Guru Granth Sahib Logo
  
ਇਸ ਸ਼ਬਦ ਵਿਚ ਮਨੁਖਾ ਜੀਵਨ ਦੇ ਵਖ-ਵਖ ਪੜਾਵਾਂ, ਮਾਂ ਦੇ ਗਰਭ, ਬਚਪਨ, ਜਵਾਨੀ ਅਤੇ ਬੁਢਾਪੇ ਦੀ ਅਵਸਥਾ ਦਾ ਜਿਕਰ ਕੀਤਾ ਗਿਆ ਹੈ। ਜਦੋਂ ਬੱਚਾ ਮਾਂ ਦੇ ਗਰਭ ਵਿਚ ਹੁੰਦਾ ਹੈ, ਉਦੋਂ ਉਸ ਦਾ ਧਿਆਨ ਪ੍ਰਭੂ ਵਿਚ ਲੀਨ ਰਹਿੰਦਾ ਹੈ। ਸੰਸਾਰ ਵਿਚ ਆ ਕੇ ਬਚਪਨ ਵਿਚ ਉਸ ਦੀ ਸੁਰਤ ਖੇਲ-ਤਮਾਸ਼ਿਆਂ ਵਿਚ ਲੱਗ ਜਾਂਦੀ ਹੈ। ਚੜ੍ਹਦੀ ਜਵਾਨੀ ਵਿਚ ਉਹ ਖਾਣ-ਪੀਣ ਦੇ ਚਸਕਿਆਂ ਵਿਚ ਲੱਗ ਜਾਂਦਾ ਹੈ ਅਤੇ ਕਾਮਾਦਿਕ ਵਿਕਾਰ ਹਾਵੀ ਹੋ ਜਾਂਦੇ ਹਨ। ਬੁਢਾਪੇ ਵਿਚ ਸਰੀਰ ਕਮਜੋਰ ਹੋ ਜਾਂਦਾ ਹੈ, ਪਰ ਉਸ ਦੀ ਮਤਿ ਅਜੇ ਵੀ ਵਿਸ਼ੇ-ਵਿਕਾਰਾਂ ਵਿਚ ਹੀ ਲੱਗੀ ਰਹਿੰਦੀ ਹੈ। ਇਨ੍ਹਾਂ ਅਵਸਥਾਵਾਂ ਰਾਹੀਂ ਭਗਤ ਬੇਣੀ ਜੀ ਉਪਦੇਸ਼ ਕਰ ਰਹੇ ਹਨ ਕਿ ਜਿਉਂਦੇ ਜੀਅ ਹੀ ਮੁਕਤੀ ਦਾ ਉਪਾਅ ਕਰਨਾ ਚਾਹੀਦਾ ਹੈ, ਕਿਉਂਕਿ ਮਰਨ ਤੋਂ ਬਾਅਦ ਕਿਸੇ ਵੀ ਜਤਨ ਨਾਲ ਮੁਕਤੀ ਨਹੀਂ ਪਾਈ ਜਾ ਸਕਦੀ।
ਸ੍ਰੀਰਾਗ  ਬਾਣੀ ਭਗਤ ਬੇਣੀ ਜੀਉ ਕੀ
ਪਹਰਿਆ ਕੈ ਘਰਿ ਗਾਵਣਾ
ਸਤਿਗੁਰ ਪ੍ਰਸਾਦਿ

ਰੇ ਨਰ  ਗਰਭ ਕੁੰਡਲ ਜਬ ਆਛਤ   ਉਰਧ ਧਿਆਨ ਲਿਵ ਲਾਗਾ
ਮਿਰਤਕ ਪਿੰਡਿ ਪਦ ਮਦਨਾ ਅਹਿਨਿਸਿ   ਏਕੁ  ਅਗਿਆਨ ਸੁ ਨਾਗਾ ॥ 
ਤੇ ਦਿਨ ਸੰਮਲੁ ਕਸਟ ਮਹਾ ਦੁਖ   ਅਬ ਚਿਤੁ ਅਧਿਕ ਪਸਾਰਿਆ
ਗਰਭ ਛੋਡਿ ਮ੍ਰਿਤ ਮੰਡਲ ਆਇਆ   ਤਉ ਨਰਹਰਿ ਮਨਹੁ ਬਿਸਾਰਿਆ ॥੧॥ 

