Guru Granth Sahib Logo
  
ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਦੱਸਿਆ ਹੈ ਕਿ ਜਿਹੜਾ ਜਗਿਆਸੂ ਮੌਤ ਨੂੰ ਸੱਚ ਜਾਣ ਕੇ ਗੁਰ-ਸ਼ਬਦ ਨੂੰ ਹਿਰਦੇ ’ਚ ਵਸਾਉਂਦਾ ਅਤੇ ਪ੍ਰਭੂ ਦੇ ਨਾਮ ਨੂੰ ਸਿਮਰਦਾ ਹੈ, ਉਹ ਪ੍ਰਭੂ ਨੂੰ ਸਦਾ ਅੰਗ-ਸੰਗ ਵਸਦਾ ਮਹਿਸੂਸ ਕਰਦਾ ਹੈ। ਦੂਜੇ ਵਿਚ ਗੁਰ-ਸ਼ਬਦ ਰਾਹੀਂ ਪ੍ਰਭੂ-ਮਿਲਾਪ ਦੀ ਜੁਗਤੀ ਦਰਸਾਈ ਗਈ ਹੈ। ਤੀਜੇ ਵਿਚ ਬਿਆਨ ਕੀਤਾ ਗਿਆ ਹੈ ਕਿ ਜਿਹੜਾ ਜਗਿਆਸੂ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ। ਚਉਥੇ ਵਿਚ ਪ੍ਰਭੂ ਦੀ ਸਮਰੱਥਾ ਦਾ ਜਿਕਰ ਕਰਦਿਆਂ ਸਪਸ਼ਟ ਕੀਤਾ ਹੈ ਕਿ ਸਭ ਕੁਝ ਕਰਣ-ਕਰਾਉਣ ਵਾਲਾ ਪ੍ਰਭੂ ਆਪ ਹੀ ਹੈ। ਉਹ ਗੁਰ-ਸ਼ਬਦ ਰਾਹੀਂ ਆਪਣਾ ਮਿਲਾਪ ਵੀ ਜਗਿਆਸੂ ਨੂੰ ਆਪ ਹੀ ਬਖਸ਼ਿਸ਼ ਕਰਦਾ ਹੈ।
ਸਚੜੈ ਆਪਿ ਜਗਤੁ ਉਪਾਇਆ   ਗੁਰ ਬਿਨੁ ਘੋਰ ਅੰਧਾਰੋ
ਆਪਿ ਮਿਲਾਏ  ਆਪਿ ਮਿਲੈ   ਆਪੇ ਦੇਇ ਪਿਆਰੋ
ਆਪੇ ਦੇਇ ਪਿਆਰੋ  ਸਹਜਿ ਵਾਪਾਰੋ   ਗੁਰਮੁਖਿ ਜਨਮੁ ਸਵਾਰੇ
ਧਨੁ ਜਗ ਮਹਿ ਆਇਆ  ਆਪੁ ਗਵਾਇਆ   ਦਰਿ ਸਾਚੈ ਸਚਿਆਰੋ
ਗਿਆਨਿ ਰਤਨਿ ਘਟਿ ਚਾਨਣੁ ਹੋਆ   ਨਾਨਕ  ਨਾਮ ਪਿਆਰੋ
ਸਚੜੈ ਆਪਿ ਜਗਤੁ ਉਪਾਇਆ   ਗੁਰ ਬਿਨੁ ਘੋਰ ਅੰਧਾਰੋ ॥੪॥੩॥
-ਗੁਰੂ ਗ੍ਰੰਥ ਸਾਹਿਬ ੫੮੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਸੱਚ-ਸਰੂਪ ਪ੍ਰਭੂ ਨੇ ਇਸ ਸੰਸਾਰ ਦੀ ਸਿਰਜਣਾ ਆਪ ਹੀ ਕੀਤੀ ਹੈ। ਪਰ ਗੁਰ-ਸ਼ਬਦ ਦੇ ਗਿਆਨ ਬਿਨਾਂ ਇਸ ਦੀ ਸੋਝੀ ਨਹੀਂ ਹੁੰਦੀ, ਨਿਰਾ ਘੁੱਪ ਹਨੇਰਾ ਹੀ ਨਜ਼ਰ ਆਉਂਦਾ ਹੈ। 

