Guru Granth Sahib Logo
  
ਇਹ ਗੁਰੂ ਨਾਨਕ ਸਾਹਿਬ ਦੁਆਰਾ ਉਚਾਰੀ ਗਈ ਪੰਜਵੀਂ ਅਤੇ ਆਖਰੀ ਅਲਾਹਣੀ ਹੈ। ਇਸ ਅਲਾਹਣੀ ਦੇ ਪਹਿਲੇ ਪਦੇ ਵਿਚ ਸੰਸਾਰ ਦੀ ਨਾਸ਼ਵਾਨਤਾ ਦਾ ਜਿਕਰ ਕਰਦਿਆਂ ਮਨੁਖ ਨੂੰ ਸਦਾ-ਥਿਰ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਦੀ ਤਾਕੀਦ ਹੈ। ਦੂਜੇ ਵਿਚ ਜਗਿਆਸੂਆਂ ਨੂੰ ਪ੍ਰਭੂ ਮਿਲਾਪ ਲਈ ਇਕ-ਦੂਜੇ ਨੂੰ ਅਸੀਸਾਂ ਦੇਣ ਦੀ ਪ੍ਰੇਰਨਾ ਹੈ। ਤੀਜੇ ਵਿਚ ਦੱਸਿਆ ਹੈ ਕਿ ਜੀਵਨ ਵਿਚ ਮਿਲਣ ਵਾਲੇ ਦੁਖ-ਸੁਖ ਪ੍ਰਭੂ ਦੇ ਹੁਕਮ ਅਨੁਸਾਰ ਹੀ ਹੁੰਦੇ ਹਨ। ਉਨ੍ਹਾਂ ਨੂੰ ਟਾਲਿਆ ਨਹੀਂ ਜਾ ਸਕਦਾ। ਇਸੇ ਤਰ੍ਹਾਂ ਚੌਥੇ ਵਿਚ ਵਰਣਨ ਹੈ ਕਿ ਮੌਤ ਅਟੱਲ ਹੈ। ਦੂਰ-ਨੇੜੇ ਦੇ ਸਾਰੇ ਸਾਕ-ਸੰਬੰਧੀਆਂ ਨੇ ਇਕ ਦਿਨ ਸੰਸਾਰ ਤੋਂ ਜਾਣਾ ਹੀ ਹੈ। ਕੋਈ ਮੋਇਆਂ ਨਾਲ ਨਹੀਂ ਮਰਦਾ। ਅਸਲ ਸਿਆਣੇ ਉਹੀ ਹਨ, ਜੋ ਪ੍ਰਭੂ ਦੀ ਯਾਦ ਵਿਚ ਰੋਂਦੇ ਹਨ, ਵੈਰਾਗਵਾਨ ਹੁੰਦੇ ਹਨ।
ਬਾਬਾ  ਨਾਂਗੜਾ ਆਇਆ ਜਗ ਮਹਿ   ਦੁਖੁ ਸੁਖੁ ਲੇਖੁ ਲਿਖਾਇਆ
ਲਿਖਿਅੜਾ ਸਾਹਾ ਨਾ ਟਲੈ   ਜੇਹੜਾ ਪੁਰਬਿ ਕਮਾਇਆ
ਬਹਿ ਸਾਚੈ ਲਿਖਿਆ  ਅੰਮ੍ਰਿਤੁ ਬਿਖਿਆ   ਜਿਤੁ ਲਾਇਆ ਤਿਤੁ ਲਾਗਾ
ਕਾਮਣਿਆਰੀ ਕਾਮਣ ਪਾਏ   ਬਹੁ ਰੰਗੀ ਗਲਿ ਤਾਗਾ
ਹੋਛੀ ਮਤਿ  ਭਇਆ ਮਨੁ ਹੋਛਾ   ਗੁੜੁ ਸਾ ਮਖੀ ਖਾਇਆ
ਨਾਮਰਜਾਦੁ ਆਇਆ ਕਲਿ ਭੀਤਰਿ   ਨਾਂਗੋ ਬੰਧਿ ਚਲਾਇਆ ॥੩॥
-ਗੁਰੂ ਗ੍ਰੰਥ ਸਾਹਿਬ ੫੮੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਪਦੇ ਵਿਚ ਕਿਸੇ ਸਿਆਣੇ ਬਜ਼ੁਰਗ ਨੂੰ ਮੁਖਾਤਬ ਹੋਣ ਦੇ ਅੰਦਾਜ਼ ਵਿਚ ਦੱਸਿਆ ਗਿਆ ਹੈ ਕਿ ਜੀਵ ਪ੍ਰਭੂ ਦੀ ਦਰਗਾਹ ਵਿਚੋਂ ਦੁਖ-ਸੁਖ ਰੂਪੀ ਲੇਖਾ ਲੈ ਕੇ ਇਸ ਸੰਸਾਰ ’ਤੇ ਨੰਗਾ, ਭਾਵ ਖਾਲੀ ਹੱਥ ਆਉਂਦਾ ਹੈ।

