ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਦੱਸਿਆ ਹੈ ਕਿ ਜਿਹੜਾ ਜਗਿਆਸੂ ਮੌਤ ਨੂੰ ਸੱਚ ਜਾਣ ਕੇ ਗੁਰ-ਸ਼ਬਦ ਨੂੰ ਹਿਰਦੇ ’ਚ ਵਸਾਉਂਦਾ ਅਤੇ ਪ੍ਰਭੂ ਦੇ
ਨਾਮ ਨੂੰ ਸਿਮਰਦਾ ਹੈ, ਉਹ ਪ੍ਰਭੂ ਨੂੰ ਸਦਾ ਅੰਗ-ਸੰਗ ਵਸਦਾ ਮਹਿਸੂਸ ਕਰਦਾ ਹੈ। ਦੂਜੇ ਵਿਚ ਗੁਰ-ਸ਼ਬਦ ਰਾਹੀਂ ਪ੍ਰਭੂ-ਮਿਲਾਪ ਦੀ ਜੁਗਤੀ ਦਰਸਾਈ ਗਈ ਹੈ। ਤੀਜੇ ਵਿਚ ਬਿਆਨ ਕੀਤਾ ਗਿਆ ਹੈ ਕਿ ਜਿਹੜਾ ਜਗਿਆਸੂ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ, ਉਹ ਪ੍ਰਭੂ ਦਾ ਮਿਲਾਪ ਹਾਸਲ ਕਰ ਲੈਂਦਾ ਹੈ। ਚਉਥੇ ਵਿਚ ਪ੍ਰਭੂ ਦੀ ਸਮਰੱਥਾ ਦਾ ਜਿਕਰ ਕਰਦਿਆਂ ਸਪਸ਼ਟ ਕੀਤਾ ਹੈ ਕਿ ਸਭ ਕੁਝ ਕਰਣ-ਕਰਾਉਣ ਵਾਲਾ ਪ੍ਰਭੂ ਆਪ ਹੀ ਹੈ। ਉਹ ਗੁਰ-ਸ਼ਬਦ ਰਾਹੀਂ ਆਪਣਾ ਮਿਲਾਪ ਵੀ ਜਗਿਆਸੂ ਨੂੰ ਆਪ ਹੀ ਬਖਸ਼ਿਸ਼ ਕਰਦਾ ਹੈ।
ਵਡਹੰਸੁ ਮਃ ੩ ॥
ਰੋਵਹਿ ਪਿਰਹਿ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥
ਜਿਨੀ ਚਲਣੁ ਸਹੀ ਜਾਣਿਆ ਸਤਿਗੁਰੁ ਸੇਵਹਿ ਨਾਮੁ ਸਮਾਲੇ ॥
ਸਦਾ ਨਾਮੁ ਸਮਾਲੇ ਸਤਿਗੁਰੁ ਹੈ ਨਾਲੇ ਸਤਿਗੁਰੁ ਸੇਵਿ ਸੁਖੁ ਪਾਇਆ ॥
ਸਬਦੇ ਕਾਲੁ ਮਾਰਿ ਸਚੁ ਉਰਿ ਧਾਰਿ ਫਿਰਿ ਆਵਣ ਜਾਣੁ ਨ ਹੋਇਆ ॥
ਸਚਾ ਸਾਹਿਬੁ ਸਚੀ ਨਾਈ ਵੇਖੈ ਨਦਰਿ ਨਿਹਾਲੇ ॥
ਰੋਵਹਿ ਪਿਰਹੁ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥੧॥
-ਗੁਰੂ ਗ੍ਰੰਥ ਸਾਹਿਬ ੫੮੪
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਜੀਵ-ਇਸਤਰੀ ਦੱਸਦੀ ਹੈ ਕਿ ਉਸ ਦਾ ਸੱਚ-ਸਰੂਪ ਪਿਆਰਾ ਪ੍ਰਭੂ ਸਦਾ-ਸਦਾ ਲਈ ਉਸ ਦੇ ਨਾਲ ਵਸਦਾ ਮਹਿਸੂਸ ਹੁੰਦਾ ਹੈ। ਪਰ ਜਿਹੜੀਆਂ ਜੀਵ-ਇਸਤਰੀਆਂ ਆਪਣੇ ਪਿਆਰੇ ਪ੍ਰਭੂ ਤੋਂ ਵਿਛੜੀਆਂ ਹੋਈਆਂ ਹਨ, ਉਨ੍ਹਾਂ ਨੂੰ ਹਮੇਸ਼ਾ ਰੋਣਾ ਪੈਂਦਾ ਹੈ ਤੇ ਉਹ ਸਦਾ ਦੁਖੀ ਰਹਿੰਦੀਆਂ ਹਨ।
