ਇਹ ਸ਼ਬਦ ਮਾਤਾ ਗੰਗਾ ਜੀ ਦੀ ਕੁਖ ਵਿਚ ਬਾਲਕ ਹਰਿਗੋਬਿੰਦ ਜੀ ਦੇ ਵਾਸ ਕਰਨ ਤੋਂ ਲੈ ਕੇ ਜਨਮ ਤਕ ਦਾ ਸੰਖੇਪ ਵਰਨਣ ਕਰਦਾ ਹੈ। ਗੁਰੂ ਅਰਜਨ ਸਾਹਿਬ ਨੇ ਬੱਚੇ ਦੀ ਦਾਤ ਮਿਲਣ ’ਤੇ ਜਿਥੇ ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ, ਉਥੇ ਗੁਰੂ ਪਰੰਪਰਾ ਦੇ ਚਲਦੇ ਰਹਿਣ ’ਤੇ ਪ੍ਰਭੂ ਦਾ ਧੰਨਵਾਦ ਵੀ ਕੀਤਾ ਹੈ। ਦੂਜੇ ਸ਼ਬਦਾਂ ਵਿਚ, ਇਥੇ ਪੁੱਤਰ ਦੇ ਜਨਮ ਦੀ ਖੁਸ਼ੀ ਦੀ ਉਦਾਹਰਣ ਦੇ ਕੇ ਗੁਰੂ ਦੀ ਸ਼ਰਨ ਤੋਂ ਪ੍ਰਾਪਤ ਹੋਏ ਸੁਖ ਦਾ ਵਰਨਣ ਹੈ।
ਆਸਾ ਮਹਲਾ ੫ ॥
ਸਤਿਗੁਰ ਸਾਚੈ ਦੀਆ ਭੇਜਿ ॥ ਚਿਰੁ ਜੀਵਨੁ ਉਪਜਿਆ ਸੰਜੋਗਿ ॥
ਉਦਰੈ ਮਾਹਿ ਆਇ ਕੀਆ ਨਿਵਾਸੁ ॥ ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥
ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥
ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥ ਮਿਟਿਆ ਸੋਗੁ ਮਹਾ ਅਨੰਦੁ ਥੀਆ ॥
ਗੁਰਬਾਣੀ ਸਖੀ ਅਨੰਦੁ ਗਾਵੈ ॥ ਸਾਚੇ ਸਾਹਿਬ ਕੈ ਮਨਿ ਭਾਵੈ ॥੨॥
ਵਧੀ ਵੇਲਿ ਬਹੁ ਪੀੜੀ ਚਾਲੀ ॥ ਧਰਮ ਕਲਾ ਹਰਿ ਬੰਧਿ ਬਹਾਲੀ ॥
ਮਨ ਚਿੰਦਿਆ ਸਤਿਗੁਰੂ ਦਿਵਾਇਆ ॥ ਭਏ ਅਚਿੰਤ ਏਕ ਲਿਵ ਲਾਇਆ ॥੩॥
ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥ ਬੁਲਾਇਆ ਬੋਲੈ ਗੁਰ ਕੈ ਭਾਣਿ ॥
ਗੁਝੀ ਛੰਨੀ ਨਾਹੀ ਬਾਤ ॥ ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥
-ਗੁਰੂ ਗ੍ਰੰਥ ਸਾਹਿਬ ੩੯੬
