ਇਸ
ਸ਼ਬਦ ਵਿਚ ਭਗਤ ਜੇਦੈਵ ਜੀ ਵਿਆਪਕ ਪ੍ਰਭੂ ਅਤੇ ਉਸ ਦੇ ਨਾਮ-ਸਿਮਰਨ ਦੀ ਮਹਿਮਾ ਦਾ ਗੁਣਗਾਨ ਕਰ ਰਹੇ ਹਨ। ਉਹ ਵਿਆਪਕ ਪ੍ਰਭੂ ਹਰ ਸਮੇਂ, ਹਰ ਥਾਂ ਰਮ ਰਿਹਾ ਹੈ। ਪ੍ਰਭੂ ਦਾ ਨਾਮ-ਸਿਮਰਨ ਹੀ ਸਾਰੀਆਂ ਬਰਕਤਾ ਦਾ ਸੋਮਾ ਹੈ। ਨਾਮ-ਸਿਮਰਨ ਸਦਕਾ ਹਰ ਪ੍ਰਕਾਰ ਦੇ ਦੁਖ ਅਤੇ ਡਰ ਦੂਰ ਹੋ ਜਾਂਦੇ ਹਨ। ਇਸ ਲਈ ਭਗਤ ਜੀ ਮਨੁਖ ਨੂੰ ਪ੍ਰਭੂ ਦੀ ਸ਼ਰਣ ਵਿਚ ਆਉਣ ਦੀ ਤਾਕੀਦ ਕਰ ਰਹੇ ਹਨ।
ਗੂਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਪਰਮਾਦਿ ਪੁਰਖਮਨੋਪਿਮੰ ਸਤਿ ਆਦਿ ਭਾਵ ਰਤੰ ॥
ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬਗਤੰ ॥੧॥
ਕੇਵਲ ਰਾਮ ਨਾਮ ਮਨੋਰਮੰ ॥
ਬਦਿ ਅੰਮ੍ਰਿਤ ਤਤ ਮਇਅੰ ॥
ਨ ਦਨੋਤਿ ਜਸਮਰਣੇਨ ਜਨਮ ਜਰਾਧਿ ਮਰਣ ਭਇਅੰ ॥੧॥ ਰਹਾਉ ॥
ਇਛਸਿ ਜਮਾਦਿ ਪਰਾਭਯੰ ਜਸੁ ਸ੍ਵਸਤਿ ਸੁਕ੍ਰਿਤ ਕ੍ਰਿਤੰ ॥
ਭਵ ਭੂਤ ਭਾਵ ਸਮਬੵਿਅੰ ਪਰਮੰ ਪ੍ਰਸੰਨਮਿਦੰ ॥੨॥
ਲੋਭਾਦਿ ਦ੍ਰਿਸਟਿ ਪਰ ਗ੍ਰਿਹੰ ਜਦਿਬਿਧਿ ਆਚਰਣੰ ॥
ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥੩॥
ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥
ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥੪॥
ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ॥
ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬਗਤੰ ॥੫॥੧॥
