ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਗੁਰ-ਸ਼ਬਦ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰਨ ਦੀ ਪ੍ਰੇਰਨਾ ਹੈ। ਦੂਜੇ ਪਦੇ ਵਿਚ ਦੱਸਿਆ ਹੈ ਕਿ ਪ੍ਰਭੂ ਨੇ ਆਪ ਹੀ ਇਸ ਨਾਸ਼ਵਾਨ ਸੰਸਾਰ ਨੂੰ ਸਿਰਜਿਆ ਹੈ ਅਤੇ ਆਪ ਹੀ ਜੀਵਾਂ ਨੂੰ ਮਾਇਕੀ ਪਦਾਰਥਾਂ ਦੇ ਮੋਹ ਵਿਚ ਭੁਲਾਇਆ ਹੋਇਆ ਹੈ। ਤੀਜੇ ਵਿਚ ਵਰਣਨ ਕੀਤਾ ਹੈ ਕਿ ਜੀਵ ਇਨ੍ਹਾਂ ਸੰਸਾਰਕ ਪਦਾਰਥਾਂ ਦੇ ਮੋਹ ਵਿਚ ਫਸ ਕੇ ਸਦਾ ਦੁਖੀ ਰਹਿੰਦਾ ਹੈ। ਚਉਥੇ ਵਿਚ ਸਪਸ਼ਟ ਕੀਤਾ ਹੈ ਕਿ ਜਿਹੜਾ ਜੀਵ ਪ੍ਰਭੂ ਨੂੰ ਯਾਦ ਰਖਦਾ ਹੈ, ਉਸ ਨੂੰ ਪ੍ਰਭੂ ਸਦਾ ਅੰਗ-ਸੰਗ ਮਹਿਸੂਸ ਹੁੰਦਾ ਹੈ, ਪਰ ਮਨ ਦੇ ਪਿਛੇ ਲੱਗਣ ਵਾਲਾ ਜੀਵ ਪ੍ਰਭੂ ਨੂੰ ਆਪਣੇ ਤੋਂ ਦੂਰ ਹੀ ਸਮਝਦਾ ਹੈ।
ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰਾ ॥
ਮਾਇਆ ਮੋਹੁ ਖੁਆਇਅਨੁ ਮਰਿ ਜੰਮੈ ਵਾਰੋ ਵਾਰਾ ॥
ਮਰਿ ਜੰਮੈ ਵਾਰੋ ਵਾਰਾ ਵਧਹਿ ਬਿਕਾਰਾ ਗਿਆਨ ਵਿਹੂਣੀ ਮੂਠੀ ॥
ਬਿਨੁ ਸਬਦੈ ਪਿਰੁ ਨ ਪਾਇਓ ਜਨਮੁ ਗਵਾਇਓ ਰੋਵੈ ਅਵਗੁਣਿਆਰੀ ਝੂਠੀ ॥
ਪਿਰੁ ਜਗਜੀਵਨੁ ਕਿਸ ਨੋ ਰੋਈਐ ਰੋਵੈ ਕੰਤੁ ਵਿਸਾਰੇ ॥
ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰੇ ॥੨॥
-ਗੁਰੂ ਗ੍ਰੰਥ ਸਾਹਿਬ ੫੮੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਦੱਸਿਆ ਗਿਆ ਹੈ ਕਿ ਇਹ ਜੋ ਜਨਮ-ਮਰਣ ਦੇ ਗੇੜ ਵਿਚ ਪਿਆ ਹੋਇਆ ਸੰਸਾਰ ਹੈ, ਇਸ ਦੀ ਅਜਿਹੀ ਸਿਰਜਣਾ ਪ੍ਰਭੂ ਨੇ ਆਪ ਹੀ ਕੀਤੀ ਹੋਈ ਹੈ। ਭਾਵ, ਇਹ ਆਵਾਗਵਨ ਉਸ ਦੇ ਹੁਕਮ ਵਿਚ ਹੀ ਹੈ।