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਬੇਸ਼ੱਕ ਬਾਣੀ ਦਾ ਆਦੇਸ਼ ਅਤੇ ਸੰਦੇਸ਼ ਅਕਾਲੀ ਹੈ, ਪਰ ਇਸ ਦਾ ਇਹ ਭਾਵ ਹਰਗਿਜ ਨਹੀਂ ਕਿ ਬਾਣੀ ਦਾ ਕਾਲ ਨਾਲ ਕੋਈ ਨਾਤਾ ਹੀ ਨਹੀਂ ਹੈ। ਬਾਣੀ ਦਾ ਸੱਚ, ਕਾਲ ਅਤੇ ਅਕਾਲ ਵਿਚ ਨਿਰੰਤਰ ਹੈ, ਜਿਸ ਵਿਚ ਪੇਸ਼ ਹੋਇਆ ਅਕਾਲੀ ਤੱਤ ਤ੍ਰੈਕਾਲ ਪਖੀ, ਆਦਿ, ਜੁਗਾਦਿ, ਹੈ ਭੀ ਅਤੇ ਹੋਸੀ ਭੀ ਸਚੁ ਹੈ।
ਕਿਤੇ-ਕਿਤੇ ਬਾਣੀ ਇਤਿਹਾਸ ਨੂੰ ਮੁਖਾਤਬ ਵੀ ਹੋ ਜਾਂਦੀ ਹੈ। ਪਰ ਉਦੋਂ ਵੀ ਬਾਣੀ ਦਾ ਅਸੀਮ, ਅਕਾਲੀ ਅਤੇ ਤ੍ਰੈਕਾਲੀ ਸੱਚ, ਕੇਵਲ ਉਨ੍ਹਾਂ ਇਤਿਹਾਸਕ ਵਾਕਿਆਤ ਤਕ ਹੀ ਸੀਮਤ ਨਹੀਂ ਰਹਿੰਦਾ। ਬਾਣੀਕਾਰਾਂ ਦੇ ਨਿਜ ਨਾਲ ਸੰਬੰਧਤ ਹੋ ਕੇ ਵੀ ਬਾਣੀ ਆਪਣੇ ਅਨਿਜ ਅਤੇ ਅਕਾਲੀ ਭਾਵ ਨੂੰ ਸਦਾ ਕਾਇਮ ਰਖਦੀ ਹੈ। ਚੌਥੇ ਪਾਤਸ਼ਾਹ ਦਾ ਬਚਨ ਹੈ: ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥
ਗੁਰੂ ਅਰਜਨ ਸਾਹਿਬ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੀ ਕੁੱਖੋਂ ਬਾਲਕ ਹਰਿਗੋਬਿੰਦ ਜੀ ਦਾ ਜਨਮ ਹੋਇਆ ਤਾਂ ਹਰ ਪਾਸੇ ਮੁਬਾਰਕ ਮਾਹੌਲ ਬਣ ਗਿਆ। ਜਿਵੇਂ ਤੀਜੇ ਪਾਤਸ਼ਾਹ ਨੇ ਆਪਣੇ ਪੋਤਰੇ ਦੇ ਜਨਮ ਸਮੇਂ ਉਚਾਰਣ ਕੀਤੀ ਬਾਣੀ ‘ਅਨੰਦ’ ਵਿਚ ਨਿਜੀ ਅਨੰਦ ਨੂੰ ਅਸੀਮ, ਅਨਿਜ ਅਤੇ ਅਕਾਲ ਤਕ ਫੈਲਾ ਦਿੱਤਾ ਸੀ, ਐਨ ਉਸੇ ਤਰ੍ਹਾਂ ਪੰਚਮ ਪਾਤਸ਼ਾਹ ਨੇ ਇਸ ਸ਼ਬਦ ਵਿਚ ਆਪਣੇ ਪੁੱਤਰ ਹਰਿਗੋਬਿੰਦ ਜੀ ਦੇ ਆਗਮਨ ਦੀ ਖੁਸ਼ੀ ਨੂੰ ਨਿਜ ਤੋਂ ਅਨਿਜ ਅਤੇ ਕਾਲ ਤੋਂ ਅਕਾਲ ਤਕ ਫੈਲਾ ਦਿੱਤਾ। ਇਸੇ ਕਾਰਣ ਹਰ ਕੋਈ ਇਸ ਸ਼ਬਦ ਵਿਚੋਂ ਆਪਣੇ ਬੱਚੇ ਦੀ ਖੁਸ਼ੀ ਮਾਣਦਾ ਹੈ ਤੇ ਗੁਰਮਤਿ ਸੱਭਿਆਚਾਰ ਵਿਚ ਬੱਚੇ ਦੇ ਜਨਮ ਸਮੇਂ ਇਹ ਸ਼ਬਦ ਬੜੇ ਹੁਲਾਸ ਨਾਲ ਪੜ੍ਹਿਆ ਤੇ ਗਾਇਆ ਜਾਂਦਾ ਹੈ।