ਫਿਰਿ ਪਛੁਤਾਵਹਿਗਾ ਮੂੜਿਆ   ਤੂੰ ਕਵਨ ਕੁਮਤਿ ਭ੍ਰਮਿ ਲਾਗਾ
ਚੇਤਿ ਰਾਮੁ  ਨਾਹੀ ਜਮਪੁਰਿ ਜਾਹਿਗਾ   ਜਨੁ ਬਿਚਰੈ ਅਨਰਾਧਾ ॥੧॥ ਰਹਾਉ

ਬਾਲ ਬਿਨੋਦ ਚਿੰਦ ਰਸ ਲਾਗਾ   ਖਿਨੁ ਖਿਨੁ ਮੋਹਿ ਬਿਆਪੈ
ਰਸੁ ਮਿਸੁ ਮੇਧੁ  ਅੰਮ੍ਰਿਤੁ ਬਿਖੁ ਚਾਖੀ   ਤਉ ਪੰਚ ਪ੍ਰਗਟ ਸੰਤਾਪੈ
ਜਪੁ ਤਪੁ ਸੰਜਮੁ  ਛੋਡਿ ਸੁਕ੍ਰਿਤ ਮਤਿ   ਰਾਮ ਨਾਮੁ ਅਰਾਧਿਆ
ਉਛਲਿਆ ਕਾਮੁ  ਕਾਲ ਮਤਿ ਲਾਗੀ   ਤਉ ਆਨਿ ਸਕਤਿ ਗਲਿ ਬਾਂਧਿਆ ॥੨॥

ਤਰੁਣ ਤੇਜੁ  ਪਰ ਤ੍ਰਿਅ ਮੁਖੁ ਜੋਹਹਿ   ਸਰੁ ਅਪਸਰੁ ਪਛਾਣਿਆ
ਉਨਮਤ ਕਾਮਿ  ਮਹਾ ਬਿਖੁ ਭੂਲੈ   ਪਾਪੁ ਪੁੰਨੁ ਪਛਾਨਿਆ
ਸੁਤ ਸੰਪਤਿ ਦੇਖਿ  ਇਹੁ ਮਨੁ ਗਰਬਿਆ   ਰਾਮੁ ਰਿਦੈ ਤੇ ਖੋਇਆ
ਅਵਰ ਮਰਤ  ਮਾਇਆ ਮਨੁ ਤੋਲੇ   ਤਉ ਭਗ ਮੁਖਿ ਜਨਮੁ ਵਿਗੋਇਆ ॥੩॥

ਪੁੰਡਰ ਕੇਸ ਕੁਸਮ ਤੇ ਧਉਲੇ   ਸਪਤ ਪਾਤਾਲ ਕੀ ਬਾਣੀ
ਲੋਚਨ ਸ੍ਰਮਹਿ  ਬੁਧਿ ਬਲ ਨਾਠੀ   ਤਾ ਕਾਮੁ ਪਵਸਿ ਮਾਧਾਣੀ
ਤਾ ਤੇ ਬਿਖੈ ਭਈ ਮਤਿ ਪਾਵਸਿ   ਕਾਇਆ ਕਮਲੁ ਕੁਮਲਾਣਾ
ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ   ਤਉ ਪਾਛੈ ਪਛੁਤਾਣਾ ॥੪॥

ਨਿਕੁਟੀ ਦੇਹ ਦੇਖਿ ਧੁਨਿ ਉਪਜੈ   ਮਾਨ ਕਰਤ ਨਹੀ ਬੂਝੈ
ਲਾਲਚੁ ਕਰੈ ਜੀਵਨ ਪਦ ਕਾਰਨ   ਲੋਚਨ ਕਛੂ ਸੂਝੈ
ਥਾਕਾ ਤੇਜੁ  ਉਡਿਆ ਮਨੁ ਪੰਖੀ   ਘਰਿ ਆਂਗਨਿ ਸੁਖਾਈ
ਬੇਣੀ ਕਹੈ  ਸੁਨਹੁ ਰੇ ਭਗਤਹੁ   ਮਰਨ ਮੁਕਤਿ ਕਿਨਿ ਪਾਈ ॥੫॥
-ਗੁਰੂ ਗ੍ਰੰਥ ਸਾਹਿਬ ੯੩

ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਸ਼ਬਦ ਵਿਚ ਭਗਤ ਬੇਣੀ ਜੀ ਮਨੁਖ ਨੂੰ ਸੰਬੋਧਨ ਹੋ ਕੇ ਦੱਸ ਰਹੇ ਹਨ ਕਿ ਜਦ ਉਹ ਆਪਣੀ ਮਾਤਾ ਦੇ ਗਰਭ-ਗ੍ਰਹਿ ਵਿਚ ਸੀ ਤਾਂ ਉਸ ਦਾ ਸਰੀਰ ਉਲਟੀ ਸਥਿਤੀ ਵਿਚ ਸੀ। ਭਾਵ, ਉਸ ਦੇ ਪੈਰ ਉੱਪਰ ਸਨ ਤੇ ਸਿਰ ਹੇਠਾਂ ਵੱਲ ਸੀ। ਉਸ ਸਮੇਂ ਉਸ ਦਾ ਧਿਆਨ ਲਗਾਤਾਰ ਟਿਕਿਆ ਹੋਇਆ ਸੀ ਤੇ ਉਸ ਦੇ ਮਨੋਭਾਵਾਂ ਦਾ ਕੋਈ ਉਤਰਾ-ਚੜ੍ਹਾਅ ਨਹੀਂ ਸੀ।

ਉਸ ਵੇਲੇ ਉਸ ਨੂੰ ਨਾ ਪਦ-ਪਦਵੀ ਦਾ ਕੋਈ ਮਾਣ-ਅਭਿਮਾਨ ਸੀ ਨਾ ਹੀ ਉਸ ਨੂੰ ਇਹ ਪਤਾ ਸੀ ਕਿ ਉਹ ਕਿਸ ਘਰ, ਘਰਾਣੇ ਜਾਂ ਜਾਤੀ ਨਾਲ ਸੰਬੰਧ ਰਖਦਾ ਹੈ। ਮਿੱਟੀ ਦੇ ਸਰੀਰ ਵਿਚ ਉਹ ਰਾਤ-ਦਿਨ ਉਸ ਇਕ ਪ੍ਰਭੂ ਵਿਚ ਲੀਨ ਸੀ। ਕਿਸੇ ਕਿਸਮ ਦੇ ਅਗਿਆਨਤਾ ਦੇ ਭਰਮ ਤੋਂ ਉਹ ਮੁਕਤ ਸੀ।

ਫਿਰ ਭਗਤ ਬੇਣੀ ਜੀ ਮਨੁਖ ਨੂੰ ਚੇਤੇ ਕਰਾਉਂਦੇ ਹਨ ਕਿ ਉਹ ਆਪਣੇ ਉਸ ਮਹਾਂ-ਦੁਖ ਵਾਲੇ ਸਮੇਂ ਨੂੰ ਯਾਦ ਕਰੇ। ਫਿਰ ਉਸ ਨੂੰ ਪਤਾ ਲੱਗੇਗਾ ਕਿ ਉਸ ਨੇ ਬੇਵਜਾ ਹੀ ਆਪਣੀਆਂ ਸੋਚਾਂ ਤੇ ਸਰੋਕਾਰਾਂ ਦਾ ਪਸਾਰਾ ਵਧਾ ਲਿਆ ਹੈ। 

ਜਦੋਂ ਦਾ ਮਨੁਖ ਆਪਣੀ ਮਾਤਾ ਦਾ ਗਰਭ ਛੱਡ ਕੇ ਇਸ ਨਾਸ਼ਵਾਨ ਸੰਸਾਰ ਵਿਚ ਆਇਆ ਹੈ, ਉਦੋਂ ਦਾ ਹੀ ਉਸ ਨੇ ਸੰਸਾਰ ਦੇ ਮਾਲਕ ਪ੍ਰਭੂ ਨੂੰ ਵਿਸਾਰ ਦਿੱਤਾ ਹੈ। ਜਦਕਿ ਮਨੁਖ ਨੂੰ ਹੁਣ ਵੀ ਉਸੇ ਤਰ੍ਹਾਂ ਦੀ ਇਕਾਗਰਤਾ ਨਾਲ ਪ੍ਰਭੂ ਦੀ ਯਾਦ ਵਿਚ ਜੁੜੇ ਰਹਿਣਾ ਚਾਹੀਦਾ ਹੈ।

ਭਗਤ ਬੇਣੀ ਜੀ ਮਨੁਖ ਨੂੰ ਸੁਚੇਤ ਕਰਦੇ ਹੋਏ ਦੱਸਦੇ ਹਨ ਕਿ ਜਦ ਸਮਾਂ ਲੰਘ ਜਾਵੇਗਾ ਤਾਂ ਮਨੁਖ ਨੂੰ ਪਛਤਾਉਣਾ ਪਵੇਗਾ। ਮਨੁਖ ਨੂੰ ਮੂਰਖ ਕਹਿ ਕੇ ਤਾੜਨਾ ਕਰਦੇ ਹਨ ਕਿ ਉਹ ਕਿਹੋ ਜਿਹੀ ਬੁਰੀ ਮੱਤ ਕਾਰਣ ਭਰਮ ਵਿਚ ਉਲਝ ਗਿਆ ਹੈ। ਉਹ ਸੁਰਤ ਕਿਉਂ ਨਹੀਂ ਕਰਦਾ ਤੇ ਸਮੇਂ ਸਿਰ ਪ੍ਰਭੂ ਨੂੰ ਯਾਦ ਕਿਉਂ ਨਹੀਂ ਕਰਦਾ?