ਇਸ ਸੰਸਾਰ ਵਿਚ ਪ੍ਰਭੂ ਨੇ ਮਾਇਆ ਦਾ ਜਾਲ ਵਿਛਾਇਆ ਹੋਇਆ ਹੈ, ਜਿਸ ਦੇ ਮੋਹ ਵਿਚ ਸਾਰਾ ਸੰਸਾਰ ਗੁਆਚਿਆ ਹੋਇਆ ਹੈ ਤੇ ਮੁੜ-ਮੁੜ ਕੇ ਜਨਮ-ਮਰਣ ਦੇ ਚੱਕਰ ਵਿਚ ਫਸ ਰਿਹਾ ਹੈ।
ਗਿਆਨ ਤੋਂ ਟੁੱਟੀ ਹੋਈ ਇਹ ਦੁਨੀਆ ਅਸਲ ਵਿਚ ਏਨੀ ਲੁੱਟੀ-ਪੁੱਟੀ ਹੋਈ ਹੈ ਕਿ ਇਹ ਵਾਰ-ਵਾਰ ਜਨਮ-ਮਰਣ ਦੇ ਚੱਕਰ ਵਿਚ ਫਸ ਰਹੀ ਹੈ। ਇਸ ਨਾਲ ਉਨ੍ਹਾਂ ਦੇ ਜੀਵਨ ਵਿਚ ਵਿਕਾਰਾਂ ਦਾ ਹੋਰ ਵਾਧਾ ਹੋਈ ਜਾ ਰਿਹਾ ਹੈ। ਭਾਵ, ਉਹ ਮਾਇਆ-ਜਾਲ ਵਿਚੋਂ ਨਿਕਲਣ ਦੀ ਬਜਾਏ ਹੋਰ ਫਸਦੇ ਅਤੇ ਧਸਦੇ ਜਾ ਰਹੇ ਹਨ।
ਗੁਰ-ਸ਼ਬਦ ਤੋਂ ਬਿਨਾਂ ਮਨੁਖ ਨੂੰ ਪਿਆਰੇ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਰਹੀ ਤੇ ਉਸ ਨੇ ਆਪਣਾ ਸਾਰਾ ਜੀਵਨ ਵਿਅਰਥ ਗੁਆ ਲਿਆ ਹੈ। ਇਸ ਝੂਠ, ਭਾਵ ਅਗਿਆਨ ਵਿਚ ਫਸ ਕੇ ਅਤੇ ਔਗੁਣਾ ਦਾ ਮਾਰਿਆ ਉਹ ਰੋ ਰਿਹਾ ਹੈ।
ਸਾਰੇ ਸੰਸਾਰ ਦਾ ਜੀਵਨ ਪਿਆਰੇ ਪ੍ਰਭੂ ਸਦਕਾ ਹੀ ਸੰਭਵ ਹੈ। ਜਿਹੜੇ ਉਸ ਮਾਲਕ ਪ੍ਰਭੂ ਨੂੰ ਭੁੱਲ ਚੁੱਕੇ ਹਨ, ਉਹ ਹੁਣ ਇਸੇ ਕਰਕੇ ਉਸ ਦੀ ਯਾਦ ਵਿਚ ਰੋ ਰਹੇ ਹਨ। ਉਸ ਦੇ ਬਗੈਰ ਹੋਰ ਕਿਸੇ ਲਈ ਰੋਣਾ ਮੁਨਾਸਬ ਨਹੀਂ।
ਅਖੀਰ ਵਿਚ ਫਿਰ ਦੁਹਰਾਇਆ ਗਿਆ ਹੈ ਕਿ ਸਾਰਾ ਸੰਸਾਰ ਜਨਮ-ਮਰਣ ਦੇ ਗੇੜ ਵਿਚ ਪਿਆ ਹੈ। ਇਸ ਦੀ ਅਜਿਹੀ ਸਿਰਜਣਾ ਪ੍ਰਭੂ ਨੇ ਆਪ ਹੀ ਕੀਤੀ ਹੋਈ ਹੈ। ਭਾਵ, ਇਹ ਆਉਣ-ਜਾਣ ਉਸ ਦੇ ਹੁਕਮ ਵਿਚ ਹੀ ਹੈ।