ਇਹ ਸ਼ਬਦ ਬੱਚੇ ਦੇ ਜਨਮ ਸਮੇਤ ਹਰ ਖੁਸ਼ੀ ਦੇ ਮੌਕੇ ’ਤੇ ਸ਼ਰਧਾ ਤੇ ਉਤਸ਼ਾਹ ਸਹਿਤ ਪੜ੍ਹਿਆ ਤੇ ਗਾਇਆ ਜਾਂਦਾ ਹੈ। ਇਸ ਦਾ ਮੁੱਖ ਕਾਰਣ ਇਸ ਸ਼ਬਦ ਦੀ ਤੁਕ ‘ਲਖ ਖੁਸੀਆ ਪਾਤਿਸਾਹੀਆ’ ਹੈ। ਇਸ ਸ਼ਬਦ ਵਿਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਕਿ ਜਿਹੜੇ ਮਨੁਖ ਸਦਾ ਪ੍ਰਭੂ ਨੂੰ ਮਨ ਵਿਚ ਵਸਾਈ ਰਖਦੇ ਹਨ, ਗੁਰ-ਸ਼ਬਦ ਦੀ ਬਰਕਤ ਨਾਲ ਉਨ੍ਹਾਂ ਨੂੰ ਲਖਾਂ ਪਾਤਸ਼ਾਹੀਆਂ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ। ਉਹ ਅਜਿਹੀ ਉੱਚੀ ਅਤੇ ਅਡੋਲ ਅਵਸਥਾ ਪ੍ਰਾਪਤ ਕਰ ਲੈਂਦੇ ਹਨ ਕਿ ਕੋਈ ਦੁਖ-ਕਲੇਸ਼ ਉਨ੍ਹਾਂ ਨੂੰ ਵਿਚਲਿਤ ਨਹੀਂ ਕਰਦਾ।
ਸਿਰੀਰਾਗੁ ਮਹਲਾ ੫ ॥
ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥
ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥
ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥੧॥
ਮੇਰੇ ਮਨ ਏਕਸ ਸਿਉ ਚਿਤੁ ਲਾਇ ॥
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥
ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥
ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥੨॥
ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥
ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥
ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥੩॥
ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥
ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥
ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥੪॥੬॥੭੬॥
-ਗੁਰੂ ਗ੍ਰੰਥ ਸਾਹਿਬ ੪੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਮਹਾਂਭਾਰਤ ਦੀ ਜੰਗ ਸਮੇਂ ਦੁਰਯੋਧਨ ਅਤੇ ਅਰਜਨ, ਕ੍ਰਿਸ਼ਨ ਜੀ ਕੋਲ ਮਦਦ ਲਈ ਗਏ। ਅਰਜਨ ਨੇ ਕ੍ਰਿਸ਼ਨ ਜੀ ਦੀ ਮੰਗ ਕੀਤੀ ਤੇ ਦੁਰਯੋਧਨ ਨੇ ਕ੍ਰਿਸ਼ਨ ਜੀ ਦੀ ਸੈਨਾ ਮੰਗੀ। ਦੁਰਯੋਧਨ ਸੈਨਾ ਲੈ ਕੇ ਵੀ ਹਾਰ ਗਿਆ ਤੇ ਕ੍ਰਿਸ਼ਨ ਜੀ ਦੀ ਅਗਵਾਈ ਵਿਚ ਅਰਜਨ ਦੀ ਜਿੱਤ ਹੋਈ। ਇਸ ਕਥਾ ਤੋਂ ਦੁਵਿਧਾ ਵਿਚ ਪੈਣ ਦੀ ਜ਼ਰੂਰਤ ਨਹੀਂ ਕਿ ਗੁਰਮਤਿ ਅਨੁਸਾਰ ਕ੍ਰਿਸ਼ਨ ਜੀ ਭਗਵਾਨ ਹਨ ਕਿ ਨਹੀਂ। ਇਸ ਕਥਾ ਦਾ ਭਾਵ ਏਨਾ ਕੁ ਹੈ ਕਿ ਪ੍ਰਭੂ ਦੇ ਮੁਕਾਬਲੇ ਸਭ ਤਾਕਤਾਂ ਨਿਗੂਣੀਆਂ ਰਹਿ ਜਾਂਦੀਆਂ ਹਨ।
ਇਸੇ ਤਰ੍ਹਾਂ ਪ੍ਰਭੂ ਅੱਗੇ ਅਸੀਂ ਅਕਸਰ ਪਦਾਰਥਾਂ ਦੀ ਮੰਗ ਕਰਦੇ ਹਾਂ ਤੇ ਪਦਾਰਥ ਹਾਸਲ ਕਰ ਕੇ ਵੀ ਸੁਖੀ ਮਹਿਸੂਸ ਨਹੀਂ ਕਰਦੇ। ਪਰ ਜਿਹੜੇ ਲੋਕ ਪ੍ਰਭੂ ਪ੍ਰਾਪਤੀ ਲਈ ਅਰਦਾਸ ਕਰਦੇ ਹਨ, ਉਨ੍ਹਾਂ ਨੂੰ ਅਸਲ ਅਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸੇ ਲਈ ਬਾਣੀ ਵਿਚ ਆਇਆ ਹੈ: ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥
ਵਿਆਖਿਆ ਅਧੀਨ ਸ਼ਬਦ ਵਿਚ ਵੀ ਪੰਚਮ ਪਾਤਸ਼ਾਹ ਇਹੀ ਭਾਵ ਪ੍ਰਗਟ ਕਰ ਰਹੇ ਹਨ ਕਿ ਜੇਕਰ ਉਹ ਪ੍ਰਭੂ ਕਿਸੇ ਨਾ ਕਿਸੇ ਤਰ੍ਹਾਂ ਪ੍ਰਾਪਤ ਹੋ ਜਾਵੇ ਫਿਰ ਕਿਸੇ ਗੱਲ ਦੀ ਕਮੀ ਨਹੀਂ ਰਹਿੰਦੀ, ਜਿਵੇਂ ਕਿਸੇ ਨੂੰ ਹਰ ਸ਼ੈਅ ਥੋਕ ਵਿਚ, ਅਰਥਾਤ ਖੁੱਲ੍ਹਮ-ਖੁੱਲ੍ਹੀ ਪ੍ਰਾਪਤ ਹੋ ਗਈ ਹੋਵੇ।