ਭਗਤ ਬੇਣੀ ਜੀ ਨਸੀਹਤ ਦਿੰਦੇ ਹੋਏ ਕਹਿੰਦੇ ਹਨ ਕਿ ਜਿਹੜਾ ਮਨੁਖ ਬਿਨਾਂ ਰੋਕ-ਟੋਕ ਨੱਠਾਂ-ਭੱਜਾ ਫਿਰਦਾ ਹੈ ਜਾਂ ਗੁਰੂ ਦੀ ਸਿੱਖਿਆ ਬਗੈਰ ਜੀਵਨ ਬਸਰ ਕਰ ਰਿਹਾ ਹੈ, ਉਸ ਨੂੰ ਚਾਹੀਦਾ ਹੈ ਕਿ ਉਹ ਪ੍ਰਭੂ ਨੂੰ ਚੇਤੇ ਰਖੇ ਨਹੀਂ ਤਾਂ ਉਸ ਨੂੰ ਅਤਿਅੰਤ ਦੁਖ ਸਹਿਣੇ ਪੈਣਗੇ। ਮੌਤ ਉਸ ਨੂੰ ਦਬੋਚ ਲਵੇਗੀ ਤੇ ਉਹ ਕੁਝ ਵੀ ਨਹੀਂ ਕਰ ਸਕੇਗਾ। ਇਹੀ ਇਸ ਸ਼ਬਦ ਦਾ ਸਥਾਈ ਭਾਵ ਹੈ।

ਮਨੁਖ ਆਪਣੀ ਬਾਲ ਉਮਰ ਵਿਚ ਮਨ ਭਾਉਂਦੇ ਖੇਡ-ਤਮਾਸ਼ਿਆਂ ਨਾਲ ਚਿੱਤ ਖੁਸ਼ ਕਰਨ ਵਿਚ ਲੱਗਾ ਰਹਿੰਦਾ ਹੈ। ਫਿਰ ਹੌਲੀ-ਹੌਲੀ ਉਸ ਦੇ ਮਨ ਵਿਚ ਮੋਹ-ਪਿਆਰ ਦੇ ਅਹਿਸਾਸ ਜਾਗਣ ਲੱਗ ਪੈਂਦੇ ਹਨ। ਭਾਵ, ਉਹ ਜੁਆਨੀ ਵੱਲ ਵਧਣ ਲੱਗ ਪੈਂਦਾ ਹੈ।

ਜਦ ਮਨੁਖ ਜਵਾਨੀ ਵਿਚ ਪੈਰ ਧਰਦਾ ਹੈ ਤਾਂ ਉਹ ਜੀਭ ਦੇ ਸੁਆਦ ਲਈ ਤਰ੍ਹਾਂ-ਤਰ੍ਹਾਂ ਦੇ ਖਾਣੇ ਖਾਣ ਲੱਗਦਾ ਹੈ ਤੇ ਅੰਮ੍ਰਿਤ ਸਮਝ ਕੇ ਖਾਦੇ ਇਨ੍ਹਾਂ ਖਾਣਿਆ ਦਾ ਮਾਰੂ ਅਸਰ ਹੀ ਪੈਂਦਾ ਹੈ, ਜੋ ਉਸ ਲਈ ਜ਼ਹਿਰ ਸਾਬਤ ਹੁੰਦਾ ਹੈ। ਫਿਰ ਉਸ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਨਾਮਕ ਪੰਜ ਵਿਕਾਰ ਪੈਦਾ ਹੋ ਜਾਂਦੇ ਹਨ ਤੇ ਉਸ ਨੂੰ ਸਤਾਉਣ ਲੱਗ ਪੈਂਦੇ ਹਨ। ਭਾਵ, ਉਸ ਦੇ ਅੰਦਰ ਜੁਆਨੀ ਦਾ ਜੋਸ਼ ਵਿਕਾਰ ਪੈਦਾ ਕਰਨ ਲੱਗ ਪੈਂਦਾ ਹੈ।

