ਇਸ
ਸ਼ਬਦ ਵਿਚ ਭਗਤ ਜੈਦੇਵ ਜੀ ਆਖਦੇ ਹਨ ਕਿ ਜਦ ਮਨੁਖ ਵਿਆਪਕ-ਪ੍ਰਭੂ ਦੇ ਗੁਣਾਂ ਦਾ ਵਖਿਆਣ ਕਰਦਾ ਹੈ ਤਾਂ ਮਨ ਦੇ ਸਾਰੇ ਦਵੰਦ ਤੇ ਦੁਚਿੱਤੀਆਂ ਦੂਰ ਹੋ ਜਾਂਦੀਆਂ ਹਨ। ਦ੍ਰਿਸ਼ਟੀ ਇਕਾਗਰ ਤੇ ਇਕ-ਸਮਾਨ ਹੋ ਜਾਂਦੀ ਹੈ, ਜਿਵੇਂ ਉਸ ਨੂੰ ਤਮਾਮ ਸਾਧਨਾਵਾਂ ਦਾ ਫਲ ਮਿਲ ਗਿਆ ਹੋਵੇ। ਉਹ ਪ੍ਰਭੂ ਨੂੰ ਅਨੁਭਵ ਕਰ ਲੈਂਦਾ ਹੈ।
ਰਾਗੁ ਮਾਰੂ ਬਾਣੀ ਜੈਦੇਉ ਜੀਉ ਕੀ
ੴ ਸਤਿਗੁਰ ਪ੍ਰਸਾਦਿ ॥
ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥
ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ ॥੧॥
ਮਨ ਆਦਿ ਗੁਣ ਆਦਿ ਵਖਾਣਿਆ ॥
ਤੇਰੀ ਦੁਬਿਧਾ ਦ੍ਰਿਸਟਿ ਸੰਮਾਨਿਆ ॥੧॥ ਰਹਾਉ ॥
ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥
ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵਲੀਣੁ ਪਾਇਆ ॥੨॥੧॥
-ਗੁਰੂ ਗ੍ਰੰਥ ਸਾਹਿਬ ੧੧੦੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਹ ਭਗਤ ਜੈਦੇਵ ਜੀ ਦਾ ਪਦਾ ਹੈ, ਜਿਸ ਨੂੰ ਮਾਰੂ ਰਾਗ ਵਿਚ ਗਾਉਣ ਦੀ ਹਿਦਾਇਤ ਹੈ। ਫਿਰ ਸੰਖੇਪ ਮੰਗਲ ਵਿਚ ਦੱਸਿਆ ਗਿਆ ਹੈ ਕਿ ਸਿਰਜਣਾਤਮਕ ਤੇ ਵਿਆਪਕ ਬ੍ਰਹਮ ਕੇਵਲ ਇਕੋ-ਇਕ ਪ੍ਰਭੂ ਹੈ। ਉਹ ਸੱਚ ਦਾ ਪ੍ਰਕਾਸ਼ ਹੈ, ਭਾਵ ਸਦੀਵੀ ਹੋਂਦ ਵਾਲਾ ਹੈ। ਉਸ ਦਾ ਗਿਆਨ ਅਤੇ ਪ੍ਰਾਪਤੀ ਸਿਰਫ ਗੁਰੂ ਦੇ ਪ੍ਰਸਾਦਿ ਭਾਵ ਕਿਰਪਾ ਨਾਲ ਹੀ ਹੁੰਦੀ ਹੈ।
