Guru Granth Sahib Logo
  
ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਦੱਸਿਆ ਹੈ ਕਿ ਗੁਰ-ਸ਼ਬਦ ਨਾਲੋਂ ਟੁੱਟੇ ਹੋਏ ਮਨੁਖ ਜਨਮ-ਮਰਨ ਦੇ ਗੇੜ ਵਿਚ ਪਏ ਭਟਕਦੇ ਰਹਿੰਦੇ ਹਨ। ਪਰ ਜਿਹੜੇ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਨਾਮ ਨੂੰ ਸਿਮਰਦੇ ਹਨ, ਉਹ ਜਨਮ-ਮਰਨ ਦੇ ਗੇੜ ਵਿਚ ਪੈਣ ਤੋਂ ਬਚ ਜਾਂਦੇ ਹਨ। ਦੂਜੇ ਵਿਚ ਉਸ ਜਗਿਆਸੂ ਦਾ ਜਿਕਰ ਹੈ, ਜੋ ਪ੍ਰਭੂ ਦੇ ਨਾਮ ਵਿਚ ਲੀਨ ਹੋਇਆ, ਸਦਾ ਉਸ ਦੇ ਗੁਣ ਗਾਉਂਦਾ ਰਹਿੰਦਾ ਹੈ ਅਤੇ ਸੁਖ ਪ੍ਰਾਪਤ ਕਰ ਲੈਂਦਾ ਹੈ। ਤੀਜੇ ਪਦੇ ਵਿਚ ਦਰਸਾਇਆ ਹੈ ਕਿ ਸਾਧ-ਸੰਗਤ ਅਤੇ ਗੁਰ-ਸ਼ਬਦ ਦੀ ਸੋਝੀ ਤੋਂ ਬਿਨਾਂ ਮਨੁਖ ਸਹੀ ਜੀਵਨ-ਰਾਹ ਤੋਂ ਖੁੰਝੇ ਹੋਏ ਹਨ। ਇਸ ਕਾਰਣ ਉਹ ਪ੍ਰਭੂ ਦੀ ਦਰਗਾਹ ਵਿਚ ਸ਼ਰਮਸਾਰ ਹੁੰਦੇ ਹਨ। ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਜਗਿਆਸੂਆਂ ਦੇ ਮੁਖ ਪ੍ਰਭੂ-ਨਾਮ ਦੇ ਪ੍ਰੇਮ-ਰੰਗ ਨਾਲ ਨੂਰੋ-ਨੂਰ ਹੁੰਦੇ ਹਨ ਅਤੇ ਉਹ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ। ਚੌਥੇ ਵਿਚ ਉਨ੍ਹਾਂ ਜਗਿਆਸੂਆਂ ਦੀ ਸੰਗਤ ਕਰਨ ਦੀ ਪ੍ਰੇਰਨਾ ਹੈ, ਜੋ ਸਦਾ ਪ੍ਰਭੂ ਦੀ ਸਿਫਤਿ-ਸਾਲਾਹ ਕਰਦੇ ਅਤੇ ਉਸ ਦੇ ਨਾਮ ਨੂੰ ਸਿਮਰਦੇ ਰਹਿੰਦੇ ਹਨ।
ਜਿਨੀ ਸਚੜਾ ਸਚੁ ਸਲਾਹਿਆ   ਹੰਉ ਤਿਨ ਲਾਗਉ ਪਾਏ
ਸੇ ਜਨ ਸਚੇ ਨਿਰਮਲੇ   ਤਿਨ ਮਿਲਿਆ ਮਲੁ ਸਭ ਜਾਏ
ਤਿਨ ਮਿਲਿਆ ਮਲੁ ਸਭ ਜਾਏ  ਸਚੈ ਸਰਿ ਨਾਏ   ਸਚੈ ਸਹਜਿ ਸੁਭਾਏ
ਨਾਮੁ ਨਿਰੰਜਨੁ ਅਗਮੁ ਅਗੋਚਰੁ   ਸਤਿਗੁਰਿ ਦੀਆ ਬੁਝਾਏ
ਅਨਦਿਨੁ ਭਗਤਿ ਕਰਹਿ ਰੰਗਿ ਰਾਤੇ   ਨਾਨਕ  ਸਚਿ ਸਮਾਏ
ਜਿਨੀ ਸਚੜਾ ਸਚੁ ਧਿਆਇਆ   ਹੰਉ ਤਿਨ ਕੈ ਲਾਗਉ ਪਾਏ ॥੪॥੪॥
-ਗੁਰੂ ਗ੍ਰੰਥ ਸਾਹਿਬ ੫੮੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਪਾਤਸ਼ਾਹ ਦੱਸਦੇ ਹਨ ਕਿ ਜਿਨ੍ਹਾਂ ਨੇ ਸੱਚ-ਸਰੂਪ ਪ੍ਰਭੂ ਦੀ ਸਿਫਤਿ-ਸਾਲਾਹ ਕੀਤੀ ਹੈ, ਮੈਂ ਉਨ੍ਹਾਂ ਦੇ ਪੈਰੀਂ ਲੱਗਦਾ ਹਾਂ। ਭਾਵ, ਉਨ੍ਹਾਂ ਨੂੰ ਸਤਿਕਾਰ ਭੇਟ ਕਰਦਾ ਹਾਂ।

ਕਿਉਂਕਿ ਅਜਿਹੇ ਲੋਕ ਸੱਚੇ ਹਨ, ਵਿਕਾਰਾਂ ਦੀ ਮੈਲ ਤੋਂ ਵੀ ਬਚੇ ਹੋਏ ਹਨ। ਇਸ ਕਰਕੇ ਉਨ੍ਹਾਂ ਨੂੰ ਮਿਲਣ ਵਾਲਿਆਂ ਦੀ ਮੈਲ ਵੀ ਉਤਰ ਜਾਂਦੀ ਹੈ। ਭਾਵ, ਉਨ੍ਹਾਂ ਦੇ ਸੰਗੀ-ਸਾਥੀ ਵੀ ਵਿਕਾਰਾਂ ਦੀ ਮੈਲ ਮੁਕਤ ਹੋ ਜਾਂਦੇ ਹਨ।

ਅੱਗੇ ਦੁਹਰਾਇਆ ਗਿਆ ਹੈ ਕਿ ਉਨ੍ਹਾਂ ਨੂੰ ਮਿਲਣ ਨਾਲ ਸਾਰੀ ਮੈਲ ਦੂਰ ਹੋ ਜਾਂਦੀ ਹੈ। ਇਸ ਗੱਲ ਨੂੰ ਫਿਰ ਹੋਰ ਸ਼ਬਦਾਂ ਵਿਚ ਦੱਸਿਆ ਗਿਆ ਹੈ ਕਿ ਸਦਾ-ਥਿਰ ਪ੍ਰਭੂ ਦੇ ਨਾਮ-ਸਰੋਵਰ ਵਿਚ ਇਸ਼ਨਾਨ ਕੀਤਿਆਂ, ਭਾਵ ਸੱਚ ਨੂੰ ਸਮਰਪਤ ਹੋਣ ਨਾਲ ਮਨੁਖ, ਸੁਭਾਵਕ ਰੂਪ ਵਿਚ ਸੱਚ ਨਾਲ ਜੁੜਿਆ ਰਹਿੰਦਾ ਹੈ। ਭਾਵ, ਸੱਚ ’ਤੇ ਪਹਿਰਾ ਦੇਣ ਲਈ ਉਸ ਨੂੰ ਕੋਈ ਉਚੇਚ ਨਹੀਂ ਕਰਨੀ ਪੈਂਦੀ।

ਪ੍ਰਭੂ ਦਾ ਨਾਮ ਪ੍ਰਭੂ ਵਾਂਗ ਹੀ ਮਨੁਖੀ ਪਹੁੰਚ ਅਤੇ ਸੂਝ-ਬੂਝ ਤੋਂ ਪਰੇ ਹੈ। ਜੀਵ-ਇਸਤਰੀ ਨੂੰ ਪ੍ਰਭੂ ਦੀ ਸੋਝੀ ਗੁਰ-ਸ਼ਬਦ ਦੀ ਬਰਕਤ ਨਾਲ ਹੀ ਪ੍ਰਾਪਤ ਹੁੰਦੀ ਹੈ।

ਫਿਰ ਉਸ ਸੱਚੇ ਪ੍ਰਭੂ ਦੇ ਰੰਗ ਵਿਚ ਰੰਗੀਆਂ ਹੋਈਆਂ ਜੀਵ-ਇਸਤਰੀਆਂ ਰਾਤ ਦਿਨ ਉਸ ਪਿਆਰੇ ਦੀ ਭਗਤੀ-ਭਾਵ ਵਿਚ ਲੀਨ ਰਹਿੰਦੀਆਂ ਹਨ ਤੇ ਅਖੀਰ ਮੁਕੰਮਲ ਸਮਰਪਣ ਵਿਚ ਉਸ ਸੱਚ ਵਿਚ ਹੀ ਸਮਾ ਜਾਂਦੀਆਂ ਹਨ। ਭਾਵ, ਉਸੇ ਦਾ ਹੀ ਸਰੂਪ ਹੋ ਜਾਂਦੀਆਂ ਹਨ।

ਅਖੀਰ ਵਿਚ ਫਿਰ ਦੁਹਰਾਇਆ ਗਿਆ ਹੈ ਕਿ ਜਿਨ੍ਹਾਂ ਨੇ ਸੱਚ-ਸਰੂਪ ਪ੍ਰਭੂ ਦਾ ਨਾਮ-ਸਿਮਰਨ ਅਤੇ ਉਸ ਦੀ ਸਿਫਤਿ-ਸਾਲਾਹ ਕੀਤੀ ਹੈ, ਮੈਂ ਉਨ੍ਹਾਂ ਦੇ ਚਰਨੀ ਲੱਗਦਾ ਹਾਂ। ਭਾਵ, ਉਨ੍ਹਾਂ ਨੂੰ ਸਤਿਕਾਰ ਭੇਟ ਕਰਦਾ ਹਾਂ।
Tags