ਜੁਆਨੀ ਦੇ ਜੋਸ਼ੀਲੇ ਅਸਰ ਵਿਚ ਮਨੁਖ ਗੁਰੂ ਦੀ ਸਿੱਖਿਆ ਨੂੰ ਤਿਆਗ ਕੇ ਬਹੁਤ ਸਾਰੇ ਦਿਖਾਵੇ ਦੇ ਕਰਮ-ਕਾਂਡ ਕਰਨ ਵਿਚ ਉਲਝ ਜਾਂਦਾ ਹੈ ਸਭ ਤੋਂ ਵੱਧ ਬੁਰੀ ਗੱਲ ਇਹ ਕਿ ਉਹ ਪ੍ਰਭੂ ਨੂੰ ਵਿਸਾਰ ਦਿੰਦਾ ਹੈ।

ਫਿਰ ਉਸ ਦੇ ਅੰਦਰ ਕਾਮ ਦੇ ਭਾਵ ਕੁੱਦ ਪੈਂਦੇ ਹਨ ਤੇ ਉਸ ਦੀ ਸੂਝ-ਬੂਝ ਅੱਗੇ ਹਨੇਰਾ ਛਾ ਜਾਂਦਾ ਹੈ। ਉਹ ਬੁਰੇ-ਭਲੇ ਦਾ ਫਰਕ ਕਰਨੋ ਅਸਮਰੱਥ ਹੋ ਜਾਂਦਾ ਹੈ। ਉਸ ਦੀ ਅਜਿਹੀ ਹਾਲਤ ਦੇਖ ਕੇ ਮਾਪੇ, ਰਿਸਤੇਦਾਰ ਆਦਿ ਕਿਸੇ ਇਸਤਰੀ ਨਾਲ ਉਸ ਦਾ ਵਿਆਹ ਕਰ ਦਿੰਦੇ ਹਨ।

ਬੇਸ਼ੱਕ ਉਸ ਦਾ ਵਿਆਹ ਹੋ ਜਾਂਦਾ ਹੈ, ਪਰ ਫਿਰ ਵੀ ਜੁਆਨੀ ਦਾ ਏਨਾ ਜ਼ੋਰ ਹੁੰਦਾ ਹੈ ਕਿ ਮਨੁਖ ਆਪਣੀ ਪਤਨੀ ਦੇ ਹੁੰਦੇ ਹੋਏ ਵੀ ਪਰਾਈਆਂ ਔਰਤਾਂ ਦੇ ਵੱਲ ਹਵਸ ਨਾਲ ਦੇਖਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਇਸ ਵਿਚ ਭਲੇ-ਬੁਰੇ ਦਾ ਵੀ ਖਿਆਲ ਨਹੀਂ ਰਖਦਾ। ਭਾਵ, ਉਹ ਪਰਾਈਆਂ ਔਰਤਾਂ ਨੂੰ ਦੇਖ ਕੇ ਆਪਣੇ ਹੋਸ਼-ਹਵਾਸ ਗੁਆ ਬੈਠਦਾ ਹੈ।

ਉਹ ਕਾਮ ਦੇ ਨਸ਼ੇ ਵਿਚ ਚੂਰ ਹੋ ਕੇ ਬੜੇ ਹੀ ਖਤਰਨਾਕ ਕਿਸਮ ਦੇ ਮਾਇਆ ਜਾਲ ਵਿਚ ਗੁੰਮ ਹੋ ਜਾਂਦਾ ਹੈ। ਉਸ ਨੂੰ ਪਾਪ-ਪੁੰਨ ਦੀ ਵੀ ਸੋਝੀ ਨਹੀਂ ਰਹਿੰਦੀ। ਭਾਵ, ਉਹ ਬੁਰਾਈ ਵਿਚ ਏਨਾ ਗਲਤਾਨ ਹੋ ਜਾਂਦਾ ਹੈ ਕਿ ਚੰਗੇ-ਬੁਰੇ ਦਾ ਫਰਕ ਹੀ ਭੁੱਲ ਜਾਂਦਾ ਹੈ।

