ਕੋਈ ਇਤਰਾਜ਼ ਨਹੀਂ ਹੁੰਦਾ। ਪਰ ਜੇ ਕੋਈ ਸ਼ੇਰ ਦੀ ਤਰ੍ਹਾਂ ਤਕੜਾ ਗਊਆਂ ਦੇ ਵੱਗ ਜਿਹੇ ਕਮਜ਼ੋਰ ਲੋਕਾਂ ਨੂੰ ਮਾਰੇ ਤਾਂ ਮਨ ਵਿਚ ਰੋਸ ਪੈਦਾ ਹੁੰਦਾ ਹੈ ਤੇ ਮਾਸੂਮ ਗਊਆਂ ਦੇ ਵੱਗ ਦੀ ਤਕਦੀਰ ਘੜ੍ਹਨ ਵਾਲੇ ਨੂੰ ਪੁੱਛਣਾ ਹੀ ਬਣਦਾ ਹੈ।

ਅਗਲੀ ਤੁਕ ਵਿਚ ਪਾਤਸ਼ਾਹ ਐਮਨਾਬਾਦ ਵਿਚ ਹੋ ਰਹੇ ਕਤਲੇਆਮ ਦਾ ਦ੍ਰਿਸ਼ ਪੇਸ਼ ਕਰਦੇ ਹਨ ਕਿ ਬਾਬਰ ਦੇ ਸਿਪਾਹੀਆਂ ਨੇ ਰਤਨਾਂ ਜਿਹੇ ਲੋਕ ਵੱਢ-ਟੁੱਕ ਕੇ ਇਸ ਤਰ੍ਹਾਂ ਨਸ਼ਟ ਕਰ ਦਿੱਤੇ ਕਿ ਪਛਾਣਨੇ ਮੁਸ਼ਕਲ ਹੋ ਗਏ ਤੇ ਇਨ੍ਹਾਂ ਮਰੇ ਹੋਏ ਲੋਕਾਂ ਦੀਆਂ ਲੋਥਾਂ ਦੀ ਸੰਭਾਲ ਵੀ ਕਿਸੇ ਨੇ ਨਾ ਕੀਤੀ। ਇਥੇ ਪਾਤਸ਼ਾਹ ਨੇ ਜ਼ਾਲਮਾਂ ਨੂੰ ਹਿਰਖ ਵਿਚ ਕੁੱਤੇ ਆਖਿਆ ਹੈ। ਮੁਗਲ ਸਿਪਾਹੀਆਂ ਨੂੰ ਕੁੱਤੇ ਆਖਣ ਪਿੱਛੇ ਗੁਰੂ ਨਾਨਕ ਸਾਹਿਬ ਦੇ ਹਿਰਦੇ ਦੀ ਹਾਲਤ ਦਾ ਪਤਾ ਲੱਗਦਾ ਹੈ ਕਿ ਉਹ ਹਾਲੇ ਹਿਰਖ-ਭਾਵ ਵਿਚ ਹਨ। ਇਸੇ ਲਈ ਉਹ ਆਪਣੇ ਪਿਆਰੇ ਰੱਬ ਨੂੰ ਸੰਬੋਧਤ ਹੁੰਦੇ ਹਨ ਕਿ ਉਹ ਆਪ ਹੀ ਜੀਵਾਂ ਨੂੰ ਮੇਲ਼ਦਾ ਹੈ ਤੇ ਆਪੇ ਹੀ ਵਿਛੋੜ ਦਿੰਦਾ ਹੈ। ਭਾਵ, ਸੰਸਾਰ ਵਿਚ ਜੀਵਾਂ ਦਾ ਆਉਣਾ, ਮਿਲਣਾ ਤੇ ਸੰਸਾਰ ਤੋਂ ਜਾਣਾ, ਰੱਬ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ, ਜਿਵੇਂ ਕਿ ਗੁਰਬਾਣੀ ਵਿਚ ਆਉਂਦਾ ਹੈ ‘ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥’

