Guru Granth Sahib Logo
  
ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਦੱਸਿਆ ਹੈ ਕਿ ਗੁਰ-ਸ਼ਬਦ ਨਾਲੋਂ ਟੁੱਟੇ ਹੋਏ ਮਨੁਖ ਜਨਮ-ਮਰਨ ਦੇ ਗੇੜ ਵਿਚ ਪਏ ਭਟਕਦੇ ਰਹਿੰਦੇ ਹਨ। ਪਰ ਜਿਹੜੇ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਨਾਮ ਨੂੰ ਸਿਮਰਦੇ ਹਨ, ਉਹ ਜਨਮ-ਮਰਨ ਦੇ ਗੇੜ ਵਿਚ ਪੈਣ ਤੋਂ ਬਚ ਜਾਂਦੇ ਹਨ। ਦੂਜੇ ਵਿਚ ਉਸ ਜਗਿਆਸੂ ਦਾ ਜਿਕਰ ਹੈ, ਜੋ ਪ੍ਰਭੂ ਦੇ ਨਾਮ ਵਿਚ ਲੀਨ ਹੋਇਆ, ਸਦਾ ਉਸ ਦੇ ਗੁਣ ਗਾਉਂਦਾ ਰਹਿੰਦਾ ਹੈ ਅਤੇ ਸੁਖ ਪ੍ਰਾਪਤ ਕਰ ਲੈਂਦਾ ਹੈ। ਤੀਜੇ ਪਦੇ ਵਿਚ ਦਰਸਾਇਆ ਹੈ ਕਿ ਸਾਧ-ਸੰਗਤ ਅਤੇ ਗੁਰ-ਸ਼ਬਦ ਦੀ ਸੋਝੀ ਤੋਂ ਬਿਨਾਂ ਮਨੁਖ ਸਹੀ ਜੀਵਨ-ਰਾਹ ਤੋਂ ਖੁੰਝੇ ਹੋਏ ਹਨ। ਇਸ ਕਾਰਣ ਉਹ ਪ੍ਰਭੂ ਦੀ ਦਰਗਾਹ ਵਿਚ ਸ਼ਰਮਸਾਰ ਹੁੰਦੇ ਹਨ। ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਜਗਿਆਸੂਆਂ ਦੇ ਮੁਖ ਪ੍ਰਭੂ-ਨਾਮ ਦੇ ਪ੍ਰੇਮ-ਰੰਗ ਨਾਲ ਨੂਰੋ-ਨੂਰ ਹੁੰਦੇ ਹਨ ਅਤੇ ਉਹ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ। ਚੌਥੇ ਵਿਚ ਉਨ੍ਹਾਂ ਜਗਿਆਸੂਆਂ ਦੀ ਸੰਗਤ ਕਰਨ ਦੀ ਪ੍ਰੇਰਨਾ ਹੈ, ਜੋ ਸਦਾ ਪ੍ਰਭੂ ਦੀ ਸਿਫਤਿ-ਸਾਲਾਹ ਕਰਦੇ ਅਤੇ ਉਸ ਦੇ ਨਾਮ ਨੂੰ ਸਿਮਰਦੇ ਰਹਿੰਦੇ ਹਨ।
ਕਾਇਆ ਕੰਚਨੁ ਤਾਂ ਥੀਐ   ਜਾਂ ਸਤਿਗੁਰੁ ਲਏ ਮਿਲਾਏ
ਭ੍ਰਮੁ ਮਾਇਆ ਵਿਚਹੁ ਕਟੀਐ   ਸਚੜੈ ਨਾਮਿ ਸਮਾਏ
ਸਚੈ ਨਾਮਿ ਸਮਾਏ  ਹਰਿ ਗੁਣ ਗਾਏ   ਮਿਲਿ ਪ੍ਰੀਤਮ ਸੁਖੁ ਪਾਏ
ਸਦਾ ਅਨੰਦਿ ਰਹੈ ਦਿਨੁ ਰਾਤੀ   ਵਿਚਹੁ ਹੰਉਮੈ ਜਾਏ
ਜਿਨੀ ਪੁਰਖੀ ਹਰਿ ਨਾਮਿ ਚਿਤੁ ਲਾਇਆ   ਤਿਨ ਕੈ ਹੰਉ ਲਾਗਉ ਪਾਏ
ਕਾਂਇਆ ਕੰਚਨੁ ਤਾਂ ਥੀਐ   ਜਾ ਸਤਿਗੁਰੁ ਲਏ ਮਿਲਾਏ ॥੨॥
-ਗੁਰੂ ਗ੍ਰੰਥ ਸਾਹਿਬ ੫੮੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਧਾਤਾਂ ਵਿਚੋਂ ਸੋਨਾ ਅਜਿਹੀ ਧਾਤ ਹੈ, ਜਿਸ ਨੂੰ ਜੰਗਾਲ ਨਹੀਂ ਲੱਗਦਾ ਤੇ ਨਾ ਹੀ ਉਸ ਦੀ ਕਦੇ ਚਮਕ-ਦਮਕ ਘੱਟਦੀ ਹੈ। ਇਸ ਲਈ ਇਸ ਪਦੇ ਵਿਚ ਸੋਨੇ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਮਨੁਖ ਦੀ ਦੇਹੀ ਵੀ ਸੋਨੇ ਜਿਹੀ ਹੋ ਸਕਦੀ ਹੈ, ਜੇ ਉਹ ਗੁਰ-ਸ਼ਬਦ ਦੇ ਅਨੁਸਾਰੀ ਹੋ ਕੇ ਸੱਚ ਅਧਾਰਤ ਜੀਵਨ ਜੀਵੇ।

ਗੁਰ-ਸ਼ਬਦ ਦੇ ਲੜ ਲੱਗਣ ਤੋਂ ਬਾਅਦ, ਅਗਿਆਨਤਾ ਕਾਰਣ ਮਾਇਆ ਦਾ ਪੈਦਾ ਹੋਇਆ ਭਰਮ-ਜਾਲ ਪਾਸੇ ਹਟ ਜਾਂਦਾ ਹੈ ਤੇ ਮਨੁਖ ਪ੍ਰਭੂ ਨੂੰ ਸਮਰਪਤ ਹੋ ਜਾਂਦਾ ਹੈ।

ਅਜਿਹਾ ਮਨੁਖ ਫਿਰ ਉਸ ਪ੍ਰਭੂ ਦਾ ਹੀ ਗੁਣ-ਗਾਇਨ ਕਰਨ ਲੱਗ ਪੈਂਦਾ ਹੈ। ਇਸ ਤਰ੍ਹਾਂ ਉਹ ਪਿਆਰੇ ਨੂੰ ਮਿਲ ਕੇ, ਭਾਵ ਉਸ ਦੇ ਸਮਰਪਣ ਵਿਚ ਜੀਵਨ ਦਾ ਸੁਖ ਮਾਣਦਾ ਹੈ।

ਫਿਰ ਉਸ ਦੇ ਅੰਦਰੋਂ ਹਰ ਤਰ੍ਹਾਂ ਦਾ ਹਉਮੈ ਭਾਵ ਮਿਟ ਜਾਂਦਾ ਹੈ। ਉਹ ਰਾਤ-ਦਿਨ ਅਨੰਦ ਭਰਪੂਰ ਜੀਵਨ ਬਤੀਤ ਕਰਦਾ ਹੈ। ਭਾਵ, ਉਸ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫਿਕਰ ਨਹੀਂ ਰਹਿੰਦਾ।

ਫਿਰ ਪਾਤਸ਼ਾਹ ਦੱਸਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਵੀ ਪਿਆਰੇ ਪ੍ਰਭੂ ਦੇ ਨਾਮ-ਸਿਮਰਨ ਵਿਚ ਆਪਣੇ-ਆਪ ਨੂੰ ਲੀਨ ਕਰ ਲਿਆ ਹੈ, ਉਹ ਸਤਿਕਾਰ ਵਜੋਂ ਅਜਿਹੇ ਲੋਕਾਂ ਦੇ ਪੈਰਾਂ ’ਤੇ ਮੱਥਾ ਟੇਕਦੇ ਹਨ।

ਪਦੇ ਦੇ ਅਖੀਰ ਵਿਚ ਫਿਰ ਦੁਹਰਾਇਆ ਗਿਆ ਹੈ ਕਿ ਮਨੁਖ ਦੀ ਦੇਹੀ ਸੋਨੇ ਜਿਹੀ ਸਦਾ ਕਾਇਮ ਅਤੇ ਨੁਕਸ ਰਹਿਤ ਤਾਂ ਰਹਿ ਸਕਦੀ ਹੈ ਜੇ ਮਨੁਖ ਗੁਰ-ਸ਼ਬਦ ਦੇ ਅਨੁਸਾਰੀ ਹੋ ਜਾਵੇ, ਜਿਸ ਸਦਕਾ ਉਹ ਹਰ ਤਰ੍ਹਾਂ ਦੇ ਅਗਿਆਨ ਰੂਪ ਭਰਮ ਤੋਂ ਮੁਕਤ ਹੋ ਸਕਦਾ ਹੈ।
Tags