ਅੱਗੇ ਦੱਸਿਆ ਗਿਆ ਹੈ ਕਿ ਆਪਣੀ ਔਲਾਦ ਅਤੇ ਜਾਇਦਾਦ ਨੂੰ ਦੇਖ ਕੇ ਅਜਿਹੇ ਲੋਕਾਂ ਦੇ ਮਨ ਵਿਚ ਹੰਕਾਰ ਪੈਦਾ ਹੋ ਜਾਂਦਾ ਹੈ। ਉਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦੀ ਯਾਦ ਤਕ ਨਹੀਂ ਹੁੰਦੀ। ਭਾਵ, ਅਜਿਹੇ ਲੋਕ ਪ੍ਰਭੂ ਦੇ ਸਿਮਰਨ ਤੋਂ ਵਿਯੋਗੇ ਹੁੰਦੇ ਹਨ ਤੇ ਇਨ੍ਹਾਂ ਦੇ ਮਨ ਵਿਚ ਔਲਾਦ, ਧਨ-ਦੌਲਤ ਦਾ ਹੰਕਾਰ ਭਰਿਆ ਹੁੰਦਾ ਹੈ।

ਅਜਿਹੇ ਲੋਕਾਂ ਦਾ ਇਕ ਹੋਰ ਲੱਛਣ ਦੱਸਿਆ ਗਿਆ ਹੈ ਕਿ ਸਾਕ-ਸੰਬੰਧੀਆਂ ਦੇ ਮਰਨ ਪਿਛੋਂ ਉਨ੍ਹਾਂ ਵੱਲੋਂ ਪਿੱਛੇ ਛੱਡੀ ਦੌਲਤ ਦਾ ਇਹ ਹਿਸਾਬ-ਕਿਤਾਬ ਲਾਉਣ ਲੱਗ ਪੈਂਦੇ ਹਨ ਕਿ ਹੁਣ ਉਨ੍ਹਾਂ ਹਿੱਸੇ ਕਿੰਨੀ ਕੁ ਜਾਇਦਾਦ ਆਉਣੀ ਹੈ। ਇਸ ਤਰ੍ਹਾਂ ਉਹ ਭਾਗਾਂ ਨਾਲ ਮਿਲਿਆ ਆਪਣਾ ਸ੍ਰੇਸ਼ਟ ਮਨੁਖਾ ਜਨਮ ਅਜਾਂਈ ਗੁਆ ਲੈਂਦੇ ਹਨ।

ਭਗਤ ਬੇਣੀ ਜੀ ਅੱਗੇ ਦੱਸਦੇ ਹਨ ਕਿ ਜਦ ਮਨੁਖ ਦੇ ਕੇਸ ਕਮਲ ਫੁੱਲ ਨਾਲੋਂ ਵੀ ਵਧੇਰੇ ਚਿੱਟੇ ਹੋ ਜਾਂਦੇ ਹਨ, ਭਾਵ, ਜਦ ਉਹ ਬਿਰਧ ਹੋ ਜਾਂਦਾ ਹੈ ਤਾਂ ਉਦੋਂ ਉਸ ਦੀ ਅਵਾਜ਼ ਵੀ ਮੁਸ਼ਕਲ ਨਾਲ ਨਿਕਲਦੀ ਹੈ। ਉਦੋਂ ਉਸ ਤੋਂ ਏਨਾ ਧੀਮਾ ਬੋਲਿਆ ਜਾਂਦਾ ਹੈ, ਜਿਵੇਂ ਕਿਤੇ ਉਹ ਸੱਤਵੇਂ ਪਤਾਲ ਵਿਚ ਬੈਠਾ ਬੋਲ ਰਿਹਾ ਹੋਵੇ। ਉਦੋਂ ਜੁਆਨੀ ਵਾਲਾ ਠਾਠਾਂ ਮਾਰਦਾ ਜੋਸ਼ ਦਮ ਤੋੜ ਜਾਂਦਾ ਹੈ।