ਗੁਰੂ ਨਾਨਕ ਪਾਤਸ਼ਾਹ ਸੱਚ ਨੂੰ ਅਕਸਰ ਕਈ ਪਖਾਂ ਅਤੇ ਨੁਕਤਿਆਂ ਤੋਂ ਵਾਚਦੇ ਹਨ। ਕਦੇ ਉਹ ਸੱਚ ਨੂੰ ਮਾਨਵਤਾ ਦੇ ਪਖ ਤੋਂ ਦੇਖਦੇ ਹਨ ਤੇ ਉਸੇ ਤਰ੍ਹਾਂ ਦਾ ਪ੍ਰਤਿਕਰਮ ਪੇਸ਼ ਕਰਦੇ ਹਨ। ਕਦੇ ਉਹ ਸੱਚ ਨੂੰ ਨਿਰੋਲ ਅਧਿਆਤਮਕ ਨੁਕਤੇ ਤੋਂ ਦੇਖਦੇ ਹਨ ਤੇ ਸੱਚ ਨੂੰ ਉਸੇ ਰਮਜ਼ ਵਿਚ ਪੇਸ਼ ਕਰਦੇ ਹਨ। ਇਸ ਸ਼ਬਦ ਦੇ ਅਖੀਰ ਵਿਚ ਐਮਨਾਬਾਦ ਵਿਚ ਦੇਖੇ ਕਤਲੇਆਮ ਪ੍ਰਤੀ ਅਧਿਆਤਮਕ ਰਮਜ਼ ਵਾਲਾ ਸੱਚ ਬਿਆਨਦੇ ਹਨ ਕਿ ਸੰਸਾਰਕ ਨੁਕਤੇ ਤੋਂ ਕੋਈ ਜਿੱਡਾ ਮਰਜ਼ੀ ਵਡਾ ਬਣਿਆ ਫਿਰੇ ਤੇ ਜਿੰਨੀ ਮਰਜ਼ੀ ਐਸ਼ੋ-ਇਸ਼ਰਤ ਦੀ ਜ਼ਿੰਦਗੀ ਜਿਉਂਦਾ ਹੋਵੇ, ਪਰ ਉਹ ਖਸਮ ਅਰਥਾਤ ਰੱਬ ਦੀ ਨਜ਼ਰ ਵਿਚ ਕੀੜੇ-ਮਕੌੜੇ ਤੋਂ ਵੱਧ ਨਹੀਂ ਹੁੰਦਾ। ਐਨ੍ਹ ਉਸੇ ਤਰ੍ਹਾਂ ਜਿਵੇਂ ਮਨੁਖ ਦੀ ਨਜ਼ਰ ਵਿਚ ਕੀੜਿਆਂ ਦੀ ਕੋਈ ਅਹਿਮੀਅਤ ਨਹੀਂ ਹੁੰਦੀ, ਚਾਹੇ ਉਨ੍ਹਾਂ ਨੇ ਆਪਣੀ ਖੁੱਡ ਵਿਚ ਜਿੰਨੇ ਮਰਜ਼ੀ ਦਾਣੇ ਜਮਾਂ ਕੀਤੇ ਹੋਣ।

ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਰੱਬੀ ਨੇਮ ਦੀ ਸੋਝੀ ਸੌਖਿਆਂ ਨਹੀਂ ਹੁੰਦੀ। ਇਸ ਦੇ ਲਈ ਆਪਣੇ ਵਡੱਪਣ ਨੂੰ ਮਾਰ ਕੇ ਜਿਉਣ ਨਾਲ ਪਤਾ ਲੱਗਦਾ ਹੈ ਕਿ ਅਸਲ ਸੱਚ ਕੀ ਹੈ। ਭਾਵ, ਆਪਾ-ਭਾਵ ਮਾਰ ਕੇ ਜਿਉਣ ਨਾਲ ਹੀ ਆਤਮਕ ਪ੍ਰਾਪਤੀ ਹੁੰਦੀ ਹੈ।
Tags