-ਗੁਰੂ ਗ੍ਰੰਥ ਸਾਹਿਬ ੫੨੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਭਗਤ ਜੈਦੇਵ ਜੀ ਦੱਸਦੇ ਹਨ ਕਿ ਸ੍ਰਿਸ਼ਟੀ ਦਾ ਕਰਤਾ, ਪਾਲਣ ਕਰਤਾ ਅਤੇ ਸੰਘਾਰ ਕਰਤਾ ਕੇਵਲ ਇਕੋ-ਇਕ ਪ੍ਰਭੂ ਹੈ। ਉਹ ਸੱਚ ਦਾ ਪ੍ਰਕਾਸ਼ ਹੈ, ਭਾਵ ਸਦੀਵੀ ਹੋਂਦ ਵਾਲਾ ਹੈ। ਉਸ ਦਾ ਗਿਆਨ ਅਤੇ ਪ੍ਰਾਪਤੀ ਸਿਰਫ ਗੁਰੂ ਦੇ ਪ੍ਰਸਾਦਿ ਭਾਵ ਕਿਰਪਾ ਨਾਲ ਹੀ ਸੰਭਵ ਹੈ।
ਫਿਰ ਭਗਤ ਜੈਦੇਵ ਜੀ ਦੱਸਦੇ ਹਨ ਕਿ ਉਹ ਪ੍ਰਭੂ ਸਭ ਤੋਂ ਮੁਢਲੀ ਅਤੇ ਪਰਮ ਹਸਤੀ ਹੈ। ਉਹ ਸਰਬ-ਸ੍ਰੇਸ਼ਟ ਅਤੇ ਮੌਲਿਕ ਹੈਸੀਅਤ ਦਾ ਮਾਲਕ ਹੈ। ਉਹ ਅਦੁੱਤੀ ਹੈ, ਕਿਉਂਕਿ ਉਸ ਜਿਹਾ ਕੋਈ ਹੋਰ ਨਹੀਂ ਹੈ। ਉਸ ਦੀ ਮਿਸਾਲ ਦੇਣੀ ਮੁਸ਼ਕਿਲ ਹੈ। ਉਸ ਨੂੰ ਮਿਲਣ ਦਾ ਇਕੋ-ਇਕ ਤਰੀਕਾ ਪ੍ਰੇਮ ਹੈ। ਇਸ ਕਰਕੇ ਉਸ ਆਦਿ-ਪੁਰਖ, ਪਰਮ-ਸਰੂਪ ਵਿਆਪਕ ਪ੍ਰਭੂ ਨੂੰ ਪ੍ਰੇਮ ਕਰਨਾ ਚਾਹੀਦਾ ਹੈ। ਉਸ ਦੇ ਪ੍ਰੇਮ-ਭਾਵ ਵਿਚ ਰੰਗੇ ਜਾਣਾ ਹੀ ਉਸ ਨੂੰ ਮਿਲਣ ਦਾ ਤਰੀਕਾ ਅਤੇ ਰਾਹ ਹੈ। ਭਗਤ ਜੈਦੇਵ ਜੀ ਆਖਦੇ ਹਨ ਕਿ ਉਹ ਸੱਚੇ ਸਰੂਪ ਵਾਲਾ ਪ੍ਰਭੂ ਅਦਭੁਤ, ਅਨੋਖਾ ਅਤੇ ਸਰਬ-ਸ੍ਰੇਸ਼ਟ ਹਸਤੀ ਦਾ ਮਾਲਕ ਹੈ। ਉਹ ਮਾਇਆ ਵਿਚ ਰਹਿਣ ਦੇ ਬਾਵਜੂਦ ਵੀ ਇਸ ਤੋਂ ਨਿਰਲੇਪ ਅਤੇ ਅਭਿਜ ਹੈ। ਉਸ ਦੀ ਹਸਤੀ ਮਨੁਖ ਦੀ ਸੋਚ ਤੋਂ ਪਰੇ ਹੈ ਕਿਉਂਕਿ ਉਹ ਕਿਸੇ ਇਕ ਥਾਂ ਤਕ ਸੀਮਤ ਨਹੀਂ, ਬਲਕਿ ਉਹ ਹਰ ਸਮੇਂ ਅਤੇ ਸਥਾਨ ਵਿਖੇ ਮੌਜੂਦ ਅਤੇ ਸਰਬ-ਵਿਆਪਕ ਹੈ।