ਗੁਰਮਤਿ ਅਨੁਸਾਰ ਪ੍ਰਭੂ ਦੀ ਅਪਾਰ ਕਿਰਪਾ ਸਦਕਾ ਹੀ ਜੀਵ ਨੂੰ ਸਰਵ-ਸ੍ਰੇਸ਼ਟ ਮਨੁਖਾ ਜਨਮ ਮਿਲਦਾ ਹੈ। ਜਿਸ ਕਰਕੇ ਇਸ ਜਨਮ ਨੂੰ ਪ੍ਰਾਪਤ ਹੋਏ ਪਦਾਰਥ ਦੀ ਨਿਆਈਂ ਸਮਝਿਆ ਗਿਆ ਹੈ। ਅਸੀਂ ਕਿਸੇ ਅਨਮੋਲ ਸ਼ੈਅ ਲਈ ਵੀ ਪਦਾਰਥ ਸ਼ਬਦ ਦੀ ਵਰਤੋਂ ਕਰਦੇ ਹਾਂ।
ਪ੍ਰਭੂ ਦੀ ਕਿਰਪਾ ਨਾਲ ਮਨੁਖਾ ਜਨਮ ਮਿਲ ਜਾਣਾ ਹੋਰ ਗੱਲ ਹੈ, ਪਰ ਇਸ ਜਨਮ ਨੂੰ ਸਫਲ ਕਰਨ ਲਈ ਕੋਈ ਸੇਧ ਮਿਲਣੀ ਜ਼ਰੂਰੀ ਹੈ। ਪਾਤਸ਼ਾਹ ਬਚਨ ਕਰਦੇ ਹਨ ਕਿ ਜੇਕਰ ਅਸੀਂ ਸੱਚ-ਸਰੂਪ ਪ੍ਰਭੂ ਦਾ ਸੱਚਾ ਸੰਦੇਸ਼ ਕਥਨ ਕਰ-ਕਰ ਕੇ, ਸੇਧ ਲੈਣ ਖਾਤਰ ਹਿਰਦੇ ਵਿਚ ਵਸਾ ਲਈਏ ਤਾਂ ਸਾਡਾ ਜੀਵਨ ਸਫਲ ਹੋ ਸਕਦਾ ਹੈ।
ਗੁਰਮਤਿ ਵਿਚ ਪ੍ਰਭੂ ਦੇ ਨਿਵਾਸ ਨੂੰ ਮਹਲ ਕਿਹਾ ਗਿਆ ਹੈ, ਜੋ ਕਿਤੇ ਬਾਹਰ ਨਹੀਂ, ਬਲਕਿ ਮਨੁਖ ਦੇ ਹਿਰਦੇ ਜਾਂ ਅੰਤਹਕਰਣ ਵਿਚ ਹੀ ਹੈ। ਪਾਤਸ਼ਾਹ ਬਚਨ ਕਰਦੇ ਹਨ ਕਿ ਜਿਸ ਕਿਸੇ ਦੇ ਮਸਤਕ ’ਤੇ ਪ੍ਰਭੂ ਪਿਆਰੇ ਦਾ ਮੇਲ ਲਿਖਿਆ ਹੋਵੇ ਤਾਂ ਉਸ ਨੂੰ ਗੁਰੂ ਦੀ ਸਿੱਖਿਆ ਰਾਹੀਂ ਪ੍ਰਭੂ ਦਾ ਨਿਵਾਸ ਜਾਂ ਉਹ ਮਹਲ ਪ੍ਰਾਪਤ ਹੋ ਜਾਂਦਾ ਹੈ ਤੇ ਉਸ ਦੀ ਬਾਹਰ-ਮੁਖੀ ਭਟਕਣਾ ਨੂੰ ਵਿਰਾਮ ਮਿਲਦਾ ਹੈ। ਇਥੇ ਮੱਥੇ ਉੱਤੇ ਲਿਖੇ ਹੋਣ ਦਾ ਮਤਲਬ ਪ੍ਰਭੂ ਪਿਆਰੇ ਦਾ ਅਟੱਲ ਭਾਣਾ ਹੈ।
ਪਾਤਸ਼ਾਹ ਬਚਨ ਕਰਦੇ ਹਨ ਕਿ ਫਿਰ ਕਿਉਂ ਨਾ ਉਸ ਇਕ ਨਾਲ ਹੀ ਚਿੱਤ ਲਾਇਆ ਜਾਵੇ, ਜਿਸ ਦੇ ਬਿਨਾਂ ਬਾਕੀ ਤਮਾਮ ਕਾਰਜ, ਦਿਲ-ਲਗੀ ਦੀ ਬਜਾਏ, ਉਕਤਾਹਟ ਭਰਪੂਰ ਕਰਮ ਹਨ ਤੇ ਜਿਸ ਦੇ ਬਾਝੋਂ ਤਮਾਮ ਰਿਸ਼ਤੇ-ਨਾਤੇ, ਵਿਸ਼ਵਾਸਯੋਗ ਹੋਣ ਦੀ ਬਜਾਏ, ਐਵੇਂ ਮੋਹ-ਮਾਇਆ ਕਾਰਣ ਉਪਜੇ ਹੋਏ ਫਜ਼ੂਲ ਭਰਮ ਮਾਤਰ ਹਨ।
ਸਤਿਗੁਰੂ ਦੀ ਨਜ਼ਰ ਸਵੱਲੀ ਹੋਵੇ ਤਾਂ ਨਿੱਜ ਘਰ ਅੰਦਰ ਪ੍ਰਭੂ-ਪ੍ਰਾਪਤੀ ਨਸੀਬ ਹੁੰਦੀ ਹੈ, ਜਿਸ ਨਾਲ ਮਨੁਖ ਪਾਤਸ਼ਾਹ ਬਣਿਆ ਮਹਿਸੂਸ ਕਰਦਾ ਹੈ ਅਤੇ ਲੱਖਾਂ ਖੁਸ਼ੀਆਂ ਉਸ ਦੇ ਕਦਮ ਚੁੰਮਦੀਆਂ ਹਨ।
ਉਸ ਪ੍ਰਭੂ ਪਿਆਰੇ ਦੇ ਮੇਲ ਦੀ ਖੁਸ਼ੀ ਦਾ ਹਿਸਾਬ ਇਥੋਂ ਲਾਇਆ ਜਾ ਸਕਦਾ ਹੈ ਕਿ ਜੇਕਰ ਉਸ ਦਾ ਨਾਮ ਅੱਖ ਝਮਕਣ ਦੇ ਸਮੇਂ ਲਈ ਵੀ ਮਿਲ ਜਾਵੇ ਤਾਂ ਮਨ ਅਤੇ ਤਨ ਅੰਦਰ ਤਮਾਮ ਤਾਪ-ਭੰਜਕ ਸੀਤਲਤਾ ਸਮਾ ਜਾਂਦੀ ਹੈ।
ਇਹ ਸਭ ਕੁਝ ਮਨੁਖ ਦੇ ਆਪਣੇ ਅਧਿਕਾਰ ਖੇਤਰ ਵਿਚ ਨਹੀਂ ਹੈ, ਬਲਕਿ ਇਹ ਖੁਸ਼ੀ ਦੇ ਸਬੱਬ ਉਸੇ ਨੂੰ ਨਸੀਬ ਹੁੰਦੇ ਹਨ, ਜਿਹੜੇ ਗੁਰੂ ਦੇ ਸ਼ਬਦ ਦਾ ਓਟ-ਆਸਰਾ ਲੈਂਦੇ ਹਨ ਤੇ ਗੁਰੂ ਦੇ ਦੱਸੇ ਰਾਹ ’ਤੇ ਚੱਲਦੇ ਹਨ ਅਤੇ ਜਿਨ੍ਹਾਂ ਦੇ ਭਾਗ ਵਿਚ ਪਹਿਲਾਂ ਤੋਂ ਇਹ ਸਬੱਬ ਲਿਖਿਆ ਹੁੰਦਾ ਹੈ। ਇਥੇ ਲਿਖੇ ਹੋਣ ਦਾ ਭਾਵ ਏਹੀ ਪ੍ਰਤੀਤ ਹੁੰਦਾ ਹੈ ਕਿ ਪ੍ਰਭੂ ਦੇ ਭਾਣੇ ਜਾਂ ਹੁਕਮ ਦੇ ਬਗੈਰ ਕੁਝ ਵੀ ਸੰਭਵ ਨਹੀਂ ਹੈ।
ਕਾਲ-ਪ੍ਰਮਾਣ ਅਨੁਸਾਰ ਚੌਵੀ ਮਿੰਟ ਦੀ ਇਕ ਘੜੀ ਹੁੰਦੀ ਹੈ ਤੇ ਦੋ ਘੜੀਆਂ ਦਾ ਇਕ ਮਹੂਰਤ ਹੁੰਦਾ ਹੈ। ਅੱਗੇ ਇਨ੍ਹਾਂ ਘੜੀਆਂ ਤੇ ਮਹੂਰਤਾਂ ਨੂੰ ਸ਼ੁਭ-ਅਸ਼ੁਭ ਮੰਨਿਆ ਜਾਂਦਾ ਹੈ ਤੇ ਸ਼ੁਭ ਕਾਰਜਾਂ ਲਈ ਸ਼ੁਭ ਘੜੀਆਂ ਤੇ ਮਹੂਰਤਾਂ ਦੀ ਉਡੀਕ ਕੀਤੀ ਜਾਂਦੀ ਹੈ। ਪਰ ਇਥੇ ਪਾਤਸ਼ਾਹ ਬਚਨ ਕਰਦੇ ਹਨ ਕਿ ਅਸਲ ਵਿਚ ਉਹੀ ਘੜੀ ਤੇ ਉਹੀ ਮਹੂਰਤ ਸਫਲ ਹੁੰਦਾ ਹੈ, ਜਿਸ ਦੌਰਾਨ ਸੱਚ-ਸਰੂਪ ਪ੍ਰਭੂ ਦੀ ਪਿਆਰ ਭਰੀ ਯਾਦ ਸਾਡੇ ਦਿਲ ਵਿਚ ਤਾਰੀ ਹੁੰਦੀ ਹੈ। ਇਸ ਗੱਲ ਪਿੱਛੇ ਲੁਕਿਆ ਸੱਚ ਇਹ ਹੈ ਕਿ ਜਿਸ ਵੇਲੇ ਸਾਡੇ ਦਿਲ ਵਿਚ ਪ੍ਰਭੂ-ਪਿਆਰ ਤਾਰੀ ਹੁੰਦਾ ਹੈ, ਉਸ ਵੇਲੇ ਅਸੀਂ ਸਹਿਵਨ ਹੀ ਬੁਰਾਈ ਤੋਂ ਗੁਰੇਜ਼ ਕਰਦੇ ਹਾਂ ਤੇ ਜੋ ਕੁਝ ਵੀ ਕਰਦੇ ਹਾਂ ਉਹ ਸ਼ੁਭ ਅਤੇ ਕਲਿਆਣਕਾਰੀ ਹੀ ਹੁੰਦਾ ਹੈ।