ਬਾਲਕ ਹਰਿਗੋਬਿੰਦ ਜੀ ਦੇ ਆਗਮਨ ਬਾਬਤ ਪਾਤਸ਼ਾਹ ਬਚਨ ਕਰਦੇ ਹਨ ਕਿ ਸੱਚੇ-ਸਤਿਗੁਰੂ, ਗੁਰੂ ਨਾਨਕ ਸਾਹਿਬ ਨੇ ਇਸ ਨੂੰ ਭੇਜਿਆ ਹੈ ਤੇ ਬੜੀ ਦੇਰ ਬਾਅਦ ਇਹ ਮਿਲਾਪ ਦੀ ਸੁਲੱਖਣੀ ਘੜੀ ਆਈ ਹੈ। ਦਰਅਸਲ ਇਹ ਮਿਲਾਪ ਸਿਰਫ ਬਾਪ-ਬੇਟੇ ਦਾ ਨਹੀਂ, ਬਲਕਿ ਪੰਜਵੀਂ ਤੇ ਛੇਵੀਂ ਪਾਤਸ਼ਾਹੀ ਦਰਮਿਆਨ ਹੋਇਆ ਮੁਬਾਰਕ ਮਿਲਾਪ ਵੀ ਹੈ।
ਪੰਚਮ ਪਾਤਸ਼ਾਹ ਨੂੰ ਪੁੱਤਰ ਦੀ ਦਾਤ ਵਿਆਹ ਤੋਂ ਕਾਫੀ ਸਮੇਂ ਬਾਅਦ ਪ੍ਰਾਪਤ ਹੋਈ। ਦੁਨਿਆਵੀ ਪਖ ਤੋਂ ਇਹ ਦੇਰੀ ਨਾਲ ਅਤੇ ਚਿਰ ਸੰਯੋਗ ਸੀ। ਵਿਆਹ ਉਪਰੰਤ ਹਰ ਕਿਸੇ ਨੂੰ ਬੱਚੇ ਦੀ ਤੀਬਰ ਆਸ ਅਤੇ ਇੱਛਾ ਹੁੰਦੀ ਹੈ। ਦੇਰੀ ਹੋ ਜਾਵੇ ਤਾਂ ਘਰ ਦਾ ਮਾਹੌਲ ਚਿੰਤਾ ਵਾਲਾ ਬਣ ਜਾਂਦਾ ਹੈ ਤੇ ਵਿਆਹੁਤਾ ਇਸਤਰੀ ਪ੍ਰਤੀ ਹਰ ਕਿਸੇ ਦਾ ਰਵੱਈਆ ਬਦਲ ਜਾਂਦਾ ਹੈ।
ਪਾਤਸ਼ਾਹ ਦੱਸਦੇ ਹਨ ਕਿ ਬਾਲਕ ਹਰਿਗੋਬਿੰਦ ਜੀ ਦੀ ਮਾਤਾ ਗੰਗਾ ਜੀ ਨੂੰ ਆਪਣੀ ਕੁਖ ਵਿਚ ਬੱਚੇ ਦੇ ਵਾਸ ਦਾ ਅਹਿਸਾਸ ਹੋਇਆ ਤਾਂ ਉਸ ਦਾ ਹਿਰਦਾ ਅਗੰਮੀ ਖੁਸ਼ੀ ਨਾਲ ਖਿੜ ਉੱਠਿਆ ਅਤੇ ਜਦੋਂ ਉਸ ਪ੍ਰਭੂ ਦੇ ਭਗਤ ਇਸ ਪੁੱਤਰ ਦਾ ਆਗਮਨ ਹੋਇਆ ਤਾਂ ਸਭ ਦੇ ਮਨ ਵਿਚ ਬਹੁਤ ਹੁਲਾਸ ਪੈਦਾ ਹੋਇਆ। ਹਰ ਕਿਸੇ ਦੇ ਦਿਲ ਅੰਦਰ ਇਸ ਅਨੋਖੇ ਬਾਲ ਨੇ ਇਸ ਕਦਰ ਥਾਂ ਬਣਾ ਲਈ ਕਿ ਹਰ ਕਿਸੇ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ, ਜਿਵੇਂ ਇਹ ਧੁਰੋਂ ਹੀ ਤੈਅ ਹੋਇਆ ਹੋਵੇ।