ਭਗਤ ਜੈਦੇਵ ਜੀ ਦੱਸਦੇ ਹਨ ਕਿ ਜੀਵ ਨੂੰ ਸਿਰਫ ਪ੍ਰਭੂ ਦਾ ਮਨ ਮੋਹ ਲੈਣ ਵਾਲਾ ਅਤੇ ਆਤਮਿਕ ਜੀਵਨ ਦੇਣ ਵਾਲਾ ਅੰਮ੍ਰਿਤ ਰੂਪੀ ਨਾਮ ਜਪਣਾ ਚਾਹੀਦਾ ਹੈ। ਪ੍ਰਭੂ ਦਾ ਨਾਮ ਜਪਣਾ ਅਸਲ ਵਿਚ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ। ਅਮਰ ਕਰ ਦੇਣ ਵਾਲੇ ਤੱਤ-ਸਰੂਪ ਨਾਮ ਦਾ ਸਿਮਰਨ ਕਰਨਾ ਹੀ ਅਸਲ ਵਿਚ ਜੀਵਨ ਦਾ ਤੱਤਸਾਰ ਹੈ।
ਪ੍ਰਭੂ ਦੇ ਨਾਮ-ਸਿਮਰਨ ਸਦਕਾ ਮਨੁਖ ਜਨਮ-ਮਰਨ ਦੇ ਚੱਕਰਾਂ ਵਿਚ ਨਹੀਂ ਉਲਝਦਾ। ਅਸਲ ਵਿਚ ਜਨਮ ਅਤੇ ਮੌਤ ਤਾਂ ਜੀਵਨ ਦੇ ਦੋ ਸਿਰੇ ਹੀ ਹਨ ਤੇ ਜੀਵਨ ਤਾਂ ਇਨ੍ਹਾਂ ਦੋ ਸਿਰਿਆਂ ਦੇ ਵਿਚਕਾਰ ਹੈ। ਇਥੇ ਹੀ ਅਸਲ ਦੁਖ ਅਤੇ ਸਮੱਸਿਆਵਾਂ ਵਾਪਰਦੀਆਂ ਹਨ। ਵਧ ਰਹੇ ਬੁੱਢਾਪੇ ਦਾ ਦੁਖ ਜੀਵਨ ਦੇ ਸੁਖ ਨੂੰ ਤਬਾਹ ਕਰੀ ਰਖਦਾ ਹੈ। ਪਰ ਪ੍ਰਭੂ ਦਾ ਸਿਮਰਨ ਮਨੁਖ ਨੂੰ ਵਧਦੇ ਹੋਏ ਬੁਢਾਪੇ ਦੇ ਡਰ ਤੋਂ ਮੁਕਤ ਕਰ ਦਿੰਦਾ ਹੈ। ਮਨੁਖ ਆਪਣਾ ਨਿਸ਼ਚਿੰਤ ਜੀਵਨ ਬਸਰ ਕਰਦਾ ਹੈ ਤੇ ਉਸ ਨੂੰ ਕਾਸੇ ਦਾ ਵੀ ਡਰ ਨਹੀਂ ਰਹਿੰਦਾ। ਇਹੀ ਇਸ ਸ਼ਬਦ ਦਾ ਕੇਂਦਰੀ ਵਿਚਾਰ ਹੈ।
ਭਗਤ ਜੈਦੇਵ ਜੀ ਪ੍ਰੇਰਤ ਕਰਦੇ ਹਨ ਕਿ ਜੇ ਕੋਈ ਚਾਹੁੰਦਾ ਹੈ ਕਿ ਮੌਤ ਦਾ ਡਰ ਪੈਦਾ ਕਰਨ ਵਾਲੇ ਜਮਾਂ ਨੂੰ ਹਰਾ ਕੇ ਸੰਸਾਰ ਵਿਚ ਸੋਭਾ ਪ੍ਰਾਪਤ ਹੋਵੇ ਅਤੇ ਜੀਵਨ ਸੁਖੀ ਹੋਵੇ ਤਾਂ ਫਿਰ ਚੰਗੇ ਕਰਮ ਕਰਨੇ ਸ਼ੁਰੂ ਕਰ। ਕਿਉਂਕਿ ਨੇਕ ਅਮਲ ਬਿਨਾਂ ਨਾ ਮੌਤ ਦਾ ਡਰ ਖਹਿੜਾ ਛੱਡਦਾ ਹੈ, ਨਾ ਕੋਈ ਉਸ ਨੂੰ ਚੰਗਾ ਸਮਝਦਾ ਹੈ ਤੇ ਨਾ ਹੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਮੁੱਕਦੀ ਗੱਲ ਕਿ ਨੇਕ ਅਮਲ ਦੇ ਬਿਨਾਂ ਕੁਝ ਵੀ ਚੰਗਾ ਅਤੇ ਠੀਕ ਨਹੀਂ ਰਹਿੰਦਾ।