ਸੰਸਾਰ ਤੋਂ ਜੀਵ ਦੇ ਚਲਾਣੇ ਦਾ ਸਮਾਂ ਪ੍ਰਭੂ ਵੱਲੋਂ ਪਹਿਲਾਂ ਹੀ ਨਿਸ਼ਚਿਤ ਕੀਤਾ ਗਿਆ ਹੁੰਦਾ ਹੈ, ਜੋ ਕਿਸੇ ਵੀ ਹਾਲਤ ਵਿਚ ਨਹੀਂ ਟਲਦਾ।

ਫਿਰ ਦੱਸਿਆ ਗਿਆ ਹੈ ਕਿ ਅੰਮ੍ਰਿਤ ਅਤੇ ਜ਼ਹਿਰ ਦੇ ਰੂਪ ਵਿਚ ਅੱਛਾਈ ਤੇ ਬੁਰਾਈ ਦਾ ਵਿਧਾਨ ਪ੍ਰਭੂ ਸੱਚੇ ਨੇ ਸੋਚ ਸਮਝ ਕੇ ਹੀ ਬਣਾਇਆ ਹੈ। ਇਸ ਮੁਤਾਬਕ ਉਸ ਨੇ ਕਿਸੇ ਨੂੰ ਜਿਥੇ ਕਿਤੇ ਵੀ ਲਾਇਆ ਹੋਇਆ ਹੈ, ਉਥੇ ਹੀ ਉਹ ਲੱਗਿਆ ਹੋਇਆ ਹੈ। ਭਾਵ, ਸਭ ਕੁਝ ਉਸ ਦੇ ਵਿਧੀ-ਵਿਧਾਨ ਅਨੁਸਾਰ ਹੀ ਹੋ ਰਿਹਾ ਹੈ।

ਅਸਲ ਵਿਚ ਮਾਇਆ ਰੂਪੀ ਕਾਮਨਾ ਅਜਿਹੀ ਜਾਦੂਗਰਨੀ ਹੈ, ਜਿਸ ਨੇ ਤਰ੍ਹਾਂ-ਤਰ੍ਹਾਂ ਦੀਆਂ ਟੂਣੇਹਾਰੀਆਂ ਮਨਮੋਹਕ ਇੱਛਾਵਾਂ ਦੇ ਰੂਪ ਵਿਚ ਮਨੁਖ ਦੇ ਗਲ ਵਿਚ ਰੰਗ-ਬਰੰਗੀਆਂ ਫਾਹੀਆਂ ਪਾਈਆਂ ਹੋਈਆਂ ਹਨ। ਭਾਵ, ਇਸ ਨੇ ਮਨੁਖ ਨੂੰ ਬੁਰੀ ਤਰ੍ਹਾਂ ਆਪਣੇ ਵਸ ਵਿਚ ਕੀਤਾ ਹੋਇਆ ਹੈ।

ਇਨ੍ਹਾਂ ਟੂਣੇਹਾਰੀਆਂ ਇੱਛਾਵਾਂ ਕਾਰਣ ਬੰਦੇ ਦੇ ਵਿਚਾਰ ਭ੍ਰਸ਼ਟ ਹੋ ਜਾਂਦੇ ਹਨ, ਜਿਸ ਨਾਲ ਉਸ ਦਾ ਮਨ ਵੀ ਭ੍ਰਿਸ਼ਟ ਹੋ ਜਾਂਦਾ ਹੈ। ਫਿਰ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ। ਉਹ ਗੁੜ ਦੇ ਨਾਲ ਮੱਖੀ ਵੀ ਖਾ ਜਾਂਦਾ ਹੈ, ਭਾਵ ਉਸ ਨੂੰ ਭਲੇ-ਬੁਰੇ ਵਿਚਲਾ ਫਰਕ ਵੀ ਨਜ਼ਰ ਨਹੀਂ ਆਉਂਦਾ।

ਅਖੀਰ ਵਿਚ ਦੱਸਿਆ ਗਿਆ ਹੈ ਕਿ ਸ੍ਰਿਸ਼ਟੀ ਵਿਚ ਆਉਣ ਸਮੇਂ, ਭਾਵ ਜਨਮ ਲੈਣ ਸਮੇਂ ਮਨੁਖ ਦੇ ਕੋਈ ਪਛਾਣ ਚਿੰਨ੍ਹ ਨਹੀਂ ਹੁੰਦੇ ਤੇ ਅੰਤ ਸਮੇਂ ਉਸ ਦੇ ਸੰਸਕਾਰ ਉਪਰੰਤ ਵੀ ਜਮਦੂਤ ਉਸ ਦੀ ਆਤਮਾ ਨੂੰ ਨਾਲ ਤੋਰ ਲੈਂਦੇ ਹਨ। ਭਾਵ, ਉਸ ਦਾ ਕੁਝ ਵੀ ਲੁਕਿਆ ਜਾਂ ਕੱਜਿਆ ਨਹੀਂ ਰਹਿੰਦਾ, ਜਿਸ ਕਰਕੇ ਉਹ ਪ੍ਰਭੂ ਦੇ ਦਰਬਾਰ ਵਿਚ ਸੱਚੋ-ਸੱਚ ਪ੍ਰਗਟ ਹੋ ਜਾਂਦਾ ਹੈ।
Tags