ਪ੍ਰਭੂ ਆਪ ਹੀ ਮੇਲ ਮਿਲਾਉਣ ਵਾਲਾ ਹੈ ਤੇ ਆਪ ਹੀ ਮਿਲਣ ਵਾਲਾ ਹੈ। ਉਹ ਆਪ ਹੀ ਮਿਲਣ-ਮਿਲਾਉਣ ਲਈ ਪਿਆਰ ਦੀ ਦਾਤ ਬਖਸ਼ ਦਿੰਦਾ ਹੈ। ਭਾਵ, ਉਸ ਦੇ ਬਿਨਾਂ ਦੂਸਰਾ ਕੋਈ ਹੋਰ ਨਹੀਂ ਹੈ। ਉਹ ਆਪ ਹੀ ਆਪ ਹੈ। 

ਫਿਰ ਦੁਹਰਾ ਕੇ ਦੱਸਿਆ ਗਿਆ ਹੈ ਕਿ ਉਹ ਆਪ ਹੀ ਜੀਵ-ਇਸਤਰੀ ਦੇ ਦਿਲ ਵਿਚ ਪਿਆਰ ਭਰ ਦਿੰਦਾ ਹੈ। ਉਸ ਦਾ ਇਹ ਅਦਾਨ-ਪ੍ਰਦਾਨ ਨਿਰਉਚੇਚ ਅਤੇ ਨਿਰਸੰਕੋਚ ਹੁੰਦਾ ਹੈ। ਉਨ੍ਹਾਂ ਦਾ ਜੀਵਨ ਸੁਧਰ ਜਾਂਦਾ ਹੈ, ਜਿਹੜੇ ਗੁਰ-ਸ਼ਬਦ ਅਨੁਸਾਰੀ ਜੀਵਨ-ਜਾਚ ਅਪਣਾ ਲੈਂਦੇ ਹਨ।

ਸੰਸਾਰ ਵਿਚ ਜਨਮ ਲੈਣਾ ਉਸ ਦਾ ਹੀ ਸਲਾਹਉਣਜੋਗ ਹੈ, ਜਿਸ ਨੇ ਸੱਚ-ਸਰੂਪ ਪ੍ਰਭ ਦੇ ਦਰ ’ਤੇ ਜਾ ਕੇ ਆਪਣੀ ਹਉਮੈ ਮੇਟ ਲਈ ਹੈ ਤੇ ਆਪਣੇ-ਆਪ ਨੂੰ ਸੱਚ ਨਾਲ ਜੋੜ ਕੇ ਸਚਿਆਰ ਬਣਾ ਲਿਆ ਹੈ।

ਜਿਸ ਸਚਿਆਰ ਜੀਵ-ਇਸਤਰੀ ਦੇ ਹਿਰਦੇ ਅੰਦਰ ਗਿਆਨ ਦੀ ਬਹੁਮੁੱਲੀ ਦਾਤ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਸ ਨੂੰ ਪ੍ਰਭੂ ਦੇ ਨਾਮ ਰੂਪ ਹੁਕਮ ਨਾਲ ਪ੍ਰੇਮ ਹੋ ਜਾਂਦਾ ਹੈ।

ਅਖੀਰ ਵਿਚ ਫਿਰ ਦੁਹਰਾਇਆ ਗਿਆ ਹੈ ਕਿ ਸੱਚ-ਸਰੂਪ ਪ੍ਰਭੂ ਨੇ ਇਸ ਸੰਸਾਰ ਦੀ ਸਿਰਜਣਾ ਆਪ ਹੀ ਕੀਤੀ ਹੈ। ਪਰ ਗਿਆਨ ਬਿਨਾਂ ਇਸ ਦੀ ਸੋਝੀ ਨਹੀਂ ਹੁੰਦੀ, ਨਿਰਾ ਘੁੱਪ ਹਨੇਰਾ ਹੀ ਨਜ਼ਰ ਆਉਂਦਾ ਹੈ।
Tags