ਜਦ ਬੱਚਾ ਮਾਂ ਦੀ ਕੁਖ ਵਿਚ ਪਲ ਰਿਹਾ ਹੁੰਦਾ ਹੈ ਤਾਂ ਸਾਰੇ ਪਰਵਾਰ ਨੂੰ ਮਾਂ ਦਾ ਤੇ ਉਸ ਦੀ ਕੁੱਖ ਵਿੱਚ ਪਲਦੇ ਬੱਚੇ ਦਾ ਕਾਫੀ ਖਿਆਲ ਰਖਣਾ ਪੈਂਦਾ ਹੈ। ਪਰ ਇਸ ਦੇ ਬਾਵਜੂਦ ਕਈ ਵਾਰੀ ਫਿਕਰ ਵਾਲੇ ਹਾਲਾਤ ਵੀ ਬਣ ਜਾਂਦੇ ਹਨ। ਪਾਤਸ਼ਾਹ ਦੱਸਦੇ ਹਨ ਕਿ ਇਸ ਤਰ੍ਹਾਂ ਇੰਤਜ਼ਾਰ ਕਰਦਿਆਂ ਦਸ ਮਹੀਨੇ ਬਾਅਦ ਬਾਲਕ ਹਰਿਗੋਬਿੰਦ ਜੀ ਨੇ ਜਨਮ ਲਿਆ, ਜਿਸ ਨਾਲ ਸਾਰੀ ਚਿੰਤਾ ਮਿਟ ਗਈ ਹੈ ਤੇ ਸਭ ਦੇ ਦਿਲਾਂ ਵਿਚ ਅਨੰਦ ਛਾ ਗਿਆ।
ਇਸ ਖੁਸ਼ੀ ਦੇ ਅਵਸਰ ’ਤੇ ਪਰਵਾਰ ਦੇ ਮਿੱਤਰ-ਸੱਜਣ ਮਿਲ ਕੇ ਬੜੇ ਅਨੰਦ ਵਿਚ ਗੁਰਬਾਣੀ ਦਾ ਗਾਇਨ ਕਰਦੇ ਹਨ। ਅਸਲ ਵਿਚ ਇਹੋ-ਜਹੇ ਸਮੇਂ ਇਹੀ ਸੋਭਦਾ ਹੈ ਤੇ ਉਸ ਸੱਚੇ ਮਾਲਕ ਪ੍ਰਭੂ ਨੂੰ ਵੀ ਇਹੀ ਭਾਉਂਦਾ ਹੈ।
ਇਹ ਵੀ ਹੋ ਸਕਦਾ ਹੈ ਕਿ ਉਸ ਸਮੇਂ ਬੱਚੇ ਦੇ ਆਗਮਨ ਦੀ ਖੁਸ਼ੀ ਵਿਚ ਤੀਜੇ ਪਾਤਸ਼ਾਹ ਦੀ ਬਾਣੀ ਅਨੰਦ ਸਾਹਿਬ ਦੇ ਪਾਠ ਕਰਨ ਜਾਂ ਗਉਣ ਦੀ ਪਰੰਪਰਾ ਪੈ ਗਈ ਹੋਵੇ ਤੇ ਸਭ ਨੇ ਰਲ-ਮਿਲ ਕੇ ਅਨੰਦ ਸਾਹਿਬ ਦਾ ਪਾਠ ਜਾਂ ਗਾਇਨ ਕੀਤਾ ਹੋਵੇ।
ਪ੍ਰਸੰਨ-ਚਿੱਤ ਪੰਚਮ ਪਾਤਸ਼ਾਹ ਬਿਆਨ ਕਰਦੇ ਹਨ ਕਿ ਪਰਵਾਰ ਵਿਚ ਪੁੱਤਰ ਦੇ ਵਾਧੇ ਨਾਲ ਪੀੜ੍ਹੀ ਚੱਲਦੀ ਰਹੇਗੀ। ਇਸ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਿਆਈ ਮਿਲਣ ਵੇਲੇ ਇਸ ਪ੍ਰਕਾਰ ਕੀਤਾ ਹੈ: ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ ॥ ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ ॥
