ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਦੱਸਿਆ ਹੈ ਕਿ ਗੁਰ-ਸ਼ਬਦ ਨਾਲੋਂ ਟੁੱਟੇ ਹੋਏ ਮਨੁਖ ਜਨਮ-ਮਰਨ ਦੇ ਗੇੜ ਵਿਚ ਪਏ ਭਟਕਦੇ ਰਹਿੰਦੇ ਹਨ। ਪਰ ਜਿਹੜੇ ਗੁਰ-ਸ਼ਬਦ ਰਾਹੀਂ ਪ੍ਰਭੂ ਦੇ
ਨਾਮ ਨੂੰ ਸਿਮਰਦੇ ਹਨ, ਉਹ ਜਨਮ-ਮਰਨ ਦੇ ਗੇੜ ਵਿਚ ਪੈਣ ਤੋਂ ਬਚ ਜਾਂਦੇ ਹਨ। ਦੂਜੇ ਵਿਚ ਉਸ ਜਗਿਆਸੂ ਦਾ ਜਿਕਰ ਹੈ, ਜੋ ਪ੍ਰਭੂ ਦੇ ਨਾਮ ਵਿਚ ਲੀਨ ਹੋਇਆ, ਸਦਾ ਉਸ ਦੇ ਗੁਣ ਗਾਉਂਦਾ ਰਹਿੰਦਾ ਹੈ ਅਤੇ ਸੁਖ ਪ੍ਰਾਪਤ ਕਰ ਲੈਂਦਾ ਹੈ। ਤੀਜੇ ਪਦੇ ਵਿਚ ਦਰਸਾਇਆ ਹੈ ਕਿ ਸਾਧ-ਸੰਗਤ ਅਤੇ ਗੁਰ-ਸ਼ਬਦ ਦੀ ਸੋਝੀ ਤੋਂ ਬਿਨਾਂ ਮਨੁਖ ਸਹੀ ਜੀਵਨ-ਰਾਹ ਤੋਂ ਖੁੰਝੇ ਹੋਏ ਹਨ। ਇਸ ਕਾਰਣ ਉਹ ਪ੍ਰਭੂ ਦੀ ਦਰਗਾਹ ਵਿਚ ਸ਼ਰਮਸਾਰ ਹੁੰਦੇ ਹਨ। ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਜਗਿਆਸੂਆਂ ਦੇ ਮੁਖ ਪ੍ਰਭੂ-ਨਾਮ ਦੇ ਪ੍ਰੇਮ-ਰੰਗ ਨਾਲ ਨੂਰੋ-ਨੂਰ ਹੁੰਦੇ ਹਨ ਅਤੇ ਉਹ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ। ਚੌਥੇ ਵਿਚ ਉਨ੍ਹਾਂ ਜਗਿਆਸੂਆਂ ਦੀ ਸੰਗਤ ਕਰਨ ਦੀ ਪ੍ਰੇਰਨਾ ਹੈ, ਜੋ ਸਦਾ ਪ੍ਰਭੂ ਦੀ ਸਿਫਤਿ-ਸਾਲਾਹ ਕਰਦੇ ਅਤੇ ਉਸ ਦੇ ਨਾਮ ਨੂੰ ਸਿਮਰਦੇ ਰਹਿੰਦੇ ਹਨ।
ਵਡਹੰਸੁ ਮਹਲਾ ੩ ॥
ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥
ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥
ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ ॥
ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥
ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ ॥
ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਈ ॥੧॥
-ਗੁਰੂ ਗ੍ਰੰਥ ਸਾਹਿਬ ੫੮੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਮਨੁਖ ਦਾ ਸਰੀਰ ਏਨਾ ਕਮਜ਼ੋਰ ਹੈ, ਨਿਰਬਲ ਹੈ ਕਿ ਸਮੇਂ ਨਾਲ ਇਸ ਉੱਤੇ ਬੁਢਾਪਾ ਆ ਜਾਂਦਾ ਹੈ। ਭਾਵ, ਮਨੁਖ ਦੀ ਦੇਹ ਨੂੰ ਉਮਰ ਦਾ ਵਾਧਾ ਖਾ ਜਾਂਦਾ ਹੈ।