ਬਿਰਧ ਅਵਸਥਾ ਵਿਚ ਮਨੁਖ ਦੀ ਹਾਲਤ ਅਜਿਹੀ ਹੁੰਦੀ ਹੈ ਕਿ ਉਸ ਦੀਆਂ ਅੱਖਾਂ ਵਿਚੋਂ ਹਮੇਸ਼ਾ ਪਾਣੀ ਵਗਦਾ ਰਹਿੰਦਾ ਹੈ। ਭਾਵ, ਨਜਰ ਏਨੀ ਕਮਜੋਰ ਹੋ ਜਾਂਦੀ ਹੈ ਕਿ ਉਹ ਠੀਕ ਤਰ੍ਹਾਂ ਦੇਖ ਵੀ ਨਹੀਂ ਸਕਦਾ। ਉਸ ਦੀ ਸੋਚ ਸ਼ਕਤੀ ਤੇ ਸਰੀਰਕ ਬਲ ਸਾਥ ਛੱਡ ਜਾਂਦੇ ਹਨ। ਉਸ ਅਵਸਥਾ ਵਿਚ ਬੇਸ਼ੱਕ ਉਹ ਕੁਝ ਵੀ ਕਰਨ ਦੇ ਸਮਰੱਥ ਨਹੀਂ ਰਹਿੰਦਾ ਫਿਰ ਵੀ ਕਾਮ ਤ੍ਰਿਸ਼ਨਾ ਉਸ ਨੂੰ ਮਧਾਣੀ ਦੀ ਤਰ੍ਹਾਂ ਰਿੜਕਣ ਲੱਗ ਪੈਂਦੀ ਹੈ, ਤੋੜ ਭੰਨ ਕਰਕੇ ਝੰਭ ਸੁੱਟਦੀ ਹੈ। ਭਾਵ, ਉਸ ਦੀ ਦੇਹੀ ਬਲ ਹਾਰ ਜਾਂਦੀ ਹੈ, ਪਰ ਤ੍ਰਿਸ਼ਨਾ ਨਹੀਂ ਹਾਰਦੀ, ਬਲਕਿ ਵਧੇਰੇ ਤੰਗ ਅਤੇ ਪ੍ਰੇਸ਼ਾਨ ਕਰਨ ਕਰਦੀ ਹੈ।

ਉਸ ਅਵਸਥਾ ਦੌਰਾਨ ਮਨੁਖ ਦੀ ਸੋਚ ਵਿਚ ਵਿਕਾਰਾਂ ਦੀ ਝੜੀ ਲੱਗੀ ਰਹਿੰਦੀ ਹੈ। ਇਸ ਕਾਰਣ ਉਸ ਦੀ ਕਮਲ ਫੁੱਲ ਜਿਹੀ ਸੁੰਦਰ ਅਤੇ ਸ੍ਵੱਛ ਦੇਹੀ ਕਮਜ਼ੋਰ ਪੈ ਜਾਂਦੀ ਹੈ। ਭਾਵ, ਬੁਰੀਆਂ ਸੋਚਾਂ ਮਨੁਖ ਨੂੰ ਹੋਰ ਨਿਤਾਣਾ ਕਰ ਦਿੰਦੀਆਂ ਹਨ। ਇਥੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਨਿਰੋਈ ਸੋਚ ਸਰੀਰ ਨੂੰ ਵੀ ਨਿਰੋਆ ਰਖਦੀ ਹੈ।

ਭਗਤ ਬੇਣੀ ਜੀ ਤਾੜਨਾ ਕਰਦੇ ਹਨ ਕਿ ਇਸ ਨਾਸ਼ਵਾਨ ਸੰਸਾਰ ਵਿਚ ਉਸ ਨਿਰੰਕਾਰ ਪ੍ਰਭੂ ਦੀ ਸਿਫਤਿ-ਸਾਲਾਹ ਨੂੰ ਛੱਡ ਕੇ ਮਨੁਖ ਦੇ ਪੱਲੇ ਸਿਰਫ ਪਛਤਾਵਾ ਹੀ ਪੈਂਦਾ ਹੈ। ਭਾਵ, ਪ੍ਰਭੂ ਦੀ ਸਿਫਤਿ-ਸਾਲਾਹ ਕਰ ਕੇ ਆਪਣੇ ਜੀਵਨ ਨੂੰ ਸਾਰਥਕ ਬਣਾਉਣ ਦੀ ਬਜਾਏ ਉਹ ਦੁਰਮੱਤ ਦੇ ਰਾਹ ਤੁਰਦਾ ਹੈ ਤੇ ਆਪਣਾ ਜੀਵਨ ਤਬਾਹ ਕਰ ਲੈਂਦਾ ਹੈ। ਇਸ ਹਾਲਤ ਵਿਚ ਉਸ ਕੋਲ ਸਿਵਾਏ ਪਛਤਾਵੇ ਦੇ ਹੋਰ ਕੁਝ ਨਹੀਂ ਬਚਦਾ।