ਪ੍ਰਭੂ ਉੱਤੇ ਸਮੇਂ ਦਾ ਕੋਈ ਅਸਰ ਨਹੀਂ ਹੈ। ਉਹ ਅਕਾਲ, ਭਾਵ ਕਾਲ ਦੀ ਮਾਰ ਤੋਂ ਪਾਰ ਹੈ। ਇਸ ਲਈ ਉਹ ਭੂਤ, ਭਵਿੱਖ ਅਤੇ ਵਰਤਮਾਨ ਜਿਹੀ ਵੰਡ ਵਿਚ ਨਹੀਂ ਆਉਂਦਾ। ਬਲਕਿ ਉਹ ਇਨ੍ਹਾਂ ਤਿੰਨਾਂ ਸਮਿਆਂ ਵਿਚ ਸਦਾ ਇਕ ਰਸ ਜਾਂ ਇਕੋ-ਜਿਹਾ ਹੀ ਰਹਿੰਦਾ ਹੈ। ਤਬਦੀਲੀ ਚਿੰਤਾ ਦਾ ਕਾਰਣ ਹੁੰਦੀ ਹੈ। ਪਰ ਪ੍ਰਭੂ ਅਬਦਲ ਹੈ, ਜਿਸ ਕਰਕੇ ਉਹ ਹਮੇਸ਼ਾ ਬੇਹੱਦ ਪ੍ਰਸੰਨਚਿਤ ਰਹਿੰਦਾ ਹੈ। ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ, ਫਿਕਰ ਜਾਂ ਦੁਖ-ਤਕਲੀਫ ਨਹੀਂ ਹੁੰਦੀ। ਉਹ ਹਮੇਸ਼ਾ ਅਨੰਦਮਈ ਅਵਸਥਾ ਵਿਚ ਰਹਿੰਦਾ ਹੈ।
ਭਗਤ ਜੈਦੇਵ ਜੀ ਤਾੜਨਾ ਕਰਦੇ ਹਨ ਕਿ ਜੇ ਮਨ ਲੋਭ ਆਦਿ ਵਿਕਾਰਾਂ ਦਾ ਸ਼ਿਕਾਰ ਹੈ ਤਾਂ ਉਹ ਇਸ ਤਹਿਤ ਪਰਾਏ ਘਰਾਂ ’ਤੇ ਝਾਕ ਰਖਦਾ ਹੈ। ਪਰਾਏ ਘਰ ’ਤੇ ਝਾਕ ਰਖਣਾ ਮੁਹਾਵਰਾ ਹੈ, ਜਿਸ ਦਾ ਅਰਥ ਪਰਾਏ ਘਰ ਦੀਆਂ ਇਸਤਰੀਆਂ ਪ੍ਰਤੀ ਕਾਮਚੇਸ਼ਟਾ ਰਖਣੀ ਤੇ ਪਰਾਈ ਧੰਨ-ਸੰਪਤੀ ਪ੍ਰਤੀ ਹਿਰਸ ਰਖਣੀ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਖੋਹੀ ਜਾਂ ਠੱਗੀ ਜਾ ਸਕੇ। ਭਗਤ ਜੈਦੇਵ ਜੀ ਅਨੁਸਾਰ ਅਜਿਹਾ ਆਚਰਣ ਅਵੈਧ ਅਤੇ ਮਰਿਆਦਾ ਦੇ ਉਲਟ ਹੈ। ਇਸ ਗੱਲ ਵਿਚ ਸੰਕੇਤ ਹੈ ਕਿ ਜੇ ਕਿਸੇ ਦਾ ਅਜਿਹਾ ਅਨੈਤਿਕ ਆਚਰਣ ਹੈ ਤਾਂ ਉਹ ਤਿਆਗ ਦੇਣਾ ਚਾਹੀਦਾ ਹੈ। ਕਿਉਂਕਿ ਅਜਿਹਾ ਚਾਲ-ਚਲਣ ਚੰਗੇ ਅਤੇ ਸਿਹਤਮੰਦ ਸਮਾਜ ਦਾ ਦੁਸ਼ਮਣ ਹੈ।
ਫਿਰ ਉਹ ਬੁਰੇ ਕੰਮ ਛੱਡ ਦੇਣ ਦੀ ਨਸੀਹਤ ਦਿੰਦੇ ਹੋਏ ਤਾੜਨਾ ਵੀ ਕਰਦੇ ਹਨ ਕਿ ਬੁਰੇ ਕੰਮਾਂ ਲਈ ਉਕਸਾਉਣ ਵਾਲੀ ਬੁਰੀ ਮੱਤ ਦਾ ਵੀ ਖਹਿੜਾ ਛੱਡ ਦਿੱਤਾ ਜਾਵੇ। ਕਿਉਂਕਿ ਜਦ ਤਕ ਬੁਰੀ ਮੱਤ ਰਹੇਗੀ, ਉਦੋਂ ਤਕ ਬੁਰੇ ਕੰਮਾਂ ਵੱਲ ਧਿਆਨ ਜਾਂਦਾ ਰਹੇਗਾ। ਇਸ ਲਈ ਪ੍ਰਾਣੀ ਨੂੰ ਚਾਹੀਦਾ ਹੈ ਕਿ ਪ੍ਰਭੂ ਦੀ ਸ਼ਰਣ ਪ੍ਰਾਪਤ ਕਰਨ ਲਈ ਉਸ ਦਾ ਸਿਮਰਨ ਕਰੇ। ਪ੍ਰਭੂ ਦਾ ਸਿਮਰਨ ਅਜਿਹਾ ਅਭਿਆਸ ਹੈ, ਜਿਸ ਸਦਕਾ ਪ੍ਰਭੂ ਨਾਲ ਅਭੇਦ ਹੋਇਆ ਜਾ ਸਕਦਾ ਹੈ ਤੇ ਪ੍ਰਭੂ ਦੀ ਸ਼ਰਣ ਵਿਚ ਹੋਣ ਦਾ ਇਹੀ ਭਾਵ ਹੈ। ਉਸ ਦੀ ਸ਼ਰਣ ਵਿਚ ਗਿਆਂ ਹੀ ਬੁਰੀ ਮੱਤ ਤੋਂ ਛੁਟਕਾਰਾ ਮਿਲਦਾ ਹੈ ਤੇ ਬੁਰੇ ਕੰਮ ਬੁਰੇ ਲੱਗਣ ਲੱਗ ਪੈਂਦੇ ਹਨ। ਇਸ ਕਰਕੇ ਪ੍ਰਭੂ ਨਾਲ ਅਭੇਦ ਹੋਇਆਂ ਬੁਰਾਈ ਤੋਂ ਮੁਕਤੀ ਮਿਲਦੀ ਹੈ। ਪ੍ਰਭੂ ਦੁਸ਼ਟਾਂ ਦਾ ਸੰਘਾਰ ਤੇ ਭਗਤਾਂ ਦੀ ਰਖਿਆ ਕਰਨ ਦੇ ਸਮਰੱਥ ਹੈ।
ਜਿਹੜੇ ਲੋਕ ਬੁਰੇ ਵਿਚਾਰ ਰਖਦੇ ਹਨ, ਉਹ ਗੱਲਾਂ ਭਾਵੇਂ ਚੰਗੀਆਂ ਕਰਦੇ ਹੋਣ ਪਰ ਕੰਮ ਮਾੜੇ ਕਰਦੇ ਹਨ। ਅਜਿਹੇ ਲੋਕ ਬੁਰੇ ਹੀ ਹੁੰਦੇ ਹਨ। ਪਰ ਜਿਨ੍ਹਾਂ ਦੇ ਵਿਚਾਰ ਚੰਗੇ ਹੁੰਦੇ ਹਨ, ਉਹ ਬੋਲਦੇ ਵੀ ਚੰਗਾ ਹਨ ਤੇ ਕੰਮ ਵੀ ਚੰਗੇ ਕਰਦੇ ਹਨ। ਇਹ ਲੋਕ ਹੀ ਸਹੀ ਅਰਥਾਂ ਵਿਚ ਚੰਗੇ ਹੁੰਦੇ ਹਨ। ਭਗਤ ਜੈਦੇਵ ਜੀ ਵੀ ਇਹੀ ਕਹਿੰਦੇ ਹਨ ਪ੍ਰਭੂ ਦਾ ਵਿਸ਼ੇਸ਼ ਪਿਆਰਾ ਉਹੀ ਹੁੰਦਾ ਜਿਸ ਵਿਚ ਦ੍ਵੈਸ਼ ਦਾ ਭਾਵ ਨਹੀਂ ਹੁੰਦਾ। ਇਸ ਕਰਕੇ ਉਹ ਆਪਣੇ ਹਿਰਦੇ ਤੋਂ, ਕੰਮਾਂ ਤੋਂ ਤੇ ਗੱਲਾਂ ਤੋਂ ਸਾਫ ਚਿਤ ਇਨਸਾਨ ਹੁੰਦਾ ਹੈ।
ਭਗਤ ਜੈਦੇਵ ਜੀ ਸਵਾਲ ਕਰਦੇ ਹਨ ਕਿ ਜੋਗ-ਸਾਧਨਾ, ਯਗ-ਹਵਨ, ਦਾਨ-ਪੁੰਨ ਅਤੇ ਤਪ ਵਿਚ ਕੀ ਲਾਭ ਹੈ? ਅਸਲ ਵਿਚ ਇਹ ਸਵਾਲ ਨਹੀਂ, ਬਲਕਿ ਜਵਾਬ ਹੈ। ਇਥੇ ਭਗਤ ਜੀ ਦੱਸਦੇ ਹਨ ਕਿ ਜੇ ਮਨੁਖ ਦਾ ਮਨ, ਬਚਨ ਅਤੇ ਕਰਮ ਇਕ ਨਹੀਂ ਹਨ ਤਾਂ ਜੋਗ, ਜਗ ਅਤੇ ਤਪ ਆਦਿ ਕਰਮ-ਕਾਂਡਾਂ ਨਾਲ ਆਤਮਕ ਪੱਧਰ ’ਤੇ ਕੋਈ ਲਾਭ ਪ੍ਰਾਪਤ ਨਹੀਂ ਹੋ ਸਕਦਾ। ਇਸ ਕਾਰਣ ਮਨੁਖ ਨੂੰ ਦਵੰਦ ਤੋਂ ਦੂਰ ਰਹਿ ਕੇ ਮਨ, ਬਚਨ ਅਤੇ ਕਰਮ ਦੀ ਇਕਾਂਗਰਤਾ ਨਾਲ ਪ੍ਰਭੂ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।
ਭਗਤ ਜੈਦੇਵ ਜੀ ਸਿੱਖਿਆ ਦਿੰਦੇ ਹਨ ਕਿ ਜੋਗ, ਜਗ ਅਤੇ ਤਪ ਜਿਹੇ ਮੁਸ਼ਕਲ ਸਾਧਨਾ ਦੀ ਬਜਾਏ ਮਨੁਖ ਨੂੰ ਸ੍ਰਿਸ਼ਟੀ ਪਾਲਕ ਗੋਬਿੰਦ ਪ੍ਰਭੂ ਦਾ ਜਾਪ ਕਰਨਾ ਚਾਹੀਦਾ ਹੈ।
ਪਦੇ ਦੇ ਅਖੀਰ ਵਿਚ ਭਗਤ ਜੈਦੇਵ ਜੀ ਦੱਸਦੇ ਹਨ ਕਿ ਉਪਰ ਦੱਸੀਆਂ ਗੱਲਾਂ ਸਦਕਾ, ਬਾਕੀ ਸਭ ਆਸਰੇ ਛੱਡ ਕੇ ਉਹ ਆਪ ਵੀ ਉਸ ਪ੍ਰਭੂ ਦੀ ਸ਼ਰਣ ਵਿਚ ਆਏ ਹਨ, ਜਿਹੜਾ ਪ੍ਰਭੂ ਹੋਏ ਬੀਤੇ ਤੇ ਵਰਤਮਾਨ ਵਿਚ ਇਕਰਸ ਵਿਆਪਕ ਹੈ। ਜੋ ਸਾਰੀਆਂ ਬਰਕਤਾਂ ਦਾ ਸੋਮਾ ਹੈ। ਜਿਸ ਉੱਤੇ ਸਮੇਂ ਦੀ ਪਕੜ ਨਹੀਂ ਹੈ ਤੇ ਜੋ ਸਮਿਆਂ ਤੋਂ ਪਾਰ ਹੈ।