ਪਰ ਜਿਨ੍ਹਾਂ ਨੂੰ ਗੁਰੂ ਬਚਾਅ ਲਵੇ ਉਹ ਬੁਢਾਪੇ ਦੇ ਇਸ ਮਾਰੂ ਅਸਰ ਤੋਂ ਬਚ ਜਾਂਦੇ ਹਨ। ਅਸਲ ਵਿਚ ਉਮਰ ਦਾ ਵਾਧਾ ਆਪਣੇ-ਆਪ ਵਿਚ ਮਾਰੂ ਨਹੀਂ ਹੁੰਦਾ। ਬਲਕਿ ਉਮਰ ਦੇ ਵਾਧੇ ਦਾ ਝੁਰੇਵਾਂ ਦੇਹੀ ’ਤੇ ਮਾਰੂ ਅਸਰ ਪਾਉਂਦਾ ਹੈ। ਜਿਹੜੇ ਲੋਕ ਗੁਰ-ਸ਼ਬਦ ਦੇ ਅਨੁਸਾਰੀ ਹੋ ਜਾਂਦੇ ਹਨ, ਉਹ ਇਸ ਝੁਰੇਵੇਂ ਦਾ ਸ਼ਿਕਾਰ ਨਹੀਂ ਹੁੰਦੇ ਤੇ ਬਚ ਜਾਂਦੇ ਹਨ। ਬਾਕੀ ਸਾਰੇ ਲੋਕ ਉਮਰ ਭਰ ਜਨਮ-ਮਰਣ ਦੇ ਆਵਾਗਵਣ ਵਿਚ ਫਸੇ ਰਹਿੰਦੇ ਹਨ। ਭਾਵ, ਜੀਵਨ ਨੂੰ ਦੁਖਮਈ ਬਣਾਈ ਰਖਦੇ ਹਨ।
ਬਾਕੀ ਸਾਰੇ ਲੋਕ ਜਨਮ-ਮਰਨ ਦੇ ਚੱਕਰ ਵਿਚ ਉਲਝੇ ਰਹਿੰਦੇ ਹਨ ਤੇ ਅਖੀਰ ਪਛਤਾਵੇ ਵਿਚ ਹੀ ਇਸ ਜਹਾਨ ਤੋਂ ਚਲੇ ਜਾਂਦੇ ਹਨ। ਅੱਗੇ ਦੱਸਿਆ ਗਿਆ ਹੈ ਕਿ ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਪ੍ਰਭੂ ਦੇ ਨਾਮ-ਸਿਮਰਨ ਬਿਨਾਂ ਸੁਖੀ ਨਹੀਂ ਹੋਇਆ ਜਾ ਸਕਦਾ।
ਨਾਮ ਤੋਂ ਟੁੱਟੇ ਹੋਏ ਲੋਕ ਇਸ ਜਨਮ ਵਿਚ ਜਿਹੋ-ਜਿਹੇ ਕਾਰ-ਵਿਹਾਰ ਕਰਦੇ ਹਨ, ਉਹੋ-ਜਿਹਾ ਨਤੀਜਾ ਉਨ੍ਹਾਂ ਦੇ ਸਾਹਮਣੇ ਆ ਜਾਂਦਾ ਹੈ। ਇਸ ਤਰ੍ਹਾਂ ਸਿਮਰਨ ਦੀ ਬਜਾਏ, ਆਪਣੇ ਮਨ ਮਗਰ ਲੱਗਣ ਵਾਲੇ ਲੋਕ ਆਪਣੀ ਇੱਜ਼ਤ ਆਪ ਹੀ ਗੁਆ ਲੈਂਦੇ ਹਨ।
ਅਜਿਹੇ ਲੋਕ ਫਿਰ ਇਹੋ-ਜਿਹੀ ਦਸ਼ਾ ਦੇ ਸ਼ਿਕਾਰ ਹੋ ਜਾਂਦੇ ਹਨ ਕਿ ਆਪਣੇ ਮਾੜੇ ਕੰਮਾਂ ਕਰਕੇ ਉਨ੍ਹਾਂ ਨੂੰ ਪਰਲੋਕ ਵਿਚ ਵੀ ਚਾਰੇ ਪਾਸੇ ਹਨੇਰਾ ਹੀ ਹਨੇਰਾ ਦਿਖਾਈ ਦਿੰਦਾ ਹੈ। ਇਸ ਹਨੇਰ-ਗਰਦੀ ਵਿਚੋਂ ਕੱਢਣ ਲਈ ਭੈਣ-ਭਾਈ ਵੀ ਕਿਸੇ ਕੰਮ ਨਹੀਂ ਆਉਂਦੇ। ਭਾਵ, ਮੌਤ ਦੇ ਰਸਤੇ ’ਤੇ ਮਨੁਖ ਨੂੰ ਇਕੱਲਿਆਂ ਹੀ ਜਾਣਾ ਪੈਂਦਾ ਹੈ। ਆਪਣੇ ਕਰਮਾਂ ਦਾ ਲੇਖਾ-ਜੋਖਾ ਆਪ ਹੀ ਦੇਣਾ ਪੈਂਦਾ ਹੈ।
ਅਖੀਰ ਵਿਚ ਫਿਰ ਦੁਹਰਾਇਆ ਗਿਆ ਹੈ ਕਿ ਮਨੁਖ ਦਾ ਸਰੀਰ ਏਨਾ ਕਮਜ਼ੋਰ ਹੈ, ਨਿਰਬਲ ਹੈ ਕਿ ਇਸ ਉੱਤੇ ਸਮੇਂ ਨਾਲ ਬੁਢਾਪਾ ਆ ਜਾਂਦਾ ਹੈ। ਭਾਵ, ਮਨੁਖ ਦੀ ਦੇਹ ਨੂੰ ਉਮਰ ਦੇ ਵਾਧੇ ਦਾ ਝੁਰੇਵਾਂ ਖਾ ਜਾਂਦਾ ਹੈ।