ਅੰਤ ਵੇਲੇ ਉਸ ਦੀ ਦੇਹ ਢਲ ਕੇ ਹੱਡੀਆਂ ਦੀ ਮੁੱਠ ਰਹਿ ਜਾਂਦੀ ਹੈ ਤੇ ਉਸ ਦਾ ਇਹ ਹਾਲ ਦੇਖਕੇ ਕਾਂਬਾ ਛਿੜਦਾ ਹੈ। ਪਰ ਉਹ ਏਨੀ ਬੁਰੀ ਹਾਲਤ ਵਿਚ ਵੀ ਮਾਣ-ਅਭਿਮਾਨ ਨਹੀਂ ਛੱਡਦਾ ਤੇ ਉਹ ਕੁਝ ਵੀ ਸਮਝਣ ਲਈ ਤਿਆਰ ਨਹੀਂ ਹੁੰਦਾ। ਭਾਵ, ਅਜਿਹਾ ਮਨੁਖ ਮਰਦੇ ਦਮ ਤਕ ਸੂਝ-ਬੂਝ ਦਾ ਪੱਲਾ ਨਹੀਂ ਫੜਦਾ।

ਅਜਿਹਾ ਮਨੁਖ ਆਪਣੀ ਬੇਹੱਦ ਕਮਜੋਰ ਹਾਲਤ ਅਤੇ ਦੁਰਦਸ਼ਾ ਵਿਚ ਵੀ ਜੀਵਨ ਲਾਲਸਾ ਨਹੀਂ ਛੱਡਦਾ ਭਾਵ, ਅਜੇ ਹੋਰ ਜਿਊਣ ਦਾ ਲਾਲਚ ਕਰਦਾ ਹੈ। ਬੇਸ਼ੱਕ ਉਸ ਦੀ ਨਜਰ ਏਨੀ ਕਮਜੋਰ ਹੋ ਚੁੱਕੀ ਹੈ ਕਿ ਉਸ ਨੂੰ ਅੱਖਾਂ ਤੋਂ ਕੁਝ ਦਿਖਦਾ ਤਕ ਨਹੀਂ ਹੈ ਪਰ ਫਿਰ ਵੀ ਉਸ ਦੀ ਲਾਲਸਾ ਨਹੀਂ ਮੁੱਕਦੀ।

ਅਖੀਰ ਉਸ ਮਨੁਖ ਦੀ ਸਾਰੀ ਤਾਕਤ ਜਾਂਦੀ ਰਹੀ ਤੇ ਉਸ ਦੀ ਚੇਤਨਾ ਪੰਛੀ ਦੀ ਤਰ੍ਹਾਂ ਉਡਾਰੀ ਮਾਰ ਕੇ ਸਰੀਰ ਛੱਡ ਗਈ। ਫਿਰ ਉਸ ਦੀ ਮਿਰਤਕ ਦੇਹ ਘਰ ਦੇ ਵਿਹੜੇ ਵਿਚ ਪਈ ਚੰਗੀ ਨਹੀਂ ਲੱਗਦੀ। ਭਾਵ, ਉਸ ਦੀ ਦੀ ਮਿਰਤਕ ਦੇਹ ਤੋਂ ਸਾਰੇ ਹੀ ਡਰਦੇ ਮਾਰੇ ਦੂਰ ਭੱਜਦੇ ਹਨ।

ਅਖੀਰ ਵਿਚ ਭਗਤ ਬੇਣੀ ਜੀ ਭਗਤ ਜਨਾਂ ਨੂੰ ਸੰਬੋਧਨ ਹੋ ਕੇ ਸਵਾਲ ਦੇ ਲਹਿਜੇ ਵਿਚ ਦੱਸਦੇ ਹਨ ਕਿ ਲੋਕਾਂ ਦਾ ਇਹ ਵਹਿਮ ਹੈ ਕਿ ਮਰਨ ਉਪਰੰਤ ਮਨੁਖ ਨੂੰ ਮੁਕਤੀ ਮਿਲ ਜਾਂਦੀ ਹੈ। ਪਰ ਅਸਲੀਅਤ ਇਹ ਹੈ ਕਿ ਮਰਨ ਦੇ ਬਾਅਦ ਕਿਸੇ ਨੂੰ ਵੀ ਮੁਕਤੀ ਨਹੀਂ ਮਿਲਦੀ। ਜੀਵਨ ਦੌਰਾਨ ਹੀ ਗੁਰੂ ਦੀ ਸਿੱਖਿਆ ਉੱਤੇ ਅਮਲ ਕਰ ਕੇ ਮਨੁਖ ਤ੍ਰਿਸ਼ਨਾ ਤੇ ਵਿਕਾਰਾਂ ਤੋਂ ਮੁਕਤੀ ਹਾਸਲ ਕਰ ਸਕਦਾ ਹੈ।

Tags