ਜਿਨ੍ਹਾਂ ਜੀਵ-ਇਸਤਰੀਆਂ ਨੂੰ ਇਹ ਸਮਝ ਆ ਗਈ ਕਿ ਅਖੀਰ ਇਸ ਸੰਸਾਰ ਤੋਂ ਚਲੇ ਹੀ ਜਾਣਾ ਹੈ, ਉਹ ਹਮੇਸ਼ਾ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਸੱਚੇ ਨਾਮ ਨੂੰ ਸਿਮਰਦੀਆਂ ਹਨ ਤੇ ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਵਸਾਈ ਰਖਦੀਆਂ ਹਨ। ਭਾਵ, ਉਹ ਸੰਸਾਰਕ ਮੋਹ ਮਾਇਆ ਵਿਚ ਖਚਿਤ ਨਹੀਂ ਹੁੰਦੀਆਂ।
ਪ੍ਰਭੂ ਦੇ ਨਾਮ ਨੂੰ ਸਿਮਰਨ ਵਾਲੀ ਜੀਵ-ਇਸਤਰੀ ਹਮੇਸ਼ਾ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿਚ ਵਸਾਈ ਰਖਦੀ ਹੈ, ਜਿਸ ਸਦਕਾ ਹਮੇਸ਼ਾ ਸੁਖੀ ਜੀਵਨ ਬਸਰ ਕਰਦੀ ਹੈ।
ਉਹ ਜੀਵ-ਇਸਤਰੀ ਗੁਰੂ ਦੀ ਸਿਖਿਆ ਸਦਕਾ ਸਮੇਂ ਦੀ ਮਾਰ ਤੋਂ ਬਚੀ ਰਹਿੰਦੀ ਹੈ ਅਤੇ ਸੱਚ ਨੂੰ ਆਪਣੇ ਹਿਰਦੇ ਅੰਦਰ ਵਸਾਈ ਰਖਦੀ ਹੈ। ਇਸ ਕਰਕੇ ਉਹ ਜੀਣ-ਮਰਣ ਤੋਂ ਪਾਰ ਨਿਰਭੈ ਹੋ ਕੇ ਜੀਵਨ ਬਸਰ ਕਰਦੀ ਹੈ। ਭਾਵ ਉਹ ਮੌਤ ਦੇ ਡਰ ਤੋਂ ਮੁਕਤ ਹੋ ਕੇ ਜਿੰਦਗੀ ਜਿਉਂਦੀ ਹੈ।
ਮਾਲਕ ਪ੍ਰਭੂ ਆਪ ਵੀ ਸੱਚਾ ਹੈ। ਉਸ ਦੀ ਉਸਤਤਿ ਵੀ ਸੱਚੀ ਹੈ। ਉਹ ਜਿਸ ਵੱਲ ਵੀ ਦੇਖਦਾ ਹੈ, ਉਸ ਨੂੰ ਆਪਣੀ ਨਜ਼ਰ ਨਾਲ ਹੀ ਨਿਹਾਲ, ਭਾਵ ਖੁਸ਼ਹਾਲ ਬਣਾ ਦਿੰਦਾ ਹੈ। ਉਸ ਦੀ ਨਜ਼ਰ ਵਿਚ ਰਹਿਣਾ ਹੀ ਨਿਹਾਲ ਅਤੇ ਖੁਸ਼ਹਾਲ ਹੋਣਾ ਹੈ।
ਪਦੇ ਦੇ ਅਖੀਰ ਵਿਚ ਜੀਵ-ਇਸਤਰੀ ਫਿਰ ਦੱਸਦੀ ਹੈ ਕਿ ਉਸ ਦਾ ਸੱਚ-ਸਰੂਪ ਪਿਆਰਾ ਸਦਾ-ਸਦਾ ਲਈ ਉਸ ਦੇ ਨਾਲ ਰਹਿੰਦਾ ਹੈ। ਪਰ ਜਿਹੜੀਆਂ ਜੀਵ-ਇਸਤਰੀਆਂ ਆਪਣੇ ਪਿਆਰੇ ਪ੍ਰਭੂ ਤੋਂ ਵਿਛੜੀਆਂ ਹੋਈਆਂ ਹਨ, ਉਨ੍ਹਾਂ ਨੂੰ ਹਮੇਸ਼ਾ ਰੋਣਾ ਪੈਂਦਾ ਹੈ।