ਪਾਤਸ਼ਾਹ ਦੱਸਦੇ ਹਨ ਕਿ ਪ੍ਰਭੂ ਨੇ ਧਰਮ ਦੀ ਕਲਾ ਮੁਕੰਮਲ ਰੂਪ ਵਿਚ ਕਾਇਮ ਕਰ ਦਿੱਤੀ ਹੈ। ਜਾਣੀ-ਜਾਣ ਪਾਤਸ਼ਾਹ ਦਾ ਇਹ ਸੰਕੇਤ, ਛੇਵੇਂ ਪਾਤਸ਼ਾਹ ਵੱਲੋਂ ਭਵਿੱਖ ਵਿਚ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ, ਪੀਰੀ ਦੇ ਪੂਰਕ, ਮੀਰੀ ਦੇ ਧਾਮ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਅਤੇ ਸਥਾਪਨਾ ਵੱਲ ਸੇਧਤ ਪ੍ਰਤੀਤ ਹੁੰਦਾ ਹੈ।
ਪਾਤਸ਼ਾਹ ਦੱਸਦੇ ਹਨ ਸਿਰਫ ਇਕ ਪ੍ਰਭੂ ਦੀ ਟੇਕ ਅਤੇ ਉਸ ਵਿਚ ਲਿਵ ਲਾਈ ਰਖਣ ਨਾਲ ਹੀ ਚਿੰਤਾ ਮੁੱਕੀ ਹੈ ਤੇ ਵਾਹਿਗੁਰੂ ਨੇ ਅਜਿਹੀ ਬਖਸ਼ਿਸ਼ ਕੀਤੀ ਹੈ, ਜਿਸ ਦੀ ਮਨ ਵਿਚ ਤੀਬਰ ਚਾਹਤ ਸੀ।
ਜਿਵੇਂ ਪੁੱਤਰ ਨੂੰ ਪਿਤਾ ਉੱਤੇ ਬੇਹੱਦ ਮਾਣ ਹੁੰਦਾ ਹੈ ਤੇ ਉਹ ਉਵੇਂ ਹੀ ਬੋਲਦਾ ਹੈ, ਜਿਵੇਂ ਉਸ ਨੂੰ ਬੁਲਾਇਆ ਜਾਵੇ। ਉਹ ਹਮੇਸ਼ਾ ਉਹੀ ਕੁਝ ਕਰਦਾ ਹੈ, ਜੋ ਉਸ ਨੂੰ ਕਿਹਾ ਜਾਵੇ। ਉਹ ਸਦਾ ਗੁਰੂ ਦੇ ਹੁਕਮ, ਅਦਬ ਜਾਂ ਭਾਣੇ ਵਿਚ ਹੀ ਰਹਿੰਦਾ ਹੈ। ਇਵੇਂ ਹੀ ਪਾਤਸ਼ਾਹ ਆਪਣੇ ਪ੍ਰਭੂ ਦੇ ਮਾਣ ਵਿਚ ਉਹੀ ਕੁਝ ਕਰਦੇ ਅਤੇ ਕਹਿੰਦੇ ਹਨ, ਜੋ ਉਸ ਪ੍ਰਭੂ ਨੂੰ ਭਾਉਂਦਾ ਤੇ ਮਨਜ਼ੂਰ ਹੈ। ਅਖੀਰ ਵਿਚ ਪਾਤਸ਼ਾਹ ਦੱਸਦੇ ਹਨ ਕਿ ਇਹ ਕੋਈ ਲੁਕੀ-ਛਿਪੀ ਜਾਂ ਭੇਤ ਵਾਲੀ ਗੱਲ ਨਹੀਂ, ਬਲਕਿ ਇਹ ਤਾਂ ਜ਼ਾਹਿਰਾ ਤੌਰ ’ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਮਿਹਰ ਭਰੀ ਪਿਆਰੀ ਦਾਤ ਪੁੱਤਰ ਰੂਪ ਵਿਚ ਪ੍ਰਾਪਤ ਹੋਈ ਹੈ।