ਪਾਤਸ਼ਾਹ ਬਚਨ ਕਰਦੇ ਹਨ ਕਿ ਜਿਹੜੇ ਲੋਕ ਪ੍ਰਭੂ ਦੇ ਪਿਆਰੇ ਨਾਮ ਦੀ ਯਾਦ ਵਿਚ ਆਪਣਾ ਜੀਵਨ ਬਸਰ ਕਰਦੇ ਹਨ, ਉਹ ਲੋਕ ਹਰ ਤਰ੍ਹਾਂ ਦੇ ਕਸ਼ਟ, ਦੁਖ ਅਤੇ ਸੰਤਾਪ ਤੋਂ ਬਚੇ ਰਹਿੰਦੇ ਹਨ। ਇਨ੍ਹਾਂ ਨੂੰ ਗੁਰੂ ਇਸ ਤਰ੍ਹਾਂ ਸੰਕਟ ਵਿਚੋਂ ਬਚਾਅ ਲੈਂਦਾ ਹੈ, ਜਿਵੇਂ ਕਿਸੇ ਡੁੱਬਦੇ ਹੋਏ ਨੂੰ ਬਾਂਹ ਤੋਂ ਫੜ ਕੇ ਬਾਹਰ ਕੱਢ ਲਿਆ ਜਾਵੇ।
ਅਸੀਂ ਸਮੇਂ ਦੀ ਤਰ੍ਹਾਂ ਕਈ ਥਾਵਾਂ ਨੂੰ ਵੀ ਵਹਿਮ ਵੱਸ ਪਵਿੱਤਰ-ਅਪਵਿੱਤਰ ਅਨੁਮਾਨ ਲੈਂਦੇ ਹਾਂ। ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਉਹੀ ਥਾਂ ਪਵਿੱਤਰ ਹੁੰਦੀ ਹੈ, ਜਿਥੇ ਪ੍ਰਭੂ ਨੂੰ ਪਿਆਰ ਕਰਨ ਵਾਲੇ ਜਾਂ ਉਸ ਦਾ ਨਾਮ ਜਪਣ ਵਾਲੇ ਸੰਤ ਮਹਾਂਪੁਰਸ਼ ਗਿਆਨ-ਚਰਚਾ ਤੇ ਵਿਚਾਰ-ਚਰਚਾ ਲਈ ਸਭਾ ਲਾਉਂਦੇ ਹਨ।
ਜੀਵਨ ਵਿਚ ਕਿਸੇ ਵੀ ਮੁਸ਼ਕਲ ਸਮੇਂ ਅਸੀਂ ਕਿਸੇ ਨਾ ਕਿਸੇ ਆਸਰੇ ਦੀ ਉਮੀਦ ਵਿਚ ਹੁੰਦੇ ਹਾਂ। ਪਾਤਸ਼ਾਹ ਦੱਸਦੇ ਹਨ ਕਿ ਮੁਸ਼ਕਲ ਵਿਚ ਅਸਲ ਆਸਰਾ ਉਨ੍ਹਾਂ ਨੂੰ ਹੀ ਨਸੀਬ ਹੁੰਦਾ ਹੈ, ਜਿਨ੍ਹਾਂ ਨੂੰ ਅਸਲ ਅਤੇ ਸੱਚਾ, ਅਰਥਾਤ ਪੂਰਾ ਗੁਰੂ ਮਿਲ ਜਾਂਦਾ ਹੈ। ਅਸਲ ਵਿਚ ਗੁਰੂ ਸਾਨੂੰ ਅਜਿਹੀ ਸੋਝੀ ਬਖਸ਼ ਦਿੰਦਾ ਹੈ ਕਿ ਅਸੀਂ ਸੰਕਟ ਵਾਲੇ ਕਾਰਜਾਂ ਤੋਂ ਪਰੇ ਰਹਿਣਾ ਸਿਖ ਜਾਂਦੇ ਹਾਂ।
ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਅਸਲ ਵਿਚ ਗੁਰਮਤਿ ਅਜਿਹੀ ਮਨੋ-ਅਵਸਥਾ ਜਾਂ ਅਸਥਾਨ ਹੈ, ਜਿਥੇ ਸਾਨੂੰ ਜਨਮ-ਮਰਨ ਦਾ ਡਰ ਨਹੀਂ ਪੋਂਹਦਾ ਤੇ ਨਾ ਹੀ ਬੁੱਢੇ ਹੋਣ ਤੋਂ ਮਨ ਘਬਰਾਉਂਦਾ ਹੈ।