ਇਸ ਸ਼ਬਦ ਨੂੰ ਸਮਝਣ ਲਈ ਜੋਗ ਦੀ ਮੁਢਲੀ ਜਾਣਕਾਰੀ ਲਾਹੇਵੰਦ ਹੋ ਸਕਦੀ ਹੈ। ਜੋਗ ਦੇ ਅੱਠ ਅੰਗ ਹਨ। ਯਮ, ਨਿਯਮ, ਆਸਨ, ਪ੍ਰਾਣਾਯਮ, ਪ੍ਰਤਿਹਾਰ, ਧਾਰਨਾ, ਧਿਆਨ ਅਤੇ ਸਮਾਧੀ। ਪਹਿਲੇ ਅੰਗ ਵਿਚ ਕੁਝ ਪ੍ਰਣ ਕੀਤੇ ਜਾਂਦੇ ਹਨ, ਦੂਜੇ ਵਿਚ ਨਿਯਮ ਅਪਣਾਏ ਜਾਂਦੇ ਹਨ, ਤੀਜੇ ਵਿਚ ਬੈਠਣਾ ਸਿੱਖਿਆ ਜਾਂਦਾ ਹੈ, ਚੌਥੇ ਵਿਚ ਸਾਹ ਲੈਣ ਦੀ ਵਿਧੀ ਸਿੱਖੀ ਜਾਂਦੀ ਹੈ, ਪੰਜਵੇਂ ਵਿਚ ਇਛਾਵਾਂ ਦਾ ਤਿਆਗ ਕੀਤਾ ਜਾਂਦਾ ਹੈ, ਛੇਵੇਂ ਵਿਚ ਸੰਕਲਪ ਲਿਆ ਜਾਂਦਾ ਹੈ, ਸੱਤਵੇਂ ਵਿਚ ਧਿਆਨ ਟਿਕਾਇਆ ਜਾਂਦਾ ਹੈ ਅਤੇ ਅਠਵੇਂ ਵਿਚ ਸਮਾਧੀ ਲਗਾਈ ਜਾਂਦੀ ਹੈ।
ਪ੍ਰਾਣਾਯਮ ਜੋਗ ਦਾ ਚੌਥਾ ਅੰਗ ਹੈ। ਇਸ ਵਿਚ ਇੜਾ, ਪਿੰਗਲਾ ਅਤੇ ਸੁਖਮਨਾ ਨਾਮਕ ਤਿੰਨ ਨਾੜੀਆਂ ਮੰਨੀਆਂ ਗਈਆਂ ਹਨ, ਜੋ ਰੀੜ ਦੀ ਹੱਡੀ ਦੇ ਮੁੱਢੋਂ ਮਸਤਕ ਤਕ ਜਾਂਦੀਆਂ ਹਨ। ਇੜਾ ਰੀੜ੍ਹ ਦੀ ਹੱਡੀ ਦੇ ਖੱਬੇ ਪਾਸੇ ਹੈ ਤੇ ਇਸ ਨੂੰ ਚੰਦਰਮਾ ਕਿਹਾ ਜਾਂਦਾ ਹੈ। ਇਹ ਚੰਨ ਦੀ ਚਾਨਣੀ ਵਾਂਗ ਸੀਤਲ, ਰਚਨਾਤਮਕ, ਸਹਿਜ ਅਤੇ ਮਾਨਸਕ ਊਰਜਾ ਦੀ ਪ੍ਰਤੀਕ ਹੈ। ਇਹ ਨੱਕ ਦੇ ਖੱਬੇ ਪਾਸਿਓਂ ਸਾਹ ਲੈਣ ਨਾਲ ਉਤੇਜਤ ਹੁੰਦੀ ਹੈ, ਜਿਸ ਨਾਲ ਮਨ ਸ਼ਾਂਤ ਅਤੇ ਅਰਾਮ ਮਹਿਸੂਸ ਕਰਦਾ ਹੈ। ਪਿੰਗਲਾ ਰੀੜ੍ਹ ਦੀ ਹੱਡੀ ਦੇ ਸੱਜੇ ਪਾਸੇ ਹੈ। ਇਸ ਨੂੰ ਸੂਰਜ ਕਿਹਾ ਜਾਂਦਾ ਹੈ, ਜੋ ਨਿੱਘ, ਗਤੀਸ਼ੀਲਤਾ, ਤਰਕ ਅਤੇ ਦੈਹਿਕ ਊਰਜਾ ਦੀ ਪ੍ਰਤੀਕ ਹੈ। ਇਹ ਨੱਕ ਦੇ ਸੱਜੇ ਪਾਸਿਓਂ ਸਾਹ ਲੈਣ ਨਾਲ ਉਤੇਜਤ ਹੁੰਦੀ ਹੈ ਤੇ ਸਰੀਰਕ ਊਰਜਾ, ਪਾਚਨ ਅਤੇ ਚੇਤਨਤਾ ਨੂੰ ਵਧਾਉਂਦੀ ਹੈ। ਸੁਖਮਨਾ ਦੋਹਾਂ ਦੇ ਵਿਚਕਾਰ ਹੁੰਦੀ ਹੈ। ਇਹ ਨਿਰਪੱਖ ਅਤੇ ਬ੍ਰਹਮ ਊਰਜਾ ਦਾ ਮਾਰਗ ਹੈ। ਇਸ ਨੂੰ ਸ਼ੂਨਯ ਜਾਂ ਸੰਤੁਲਨ ਵੀ ਕਿਹਾ ਜਾਂਦਾ ਹੈ। ਇਹ ਉਦੋਂ ਉਤੇਜਤ ਹੁੰਦੀ ਹੈ, ਜਦੋਂ ਇੜਾ ਅਤੇ ਪਿੰਗਲਾ ਸੰਤੁਲਤ ਹੁੰਦੀਆਂ ਹਨ ਤੇ ਇਕੱਠੀਆਂ ਕੰਮ ਕਰਦੀਆਂ ਹਨ। ਇਹ ਅਧਿਆਤਮਿਕ ਜਾਗ੍ਰਿਤੀ, ਚੇਤਨਾ ਅਤੇ ਸਮਾਧੀ ਦਾ ਰਸਤਾ ਹੈ।
ਆਮ ਤੌਰ ਪਰ ਇੜਾ ਜਾਂ ਪਿੰਗਲਾ ਵਿਚੋਂ ਕੋਈ ਇਕ ਪ੍ਰਮੁੱਖ ਹੁੰਦੀ ਹੈ, ਜਿਸ ਕਰਕੇ ਜੀਵਨ ਵਿਚ ਟਕਰਾਅ ਪੈਦਾ ਹੁੰਦਾ ਹੈ। ਜਦੋਂ ਜੋਗ ਅਭਿਆਸ ਰਾਹੀਂ ਊਰਜਾ ਸੁਖਮਨਾ ਵਿਚ ਪ੍ਰਵੇਸ਼ ਕਰਦੀ ਹੈ ਤਾਂ ਵਿਅਕਤੀ ਅਧਿਆਤਮਕ ਚੇਤਨਾ ਮਹਿਸੂਸ ਕਰਦਾ ਹੈ, ਜਿਸ ਨਾਲ ਕੁੰਡਲਨੀ ਜਾਗਦੀ ਹੈ। ਇਹੀ ਜੋਗ ਹੈ, ਜੋ ਮਨੁਖ ਅੰਦਰ ਰੱਬੀ ਚੇਤਨਾ ਜਗਾਉਂਦੀ ਹੈ। ਪ੍ਰਾਣਾਯਾਮ ਨਾਲ ਇੜਾ ਅਤੇ ਪਿੰਗਲਾ ਵਿਚ ਸੰਤੁਲਨ ਕਾਇਮ ਹੁੰਦਾ ਹੈ ਤੇ ਧਿਆਨ ਸਦਕਾ ਸੁਖਮਨਾ ਨਾੜੀ ਜਾਗਦੀ ਹੈ। ਇਸ ਲਈ ਸੰਤੁਲਤ ਖੁਰਾਕ ਅਤੇ ਜੋਗ ਆਸਣ ਵੀ ਲਾਭਦਾਇਕ ਮੰਨੇ ਜਾਂਦੇ ਹਨ।
ਇਸ ਸ਼ਬਦ ਦੇ ਅਰੰਭ ਵਿਚ ਭਗਤ ਜੈਦੇਵ ਜੀ ਦੱਸਦੇ ਹਨ ਜਿਹੜਾ ਮਨੁਖ ਪ੍ਰਭੂ ਦੇ ਗੁਣ ਗਾ ਕੇ ਉਸ ਵਿਚ ਲੀਨ ਹੋ ਗਿਆ, ਉਸ ਨੇ ਮਾਨੋ ਜਿਵੇਂ ਇੜਾ ਨੂੰ ਪ੍ਰਾਣਾਂ ਨਾਲ ਵਿੰਨ੍ਹ ਲਿਆ, ਸੁਖਮਨਾ ਵਿਚ ਪ੍ਰਾਣਾਂ ਨੂੰ ਟਿਕਾਅ ਲਿਆ ਅਤੇ ਪਿੰਗਲਾ ਰਾਹੀਂ ਸੋਲਾਂ ਵਾਰ ਓਮ ਆਖ ਕੇ ਛੱਡ ਦਿੱਤਾ। ਪ੍ਰਭੂ ਦੀ ਸਿਫਤਿ-ਸਾਲਾਹ ਸਕਦਾ ਉਸ ਨੂੰ ਪ੍ਰਾਣਾਯਾਮ ਆਦਿ ਜੋਗ ਸਾਧਨਾ ਦੁਆਰਾ ਪ੍ਰਾਪਤ ਹੋਣ ਵਾਲੇ ਫਲ ਸੁਤੇ-ਸਿਧ ਹੀ ਪ੍ਰਾਪਤ ਹੋ ਜਾਂਦੇ ਹਨ ਤੇ ਫਿਰ ਪ੍ਰਾਣ ਚੜ੍ਹਾਉਣ, ਟਿਕਾਉਣ ਅਤੇ ਉਤਾਰਨ ਵਾਲੇ ਕਿਸੇ ਸਾਧਨ ਦੀ ਲੋੜ ਹੀ ਨਹੀਂ ਰਹਿ ਜਾਂਦੀ। ਵਿਆਪਕ ਪ੍ਰਭੂ ਦੇ ਗੁਣ ਗਾਉਣ ਸਦਕਾ ਹੀ ਕਮਜੋਰ ਹੋਏ ਆਪਣੇ ਮਨ ਦੀ ਜਿੱਦ ਟੁੱਟ ਜਾਂਦੀ ਹੈ, ਮਨ ਨਿਮਰਤਾ ਦਾ ਧਾਰਨੀ ਹੋ ਜਾਂਦਾ ਹੈ। ਮਨ ਦੀ ਚੰਚਲਤਾ ਦੂਰ ਹੋ ਜਾਂਦੀ ਹੈ। ਅਘੜਤ ਮਨ ਨਿਮਰਤਾ ਅਤੇ ਅਡੋਲ ਅਵਸਥਾ ਵਿਚ ਆ ਕੇ ਅਨੁਸ਼ਾਸਨ ਵਿਚ ਆ ਜਾਂਦਾ ਹੈ। ਮਨ ਦੀ ਅਵਸਥਾ ਅਜਿਹੀ ਹੋ ਜਾਂਦੀ ਹੈ ਕਿ ਮਾਨੋ ਅਜਿਹਾ ਰਸ ਪੀ ਲਿਆ ਹੋਵੇ ਜੋ ਹਰ ਕੋਈ ਨਹੀਂ ਪੀ ਸਕਦਾ। ਇਹ ਵਿਆਪਕ ਪ੍ਰਭੂ ਦੇ ਨਾਮ ਦਾ ਉਹ ਅੰਮ੍ਰਿਤ-ਰਸ ਹੈ, ਜੋ ਹਰ ਕਿਸੇ ਨੂੰ ਨਸੀਬ ਨਹੀਂ ਹੁੰਦਾ ਜਾਂ ਬੜੀ ਕਠਨਾਈ ਨਾਲ ਪ੍ਰਾਪਤ ਹੁੰਦਾ ਹੈ।
ਭਗਤ ਜੈਦੇਵ ਜੀ ਆਪਣੇ ਮਨ ਨੂੰ ਮੁਖਾਤਬ ਹੋ ਕੇ ਕਥਨ ਕਰਦੇ ਹਨ ਕਿ ਉਸ ਨੇ ਹੁਣ ਸ੍ਰਿਸ਼ਟੀ ਦੇ ਮੋਢੀ ਕਰਤੇ ਪ੍ਰਭੂ ਦੇ ਮੌਲਿਕ ਗੁਣ ਜਾਣ ਲਏ ਹਨ। ਭਾਵ, ਮਨ ਨੇ ਪ੍ਰਭੂ ਦਾ ਭੇਤ ਜਾਣ ਲਿਆ ਹੈ ਤੇ ਉਸ ਨਾਲ ਅਭੇਦ ਹੋ ਗਿਆ ਹੈ। ਜਿਸ ਕਰਕੇ ਮਨ ਦੀ ਸਾਰੀ ਦੁਬਿਧਾ ਦੂਰ ਹੋ ਗਈ ਹੈ ਤੇ ਸਾਰੇ ਪਾਸੇ ਸਭ ਕੁਝ ਇਕੋ ਜਿਹਾ ਨਜਰ ਆਉਣ ਲੱਗ ਗਿਆ ਹੈ। ਕਿਤੇ ਕੋਈ ਵਾਧ ਘਾਟ ਨਹੀਂ ਹੈ। ਪ੍ਰਭੂ ਹਰ ਸਮੇਂ ਹਰ ਥਾਂ ਵਿਆਪਕ ਹੈ। ਉਹ ਕਣ-ਕਣ ਵਿਚ ਵਸਿਆ ਹੈ। ਕੋਈ ਅਜਿਹੀ ਥਾਂ ਨਹੀਂ ਜਿਥੇ ਉਹ ਨਹੀਂ ਹੈ। ਕਿਉਂਕਿ ਹੁਣ ਦ੍ਰਿਸ਼ਟੀ ਇਕ ਸਮਾਨ ਹੋ ਗਈ ਹੈ, ਜਿਸ ਕਰਕੇ ਸਾਰੇ ਭਿੰਨ ਭੇਦ ਮਿਟ ਗਏ ਹਨ। ਇਹੀ ਅਸਲ ਜੋਗ ਹੈ ਤੇ ਇਹੀ ਇਸ ਸ਼ਬਦ ਦਾ ਮਨੋਰਥ ਵੀ ਹੈ।
ਭਗਤ ਜੈਦੇਵ ਜੀ ਦੱਸਦੇ ਹਨ ਕਿ ਜਿਸ ਵੀ ਪ੍ਰਾਣੀ ਮਾਤਰ ਨੇ ਅਰਾਧਣ-ਜੋਗ ਹਸਤੀ ਪ੍ਰਭੂ ਦੀ ਅਰਾਧਨਾ ਕੀਤੀ। ਉਸ ਨੂੰ ਆਪਣੀ ਆਸਥਾ ਨਾਲ ਪ੍ਰਸੰਨ ਕੀਤਾ। ਫਿਰ ਸ਼ਰਧਾ ਦੇ ਯੋਗਤਾ ਵਾਲੇ ਪਰਮ ਸੱਚ ਨੂੰ ਆਪਣੇ ਹਿਰਦੇ ਵਿਚ ਜੀਵੰਤ ਅਹਿਸਾਸ ਵਜੋਂ ਧਾਰਣ ਕੀਤਾ ਭਾਵ, ਸੱਚ ਨੂੰ ਆਪਣੇ ਅਮਲ ਵਿਚ ਉਤਾਰਿਆ। ਮਾਨੋ ਸੱਚ ਸਰੂਪ ਪ੍ਰਭੂ ਨਾਲ ਅਭੇਦ ਹੋਣ ਦਾ ਇਹ ਅਭਿਆਸ ਅਜਿਹਾ ਸੀ ਜਿਵੇਂ ਪਾਣੀ ਵਿਚ ਪਾਣੀ ਮਿਲ ਗਿਆ ਹੋਵੇ। ਜਿਵੇਂ ਪਾਣੀ ਨਾਲ ਪਾਣੀ ਅਭੇਦ ਹੋ ਜਾਂਦਾ ਹੈ, ਐਨ ਇਸੇ ਤਰ੍ਹਾਂ ਉਹ ਪ੍ਰਾਣੀ ਵੀ ਸਰਬ-ਵਿਆਪਕ ਪ੍ਰਭੂ ਨਾਲ ਇਕ ਮਿਕ ਜਾਂ ਇਕ ਜੋਤ ਹੋ ਗਏ ਹਨ ਤੇ ਉਨ੍ਹਾਂ ਦਰਮਿਆਨ ਸਭ ਫਰਕ ਮਿਟ ਗਏ ਹਨ। ਅਰਾਧਨਾ ਸੱਚ-ਸਰੂਪ ਪ੍ਰਭੂ ਨੂੰ ਪ੍ਰਸੰਨ ਕਰਨ ਦਾ ਜਤਨ ਹੈ ਤੇ ਸ਼ਰਧਾ ਉਸ ਨੂੰ ਹਿਰਦੇ ਵਿਚ ਉਤਾਰਨਾ ਹੈ। ਇਹੀ ਪ੍ਰਭੂ ਮਿਲਾਪ ਹੈ।
ਇਸ ਸ਼ਬਦ ਦੇ ਅਖੀਰ ਵਿਚ ਭਗਤ ਜੈਦੇਵ ਜੀ ਕਥਨ ਕਰਦੇ ਹਨ ਕਿ ਜਿਸ ਨੇ ਵੀ ਉਸ ਪ੍ਰਭੂ ਦਾ ਸਿਮਰਨ ਕੀਤਾ ਤਾਂ ਉਸ ਨੇ, ਉਸ ਪ੍ਰਭੂ ਨਾਲ ਮਿਲਾਪ ਪ੍ਰਾਪਤ ਕਰ ਲਿਆ ਹੈ, ਜਿਹੜਾ ਪ੍ਰਭੂ ਸ੍ਰਿਸ਼ਟੀ ਦੇ ਮੁੱਢ ਵਿਚ ਨਿਰਾਕਾਰ ਸੁੰਨ ਸਮਾਧੀ ਵਿਚ ਲਿਵਲੀਨ ਹੋਇਆ ਹੋਇਆ ਸੀ।